25 ਜਨਵਰੀ ਦਾ ਬੰਦ ਸਫ਼ਲ ਬਣਾਈਏ...

ਜਸਪਾਲ ਸਿੰਘ ਹੇਰਾਂ
25 ਜਨਵਰੀ ਨੂੰ ਪੰਜਾਬ ਬੰਦ ਦਾ ਐਲਾਨ ਦਲ ਖ਼ਾਲਸਾ ਤੇ ਅਕਾਲੀ ਦਲ (ਅ) ਵੱਲੋਂ ਸਾਂਝੇ ਰੂਪ 'ਚ ਕੀਤਾ ਗਿਆ, ਭਾਵੇਂ ਇਹ ਬੰਦ ਨਾਗਰਿਕਤਾ ਸੋਧ ਬਿੱਲ, ਕਸ਼ਮੀਰ 'ਚ ਧਾਰਾ 370 ਨੂੰ ਤੋੜਨ, ਰਵਿਦਾਸ ਜੀ ਮਹਾਰਾਜ ਦਾ ਮੰਦਰ ਤੋੜ੍ਹਣ ਅਤੇ ਬੰਦੀ ਸਿੰਘਾਂ ਦੀ ਰਿਹਾਈ ਤੋਂ ਮੁਕਰਨ ਦੇ ਵਿਰੁੱਧ ਹੈ। ਪ੍ਰੰਤੂ ਇਸ ਬੰਦ ਦਾ ਮੁੱਖ ਨਾਅਰਾ ''ਪੰਜਾਬ ਹਿੰਦੂ ਰਾਸ਼ਟਰ ਦਾ ਹਿੱਸਾ ਨਹੀਂ ਬਣੇਗਾ'' ਬੇਹੱਦ ਮਹੱਤਵਪੂਰਨ ਅਤੇ ਗੰਭੀਰ ਹੈ। ਅਸਲ 'ਚ ਇਹ  ਨਾਅਰਾ ਪੰਜਾਬ ਦੀ ਅਤੇ ਸਿੱਖਾਂ ਦੀ ਹੋਂਦ ਨਾਲ ਜੁੜਿਆ ਹੋਇਆ ਹੈ। ਇਸ ਸਮੇਂ ਜਦੋਂ ਭਗਵਾਂ ਬ੍ਰਿਗੇਡ ਨੇ ਪੰਜਾਬ 'ਚ ਸਿੱਖ ਸਿਆਸਤ ਨੂੰ ਮਨਫ਼ੀ ਕਰਨ ਦੀ ਗੰਦੀ ਖੇਡ ਖੇਡੀ ਹੈ। ਉਸ ਸਮੇਂ ਸਿੱਖ ਸ਼ਕਤੀ ਵਿਖਾਉਣਾ ਸਮੇਂ ਦੀ ਗੰਭੀਰ ਚੁਣੌਤੀ ਹੈ। ਦਲ ਖ਼ਾਲਸਾ ਜਾਂ ਅਕਾਲੀ ਦਲ (ਅ) ਨਾਲ ਬਹੁਤ ਸਾਰੀਆਂ ਪੰਥਕ ਧਿਰਾਂ ਦੇ ਵਿਚਾਰਧਾਰਕ ਮੱਭਭੇਦ ਹੋ ਸਕਦੇ ਹਨ, ਪ੍ਰੰਤੂ ਉਨ੍ਹਾਂ ਧਿਰਾਂ ਨੂੰ ਵੀ 25 ਜਨਵਰੀ ਦੇ ਬੰਦ 'ਚ ਬਤੌਰ ਸਿੱਖੀ ਦੇ ਸੱਚੇ ਹਮਦਰਦ ਅਤੇ ਗੁਰੂ ਨੂੰ ਸਮਰਪਿਤ ਸਿੱਖਾਂ ਵਜੋਂ ਭਾਗ ਲੈਣਾ ਚਾਹੀਦਾ ਹੈ। ਇਸ ਬੰਦ ਦੀ ਸਫ਼ਲਤਾ ਦਾ ਸਿਹਰਾ ਕਿਸ ਸਿਰ ਬੱਝੇਗਾ? ਇਸ ਸੋਚ ਨੂੰ ਤਿਆਗ ਕੇ ਇਹ ਬੰਦ ਸਿੱਖਾਂ ਦੇ ਸਵੈਮਾਣ 'ਚ ਵਾਧਾ ਕਰੇਗਾ ਅਤੇ ਸਿੱਖ ਦੁਸ਼ਮਣ ਤਾਕਤਾਂ ਨੂੰ ਸਿੱਖਾਂ ਦੀ ਸ਼ਕਤੀ ਤੇ ਹੋਂਦ ਦਾ ਪ੍ਰਗਟਾਵਾ ਕਰਵਾ ਕੇ, ਕੰਬਣੀ ਜ਼ਰੂਰ ਛੇੜੇਗਾ, ਇਸ ਸੋਚ ਨੂੰ ਸਾਹਮਣੇ ਰੱਖਣਾ ਚਾਹੀਦਾ ਹੈ। ਇਸ ਸੱਚ ਦਾ ਪੱਲਾ ਫੜਨਾ ਚਾਹੀਦਾ ਹੈ।

ਭਗਵਾਂ ਬ੍ਰਿਗੇਡ ਦੇ ਮੁੱਖੀ ਮੋਹਨ ਭਾਗਵਤ ਵੱਲੋਂ ਆਏ ਦਿਨ ਬਿਆਨ ਦਾਗਿਆ ਜਾ ਰਿਹਾ ਹੈ ਕਿ ਇਹ ਦੇਸ਼ ਹਿੰਦੂ ਰਾਸ਼ਟਰ ਹੈ, ਅਤੇ  ਇਸ ਦੇਸ਼ 'ਚ ਰਹਿਣ ਵਾਲਾ ਹਰ ਕੋਈ ਹਿੰਦੂ ਹੈ, ਦੇਸ਼ ਦੀ ਫਿਰਕੂ ਜਾਨੂੰਨੀ ਹਿੰਦੂਤਵੀ-ਧਿਰ ਦੀ ਦਹਿਸ਼ਤ ਕਾਰਣ, ਦੇਸ਼ ਦੀ ਵੱਡੀ ਘੱਟ ਗਿਣਤੀ ਮੁਸਲਮਾਨਾਂ ਸਮੇਤ ਦੂਜੀਆਂ ਘੱਟ ਗਿਣਤੀਆਂ ਪੂਰੀ ਦਹਿਸ਼ਤ 'ਚ ਹਨ। ਕਸ਼ਮੀਰ 'ਚ ਧਾਰਾ 370 ਨੂੰ ਜਿਵੇਂ ਤੋੜਿਆ ਗਿਆ ਹੈ ਅਤੇ ਨਾਗਰਿਕਤਾ ਸੋਧ ਬਿੱਲ ਦਾ ਕੁਹਾੜਾ ਮੁਸਲਮਾਨ ਭਾਈਚਾਰੇ ਤੇ ਚਲਾਇਆ ਗਿਆ ਹੈ, ਉਸਨੇ ਦੇਸ਼ ਦੀਆਂ ਸਾਰੀਆਂ ਘੱਟ ਗਿਣਤੀਆਂ ਲਈ ਖ਼ਤਰੇ ਦੀ ਘੰਟੀ ਵਜਾ ਦਿੱਤੀ ਹੈ। ਸਿੱਖ ਧਰਮ ਦੀ ਬੁਨਿਆਦ, ਗੁਰੂ ਸਾਹਿਬਾਨ ਨੇ ਇਸ ਧਰਤੀ ਤੋਂ ਜ਼ੋਰ ਜਬਰ ਦੇ ਖ਼ਾਤਮੇ ਅਤੇ ਮਨੁੱਖਤਾ 'ਚ ਬਰਾਬਰੀ ਦੇ ਸਿਧਾਂਤ ਨੂੰ ਲਾਗੂ ਕਰਨ ਲਈ ਰੱਖੀ ਹੈ, ਇਸ ਕਾਰਣ ਸਿੱਖਾਂ ਦਾ ਇਹ ਫ਼ਰਜ ਬਣਦਾ ਹੈ ਕਿ ਉਹ ਦੇਸ਼ ਦੀਆਂ ਘੱਟ ਗਿਣਤੀਆਂ ਦੇ ਹੱਕਾਂ ਦੀ ਰਾਖ਼ੀ ਲਈ ਮੈਦਾਨ 'ਚ ਨਿੱਤਰਣ। ਸਿੱਖ ਕੌਮ ਜ਼ੋਰ-ਜਬਰ ਹੁੰਦਿਆ ਵੇਖ ਕੇ ਅੱਖਾਂ ਨਹੀਂ ਮੀਚ ਸਕਦੀ। ਇਸ ਦੇਸ਼ ਨੂੰ ਹਿੰਦੂ ਰਾਸ਼ਟਰ ਐਲਾਨਣ ਦਾ ਸਿੱਖਾਂ ਵੱਲੋਂ ਡੱਟਵਾ ਵਿਰੋਧ ਕੀਤਾ ਜਾਣਾ ਚਾਹੀਦਾ ਹੈ।

25 ਜਨਵਰੀ ਨੂੰ ਸਿੱਖਾਂ ਵੱਲੋਂ '' ਪੰਜਾਬ, ਹਿੰਦੂ ਰਾਸ਼ਟਰ ਦਾ ਹਿੱਸਾ ਨਹੀਂ ਬਣੇਗਾ'' ਦਾ ਨਾਅਰਾ ਨਾਗਪੁਰ ਤੱਕ ਜ਼ਰੂਰ ਪੁੱਜਣਾ ਚਾਹੀਦਾ ਹੈ। ਬੰਦ ਦਾ ਸੱਦਾ ਦੇਣ ਵਾਲੀਆਂ ਜੱਥੇਬੰਦੀਆਂ ਨੂੰ ਵੀ ਅਸੀਂ ਇਹ ਅਪੀਲ ਜ਼ਰੂਰ ਕਰਾਂਗੇ ਕਿ ਉਹ ਇਸ ਗੰਭੀਰ ਮੁੱਦੇ ਤੇ ਸਮੁੱਚੀਆਂ ਪੰਥਕ ਜੱਥੇਬੰਦੀਆਂ ਨੂੰ ਨਾਲ ਲੈਣ ਦਾ ਯਤਨ ਜ਼ਰੂਰ ਕਰਨ। ਹੋਰ ਚੰਗਾ ਹੁੰਦਾ ਜੇ ਇਸ ਕੌਮੀ ਸੰਘਰਸ਼ ਦੀ ਰੂਪ-ਰੇਖਾ ਸਮੂਹ ਪੰਥਕ ਜੱਥੇਬੰਦੀਆਂ ਦਾ ਸਾਂਝਾ ਇਕੱਠ ਬੁਲਾ ਕੇ ਉਲੀਕੀ ਜਾਂਦੀ। ਇਸ ਮੁੱਦੇ ਦਾ ਕੌਮ ਵੱਲੋਂ ਵਿਆਪਕ ਵਿਰੋਧ, ਭਵਿੱਖ 'ਚ ਕਾਰਗਾਰ ਨਤੀਜੇ ਦੇਵੇਗਾ। ਅਸੀਂ ਪਹਿਲਾ ਵੀ ਵਾਰ-ਵਾਰ ਹੋਕਾ ਦਿੱਤਾ ਹੈ ਕਿ ਇਸ ਸਮੇਂ ਪੰਜਾਬ  ਦੀ ਹੋਂਦ ਲਈ ਤਿੰਨ ਡੈਂਡ ਲਾਈਨਾਂ ਮਿੱਥੀਆਂ ਜਾ ਚੁੱਕੀਆਂ ਹਨ। 2035 ਤੱਕ ਪੰਜਾਬ ਦਾ ਧਰਤੀ ਹੇਠਲਾ ਪਾਣੀ  700 ਫੁੱਟ ਤੋਂ ਥੱਲੇ ਚੱਲਿਆ ਜਾਵੇਗਾ। ਦੂਜੇ ਪਾਸੇ ਜੇ ਖ਼ਾਲਸਾ ਪੰਥ ਪੰਜਾਬ ਦੇ ਪਾਣੀਆਂ ਲਈ ਇਕੱਠਾ ਨਾ ਹੋਇਆ ਤਾਂ ਪੰਜਾਬ ਦੇ ਦਰਿਆਈ ਪਾਣੀਆਂ ਤੇ ਵੀ ਡਾਕਾ ਪੈ ਜਾਵੇਗਾ। 2050 ਤੱਕ ਪੰਜਾਬ 'ਚੋ ਊੜੇ ਤੇ ਜੂੜੇ ਦੇ ਖ਼ਾਤਮੇ ਨੂੰ ਰੋਕਣਾ ਬੇਹੱਦ ਔਖਾ ਹੈ। ਜੇ ਅਸੀਂ ਹਿੰਮਤ ਕਰਕੇ, ਰੁੜਦੇ -ਖੁੜਦੇ 2050 ਟੱਪ ਗਏ ਤਾਂ ਭਗਵਾਂ ਬ੍ਰਿਗੇਡ ਵੱਲੋਂ ਸਿੱਖੀ ਦੇ ਮੁਕੰਮਲ ਖ਼ਾਤਮੇ ਲਈ 2070 ਦੀ ਡੈਡ ਲਾਈਨ ਦਿੱਤੀ ਹੋਈ ਹੈ। ਇਹ ਤੱਥ, ਇਹ ਅੰਕੜੇ, ਹਵਾ 'ਚੋ ਨਹੀਂ ਲਏ ਗਏ। ਬੇਹੱਦ ਗੰਭੀਰਤਾ ਨਾਲ ਖੋਜ ਨਾਲ ਇਕੱਠੇ ਕੀਤੇ ਗਏ ਹਨ। ਇਸ ਲਈ ਕੌਮ ਨੂੰ ਆਪਣੀ, ਪੰਜਾਬ ਦੀ, ਪੰਜਾਬੀ ਦੀ, ਬਾਣੀ ਤੇ ਬਾਣੇ ਦੀ ਰਾਖ਼ੀ ਲਈ ਇੱਕਜੁੱਟ ਹੋਣਾ ਹੀ ਪੈਣਾ ਹੈ।

ਆਪੋ-ਆਪਣੀ ਡੱਫ਼ਲੀ ਵਜਾਕੇ, ਅਸੀਂ ਸਿੱਖ ਪੰਥ ਤੇ ਪੰਜਾਬ ਦੀ ਰਾਖ਼ੀ ਨਹੀਂ ਕਰ ਸਕਾਂਗੇ। ਮਿਸ਼ਲਾਂ ਸਮੇਂ ਦੇ ਇਤਿਹਾਸ ਤੋਂ ਸਬਕ ਲੈਂਦਿਆ, ਸਾਨੂੰ ਕੌਮੀ ਮੁਸੀਬਤ ਸਮੇਂ ਇਕੱਠੇ ਹੋਣ ਦੀ ਪੁਰਾਤਨ ਪਿਰਤ ਨੂੰ ਅਪਣਾਉਣਾ ਹੀ ਪਵੇਗਾ। ਦੁਸਮਣ ਬੇਹੱਦ ਚਲਾਕ ਮਕਾਰ ਸ਼ਕਤੀਸਾਲੀ ਤੇ ਸਿਆਣਾ ਹੈ। ਉਸਦਾ ਟਾਕਰਾ, ਖੱਖੜੀਆਂ ਕਰੇਲੇ ਹੋ ਕੇ ਨਹੀਂ ਹੋ ਸਕਦਾ। ਉਸ ਲਈ ਕੌਮ ਨੂੰ ਇੱਕਜੁੱਟ ਹੋਣਾ ਹੀ ਪੈਣਾ ਹੈ। ਨਹੀਂ ਤਾਂ ਆਪਣੇ ਆਪ ਨੂੰ ਸਿੱਖ ਹੋਣ ਦਾ ਭਰਮ ਪਾਲਣਾ ਛੱਡਣਾ ਪਵੇਗਾ। ਜੇ ਕੌਮੀ ਹਿੱਤਾਂ ਨਾਲੋ ਸਾਨੂੰ ਆਪਣੀ ਹਊਮੈਂ, ਈਰਖਾ, ਸੁਆਰਥ-ਪਦਾਰਥ ਦੀ ਲਾਲਸਾ ਪਿਆਰੀ ਹੈ, ਫ਼ਿਰ ਸਾਡੇ ਤੇ ਬਾਦਲਾਂ ਵਰਗੇ ਭੇਖੀ ਤੇ ਦੋਖੀ ਸਿੱਖਾਂ 'ਚ ਕੀ ਫ਼ਰਕ ਹੈ? ਇਸ ਲਈ ਅਸੀਂ ਸਮੁੱਚੀ ਕੌਮ ਨੂੰ ਇੱਕ ਵਾਰ ਫ਼ਿਰ ਹੋਕਾ ਦੇਵਾਂਗੇ ਕਿ ਇਸ ਬੰਦ ਨੂੰ ਸਫ਼ਲ ਬਣਾਕੇ ਕੌਮੀ ਏਕਤਾ ਦਾ ਮੁੱਢ ਬੰਨ੍ਹ ਕੇ ਸਿੱਖ ਦੁਸ਼ਮਣ ਤਾਕਤਾਂ ਦੇ ਮਨਸੂਬਿਆਂ ਨੂੰ ਤਾਰ-ਤਾਰ ਕਰ ਦੇਈਏ। ਇਸ ਲਈ ਕੌਮੀ ਸੰਘਰਸ਼ ਨੂੰ ਅੱਗੇ ਤੋਰਨ ਦੀ ਨਵੀਂ ਆਸ ਪੈਦਾ ਹੋ ਸਕਦੀ ਹੈ। ਉਸ ਆਸ ਨੂੰ ਕੌਮੀ ਸੰਘਰਸ਼ ਦੀ ਬੁਨਿਆਦ ਬਣਾ ਲਈਏ। ਸਾਡਾ ਫ਼ਰਜ ਹੋਕਾ ਦੇਣਾ ਹੈ, ਅਸੀਂ ਉਸਦੀ ਪੂਰਤੀ ਕਰਦੇ ਰਹਾਂਗੇ। ਸੁਣਨਾ ਜਾਂ ਨਾ ਸੁਣਨਾ ਇਹ ਕੌਮ ਦੀ ਮਰਜ਼ੀ।

Editorial
Jaspal Singh Heran

International