ਪ੍ਰਸ਼ਾਸਨ ਦੀ ਨਿਕੰਮੀ ਕਾਰਗੁਜ਼ਾਰੀ ਕਾਰਨ 110 ਘੰਟੇ ਬੋਰ 'ਚ ਫਸਿਆ ਫ਼ਤਿਹਵੀਰ ਆਖ਼ਰਕਾਰ ਜ਼ਿੰਦਗੀ ਦੀ ਜੰਗ ਹਾਰਿਆ

ਬੱਚੇ ਦੀ ਲਾਸ਼ ਨੂੰ ਕੁੰਡੀ ਨਾਲ ਬਾਹਰ ਕੱਢਣ ਤੋਂ ਭੜਕੇ ਲੋਕ, ਕੁੱਝ ਇੰਚਾਂ ਦੇ ਫਾਸਲੇ ਦੇ ਪਾਈਪ ਨੂੰ ਪ੍ਰਸ਼ਾਸ਼ਨ ਲੱਭਣ ਵਿੱਚ ਰਿਹਾ ਨਾਕਾਮ

ਸੰਗਰੂਰ  11 ਜੂਨ (ਹਰਬੰਸ ਸਿੰਘ ਮਾਰਡੇ/ ਮਲਕੀਤ ਜੰਮ ) 2 ਸਾਲਾ ਦਾ ਮਾਸੂਮ ਫਤਿਹਵੀਰ ਆਖਿਰਕਾਰ ਜਿੰਦਗੀ ਦੀ ਜੰਗ ਹਾਰ ਗਿਆ ਹੈ। 9 ਇੰਚੀ ਬੋਰਵੈੱਲ 'ਚ 120 ਫੁੱਟ ਦੀ ਡੂੰਘਾਈ ਤੱਕ 5 ਦਿਨ ਜਿੰਦਗੀ ਲਈ ਲੜਦਿਆਂ ਫਤਿਹ ਅੱਜ ਸਾਨੂੰ ਸਾਰਿਆਂ ਨੂੰ ਅਲਵਿਦਾ ਕਹਿ ਗਿਆ। 6 ਜੂਨ ਨੂੰ ਘਰ ਦੇ ਬਾਹਰ ਬੋਰਵੈੱਲ 'ਚ ਡਿੱਗੇ ਫਤਿਹ ਨੂੰ ਕੱਢਣ ਲਈ 110 ਘੰਟਿਆਂ ਤੱਕ ਦਾ ਲੰਮਾ ਰੈਸਕਿਊ ਆਪਰੇਸ਼ਨ ਚੱਲਿਆ ਪਰ ਬੋਰ 'ਚੋਂ ਬਾਹਰ ਆਈ ਤਾਂ ਫਤਿਹ ਦੀ ਲਾਸ਼। ਅਸੀਂ ਸਾਰਿਆਂ ਨੇ ਦੇਖਿਆ ਕਿ ਪ੍ਰਸ਼ਾਸਨ, ਐਨ.ਡੀ.ਆਰ.ਐਫ. ਤੇ ਸਮਾਜ ਸੇਵੀ ਸੰਸਥਾਵਾਂ ਨੇ ਫਤਿਹ ਦੇ ਰੈਸਕਿਊ ਆਪਰੇਸ਼ਨ 'ਚ ਯੋਗਦਾਨ ਪਾਇਆ ਪਰ ਫਿਰ ਕਮੀ ਕਿੱਥੇ ਰਹਿ ਗਈ? ਕਿਉਂ ਇਕ ਮਾਸੂਮ ਏਨਾ ਲੰਮਾ ਸਮਾਂ 9 ਇੰਚੀ ਤੰਗ ਬੋਰ 'ਚ ਸਿਸਕਦਾ ਰਿਹਾ। ਕਿਊ ਫਤਿਹਵੀਰ ਦੇ ਬਚਾਅ ਕਾਰਜਾਂ 'ਚ ਉਹ ਤੇਜ਼ੀ ਨਹੀਂ ਆਈ, ਜੋ ਹੋਣੀ ਚਾਹੀਦੀ ਸੀ। ਉਸ ਨ੍ਹੰਨੀ ਜਿਹੀ ਜਾਨ ਦਾ ਅਸਲ ਗੁਨਾਹਗਾਰ ਕੌਣ ਹੈ? ਤੇ ਕੌਣ ਹੈ ਉਸ ਦੀ ਮੌਤ ਦਾ ਜਿੰਮੇਵਾਰ? ਇਨ੍ਹਾਂ ਸਵਾਲਾਂ ਦੇ ਜਵਾਬ ਸ਼ਾਇਦ ਕਦੇ ਨਾ ਮਿਲਣ ਪਰ ਨਜ਼ਰ ਮਾਰਦੇ ਹਾਂ ਉਨ੍ਹਾਂ ਵੱਖ-ਵੱਖ ਪਹਿਲੂਆਂ 'ਤੇ, ਜੋ ਕਿਤੇ ਨਾ ਕਿਤੇ ਫਤਿਹਵੀਰ ਦੀ ਮੌਤ ਲਈ ਜਿੰਮੇਵਾਰ ਜ਼ਰੂਰ ਰਹੇ।

ਫਤਿਹਵੀਰ ਦਾ ਗੁਨਾਹਗਾਰ ਕੌਣ?
ਅੱਜ ਹਰ ਪਾਸੇ ਡਿਜ਼ੀਟਲ ਇੰਡੀਆ ਦਾ ਰੌਲਾ ਹੈ ਪਰ ਫਤਿਹ ਦੇ ਮਾਮਲੇ 'ਚ ਉਚ ਤਕਨੀਕ ਦੀ ਵਰਤੋਂ ਕਿਉਂ ਨਹੀਂ ਕੀਤੀ ਗਈ? ਕੀ ਆਧੁਨਿਕ ਮਸ਼ੀਨਾਂ ਦੀ ਵਰਤੋਂ ਕਰਨ ਦੀ ਲੋੜ ਨਹੀਂ ਸੀ? ਟੋਇਆ ਪੁੱਟਣ ਦਾ ਕੰਮ ਮੈਨੂਅਲੀ ਕਿਉਂ ਕਰਵਾਇਆ ਗਿਆ ਹੋਰ ਤਾਂ ਹੋਰ, ਜੋ ਟੋਇਆ ਪੁੱਟਿਆ ਗਿਆ ਉਸ ਦੀ ਵਰਤੋਂ ਤਾਂ ਫਤਿਹਵੀਰ ਨੂੰ ਬਾਹਰ ਕੱਢਣ ਲਈ ਕੀਤੀ ਹੀ ਨਹੀਂ ਗਈ। ਅਸੀਂ ਸਾਰਿਆਂ ਨੇ ਦੇਖਿਆ ਕਿ ਰੈਸਕਿਊ ਆਪਰੇਸ਼ਨ ਦੌਰਾਨ ਬਾਲਟੀਆਂ ਨਾਲ ਮਿੱਟੀ ਕੱਢੀ ਗਈ ਮਸ਼ੀਨਾਂ ਕਿੱਥੇ ਸਨ? ਜੇਕਰ ਅੱਜ ਫਤਿਹਵੀਰ ਇਸ ਦੁਨੀਆ 'ਤੇ ਨਹੀਂ ਤਾਂ ਕਿਤੇ ਨਾ ਕਿਤੇ ਇਸ ਦਾ ਜਿੰਮੇਵਾਰ ਪ੍ਰਸ਼ਾਸਨ ਹੈ, ਜੋ ਹਾਈਟੈਕ ਤਕਨੀਕ ਦਾ ਇਸਤੇਮਾਲ ਕਰਨ 'ਚ ਅਸਮਰਥ ਨਜ਼ਰ ਆਇਆ।

ਫਤਿਹ ਨੂੰ ਬਚਾਉਣ ਲਈ ਫੌਜ ਕਿਉਂ ਨਹੀਂ ਬੁਲਾਈ ਗਈ? 
ਜਦੋਂ ਰੈਸਕਿਊ ਟੀਮਾਂ ਨੂੰ ਗੱਲ ਵੱਸੋਂ ਬਾਹਰ ਹੁੰਦੀ ਨਜ਼ਰ ਆ ਰਹੀ ਸੀ ਤਾਂ ਫੌਜ ਦੀ ਮਦਦ ਕਿਉਂ ਨਹੀਂ ਲਈ ਗਈ, ਜਦਕਿ ਭਾਰਤੀ ਫੌਜ 'ਚ ਮਾਹਿਰਾਂ ਦੇ ਨਾਲ-ਨਾਲ ਅਜਿਹੀ ਸਥਿਤੀ ਨਾਲ ਨਿਪਟਣ ਲਈ ਖਾਸ ਟ੍ਰੇਨਿੰਗ ਪ੍ਰਾਪਤ ਜਵਾਨ ਹਨ। ਜਿਨ੍ਹਾਂ ਦੀ ਕਾਰਜ ਸਮਰੱਥਾ ਆਮ ਇਨਸਾਨ ਨਾਲੋਂ ਕਿਤੇ ਜ਼ਿਆਦਾ ਹੁੰਦੀ ਹੈ ਪਰ ਪ੍ਰਸ਼ਾਸਨ ਨੇ ਸਿਰਫ ਆਪਣੀ ਨਾਲਾਇਕੀ ਨੂੰ ਲੁਕਾਉਣ ਲਈ ਫੌਜ ਦਾ ਸਹਾਰਾ ਨਹੀਂ ਲਿਆ ਤੇ ਇਕ ਮਾਸੂਮ ਜਾਨ ਨੂੰ ਦਾਅ 'ਤੇ ਲਗਾ ਦਿੱਤਾ।ਅਸੀਂ ਸਾਰਿਆਂ ਨੇ ਫਤਿਹ ਦਾ ਰੈਸਕਿਊ ਆਪਰੇਸ਼ਨ ਦੇਖਿਆ ਤੇ ਹੈਰਾਨੀ ਦੀ ਗੱਲ ਹੈ ਕਿ ਸਮਾਂ ਬੀਤਣ ਦੇ ਨਾਲ-ਨਾਲ ਕੰਮ ਠੰਡਾ ਪੈਂਦਾ ਹੀ ਨਜ਼ਰ ਆਇਆ। ਪ੍ਰਸ਼ਾਸਨ ਹੋਵੇ, ਐਨ. ਡੀ. ਆਰ. ਐਫ. ਜਾਂ ਫਿਰ ਪੁਲਸ ਕਿਸੇ ਦੇ ਵੀ ਮੱਥੇ 'ਤੇ ਕੋਈ ਸ਼ਿਕਨ ਨਹੀਂ ਸੀ। ਜਿਵੇਂ ਫਤਿਹ ਨੂੰ ਬਾਹਰ ਕੱਢਣ ਦੀ ਕਿਸੇ ਨੂੰ ਕੋਈ ਕਾਹਲੀ ਹੀ ਨਹੀਂ ਸੀ ਤੇ ਇਸ ਲੇਟ ਲਟੀਫੀ ਦਾ ਨਤੀਜਾ ਅੱਜ ਸਭ ਦੇ ਸਾਹਮਣੇ ਹੈ। ਮਾਪਿਆਂ ਤੋਂ ਉਨ੍ਹਾਂ ਦਾ ਪੁੱਤਰ ਸਦਾ ਲਈ ਗੁਆਚ ਗਿਆ ਹੈ।

ਨੇਤਾ ਜੀ ਗਾਇਬ
ਵੋਟਾਂ ਵੇਲੇ ਜਨਤਾ ਦਾ ਪਾਣੀ ਭਰਨ ਵਾਲੇ ਲੀਡਰ ਵੀ ਇਸ ਮਾਮਲੇ 'ਚ ਕੋਈ ਬਹੁਤਾ ਗੰਭੀਰ ਨਹੀਂ ਵਿਖਾਈ ਦਿੱਤੇ। ਬੱਸ, ਆਏ ਤੇ ਹਾਜ਼ਰੀ ਲਗਵਾ ਕੇ ਚਲਦੇ ਬਣੇ। ਬਿਨਾਂ ਸ਼ੱਕ ਕੈਬਨਿਟ ਮੰਤਰੀ ਵਿਜੇਇੰਦਰ ਸਿੰਗਲਾ ਮੌਕੇ 'ਤੇ ਗਏ ਤੇ ਕਾਫੀ ਦੇਰ ਉਥੇ ਰਹੇ ਵੀ ਪਰ ਉਨ੍ਹਾਂ ਦੀ ਮੌਜੂਦਗੀ ਦਾ ਕੋਈ ਖਾਸ ਫਾਇਦਾ ਨਹੀਂ ਹੋਇਆ ਜਦਕਿ ਪਰਮਿੰਦਰ ਢੀਂਡਸਾ ਸਣੇ ਹਲਕੇ ਦੇ ਐੱਮ. ਪੀ. ਭਗਵੰਤ ਮਾਨ ਨੇ ਵੀ ਇਕ ਗੇੜਾ ਮਾਰ ਕੇ ਗੋਂਗਲੂਆਂ ਤੋਂ ਮਿੱਟੀ ਝਾੜ ਦਿੱਤੀ। ਵੋਟਾਂ ਵੇਲੇ ਗੱਡੀਆਂ 'ਤੇ ਭੰਗੜਾ ਪਾਉਣ ਵਾਲੇ ਤੇ 'ਦੱਬਦਾ ਕਿੱਥੇ ਐ' ਗੀਤ 'ਤੇ ਫਿੱਟ ਬੈਠਣ ਵਾਲੇ ਭਗਵੰਤ ਮਾਨ ਦੀ ਆਵਾਜ਼ ਇਸ ਮਾਮਲੇ 'ਚ ਦੱਬੀ ਕਿਉਂ ਰਹੀ? ਜੇਕਰ ਇਹੀ ਹਾਦਸਾ ਵੋਟਾਂ ਤੋਂ ਚਾਰ ਦਿਨ ਪਹਿਲਾਂ ਹੋਇਆ ਹੁੰਦਾ ਤਾਂ ਪੂਰੇ ਪੰਜਾਬ ਦੀ ਲੀਡਰਸ਼ਿਪ ਨੇ ਭਗਵਾਨਪੁਰਾ 'ਚ ਡੇਰੇ ਲਾ ਲੈਣੇ ਸਨ ਤੇ ਸ਼ਾਇਦ ਕੁਝ ਹੀ ਘੰਟਿਆਂ 'ਚ ਫਤਿਹ ਨੇ ਵੀ ਬੋਰ 'ਚੋਂ ਬਾਹਰ ਹੋਣਾ ਸੀ ਪਰ ਹੁਣ ਵੋਟਾਂ ਲੰਘ ਚੁੱਕੀਆਂ ਹਨ ਤੇ ਤਾਹੀਓਂ ਇੰਨੇ ਵੱਡੇ ਹਾਦਸੇ ਦੇ ਹੋ ਜਾਣ ਦੇ ਬਾਵਜੂਦ ਨੇਤਾ ਜੀ ਗਾਇਬ ਹਨ।

ਸਰਕਾਰ ਦੀ ਅਣਗਹਿਲੀ
ਫਤਿਹ ਦੇ ਮਾਮਲੇ 'ਚ ਸਭ ਤੋਂ ਵੱਡੀ ਗੁਨਾਹਗਾਰ ਮੰਨੀ ਜਾ ਰਹੀ ਹੈ ਸਰਕਾਰ। ਸ਼ੁਰੂ ਤੋਂ ਲੈ ਕੇ ਆਖੀਰ ਤੱਕ ਸਰਕਾਰ ਨੇ ਆਪਣੀ ਜਿੰਮੇਵਾਰੀ ਪੂਰੀ ਤਰ੍ਹਾਂ ਨਾਲ ਨਹੀਂ ਨਿਭਾਈ ਤੇ ਨਾ ਹੀ ਇਸ ਮਾਮਲੇ ਦੀ ਪੂਰੀ ਪੈਰਵਾਈ ਰੱਖੀ। ਅਜਿਹੇ ਮੌਕੇ 'ਚ ਹਰ ਤਰ੍ਹਾਂ ਦੀ ਮਸ਼ਿਨਰੀ ਤੇ ਲੋੜੀਂਦੀ ਸਹੂਲਤ ਮੁਹੱਈਆ ਕਰਵਾਉਣਾ ਸਰਕਾਰ ਦਾ ਕੰਮ ਹੁੰਦਾ ਹੈ ਤੇ ਇਸ ਸਭ ਦੀ ਮੰਗ ਕਰਨਾ ਡੀ. ਸੀ. ਦੀ ਡਿਊਟੀ ਪਰ ਅਫਸੋਸ ਕਿ ਦੋਵਾਂ ਨੇ ਹੀ ਆਪਣੀ ਜਿੰਮੇਵਾਰੀ ਤੋਂ ਪਾਸਾ ਵੱਟੀ ਰੱਖਿਆ। ਬਾਕੀ ਜੇਕਰ ਗੱਲ ਨਿਯਮਾਂ ਦੀ ਕਰੀਏ ਤਾਂ ਸਰੰਪਚ ਤੋਂ ਲੈ ਕੇ ਡੀ. ਸੀ. ਤੱਕ ਦੀ ਜ਼ਿਲੇ ਵਿਚਲੇ ਬੋਰਵੈੱਲਾਂ ਦੀ ਜਿੰਮੇਵਾਰੀ ਹੁੰਦੀ ਹੈ ਪਰ ਇਥੇ ਸ਼ਾਇਦ ਹੀ ਕਿਸੇ ਨੂੰ ਪਤਾ ਹੋਵੇ ਕਿ ਕਿਸ ਜ਼ਿਲੇ 'ਚ ਕਿੰਨੇ ਬੋਰਵੈੱਲ ਹਨ ਤੇ ਉਨ੍ਹਾਂ 'ਚੋਂ ਕਿੰਨੇ ਖੁੱਲ੍ਹੇ ਪਏ ਹਨ।

ਪਰਿਵਾਰ ਦੀ ਜਿੰਮੇਵਾਰੀ 
ਸਰਕਾਰ ਦੀ ਜਿੰਮੇਵਾਰੀ ਦੀ ਗੱਲ ਤਾਂ ਹੋ ਗਈ ਪਰ ਇਸ ਸਾਰੇ ਮਾਮਲੇ 'ਚ ਪਰਿਵਾਰ ਦੀ ਜਿੰਮੇਵਾਰੀ ਵੀ ਅੱਖੋਂ ਓਹਲੇ ਨਹੀਂ ਕੀਤੀ ਜਾ ਸਕਦੀ। ਬਿਨਾਂ ਸ਼ੱਕ ਕੋਈ ਵੀ ਮਾਪੇ ਆਪਣੇ ਬੱਚੇ ਨੂੰ ਮੌਤ ਦੇ ਮੂੰਹ 'ਚ ਨਹੀਂ ਸੁੱਟਦੇ ਪਰ ਸਾਵਧਾਨੀ ਬਹੁਤ ਜ਼ਰੂਰੀ ਹੁੰਦੀ ਹੈ। ਖਾਸ ਕਰਕੇ ਉਦੋਂ ਜਦੋਂ ਪਤਾ ਹੋਏ ਕਿ ਆਸ-ਪਾਸ ਖਤਰਨਾਕ ਬੋਰਵੈੱਲ ਜਾਂ ਹੋਰ ਚੀਜ਼ਾਂ ਹਨ।ਖੈਰ, ਹੁਣ ਲਕੀਰ ਪਿੱਟਿਆਂ ਕੁਝ ਨਹੀਂ ਬਣਨਾ ਅਸੀਂ ਫਤਿਹਵੀਰ ਨੂੰ ਗੁਆ ਚੁੱਕੇ ਹਾਂ ਪਰ ਇਸ ਘਟਨਾ ਤੋਂ ਸਬਕ ਜਰੂਰ ਲੈਣ ਦੀ ਲੋੜ ਹੈ ਤਾਂ ਜੋ ਕੋਈ ਹੋਰ ਫਤਿਹ ਇਨ੍ਹਾਂ ਅਣਗਹਿਲੀਆਂ ਦੀ ਭੇਟ ਨਾ ਚੜ੍ਹ ਸਕੇ। 

Unusual
accident
Death
Punjab Government

International