2024 ਤਕ 5,000 ਅਰਬ ਡਾਲਰ ਦੀ ਅਰਥ ਵਿਵਸਥਾ ਬਣੇਗਾ ਭਾਰਤ : ਮੋਦੀ

ਨਵੀਂ ਦਿੱਲੀ 15 ਜੂਨ (ਏਜੰਸੀਆਂ): ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਦੇਸ਼ ਨੂੰ 2024 ਤਕ 5,000 ਅਰਬ ਡਾਲਰ ਦੀ ਅਰਥਵਿਵਸਥਾ ਬਣਾਉਣਾ ਚੁਣੌਤੀਪੂਰਨ ਹੈ ਪਰ ਨਿਸ਼ਚਿਤ ਰੂਪ ਨਾਲ ਸੂਬਿਆਂ ਦੀ ਸਾਂਝੀ ਕੋਸ਼ਿਸ਼ ਨਾਲ ਇਸ ਨੂੰ ਹਾਸਲ ਕੀਤਾ ਜਾ ਸਕਦਾ ਹੈ। ਰਾਸ਼ਟਰਪਤੀ ਭਵਨ ਸੰਸਕ੍ਰਿਤਿਕ ਕੇਂਦਰ ਵਿਚ ਨੀਤੀ ਆਯੋਗ ਸੰਚਾਲਨ ਪਰੀਸ਼ਦ ਦੀ 5ਵੀਂ ਬੈਠਕ ਨੂੰ ਸੰਬੋਧਿਤ ਕਰਦਿਆਂ ਪੀ. ਐੱਮ. ਮੋਦੀ ਨੇ ਇਹ ਗੱਲ ਆਖੀ। ਮੋਦੀ ਨੇ ਕਿਹਾ 'ਸਭ ਕਾ ਸਾਥ, ਸਭ ਕਾ ਵਿਕਾਸ ਅਤੇ ਸਭ ਕਾ ਵਿਸ਼ਵਾਸ' ਦੇ ਟੀਚੇ ਨੂੰ ਪੂਰਾ ਕਰਨ 'ਚ ਨੀਤੀ ਆਯੋਗ ਦੀ ਮਹੱਤਵਪੂਰਨ ਭੂਮਿਕਾ ਹੈ।

ਉਨ੍ਹਾਂ ਕਿਹਾ ਕਿ ਆਮਦਨ ਅਤੇ ਰੋਜ਼ਗਾਰ ਵਧਾਉਣ ਲਈ ਐਕਸਪੋਰਟ ਖੇਤਰ ਬਹੁਤ ਮਹੱਤਵਪੂਰਨ ਹਨ। ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰ ਭਾਰਤ ਵਿਚ ਹਾਲ ਹੀ 'ਚ ਸੰਪੰਨ ਹੋਈਆਂ ਆਮ ਚੋਣਾਂ ਦਾ ਜ਼ਿਕਰ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਹੁਣ ਸਾਰਿਆਂ ਨੂੰ ਦੇਸ਼ ਦੇ ਵਿਕਾਸ ਲਈ ਕੰਮ ਕਰਨ ਦਾ ਸਮਾਂ ਹੈ। ਉਨ੍ਹਾਂ ਨੇ ਗਰੀਬੀ, ਬੇਰੋਜ਼ਗਾਰੀ, ਸੋਕੇ, ਹੜ੍ਹ, ਪ੍ਰਦੂਸ਼ਣ, ਭ੍ਰਿਸ਼ਟਾਚਾਰ ਅਤੇ ਹਿੰਸਾ ਆਦਿ ਨਾਲ ਸਾਰਿਆਂ ਨੂੰ ਮਿਲ ਕੇ ਲੜਨ ਦੀ ਅਪੀਲ ਕਰਦੇ ਹੋਏ ਕਿਹਾ ਕਿ ਟੀਮ ਇੰਡੀਆ ਦੇ ਇਸ ਮੰਚ 'ਤੇ ਹਰ ਕਿਸੇ ਦਾ ਇਕ ਹੀ ਟੀਚਾ ਸਾਲ 2022 ਤਕ ਨਵੇਂ ਭਾਰਤ ਦਾ ਨਿਰਮਾਣ ਕਰਨਾ ਹੈ।

ਸਵੱਛ ਭਾਰਤ ਅਭਿਆਨ ਅਤੇ ਪ੍ਰਧਾਨ ਮੰਤਰੀ ਆਵਾਸ ਯੋਜਨਾ ਨੂੰ ਮਿਲੀ ਸਫਲਤਾ ਦਾ ਜ਼ਿਕਰ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਕੇਂਦਰ ਅਤੇ ਸੂਬਾ ਸਰਕਾਰ ਮਿਲ ਕੇ ਕੰਮ ਕਰਨ ਤਾਂ ਸਫਲਤਾ ਮਿਲੇਗੀ। ਦੇਸ਼ ਦੀ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਲਈ ਤੈਅ ਟੀਚਿਆਂ ਨੂੰ ਹਾਸਲ ਕਰ ਲਈ ਕੰਮ ਸ਼ੁਰੂ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਨੇ ਛੋਟੇ ਅਤੇ ਲੰਬੀ ਮਿਆਦ ਦੇ ਟੀਚਿਆਂ ਨੂੰ ਹਾਸਲ ਕਰਨ 'ਤੇ ਸਮੂਹਕ ਰੂਪ ਨਾਲ ਧਿਆਨ ਕੇਂਦਰਿਤ ਕੀਤੇ ਜਾਣ 'ਤੇ ਜ਼ੋਰ ਦਿੱਤਾ।

ਇਸ ਬੈਠਕ ਵਿਚ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਅਤੇ ਤੇਲੰਗਾਨਾ ਦੇ ਮੁੱਖ ਮੰਤਰੀ ਚੰਦਰਸ਼ੇਖਰ ਰਾਵ ਨੂੰ ਛੱਡ ਕੇ ਸਾਰੇ ਸੂਬਿਆਂ ਦੇ ਮੁੱਖ ਮੰਤਰੀਆਂ, ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਡਿਪਟੀ ਗਵਰਨਰਾਂ ਅਤੇ ਸਾਰੇ ਸੀਨੀਅਰ ਕੇਂਦਰੀ ਮੰਤਰੀਆਂ ਨੇ ਹਿੱਸਾ ਲਿਆ।

Unusual
pm narendra modi
Economy

International