ਮਾਮਲਾ ਬੱਬਰ ਖਾਲਸਾ ਨਾਲ ਸਬੰਧਤ ਗ੍ਰਿਫਤਾਰ ਸਿੱਖ ਨੌਜਵਾਨ ਦਾ ਸੰਨੀ ਖਾਲਸਾ ਦੇ 10 ਦਿਨਾਂ ਰਿਮਾਂਡ ਤੋਂ ਬਾਅਦ ਵੀ ਪੁਲਿਸ ਦੇ ਹੱਥ ਖਾਲੀ

ਸੰਨੀ ਖਾਲਸਾ ਦੇ 10 ਦਿਨਾਂ ਰਿਮਾਂਡ 'ਤੋ ਪੁਲਿਸ ਨੇ ਭੇਜਿਆ ਜੇਲ
ਸਾਡਾ ਬੱਚਾ ਬੇਕਸੂਰ ਪੁਲਿਸ ਨੇ ਫਸਾਇਆ ਨਜਾਇਜ਼ : ਪਰਿਵਾਰਕ ਮੈਂਬਰ
ਬਠਿੰਡਾ 17 ਨਵੰਬਰ (ਅਨਿਲ ਵਰਮਾ) : ਬਠਿੰਡਾ ਪੁਲਿਸ ਵੱਲੋਂ ਬੱਬਰ ਖਾਲਸਾ ਅਤੇ ਖਾਲਿਸਤਾਨ ਟਾਈਗਰ ਫੋਰਸ ਨਾਲ ਸਬੰਧਤ ਦੱਸਦਿਆਂ ਗ੍ਰਿਫਤਾਰ ਕੀਤੇ ਗਏ ਰਮਨਦੀਪ ਸਿੰਘ ਉਰਫ ਸੰਨੀ ਖਾਲਸਾ ਨੂੰ ਅੱਜ ਸੀਜੀਐਮ ਰਮਨ ਕੁਮਾਰ ਬਠਿੰਡਾ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ ਜਿੱਥੇ ਪੁਲਿਸ ਨੇ ਦੁਬਾਰਾ ਰਿਮਾਂਡ ਲੈਣ ਦੀ ਦੁਹਾਈ ਦਿੱਤੀ ਪਰ ਸਿੱਖ ਜਥੇਬੰਦੀਆਂ ਦੇ ਵਕੀਲ ਹਰਪਾਲ ਸਿੰਘ ਖਾਰਾ, ਗੁਰਪ੍ਰੀਤ ਸਿੰਘ ਅਤੇ ਹਰਿੰਦਰ ਸਿੰਘ ਅਕਲੀਆ ਦੇ ਵਿਰੋਧ ਕਾਰਨ ਪੁਲਿਸ ਨੂੰ ਪੁਲਿਸ ਰਿਮਾਂਡ ਨਾ ਮਿਲਿਆ ਜਿਸ ਕਰਕੇ ਸੰਨੀ ਖਾਲਸਾ ਨੂੰ ਅੱਜ 14 ਦਿਨ ਦੀ ਜੂਡੀਸ਼ੀਅਲ ਹਿਰਾਸਤ ਵਿੱਚ ਭੇਜ ਦਿੱਤਾ ਤੇ ਇਸ ਮਾਮਲੇ ਦੀ ਅਗਲੀ ਪੇਸ਼ੀ 1 ਦਸੰਬਰ ਪਾਈ ਗਈ ਹੈ। ਐਡਵੋਕੇਟ ਹਰਪਾਲ ਸਿੰਘ ਖਾਰਾ ਨੇ ਦੱਸਿਆ ਕਿ ਪੁਲਿਸ ਨੇ ਸੰਨੀ ਖਾਲਸਾ ਦਾ 10 ਦਿਨ ਰਿਮਾਂਡ ਲੈਕੇ ਡੂੰਘੀ ਪੁੱਛਗਿੱਛ ਕੀਤੀ ਪਰ ਉਹ ਬੇਕਸੂਰ ਹੋਣ ਕਰਕੇ ਉਸ ਤੋਂ ਕੋਈ ਸਬੂਤ ਜਾਂ ਦੇਸ਼ ਵਿਰੋਧੀ ਤਾਕਤਾਂ ਨਾਲ ਸੰਪਰਕ ਹੋਣ ਦੇ ਕੋਈ ਤੱਥ ਜਾਂ ਸੱਚਾਈ ਪੇਸ਼ ਨਹੀਂ ਕਰ ਸਕੀ ਜਿਸ ਕਰਕੇ ਪੁਲਿਸ ਦੇ ਹੱਥ ਅੱਜ ਵੀ ਖਾਲੀ ਹਨ ਤੇ ਇਹ ਗੱਲ ਸਾਬਤ ਕਰਦੀ ਹੈ ਕਿ ਸੰਨੀ ਖਾਲਸਾ ਨੂੰ ਨਜਾਇਜ਼ ਫਸਾਇਆ ਗਿਆ ਹੈ। ਐਡਵੋਕੇਟ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਪੁਲਿਸ ਵੱਲੋਂ ਸੰਨੀ ਖਾਲਸਾ ਤੋਂ ਪਿਸਤੌਲ ਅਤੇ ਹੋਰ ਚੀਜ਼ਾਂ ਦੀ ਬਰਾਮਦਗੀ ਬਾਰੇ ਵੀ ਠੋਸ ਸਬੂਤ ਨਹੀਂ ਜੁਟਾ ਸਕੀ ਤੇ ਇਹ ਕੇਸ ਤੱਥਾਂ ਤੋਂ ਦੂਰ ਅਤੇ ਪੁਲਿਸ ਦੀ ਮਨਘੜਤ ਕਹਾਣੀ ਹੈ ਜਿਸ ਦੀ ਸੱਚਾਈ ਜਲਦ ਸਾਹਮਣੇ ਆਵੇਗੀ। ਸੰਨੀ ਖਾਲਸਾ ਦੀ ਦਾਦੀ ਰਜਿੰਦਰ ਕੌਰ, ਚਾਚਾ ਅਮਰਜੀਤ ਸਿੰਘ, ਭਰਾ ਗਗਨਦੀਪ ਸਿੰਘ ਨੇ ਕਿਹਾ ਕਿ ਸਾਡਾ ਬੱਚਾ ਬੇਕਸੂਰ ਹੈ ਜਿਸ ਨੂੰ ਪੁਲਿਸ ਵੱਲੋਂ ਨਜਾਇਜ਼ ਫਸਾਇਆ ਗਿਆ ਹੈ। ਉਹਨਾਂ ਪੁਲਿਸ ਤੇ ਸੰਨੀ ਖਾਲਸਾ ਨਾਲ ਨਜਾਇਜ਼ ਤਸ਼ੱਦਦ ਕਰਨ ਦੇ ਵੀ ਦੋਸ਼ ਲਾਏ। ਉਹਨਾਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਮੰਗ ਕੀਤੀ ਕਿ ਇਸ ਮਾਮਲੇ ਦੀ ਸੀਬੀਆਈ ਜਾਂਚ ਕਰਵਾਈ ਜਾਵੇ ਤਾਂ ਜੋ ਸੱਚਾਈ ਸਾਹਮਣੇ ਆਵੇ ਤੇ ਉਹਨਾਂ ਦੇ ਬੇਟੇ ਨੂੰ ਨਜਾਇਜ਼ ਫਸਾਉਣ ਵਾਲੇ ਅਫਸਰਾਂ ਖਿਲਾਫ ਠੋਸ ਕਾਰਵਾਈ ਹੋ ਸਕੇ। ਤਫਤੀਸ਼ ਅਫਸਰ ਡੀਐਸਪੀ ਗੁਰਦਰਸ਼ਨ ਸਿੰਘ ਨੇ ਮੰਨਿਆ ਕਿ 10 ਦਿਨ ਦੇ ਪੁਲਿਸ ਰਿਮਾਂਡ ਵਿੱਚ ਸੰਨੀ ਖਾਲਸਾ ਤੋਂ ਕੋਈ ਠੋਸ ਸਬੂਤ ਤਾਂ ਸਾਹਮਣੇ ਨਹੀਂ ਆਏ ਪਰ ਇਹ ਗੱਲ ਜਰੂਰ ਸਾਹਮਣੇ ਆਈ ਹੈ ਕਿ ਉਹ ਵਿਦੇਸ਼ਾਂ ਵਿੱਚ ਗੱਲਾਂ ਜਰੂਰ ਕਰਦਾ ਰਿਹਾ, ਬਾਕੀ ਇਹ ਮਾਮਲਾ ਦੇਸ਼ ਦੀ ਸੁਰੱਖਿਆ ਨਾਲ ਜੁੜਿਆ ਹੋਣ ਕਰਕੇ ਕੇਂਦਰੀ ਏਜੰਸੀਆਂ ਸਾਰੀ ਜਾਣਕਾਰੀ ਦੇ ਸਕਦੀਆਂ ਹਨ।

International