ਬਲਾਕ ਸੰਮਤੀ ਅਤੇ ਜਿਲ੍ਹਾ ਪ੍ਰੀਸ਼ਦ ਲਈ ਵੋਟਾਂ ਅੱਜ, ਨਤੀਜੇ 22 ਸਤੰਬਰ ਨੂੰ

ਮਾਝੇ 'ਚ ਜ਼ਿਆਦਾਤਰ ਕਾਂਗਰਸੀ ਉਮੀਦਵਾਰ ਬਿਨਾਂ ਮੁਕਾਬਲਾ ਜੇਤੂ 

ਬਠਿੰਡਾ 18 ਸਤੰਬਰ (ਅਨਿਲ ਵਰਮਾ) : ਪੰਜਾਬ 'ਚ ਕਰੀਬ 1600 ਬਲਾਕ ਸੰਮਤੀ ਅਤੇ 960 ਜਿਲ੍ਹਾ ਪ੍ਰੀਸ਼ਦ ਦੀਆਂ ਸੀਟਾਂ ਲਈ ਚੋਣ ਪ੍ਰਚਾਰ ਬੀਤੇ ਦਿਨ ਦੇਰ ਸ਼ਾਮ ਸਮਾਪਤ ਹੋ ਗਿਆ ਤੇ ਅੱਜ ਦਾ ਦਿਨ ਉਮੀਦਵਾਰਾਂ ਵੱਲੋਂ 19 ਸਤੰਬਰ ਨੂੰ ਪੈਣ ਵਾਲੀਆਂ ਵੋਟਾਂ ਲਈ ਤਿਆਰੀਆਂ ਕੀਤੀਆਂ ਗਈਆਂ ਹਨ। ਇਹਨਾਂ ਚੋਣਾਂ ਲਈ 855 ਤੋਂ ਵੱਧ ਜਿਲ੍ਹਾ ਪ੍ਰੀਸ਼ਦ ਤੇ 6 ਹਜਾਰ ਤੋਂ ਵੱਧ ਬਲਾਕ ਸੰਮਤੀ ਲਈ ਉਮੀਦਵਾਰ ਚੋਣ ਮੈਦਾਨ ਵਿੱਚ ਹਨ ਅਤੇ ਵੋਟਾਂ ਦਾ ਕੰਮ ਨੇਪਰੇ ਚਾੜ੍ਹਨ ਲਈ ਕਰੀਬ 86 ਹਜਾਰ ਤੋਂ ਵੱਧ ਮੁਲਾਜ਼ਮਾਂ ਦੀ ਡਿਊਟੀ ਲਾਈ ਗਈ ਹੈ ਅਤੇ ਇਹ ਵੋਟਾਂ ਸਵੇਰੇ 8 ਵਜੇ ਤੋਂ ਸ਼ਾਮ 4 ਵਜੇ ਤੱਕ ਪੈਣਗੀਆਂ। ਇਹਨਾਂ ਚੋਣਾਂ ਲਈ ਨਤੀਜੇ 22 ਸਤੰਬਰ ਨੂੰ ਆਉਣਗੇ। ਸਰਕਾਰ ਵੱਲੋਂ ਵੋਟਾਂ ਦੇ ਮੱਦੇਨਜ਼ਰ 19 ਸਤੰਬਰ ਨੂੰ ਛੁੱਟੀ ਦਾ ਵੀ ਐਲਾਨ ਕੀਤਾ ਗਿਆ ਹੈ। ਉਥੇ ਹੀ ਜਿਲ੍ਹਾਂ ਪ੍ਰਸਾਸ਼ਨ ਵੱਲੋਂ ਵੀ ਵੋਟਾਂ ਦਾ ਕੰਮ ਨਿਪਟਾਉਣ ਲਈ ਮੁਲਾਜ਼ਮਾਂ ਦੀਆਂ ਡਿਊਟੀਆਂ ਲਾਈਆਂ ਗਈਆਂ ਤੇ ਚੋਣ ਸਮੱਗਰੀ ਵੰਡੀ ਗਈ ਉਥੇ ਹੀ ਪੁਲਿਸ ਵੱਲੋਂ ਵੀ ਬੂਥ ਪੱਧਰ ਤੇ ਸੁਰੱਖਿਆ ਪ੍ਰਬੰਧ ਯਕੀਨੀ ਬਨਾਉਣ ਲਈ ਮੁਲਾਜ਼ਮਾਂ ਦੀਆਂ ਡਿਊਟੀਆਂ ਲਾਈਆਂ ਗਈਆਂ।

ਪੰਜਾਬ ਦੇ ਵੱਖ ਵੱਖ ਜਿਲ੍ਹਿਆਂ ਵਿੱਚ ਮੁੱਖ ਮੁਕਾਬਲਾ ਸਤਾਧਿਰ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਵਿੱਚ ਹੈ ਤੇ ਆਪ ਵੀ ਤੀਸਰੀ ਧਿਰ ਵਜੋਂ ਚੋਣ ਮੈਦਾਨ ਵਿੱਚ ਹੈ। ਜਿਲ੍ਹਾ ਬਠਿੰਡਾ ਅਧੀਨ 16 ਜਿਲ੍ਹਾ ਪ੍ਰੀਸ਼ਦ ਸੀਟਾਂ ਲਈ 40 ਉਮੀਦਵਾਰ ਚੋਣ ਮੈਦਾਨ ਵਿੱਚ ਹਨ ਜਦੋਂ ਕਿ 148 ਬਲਾਕ ਸੰਮਤੀ ਦੀਆਂ ਸੀਟਾਂ ਵਿੱਚੋਂ 4 ਬਿਨਾਂ ਮੁਕਾਬਲੇ ਉਮੀਦਵਾਰ ਚੁਣੇ ਜਾਣ ਤੋਂ ਬਾਅਦ 144 ਸੀਟਾਂ ਲਈ 353 ਉਮੀਦਵਾਰ ਚੋਣ ਮੈਦਾਨ ਵਿੱਚ ਹਨ। ਐਸਐਸਪੀ ਨਾਨਕ ਸਿੰਘ ਨੇ ਦੱਸਿਆ ਕਿ ਜਿਲ੍ਹੇ ਦੇ ਵਿਧਾਨ ਸਭਾ ਹਲਕਾ ਰਾਮਪੁਰਾ ਫੂਲ ਅਤੇ ਤਲਵੰਡੀ ਸਾਬੋ ਸਮੇਤ ਕਈ ਬੂਥ ਅਤਿ ਸੰਵੇਦਨਸ਼ੀਲ ਹਨ ਜਿਹਨਾਂ ਲਈ ਵੀਡੀਓਗ੍ਰਾਫੀ ਦੇ ਨਾਲ ਪੈਰਾਮਿਲਟਰੀ ਫੋਰਸ ਦੀਆਂ ਕਈ ਕੰਪਨੀਆਂ ਵੀ ਤਾਇਨਾਤ ਕੀਤੀਆਂ ਗਈਆਂ ਹਨ। ਬਿਜਲੀ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਨੇ ਇਹਨਾਂ ਚੋਣਾਂ ਵਿੱਚ ਕਾਂਗਰਸ ਦੇ ਇਤਿਹਾਸਕ ਜਿੱਤ ਦਰਜ ਕਰਨ ਦਾ ਦਾਅਵਾ ਕਰਦਿਆਂ ਕਿਹਾ ਕਿ ਕਾਂਗਰਸ ਨੇ ਕੈਪਟਨ ਸਰਕਾਰ ਦੀਆਂ ਲੋਕ ਹਿੱਤ ਵਿੱਚ ਸਕੀਮਾਂ ਦੇ ਨਾਮ ਤੇ ਵੋਟਾਂ ਦੀ ਮੰਗ ਕੀਤੀ ਹੈ ਜਦੋਂ ਕਿ ਵਿਰੋਧੀ ਧਿਰ ਕੋਲ ਸਰਕਾਰ ਦੇ ਮੁਕਾਬਲੇ ਕੋਈ ਏਜੰਡਾ ਨਹੀਂ। ਸ੍ਰੋਮਣੀ ਅਕਾਲੀ ਦਲ ਦੇ ਮੁੱਖ ਬੁਲਾਰੇ ਦਲਜੀਤ ਸਿੰਘ ਚੀਮਾ ਨੇ ਇਹਨਾਂ ਚੋਣਾਂ ਵਿੱਚ ਕਾਂਗਰਸ ਵੱਲੋਂ ਬੂਥਾਂ ਤੇ ਕਬਜੇ ਕਰਨ ਅਤੇ ਧੱਕੇਸ਼ਾਹੀ ਨਾਲ ਚੋਣਾਂ ਜਿੱਤਣ ਦੇ ਦੋਸ਼ ਲਾਉਂਦਿਆਂ ਚੇਤਾਵਨੀ ਦਿੱਤੀ ਕਿ ਜੇਕਰ ਸੂਬੇ ਵਿੱਚ ਕਿਸੇ ਵੀ ਤਰ੍ਹਾਂ ਨਾਲ ਅਮਨ ਸ਼ਾਂਤੀ ਭੰਗ ਹੁੰਦੀ ਹੈ ਤਾਂ ਉਸ ਲਈ ਕੈਪਟਨ ਸਰਕਾਰ ਜਿੰਮੇਵਾਰ ਹੋਵੇਗੀ। 

ਅੰਮ੍ਰਿਤਸਰ: ਪੰਜਾਬ 'ਚ 19 ਸਤੰਬਰ ਯਾਨੀ ਭਲਕੇ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਦੀਆਂ ਚੋਣਾਂ ਹੋਣ ਜਾ ਰਹੀਆਂ ਹਨ। ਇਸ ਤੋਂ ਪਹਿਲਾਂ ਹੀ ਕਾਂਗਰਸ ਦੇ ਉਮੀਦਵਾਰ ਵੱਡੀ ਗਿਣਤੀ 'ਚ ਬਿਨਾਂ ਮੁਕਾਬਲਾ ਚੋਣ ਜਿੱਤ ਗਏ ਹਨ। ਮਾਝੇ ਦੇ ਜ਼ਿਲ੍ਹੇ ਅੰਮ੍ਰਿਤਸਰ, ਗੁਰਦਾਸਪੁਰ ਤੇ ਤਰਨ ਤਾਰਨ 'ਚ ਕਈ ਜ਼ੋਨਾਂ ਤੋਂ ਕਾਂਗਰਸ ਦੇ ਉਮੀਦਵਾਰ ਬਿਨਾ ਮੁਕਾਬਲਾ ਚੋਣ ਜਿੱਤ ਗਏ ਹਨ ਜਦਕਿ ਬਾਕੀਆਂ ਵਿੱਚ ਕਾਂਗਰਸ ਤੇ ਅਕਾਲੀ-ਭਾਜਪਾ ਦੇ ਉਮੀਦਵਾਰਾਂ ਦਾ ਸਿੱਧਾ ਮੁਕਾਬਲਾ ਹੈ। ਅੰਮ੍ਰਿਤਸਰ ਜ਼ਿਲ੍ਹੇ ਦੇ ਬਲਾਕ ਸੰਗਤ ਦੇ 44 ਜ਼ੋਨਾਂ ਤੋਂ ਕਾਂਗਰਸ ਦੇ ਉਮੀਦਵਾਰ ਬਿਨਾਂ ਮੁਕਾਬਲਾ ਜਿੱਤੇ ਹਨ। ਗੁਰਦਾਸਪੁਰ ਜ਼ਿਲ੍ਹੇ 'ਚ ਕਾਂਗਰਸ ਨਾਲ ਸਬੰਧਤ 50 ਫੀਸਦੀ ਉਮੀਦਵਾਰ ਬਿਨਾਂ ਮੁਕਾਬਲਾ ਹੀ ਚੋਣ ਜਿੱਤ ਗਏ। ਅਕਾਲੀ ਦਲ ਨੇ ਗੁਰਦਾਸਪੁਰ ਜ਼ਿਲ੍ਹੇ ਵਿੱਚ ਪਹਿਲਾਂ ਹੀ ਚੋਣਾਂ ਦੇ ਬਾਈਕਾਟ ਦਾ ਐਲਾਨ ਕਰ ਦਿੱਤਾ ਸੀ ਤੇ ਕਾਂਗਰਸ 'ਤੇ ਧੱਕੇਸ਼ਾਹੀ ਦੇ ਦੋਸ਼ ਲਾਏ ਸਨ। ਗੁਰਦਾਸਪੁਰ ਜ਼ਿਲ੍ਹੇ ਦੇ ਬਲਾਕ ਸੰਮਤੀ ਦੇ 217 ਜ਼ੋਨਾਂ ਵਿੱਚੋਂ 143 ਉਮੀਦਵਾਰ ਬਿਨਾਂ ਮੁਕਾਬਲਾ ਜੇਤੂ ਰਹੇ ਹਨ ਤੇ ਬਾਕੀ 74 ਬਲਾਕ ਸੰਮਤੀ ਜ਼ੋਨਾਂ ਲਈ ਕਾਂਗਰਸੀ ਤੇ ਅਕਾਲੀ ਉਮੀਦਵਾਰਾਂ ਵਿਚ ਸਿੱਧਾ ਮੁਕਾਬਲਾ ਹੈ। ਪਠਾਨਕੋਟ ਜ਼ਿਲ੍ਹੇ ਦੇ 10 ਜ਼ੋਨਾਂ ਵਿੱਚ ਅਕਾਲੀ ਦਲ ਬੀਜੇਪੀ ਤੇ ਕਾਂਗਰਸ ਦੇ ਉਮੀਦਵਾਰਾਂ ਦਰਮਿਆਨ ਮੁਕਾਬਲਾ ਹੈ।

ਪਠਾਨਕੋਟ ਜ਼ਿਲ੍ਹੇ ਦੇ 91 ਬਲਾਕ ਸੰਮਤੀ ਜ਼ੋਨਾਂ ਵਿੱਚੋਂ ਸਿਰਫ਼ ਤਿੰਨ ਜ਼ੋਨਾਂ ਤੋਂ ਬਿਨਾਂ ਮੁਕਾਬਲਾ ਕਾਂਗਰਸ ਦੇ ਉਮੀਦਵਾਰ ਚੋਣ ਜਿੱਤੇ ਹਨ ਜਦਕਿ 88 ਤੇ ਕਾਂਗਰਸ ਤੇ ਅਕਾਲੀ ਦਲ ਭਾਜਪਾ ਗੱਠਜੋੜ ਦਾ ਸਿੱਧਾ ਮੁਕਾਬਲਾ ਹੋਵੇਗਾ। ਤਰਨ ਤਾਰਨ ਜ਼ਿਲ੍ਹਾ ਪ੍ਰੀਸ਼ਦ ਜ਼ੋਨ ਵਿੱਚੋਂ ਨੌਂ ਜ਼ੋਨਾਂ ਦੇ ਉਮੀਦਵਾਰ ਬਿਨਾਂ ਮੁਕਾਬਲਾ ਚੋਣ ਜਿੱਤ ਚੁੱਕੇ ਹਨ। ਜ਼ਿਕਰਯੋਗ ਹੈ ਕਿ ਮਾਝੇ ਦੇ ਅੰਮ੍ਰਿਤਸਰ ਤਰਨ ਤਾਰਨ ਗੁਰਦਾਸਪੁਰ ਤੇ ਪਠਾਨਕੋਟ ਜ਼ਿਲ੍ਹਿਆਂ ਵਿੱਚ ਚੋਣਾਂ ਕਰਾਉਣ ਲਈ ਕਰੀਬ 15 ਹਜ਼ਾਰ ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ। ਇਨ੍ਹਾਂ ਦੇ ਵਿੱਚੋਂ ਪੰਜਾਬ ਪੁਲਿਸ ਤੋਂ ਇਲਾਵਾ ਪੀਏਪੀ ਦੀਆਂ ਕੰਪਨੀਆਂ ਦੇ ਮੁਲਾਜ਼ਮ ਵੀ ਵੱਖ ਵੱਖ ਜ਼ੋਨਾਂ 'ਚ ਤਾਇਨਾਤ ਰਹਿਣਗੇ।

Unusual
Election 2018
PUNJAB
Punjab Politics

Click to read E-Paper

Advertisement

International