ਪੰਜਾਬ 'ਚ 2022 ਲਈ ਕੀ ਕੀਤਾ ਜਾਵੇ...?

ਜਸਪਾਲ ਸਿੰਘ ਹੇਰਾਂ
ਪੰਜਾਬ ਸਿੱਖੀ ਦੀ ਜਨਮ ਭੂਮੀ ਤੇ ਕਰਮ ਭੂਮੀ ਹੈ। ਸਿੱਖ ਸੱਭਿਅਤਾ ਤੇ ਸਿੱਖ ਸੁਭਾਅ ਬਾਕੀ ਦੇਸ਼ ਨਾਲੋਂ ਪੂਰੀ ਤਰ੍ਹਾਂ ਵੱਖਰੇ ਹਨ। ਇਸ ਸਮੇਂ ਪੰਜਾਬ ਨੂੰ ਜਿਹੜੀਆਂ ਸਮੱਸਿਆਵਾਂ ਦਰਪੇਸ਼ ਹਨ। ਉਨ੍ਹਾਂ ਦਾ ਹੱਲ ਸਿਰਫ਼ ਤੇ ਸਿਰਫ਼ ਪੰਥਕ ਸ਼ਕਤੀ ਹੀ ਕਰ ਸਕਦੀ ਹੈ। ਦਿੱਲੀ ਚੋਣਾਂ ਤੋਂ ਬਾਅਦ, ਪੰਜਾਬ ਦੀ ਰਾਜਨੀਤੀ ਤੇ ਆਪ ਦੇ ਭਵਿੱਖ ਬਾਰੇ ਚਰਚਾ ਪੂਰੇ ਜ਼ੋਰਾਂ ਤੇ ਹੈ। ਅਸੀਂ ਕੇਜਰੀਵਾਲ ਵੱਲੋਂ ਭਾਜਪਾ ਵਰਗੀ ਕੱਟੜ ਹਿੰਦੂਤਵੀ ਪਾਰਟੀ ਨੂੰ ਜਿਹੜੀ ਦੇਸ਼ 'ਚ ਨਫ਼ਰਤ ਵੰਡ ਰਹੀ ਹੈ, ਧੂੜ ਚਟਾਉਣ ਦੀ ਸ਼ਲਾਘਾ ਕਰਦੇ ਹਾਂ। ਕੇਜਰੀਵਾਲ ਦੀ ਜਿੱਤ ਨੂੰ ਜਿਹੜੇ ਸਿਰਫ਼ ਵਿਕਾਸ ਕੰਮਾਂ ਨਾਲ ਹੀ ਜੋੜਕੇ ਵੇਖਦੇ ਹਨ, ਸ਼ਾਇਦ ਉਹ 100 ਫੀਸਦੀ ਸਹੀ ਨਹੀਂ ਹਨ। ਕੇਜਰੀਵਾਲ ਦੀ ਜਿੱਤ ਪਿੱਛੇ ਭਾਜਪਾ ਦਾ ਹੰਕਾਰ ਤੇ ਘੱਟ ਗਿਣਤੀਆਂ ਦਾ ਭਾਜਪਾ ਨੂੰ ਹਰਾਉਣ ਲਈ ਇੱਕਜੁੱਟ  ਹੋ ਕੇ ਕੇਜਰੀਵਾਲ ਦੀ ਆਪ ਦੀ ਪਿੱਠ ਪਿੱਛੇ ਖੜ੍ਹਨਾ ਵੀ ਸ਼ਾਮਲ  ਹੈ। ਅਸੀਂ ਲੰਮੇਂ ਸਮੇਂ ਤੋਂ ਹੋਕਾ ਦਿੰਦੇ ਆ ਰਹੇ ਹਾਂ ਕਿ ਇਸ ਸਮੇਂ ਪੰਜਾਬ ਪੂਰਨ ਰੂਪ 'ਚ ਤਬਾਹੀ ਦੇ ਕੰਢੇ ਖੜ੍ਹਾ ਹੈ। ਜਿਹੜੇ ਕਾਰਣਾਂ ਕਰਕੇ ਪੰਜਾਬ ਤਬਾਹੀ ਦੇ ਕੰਢੇ ਖੜ੍ਹਾ ਹੈ। ਉਨ੍ਹਾਂ ਕਾਰਣਾਂ ਨੂੰ ਅਸੀਂ ਸਿੱਖੀ ਤੇ ਪੰਜਾਬ ਨੂੰ ਵੱਖ-ਵੱਖ ਕਰਕੇ ਨਹੀਂ ਵੇਖ ਸਕਦੇ। ਇਸ ਲਈ ਹੀ ਅਸੀਂ ਵਾਰ-ਵਾਰ ਹੋਕਾ ਦੇ ਰਹੇ ਹਾਂ ਕਿ ਜੇ ਕੋਈ ਪੰਜਾਬ ਨੂੰ ਬਚਾਅ ਸਕਦਾ ਹੈ ਤਾਂ ਉਹ ਸੱਚੀ-ਸੁੱਚੀ ਪੰਥਕ ਸ਼ਕਤੀ ਹੀ ਬਚਾਅ ਸਕਦੀ ਹੈ। 2022 ਦੀਆਂ ਚੋਣਾਂ ਗੁਰੂ ਸਾਹਿਬ ਦੀ ਬੇਅਦਬੀ, ਨਸ਼ਿਆਂ, ਬੇਰੁਜ਼ਗਾਰੀ ਤੇ ਪਾਣੀਆਂ ਦੀ ਰਾਖ਼ੀ ਦੇ ਮੁੱਦੇ ਤੇ ਲੜ੍ਹੀਆਂ ਜਾਣੀਆਂ ਹਨ। ਕੋਈ ਵੀ ਸਿਆਸੀ ਧਿਰ ਗੁਰੂ ਗੰ੍ਰਥ ਸਾਹਿਬ ਦੀ ਬੇਅਦਬੀ ਦੇ ਮੁੱਦੇ ਤੇ ਸਿੱਖਾਂ ਨੂੰ ਇਨਸਾਫ਼ ਨਹੀਂ ਦੇ ਸਕਦੀ। ਕੇਜਰੀਵਾਲ ਦੀ ਸਿਆਸਤ ਨੂੰ ਕੋਈ ਨਿਰਪੱਖ ਤੇ ਸਰਵਸਾਂਝੀ ਨਹੀਂ ਆਖ ਸਕਦਾ।

ਉਸਨੇ ਦਿੱਲੀ ਦੇ ਹਿੰਦੂ ਵੋਟਰਾਂ ਨੂੰ ਰਿਝਾਉਣ ਲਈ ਜਿਹੜੀ ਸਿਆਸੀ ਡਰਾਮੇਬਾਜ਼ੀ ਕੀਤੀ ਹੈ। ਸ਼ਹੀਨ ਬਾਗ ਤੋ ਦੂਰੀ ਬਣਾਕੇ ਰੱਖੀ ਹੈ, ਕਸ਼ਮੀਰ 'ਚ ਧਾਰਾ 370 ਤੋੜਨ ਦੀ ਹਮਾਇਤ ਕੀਤੀ ਹੈ, ਉਸਨੂੰ ਵੇਖਦਿਆਂ ਸਾਡੀ ਉਕਤ ਚਿੰਤਾ, ਸੁੱਟ ਦੇਣ ਵਾਲੀ ਨਹੀਂ। ਨਸ਼ਿਆਂ ਨੂੰ ਨਕੇਲ ਪਾਉਣ ਦਾ ਸਬੰਧ ਭ੍ਰਿਸ਼ਟਾਚਾਰ ਨਾਲ ਹੈ। ਦਿੱਲੀ 'ਚ ਭ੍ਰਿਸ਼ਟਾਚਾਰ ਦਾ ਦੈਂਤ, ਬੋਤਲ 'ਚ ਬੰਦ ਨਹੀਂ ਹੋ ਸਕਿਆ ਅਤੇ ਨਾ ਹੀ ਲੋਕਪਾਲ ਪ੍ਰਭਾਵੀ ਢੰਗ ਨਾਲ ਸਥਾਪਿਤ ਹੋਇਆ ਹੈ। ਪੰਜਾਬ ਲਈ ਸਭ ਤੋਂ ਗੰਭੀਰ ਮੁੱਦਾ, ਜਿਸਤੇ ਉਸਦੀ ਹੋਂਦ ਖੜ੍ਹੀ ਹੈ, ਉਹ ਹੈ ਜਿਵੇਂ ਮਾਹਿਰ ਦੱਸਦੇ ਹਨ ਕਿ 2035 ਤੱਕ ਪੰਜਾਬ 'ਚ ਧਰਤੀ ਹੇਠਲਾ ਪਾਣੀ ਲਗਭਗ ਖ਼ਤਮ ਹੋ ਜਾਣਾ ਹੈ ਤੇ ਪੰਜਾਬ ਸਿਰਫ਼ ਤੇ ਸਿਰਫ਼ ਦਰਿਆਵਾਂ ਦੇ ਪਾਣੀ ਤੇ ਨਿਰਭਰ ਹੋ ਜਾਵੇਗਾ। ਕੇਜਰੀਵਾਲ, ਜਿਸਦੀ ਜਨਮ-ਭੂਮੀ ਹਰਿਆਣਾ ਹੈ, ਉਸਦੇ ਮੁਕਾਬਲੇ ਉਹ ਪੰਜਾਬ ਨੂੰ ਕਿੰਨੀ ਕੁ ਤਰਜੀਹ ਦੇਵੇਗਾ? ਇਹ ਹਰ ਕਿਸੇ ਦੇ ਸਮਝ 'ਚ ਆਉਣ ਵਾਲੀ ਗੱਲ੍ਹ ਹੈ। ਪੰਜਾਬ 'ਚੋ ਮਾਂ -ਬੋਲੀ ਦੇ ਖ਼ਾਤਮੇ ਦੀ ਡੂੰਘੀ ਸਾਜਿਸ਼ ਵੀ ਨੇਪਰੇ  ਚਾੜੀ ਜਾ ਰਹੀ ਹੈ। ਫ਼ਿਰ ਮਾਂ -ਬੋਲੀ ਦੀ ਰਾਖ਼ੀ ਕੌਣ ਤੇ ਕਿਵੇਂ ਕਰੂੰਗਾ। ਅਸੀਂ ਬਾਖੂਬੀ ਸਮਝਦੇ ਹਾਂ ਕਿ 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਅਤੇ ਉਨ੍ਹਾਂ ਦੇ ਨਤੀਜੇ ਪੰਜਾਬ ਦੀ ਹੋਣੀ ਨਾਲ ਜੁੜੇ ਹੋਏ ਹਨ। ਜੇ ਪੰਜਾਬੀਆਂ ਨੇ ਦੂਰਦ੍ਰਿਸ਼ਟੀ, ਸਿਆਣਪ ਤੇ ਸਿਰਫ਼ ਪੰਜਾਬ ਨੂੰ ਮੁੱਖ ਰੱਖਕੇ ਸਹੀ ਫੈਸਲਾ ਨਾ ਲਿਆ ਤਾਂ ਉਸ ਤੋਂ ਬਾਅਦ ਸਾਡੇ ਪੱਲੇ ਸਿਰਫ਼ ਪਛਤਾਵਾ ਹੀ ਰਹਿ ਜਾਵੇਗਾ। ਪੰਜਾਬ ਦੇ ਸਿਆਣੇ ਲੋਕਾਂ ਨੂੰ ਪੰਜਾਬ ਦੀਆਂ ਪ੍ਰਮੁੱਖ ਮੰਗਾਂ ਬਾਰੇ, ਪੰਜਾਬ 'ਚ ਵੱਡੀ ਪੱਧਰ ਤੇ ਚਰਚਾ ਛੇੜਣੀ ਚਾਹੀਦੀ ਹੈ। ਉਨ੍ਹਾਂ ਦੀ ਪੂਰਤੀ ਕਰਨ ਦੇ ਕੌਣ ਸਮਰੱਥ ਹੋ ਸਕਦਾ ਹੈ, ਫ਼ਿਰ ਉਸਦੀ ਨਿਸ਼ਾਨਦੇਹੀ ਹੋਣੀ ਚਾਹੀਦੀ ਹੈ। ਅੱਜ ਅਸੀਂ ਸਿਰਫ਼ ਦਿੱਲੀ ਵੱਲ ਹੀ ਵੇਖਣ ਜੋਗੇ ਰਹਿ ਗਏ ਹਾਂ। ਕੀ ਸਿੱਖ, ਭਾਜਪਾ, ਕਾਂਗਰਸ ਜਾਂ ਆਪ ਦੇ ਥੱਲੇ ਲੱਗਣ ਲਈ ਹੀ ਹਨ? ਆਪਣੀ ਸਮਰੱਥਾ ਸਹਾਰੇ, ਅਸੀਂ ਆਪਣੇ ਪੰਜਾਬ ਨੂੰ ਫ਼ਿਰ ਤੋਂ ਸੋਹਣਾ ਨਹੀਂ ਬਣਾ ਸਕਦੇ? ਇਹ ਠੀਕ ਹੈ  ਕਿ ਸਿੱਖ ਸਿਆਸਤ 'ਚ ਲੋੜ ਤੋਂ ਵੱਧ ਫੁੱਟ ਹੈ। ਸਿੱਖਾਂ ਦੇ ਰਾਜਸੀ ਆਗੂਆਂ ਦੇ ਨਾਲ-ਨਾਲ ਧਾਰਮਿਕ ਆਗੂਆਂ ਦੀ ਭਰੋਸੇਯੋਗਤਾ ਖ਼ਤਮ ਹੋ ਚੁੱਕੀ ਹੈ। '' ਇੱਕ ਸਰਕਾਰ ਬਾਝੋ'' ਆਪਣਾ ਰਾਜ ਗਵਾਉਣ ਵਾਲੇ ਸਿੱਖਾਂ ਨੂੰ ਲਗਭਗ ਦੋ ਸਦੀਆਂ  ਤੱਕ ਸਰਕਾਰ ਬਣਨ ਦੇ ਯੋਗ ਆਗੂ ਹੀ ਨਹੀਂ ਲੱਭਾ।

ਜਿਸ ਜਰਨੈਲ ਤੇ ਕੌਮ ਨੇ ਭਰੋਸਾ ਕੀਤਾ ਸੀ, ਉਮੀਦ ਜਾਗੀ ਸੀ, ਉਸਨੂੰ ਸਮੇਂ ਦੀਆਂ ਜ਼ਾਲਮ ਤੇ ਸਿੱਖ ਦੁਸ਼ਮਣ ਸਰਕਾਰਾਂ ਨੇ ਤਿੰਨ ਦੇਸ਼ਾਂ ਦੀ ਮਦਦ ਲੈ ਕੇ ਸ਼ਹੀਦ ਕਰ ਦਿੱਤਾ ਅਤੇ ਉਸਦੀ ਸ਼ਹੀਦੀ ਤੋਂ ਪ੍ਰਾਪਤੀਆਂ ਕਰਨ ਤੋਂ ਰੋਕਣ ਲਈ ਪੰਜਾਬ ਇੱਕ ਦਹਾਕਾ ਜ਼ੁਲਮ-ਜਬਰ ਦੀ ਚੱਕੀ 'ਚ ਪਿਸਦਾ ਰਿਹਾ ਹੈ। ਪੰਜਾਬ ਦੀ ਧਰਤੀ ਤੇ ਜੰਮਿਆ 'ਚੋ ਸਿੱਖ ਦੇ ਆਪਣੇ ਅਜ਼ਾਦ ਘਰ ਦੀ ਚਿਣਗ ਵੀ ਹੁਣ ਕੋਈ ਬੁਝਾਅ ਨਹੀਂ ਸਕਦਾ। ਇਸੇ ਲਈ ਉਪਰ ਲਿਖਿਆ ਸੀ ਕਿ ਪੰਜਾਬ ਦੀ ਸਿਆਸਤ ਨੂੰ ਅਸੀਂ ਦੇਸ ਜਾਂ ਹੋਰ ਸੂਬਿਆਂ ਨਾਲ ਮਿਲਾਕੇ ਨਹੀਂ ਵੇਖ ਸਕਦੇ। ਪੰਜਾਬ ਦੀ ਜੁਆਨੀ ਤੇ ਨਾਲ ਹੀ ਉਨ੍ਹਾਂ ਦੇ ਮਾਪੇ, ਵਿਦੇਸ਼ਾਂ ਨੂੰ ਵੱਡੀ ਗਿਣਤੀ 'ਚ ਕੂਚ ਕਰ ਰਹੇ ਹਨ। ਜਿਸ ਨਾਲ ਪੰਜਾਬ ਦੀ ਸਿਆਸਤ ਤੇ ਭਈਆਂ ਦੇ ਭਾਰੂ ਹੋਣ ਦੀ ਸ਼ੰਕਾ ਨੂੰ ਵੀ ਅਸੀਂ ਦਰ ਕਿਨਾਰ ਨਹੀਂ ਕਰ ਸਕਦੇ। ਅਸੀ ਸਿੱਖਾਂ ਨੂੰ ਇਹ ਅਪੀਲ ਜ਼ਰੂਰ ਕਰਾਂਗੇ ਕਿ ਇਸ ਸਮੇਂ ਜਲਦਬਾਜ਼ੀ ਜਾਂ ਜ਼ਜਬਾਤਾ 'ਚ ਆ ਕੇ ਕੋਈ ਫੈਸਲਾ ਕਰਨ ਦੀ ਥਾਂ, ਪੰਜਾਬ ਤੇ ਸਿੱਖਾਂ ਦੀਆਂ ਅਹਿਮ ਤੇ ਗੰਭੀਰ ਸਮੱਸਿਆਵਾਂ ਬਾਰੇ ਅਤੇ ਉਨ੍ਹਾਂ ਦੇ ਹੱਲ ਬਾਰੇ ਵੱਡੀ ਪੱਧਰ ਦੀ ਚਰਚਾ ਦੀ ਲੋੜ ਹੈ। ਇਸ ਚਰਚਾ 'ਚੋਂ ਪੰਜਾਬ ਨੂੰ ਅਤੇ ਸਿੱਖੀ ਨੂੰ ਦਰਪੇਸ਼ ਸਮੱਸਿਆਵਾਂ ਦੀ ਨਿਰਖ ਕੀਤੀ ਜਾਵੇ ਅਤੇ  ਵੱਖੋ ਵੱਖਰੀਆਂ ਧਿਰਾਂ ਸਾਹਮਣੇ ਇਹ ਚਾਰਟਰ ਰੱਖਕੇ ਉਸਨੂੰ ਪੁੱਛਿਆ ਜਾਵੇ ਕਿ ਉਹ ਇਸ ਵਿੱਚੋ ਕਿਹੜੀ-ਕਿਹੜੀ ਸਮੱਸਿਆਵਾਂ ਨੂੰ ਉਹ ਹੱਲ ਕਰੇਗਾ ਤੇ ਕਿਵੇਂ? ਉਸਦੇ ਜਵਾਬ ਤੋਂ ਬਾਅਦ ਹੀ ਕੋਈ ਫੈਸਲਾ ਲਿਆ ਜਾਵੇ। ਸਾਨੂੰ ਲੱਗਦਾ ਹੈ ਕਿ ਹੁਣ ਅਜ਼ਮਾਈ ਹੋਈ ਲੀਡਰਸ਼ਿਪ ਨੂੰ ਦੁਬਾਰਾ ਅਜਮਾਉਣ ਦੀ ਥਾਂ, ਪੰਜਾਬ ਤੇ ਸਿੱਖੀ ਨੂੰ ਦਰਪੇਸ਼ ਇੰਨ੍ਹਾਂ ਸਮੱਸਿਆਵਾਂ ਨੂੰ ਪੰਜਾਬ ਦੇ ਪਿੰਡ-ਪਿੰਡ ਲੈ ਕੇ ਜਾਇਆ ਜਾਵੇ ਤੇ ਫ਼ਿਰ ਜਿਹੜਾ ਫੈਸਲਾ ਪੰਜਾਬ ਦੇ ਲੋਕ ਕਰਨਗੇ, ਉਹਨੂੰ ਪ੍ਰਵਾਨ ਕਰ ਲਿਆ ਜਾਵੇ।

Editorial
Jaspal Singh Heran

International