33 ਵਾਂ ਨਵੰਬਰ ਵੀ ਲੰਘਿਆ...

ਜਸਪਾਲ ਸਿੰਘ ਹੇਰਾਂ

ਅੱਜ ਉਹ ਮਹੀਨਾ ਵੀ ਲੰਘ ਗਿਆ, ਜਿਹੜਾ ਸਿੱਖੀ ਤੇ ਪੰਜਾਬੀ ਦੋਵਾਂ ਲਈ ਵੱਡੇ ਅਰਥ ਰੱਖਦਾ ਹੈ। ਇਸ ਮਹੀਨੇ ਹੋਈ ਸਿੱਖ ਨਸਲਕੁਸ਼ੀ ਦੇ  33 ਵੇਂ ਪੂਰੇ ਹੋ ਗਏ, ਪ੍ਰੰਤੂ ਇਨਸਾਫ਼ ਦੀ ਪੂਣੀ ਤੱਕ ਨਹੀਂ ਕੱਤੀ ਗਈ। ਸਿੱਖਾਂ ਨੇ ਇਸ ਮਹੀਨੇ ’ਚ ਇਨਸਾਫ਼ ਪ੍ਰਾਪਤੀ ਲਈ ਜਿਹੜੇ ਮਾੜੇ-ਮੋਟੇ ਯਤਨ ਕੀਤੇ, ਉਸ ਨਾਲ ਅੰਨੀਆਂ-ਬੋਲੀਆਂ ਸਰਕਾਰਾਂ ਨਾਂ ਤਾਂ ਜਾਗੀਆ ਹਨ ਅਤੇ ਨਾ ਹੀ ਜਾਗਣਗੀਆਂ। ਸਮੇਂ ਦਾ ਪਹੀਆਂ ਆਪਣੀ ਰਫ਼ਤਾਰ ਘੁੰਮਦਾ ਰਹਿੰਦਾ ਹੈ ਅਤੇ ਸਿੱਖ ਨਸਲਕੁਸ਼ੀ ਦੀ ਇਕ ਹੋਰ ਵਰੇ-ਗੰਢ ਇਤਿਹਾਸ ਦੇ ਪੰਨਿਆ ’ਚ ਅੰਕਿਤ ਹੋ ਗਈ। ਦੂਸਰਾ ਇਹ ਮਹੀਨਾ ‘‘ਪੰਜਾਬੀ ਸੂਬਾ’’ ਬਣਨ ਦਾ ਵੀ ਮਹੀਨਾ ਹੈ ਅਤੇ ਪੰਜਾਬ ਸਰਕਾਰ  ਕਦੇ ਇਸ ਮਹੀਨੇ ਨੂੰ ਅਤੇ ਕਦੇ ਇਸ ਮਹੀਨੇ ਦੇ ਪਹਿਲੇ ਹਫ਼ਤੇ ਨੂੰ ‘ਪੰਜਾਬੀ ਹਫ਼ਤੇ’ ਦੇ ਰੂਪ ’ਚ ਮਨਾਉਂਦੀ ਹੈ, ਪ੍ਰੰਤੂ ਜਿਸ ਤਰਾਂ ਇਸ ਮਹੀਨੇ ਵਾਪਰੇ ਸਿੱਖ ਨਸਲਕੁਸ਼ੀ ਦੇ ਇਨਸਾਫ਼ ਲਈ ਸਾਡੀ ਝੋਲੀ ਖ਼ਾਲੀ ਦੀ ਖ਼ਾਲੀ ਹੈ, ਉਸੇ ਤਰਾਂ ਪੰਜਾਬ ’ਚ ‘ਪੰਜਾਬੀ’ ਨੂੰ ਸੱਚੀ ਮੁੱਚੀ ਮਾਂ-ਬੋਲੀ ਦਾ ਦਰਜਾ ਮਿਲਣਾ ਅਸੰਭਵ ਜਾਪਦਾ ਹੈ। ਉਲਟਾ ਇਸ ਮਹੀਨੇ ਜਿਹੜਾ ਸਰਵੇਖਣ ਆਇਆ ਹੈ, ਉਹ ਪੰਜਾਬੀ ਪ੍ਰੇਮੀਆਂ ਦੇ ਕਲੇਜੇ ’ਚ ਛੇਕ ਕਰਨ ਵਾਲਾ ਹੀ ਹੈ, ਸਾਡੀ ਨੌਜਵਾਨ ਪੀੜੀ ’ਚ ਮੋਹ ਪੰਜਾਬੀ ਤੋਂ ਲਗਭਗ ਖ਼ਤਮ ਹੋ ਗਿਆ ਹੈ। ਨੌਜਵਾਨ ਵਰਗ ਦੇ ਸ਼ੌਕੀਆਂ ਪੜਨ ਦੇ ਕਰਵਾਏ ਸਰਵੇਖਣ ’ਚ ਪੰਜਾਬੀ ਦਾ ਸਥਾਨ 15ਵਾਂ ਹੈ। ਭਾਵੇਂ ਕਿ ਇਨਾਂ ਅੰਕੜਿਆਂ ’ਚ ਪੰਜਾਬੀਆਂ ਦੀ ਘੱਟ ਪੜਨ ਦੀ ਰੁੱਚੀ ਵੀ ਜੁੰਮੇਵਾਰ ਹੈ, ਪ੍ਰੰਤੂ ਮੁੱਖ ਰੂਪ ’ਚ ਨਵੀਂ ਪੀੜੀ ਦਾ ਪੰਜਾਬੀ ਤੋਂ ਮੁੱਖ ਮੋੜ ਲੈਣਾ ਵੀ ਹੈ ਅਤੇ ਨਵੀਂ ਅਮੀਰ ਹੋ ਰਹੀ ਸ਼ੇ੍ਰਣੀ ’ਚ ਪੰਜਾਬੀ ਨੂੰ ਅਨਪੜ ਮੂਰਖਾਂ ਦੀ ਬੋਲੀ ਮੰਨ ਲੈਣਾ ਵੀ ਹੈ।

ਸਾਡਾ ਆਪਣੀ ਮਾਂ-ਬੋਲੀ ਨਹੀਂ ਜਜ਼ਬਾ ਹੀ ਮਰ ਗਿਆ ਹੈ, ਜਿਹੜੀ ਕੌਮ ਆਪਣੇ ਧਰਮ ਤੋਂ ਹੀ ਦੂਰ ਚਲੀ ਜਾਵੇ, ਉਸਦਾ ਆਪਣੀ ਮਾਂ-ਬੋਲੀ ਨੂੰ ਤਿਲਾਂਜਲੀ ਦੇ ਦੇਣਾ ਵੱਡੀ ਗੱਲ ਨਹੀਂ ਹੈ ਅਸੀਂ ਦਿਨ, ਹਫ਼ਤੇ, ਮਹੀਨੇ, ਵਰੇ ਗੰਢਾਂ ਭਾਵੇਂ ਜਿੰਨੀਆਂ ਮਰਜ਼ੀ ਮਨਾਈ ਜਾਈਏ, ਪ੍ਰੰਤੂ ਜਦੋਂ ਤੱਕ ਅਮਲੀ ਰੂਪ ’ਚ ਅਸੀਂ ਆਪਣੇ ਔਗੁਣਾਂ, ਘਾਟਾਂ, ਕੰਮਜ਼ੋਰੀਆ ਦਾ ਮੁਲਾਂਕਣ ਕਰਕੇ, ਉਨਾਂ ਨੂੰ ਦੂਰ ਕਰਨ ਦਾ ਸੁਹਿਰਦ ਯਤਨ ਨਹੀਂ ਕਰਦੇ, ਉਦੋਂ ਤੱਕ ਸਮੱਸਿਆਵਾਂ ਹੱਲ  ਹੋਣ ਦੀ ਕੋਈ ਉਮੀਦ ਨਹੀਂ ਕੀਤੀ ਜਾ ਸਕਦੀ, ਨਿਸ਼ਾਨਾ ਮਿੱਥ ਕੇ ਉਸਦੀ ਪ੍ਰਾਪਤੀ ਲਈ ਸਹੀ ਮਾਰਗ ਤੇ ਤੁਰਣਾ ਸਭ ਤੋਂ ਜ਼ਰੂਰੀ ਹੈ, ਪ੍ਰੰਤੂ ਅਸੀਂ ਵਕਤ ਟਪਾੳੂ ਬਿਆਨਬਾਜ਼ੀ ਨਾਲ ਕੰਮ ਚਲਾਉਣ ਦੇ ਆਦੀ ਹੋ ਚੁੱਕੇ ਹਾਂ, ਜਿਸ ਕਾਰਣ ਹਰ ਸਮੱਸਿਆ ਦਿਨੋ-ਦਿਨ ਗੰਭੀਰ ਹੁੰਦੀ ਜਾ ਰਹੀ ਹੈ। ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੇ ਅਲੰਬਰਦਾਰ ਹੋਣ ਦਾ ਦਾਅਵਾ ਕਰਨ ਵਾਲਿਆਂ ਦੀ ਗਿਣਤੀ ਸ਼ਾਇਦ ਨਾ ਹੋ ਸਕੇ, ਪ੍ਰੰਤੂ ਸੱਚੇ ਪੰਜਾਬ ਹਿਤੈਸੀ ਅਤੇ ਪੰਜਾਬੀ ਪਿਆਰੇ, ਲੱਭਣੇ ਔਖੇ ਹੋ ਗਏ ਹਨ, ਜਿਸ ਕਾਰਣ ਪੰਜਾਬ ਦੀ ਧਰਤੀ ਤੇ ਪੰਜਾਬੀ ਮਾਂ-ਬੋਲੀ ਦੀ ਰਾਖੀ ਦਾ ਹੋਕਾ ਵਾਰ-ਵਾਰ ਦੇਣਾ ਪੈ ਰਿਹਾ ਹੈ। ਪੰਜਾਬੀ ਬੋਲੀ, ਪੰਜਾਬੀਆਂ ਦੀ ਮਾਂ-ਬੋਲੀ ਹੈ, ਇਸ ਲਈ ਜਦੋਂ ਤੱਕ ਪੰਜਾਬੀ ਜਿੳੂਂਦੇ ਹਨ, ਪੰਜਾਬੀ ਮਾਂ-ਬੋਲੀ ਵੀ ਜਿੳੂਂਦੀ ਰਹਿਣੀ ਚਾਹੀਦੀ ਹੈ, ਪ੍ਰੰਤੂ ਜਿਸ ਤਰਾਂ ਦੀ ਅ�ਿਤਘਣਾ ਪੰਜਾਬੀ ਮਾਂ ਬੋਲੀ ਦੇ ਸਪੂਤ, ਕਪੂਤ ਬਣਕੇ ਆਪਣੀ ਮਾਂ-ਬੋਲੀ ਪ੍ਰਤੀ ਵਿਖਾ ਰਹੇ ਹਨ, ਉਹ ਵੀ ਸ਼ਾਇਦ ਪੰਜਾਬੀ ਮਾਂ ਦੇ ਹਿੱਸੇ ਹੀ ਆਈ ਹੈ। ਪੰਜਾਬੀ ਸੂਬੇ ’ਚ ਜਿਹੜਾ ਦਰਜਾ ਪੰਜਾਬੀ ਬੋਲੀ ਨੂੰ ਪਹਿਲੇ ਦਿਨ ਹੀ ਮਿਲ ਜਾਣਾ ਚਾਹੀਦਾ ਸੀ, ਉਹ ਅੱਧੀ ਸਦੀ ਲੰਘ ਜਾਣ ਤੇ ਵੀ ਪ੍ਰਾਪਤ ਨਹੀਂ ਹੋਇਆ, ਉਲਟਾ ਗੁਰੂ ਸਾਹਿਬਾਨ ਵੱਲੋਂ ਵਰੋਸਾਈ, ਭਗਤਾਂ ਵੱਲੋਂ ਉਚਾਰੀ, ਬੁੱਲੇ ਸ਼ਾਹ, ਵਾਰਿਸ਼ ਸ਼ਾਹ, ਭਾਈ ਵੀਰ ਸਿੰਘ ਤੇ ਪ੍ਰੋ. ਪੂਰਨ ਸਿੰਘ ਵਰਗਿਆਂ ਦੀ ਸਿਰਤਾਜ ਬੋਲੀ ਨੂੰ ਅਸੀਂ ਉੱਜਡਾਂ, ਅਨਪੜਾਂ ਤੇ ਜਾਹਲ ਲੋਕਾਂ ਦੀ ਬੋਲੀ ਦਾ ਦਰਜਾ ਦੇ ਕੇ, ਆਪਣੀ ਮਾਂ ਨੂੰ ਬੂਹੇ ਤੋਂ ਬਾਹਰ ਧੱਕਾ ਦੇ ਛੱਡਿਆ ਹੈ ਅਤੇ ਸਾਡੇ ਡਰਾਇੰਗ ਰੂਮ ਦੇ ਸੋਫੇ ਤੇ ਅੰਗਰੇਜ਼ੀ ਤੇ ਹਿੰਦੀ ਆਪਣੀ ਧੋਣ ਅਕੜਾ ਕੇ ਬੈਠ ਗਈਆਂ ਹਨ।

ਜਿਨਾਂ ਅਕਾਲੀਆਂ ਨੇ ਆਪਣੀ ਸੱਤਾ ਲਾਲਸਾ ਦੀ ਪੂਰਤੀ ਲਈ ਪੰਜਾਬ ਨੂੰ ਲੰਗੜਾ ਬਣਾ ਕੇ ਪੰਜਾਬੀ ਬੋਲੀ ਤੇ ਅਧਾਰਿਤ ਪੰਜਾਬੀ ਸੂਬਾ, ਭਾਰੀ ਕੁਰਬਾਨੀਆਂ ਤੋਂ ਬਾਅਦ ਲਿਆ ਸੀ, ਉਹ ਅਕਾਲੀ ਵੀ ਪੰਜਾਬ ’ਚ ਦੋ ਦਹਾਕੇ ਰਾਜ ਭਾਗ ਤੇ ਕਾਬਜ਼ ਰਹਿ ਕੇ, ਪੰਜਾਬੀ ਬੋਲੀ ਨੂੰ ਮਾਂ-ਬੋਲੀ ਦਾ ਦਰਜਾ ਨਹੀਂ ਦੁਆ ਸਕੇ। ਕਾਨੂੰਨ ਜਾਂ ਐਕਟ ਪਾਸ ਕਰ ਦੇਣ ਨਾਲ ਫਰਜ਼ ਪੂਰਾ ਨਹੀਂ ਹੋ ਜਾਂਦਾ, ਲੋੜ ਉਸ ਕਾਨੂੰਨ ਨੂੰ ਦਿ੍ਰੜਤਾ ਨਾਲ ਲਾਗੂ ਕਰਵਾਉਣ ਦੀ ਹੁੰਦੀ ਹੈ। ਭਾਸ਼ਾ ਸੋਧ ਐਕਟ ਪਾਸ ਹੋਏ ਨੂੰ ਵੀ ਚਾਰ ਵਰੇ ਲੰਘ ਗਏ ਹਨ। ਪ੍ਰੰਤੂ ਅੱਜ ਵੀ ਪੰਜਾਬ ਸਰਕਾਰ ਦੇ ਦਫ਼ਤਰਾਂ ’ਚ ਅੰਗਰੇਜ਼ੀ ‘ਪਟਰਾਣੀ’ ਹੈ, ਵੱਡੇ ਅਫ਼ਸਰ ਪੰਜਾਬੀ ਲਿਖਣ ’ਚ ਆਪਣੀ ਤੌਹੀਨ ਸਮਝਦੇ ਹਨ, ਅੰਗਰੇਜ਼ਾਂ ਦੀ ਗੁਲਾਮੀ ਤੋਂ ਮਿਲੀ ਗੁਲਾਮ ਮਾਨਸਿਕਤਾ ਤੋਂ ਇਹ ਹਾਲੇਂ ਤੱਕ ਪਿੱਛਾ ਨਹੀਂ ਛੁਡਾ ਸਕੇ, ਇਹੋ ਕਾਰਣ ਹੈ ਕਿ ਅੱਜ ਦੀ ਸਾਡੀ ਪੀੜੀ ਪੰਜਾਬੀ ਤੋਂ ਦੂਰ ਜਾ ਰਹੀ ਹੈ, ਸਾਡੇ ਪੰਜਾਬੀ ਹਾਕਮਾਂ ਦੀ ਗੱਦਾਰੀ ਕਾਰਣ ਪੰਜਾਬੀ ਬੋਲੀ ਨੂੰ ਅੱਜ ਤੱਕ ਸੂਬੇ ਦੀ ਸਰਕਾਰੀ ਭਾਸ਼ਾ ਹੋਣ ਦਾ ਸਹੀ ਦਰਜਾ ਪ੍ਰਾਪਤ ਨਹੀਂ ਹੋ ਸਕਿਆ। ਇਸ ਲਈ ਜਿੱਥੇ ਸਰਕਾਰ ਦੀ ਬੇਈਮਾਨੀ ਤੇ ਸੌੜੇ ਸੁਆਰਥੀ ਹਿੱਤ ਜ਼ੁੰਮੇਵਾਰ ਹਨ, ਉਥੇ ਪੰਜਾਬੀਆਂ ’ਚ ਪੈਦਾ ਹੋਈ ਅ�ਿਤਘਣਤਾ ਵੀ ਸ਼ਾਮਲ ਹੈ। ਪੰਜਾਬੀ ਸੂਬੇ ਦੀ ਮੁਦਈ ਸਰਕਾਰ ਨੇ ਕਦੇ ਵੀ ਦਿ੍ਰੜਤਾ ਨਾਲ ਪੰਜਾਬੀ ਲਾਗੂ ਕਰਨ ਲਈ ਠੋਸ ਕਦਮ ਨਹੀਂ ਚੁੱਕੇ, ਇੱਥੋਂ ਤੱਕ ਇਸੇ ਅਕਾਲੀ ਦਲ ਦੇ ਵਿਧਾਇਕਾਂ, ਮੰਤਰੀਆਂ ਦੇ ਆਪਣੇ ਚਿੱਠੀ-ਪੱਤਰ ਲਿਖਣ ਵਾਲੇ ‘ਲੈਟਰ ਪੈਡ’ ਵੀ ਅੰਗਰੇਜ਼ੀ ’ਚ ਹੀ ਛਪੇ ਹੁੰਦੇ ਹਨ, ਹਰ ਵਿਆਹ-ਸ਼ਾਦੀ ਜਾਂ ਹੋਰ ਸਮਾਗਮ ਦਾ ਕਾਰਡ ਵੀ ਅੰਗਰੇਜ਼ੀ ’ਚ ਹੀ ਛਪਵਾਇਆ ਜਾਂਦਾ ਹੈ।

ਦਸਵੀਂ ਪਾਸ ਵਿਧਾਇਕ ਵੀ ਅੰਗਰੇਜ਼ੀ ’ਚ ਹੀ ਦਸਤਖ਼ਤ ਕਰਕੇ, ਆਪਣੇ ਬੁੱਧੀਮਾਨ ਹੋਣ ਦਾ ਭਰਮ ਪਾਲਦੇ ਹਨ। ਅਫ਼ਸਰਸ਼ਾਹੀ ਤਾਂ ਆਪਣੇ ਦਫ਼ਤਰਾਂ ਤੇ ਘਰਾਂ ’ਚ ਵੈਸੇ ਹੀ ਪੰਜਾਬੀ ਨੂੰ ਵੜਨ ਨਹੀਂ ਦਿੰਦੀ ਅਤੇ ਨਾ ਹੀ ਉਨਾਂ ਨੂੰ ਪੰਜਾਬੀ ਨੂੰ ਦਫ਼ਤਰੋਂ ਨਿਕਾਲਾ ਦੇਣ ਦਾ ਡਰ ਲੱਗਦਾ ਹੈ, ਕਿਉਂਕਿ ਪੰਜਾਬੀ ਦੇ ‘ਰਾਖੇ’ ਖ਼ੁਦ ਹੀ ਉਸਦਾ ਕਤਲ ਕਰਨ ਲੱਗੇ ਹੋਏ ਹਨ। ਅਸੀਂ ਪਿਛਲੇ 5੦ ਸਾਲਾਂ ਤੋਂ ਲਗਾਤਾਰ ਪੰਜਾਬ ਦਿਵਸ, ਪੰਜਾਬੀ ਹਫਤਾ ਤੇ ਪੰਜਾਬੀ ਮਹੀਨਾ ਮਨਾਉਂਦੇ ਆ ਰਹੇ ਹਾਂ, ਪ੍ਰੰਤੂ ਇਹ ਰਸਮੀ ਕਾਰਵਾਈ ਤੋਂ ਅੱਗੇ ਕੋਈ ਨਤੀਜਾ ਨਹੀਂ ਦਿੰਦਾ ਅਤੇ ਪੰਜਾਬੀ ਬੋਲੀ ਨੂੰ ਲੱਗਿਆ ਖੋਰਾ ਦਿਨੋ-ਦਿਨ ਵੱਧ ਰਿਹਾ ਹੈ। ਅਸੀਂ ਪੰਜਾਬੀ ਬੋਲੀ ਤੇ ਭਾਸ਼ਾ ਨੂੰ 21ਵੀਂ ਸਦੀ ਦੇ ਹਾਣੀ ਬਣਾਉਣ ਲਈ ‘ਡੱਕਾ ਤੋੜ ਕੇ ਦੂਹਰਾ ਨਹੀਂ ਕੀਤਾ। ਤਕਨੀਕੀ ਕ੍ਰਾਂਤੀ ਦੀ ਸਦੀ ’ਚ ਪੰਜਾਬੀ, ਤਕਨੀਕੀ ਵਿੱਦਿਆ ਤੇ ਕਿੱਤਾ ਮੁੱਖੀ ਵਿੱਦਿਆ ਦੇਣ ਦੇ ਸਮਰੱਥ ਨਹੀਂ ਬਣਾਈ ਜਾ ਸਕੀ, ਜਿਸ ਕਾਰਣ ਪੰਜਾਬੀ ਨੂੰ ਬੇਦਾਵਾ ਦੇਣ ਵਾਲਿਆਂ ਨੂੰ ਇਹ ਬਹਾਨਾ ਬਣਾਉਣਾ, ਸੌਖਾ ਹੈ ਕਿ ਅੱਜ ਮੁਕਾਬਲੇਬਾਜ਼ੀ ਦੇ ਯੁੱਗ ’ਚ ‘ਪੰਜਾਬੀ’ ‘ਫਿਸ਼ੜੀ’ ਰਹਿ ਗਈ ਹੈ। ਅਸੀਂ ਚਾਹੁੰਦੇ ਹਾਂ ਕਿ ਪੰਜਾਬੀ ਸੂਬੇ ਤੇ ਰਾਜ ਕਰਨ ਵਾਲੀਆਂ ਸਰਕਾਰਾਂ, ਪੰਜਾਬੀ ਨੂੰ ਉਸਦਾ ਬਣਦਾ ‘ਸਥਾਨ’ ਦੇਣ ਲਈ ਲੋੜੀਂਦੇ ਕਦਮ ਚੁੱਕਣ ਅਤੇ ਪੰਜਾਬੀ ਬੋਲੀ ਤੇ ਗੁਰਮੁੱਖੀ ਲਿੱਪੀ ਨੂੰ ਸਮਰੱਥਾਵਾਨ ਬਣਾਇਆ ਜਾਵੇ। ਭਾਵੇਂ ਕਿ ਅਸੀਂ ਦੂਜੀਆਂ ਭਾਸ਼ਾਵਾਂ ਸਿੱਖਣ ਦੇ ਵਿਰੋਧੀ ਨਹੀਂ, ਪ੍ਰੰਤੂ ਆਪਣੀ ਮਾਂ ਨੂੰ ਭੁੱਲਣ ਜਾਂ ਮਤਰੇਈਆਂ ਮਾਵਾਂ ਅੱਗੇ ਨੀਵਾਂ ਵਿਖਾਉਣਾ, ਕਿਸੇ ਸਪੁੱਤਰ ਦੇ ਨਹੀਂ ਸਗੋਂ ਕਪੁੱਤਰ ਦੇ ਹਿੱਸੇ ਆਉਂਦਾ ਹੈ।

ਇਸ ਲਈ ਹਰ ਪੰਜਾਬੀ ਨੂੰ ਆਪਣੇ ਮਨ ’ਚ ਪੁੱਤ ਜਾਂ ਕਪੁੱਤ ਹੋਣ ਬਾਰੇ ਝਾਤੀ ਜ਼ਰੂਰ ਮਾਰ ਲੈਣੀ ਚਾਹੀਦੀ ਹੈ, ਨਹੀਂ ਤਾਂ ਜਿਵੇਂ-ਜਿਵੇਂ ਪੰਜਾਬੀ ਮਹੀਨੇ ਮਨਾਉਣ ਰਸਮੀ ਦੀ ਗਿਣਤੀ ਵੱਧਦੀ ਜਾਵੇਗੀ, ਉਲਟਾ ਪੰਜਾਬੀ ‘ਪਟਰਾਣੀ’ ਦੀ ਥਾਂ ਨੌਕਰਾਣੀ ਦੇ ਦਰਜੇ ਤੱਕ ਪਹੁੰਚ ਜਾਵੇਗੀ। ਹੁਣ ਜਦੋਂ ਇਕ ਪਾਸੇ ਪੰਜਾਬੀ ਆਪਣੇ ਸੂਬੇ ’ਚ ਬਿਗਾਨੀ ਬਣਦੀ ਜਾ ਰਹੀ ਹੈ ਉਸ ਸਮੇਂ ਨਵੀਂ ਪੀੜੀ ਨੂੰ ਆਪਣੀ ਮਾਂ-ਬੋਲੀ ਨਾਲ ਜੋੜਨ ਲਈ ਸਾਨੂੰ ਗੰਭੀਰ ਉਪਰਾਲੇ ਕਰਨੇ ਪੈਣਗੇ  ਅਤੇ ਖ਼ਾਸ ਕਰਕੇ ਪੰਜਾਬੀ ਨੂੰ ਮੂਰਖਾਂ ਤੇ ਗਵਾਰਾਂ ਦੀ ਬੋਲੀ ਸਮਝਣ ਨੂੰ ਜਿਹੜੀ ਭਾਵਨਾ ਸਾਡੀ ਨਵੀਂ ਪੀੜੀ ਅਤੇ ਅਮੀਰ ਸ਼ੇ੍ਰਣੀ ਵਿੱਚ ਆ ਚੁੱਕੀ ਹੈ ਉਸ ਨੂੰ ਦੂਰ ਕਰਨ ਲਈ ਅਤੇ ਅਜਿਹੇ ਲੋਕਾਂ ਨੂੰ ਉਨਾਂ ਦੇ ਅ�ਿਤਘਣ ਹੋਣ ਦਾ ਅਹਿਸਾਸ ਕਰਵਾਉਣ ਲਈ ਪੰਜਾਬੀ ਪ੍ਰੇਮੀਆਂ ਨੂੰ ਗੰਭੀਰ ਉਪਰਾਲੇ ਜ਼ਰੂਰ ਕਰਨੇ ਪੈਣਗੇ। ਸਮਾਂ ਹੁਣ ਰਸਮੀ ਕਾਰਵਾਈਆਂ ਤੋਂ ਅੱਗੇ ਤੁਰਨ ਦਾ ਆ ਚੁੱਕਾ ਹੈ।

Editorial
Jaspal Singh Heran

International