ਕੈਪਟਨ ਦੀ 'ਕਰਜ਼ ਮਾਫ' ਫੇਲ੍ਹ! ਆਰਥਿਕ ਮੰਦਹਾਲੀ ਨੇ ਲਈਆਂ 1030 ਜਾਨਾਂ

ਚੰਡੀਗੜ੍ਹ 4 ਅਪ੍ਰੈਲ (ਏਜੰਸੀਆਂ) : ਕਾਂਗਰਸ ਨੇ ਕਿਸਾਨਾਂ ਦੀ ਹਾਲਤ ਸੁਧਾਰਣ ਦਾ ਨਾਅਰਾ ਲਾ ਕੇ ਪੰਜਾਬ ਦੀ ਸੱਤਾ ਸੰਭਾਲੀ ਸੀ। ਕਿਸਾਨਾਂ ਦੇ ਪੂਰੇ ਕਰਜ਼ੇ 'ਤੇ ਲੀਕ ਫੇਰਨ ਦਾ ਵਾਅਦਾ ਕੀਤਾ ਸੀ। ਇਸ ਮਗਰੋਂ ਸਰਕਾਰ ਨੇ ਕਰਜ਼ ਮਾਫੀ ਦੀ ਮੁੰਹਿਮ ਵਿੱਢੀ ਪਰ ਮੰਨਿਆ ਜਾ ਰਿਹਾ ਹੈ ਕਿ ਉਸ ਦਾ ਕਿਸਾਨਾਂ ਨੂੰ ਹਕੀਕੀ ਰੂਪ ਵਿੱਚ ਲਾਹਾ ਨਹੀਂ ਮਿਲਿਆ। ਇਸ ਖੁਲਾਸਾ ਕੈਪਟਨ ਸਰਕਾਰ ਵੇਲੇ ਹੋਈਆਂ ਕਿਸਾਨ ਖੁਦਕੁਸ਼ੀਆਂ ਦੇ ਅੰਕੜਿਆਂ ਤੋਂ ਵੀ ਹੁੰਦਾ ਹੈ। ਹਾਸਲ ਜਾਣਕਾਰੀ ਮੁਤਾਬਕ ਕੈਪਟਨ ਦੇ ਕਾਰਜਕਾਲ ਦੌਰਾਨ ਪੰਜਾਬ ਵਿੱਚ 1030 ਕਿਸਾਨਾਂ ਤੇ ਮਜ਼ਦੂਰਾਂ ਨੇ ਆਰਥਿਕ ਤੰਗੀ ਕਾਰਨ ਖੁਦਕੁਸ਼ੀ ਕੀਤੀ ਹੈ। ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਨੇ ਇਹ ਅੰਕੜੇ ਪੇਸ਼ ਕਰਦਿਆਂ ਦਾਅਵਾ ਕੀਤਾ ਹੈ ਕਿ ਲੰਘੇ ਮਾਰਚ ਮਹੀਨੇ ਵਿੱਚ ਹੀ 50 ਕਿਸਾਨਾਂ ਮਜ਼ਦੂਰਾਂ ਨੇ ਖੁਦਕੁਸ਼ੀ ਕੀਤੀ ਹੈ। ਉਨ੍ਹਾਂ ਕਿਹਾ ਕਿ ਇਹ ਗਿਣਤੀ ਫ਼ਰਵਰੀ ਮਹੀਨੇ ਤੋਂ ਢਾਈ ਗੁਣਾ ਵੱਧ ਹੈ।

ਉਨ੍ਹਾਂ ਦੱਸਿਆ ਮਾਰਚ ਮਹੀਨੇ ਵਿੱਚ ਖੁਦਕੁਸ਼ੀ ਕਰਨ ਵਾਲਿਆਂ ਵਿੱਚ ਦੋ ਔਰਤਾਂ ਵੀ ਸ਼ਾਮਲ ਹਨ। ਕਿਸਾਨ ਆਗੂਆਂ ਨੇ ਕਿਹਾ ਕਿ ਜੇਕਰ ਸਰਕਾਰਾਂ ਨੇ ਕਿਸਾਨੀ ਆਰਥਿਕਤਾ ਲਈ ਕੋਈ ਠੋਸ ਨੀਤੀ ਨਾ ਬਣਾਈ ਤਾਂ ਭਵਿੱਖ ਵਿੱਚ ਇਹ ਵਰਤਾਰਾ ਭਿਆਨਕ ਰੂਪ ਧਾਰ ਸਕਦਾ ਹੈ। ਉਨ੍ਹਾਂ ਸਮੇਂ ਦੀਆਂ ਸਰਕਾਰਾਂ 'ਤੇ ਦੋਸ਼ ਲਾਉਂਦਿਆਂ ਕਿਹਾ ਕਿ ਅੱਜ ਤੱਕ ਸਰਕਾਰਾਂ ਕਿਸਾਨਾਂ ਦੇ ਹਿੱਤ ਦੀ ਖੇਤੀਬਾੜੀ ਨੀਤੀ ਬਣਾਉਣ ਵਿੱਚ ਅਸਫ਼ਲ ਰਹੀਆਂ ਹਨ। ਉਨ੍ਹਾਂ ਕਿਹਾ ਕਿ ਜੋ ਵੀ ਨੀਤੀਆਂ ਬਣਾਈਆਂ ਜਾਂਦੀਆਂ ਹਨ ਉਹ ਕਿਸਾਨਾਂ ਦੀ ਆਰਥਿਕ ਹਾਲਤ ਨੂੰ ਸਾਹਮਣੇ ਰੱਖਕੇ ਨਹੀਂ ਬਲਕਿ ਕਾਰਪੋਰੇਟ ਘਰਾਣਿਆਂ ਦੇ ਹਿੱਤਾਂ ਨੂੰ ਸਾਹਮਣੇ ਰੱਖ ਕੇ ਬਣਦੀਆਂ ਹਨ। ਉਨ੍ਹਾਂ ਦਾਅਵਾ ਕੀਤਾ ਕਿ ਉਨ੍ਹਾਂ ਵੱਲੋਂ ਜਾਰੀ ਸੂਚੀ ਅਖ਼ਬਾਰੀ ਰਿਪੋਰਟਾਂ ਦੇ ਅਧਾਰਤ ਹੈ। ਜੇਕਰ ਇਸ ਦੀ ਨਿਰਪੱਖਤਾ ਨਾਲ ਜਾਂਚ ਹੋਵੇ ਤਾਂ ਇਹ ਗਿਣਤੀ ਕਿਤੇ ਵੱਧ ਹੋਵੇਗੀ।

Unusual
farmer
home loan
suicide
loan
Punjab Government
Capt Amarinder Singh

International