6 ਜੂਨ ਨੂੰ ਅਕਾਲ ਤਖਤ ਤੇ ਮਨਾਇਆ ਜਾਵੇਗਾ ਘੱਲੂਘਾਰਾ ਦਿਵਸ

ਸੁਖਬੀਰ ਬਾਦਲ ਦਾ ਜੇਲ ਜਾਣ ਦਾ ਚਾਅ ਵੀ ਜੱਲਦ ਹੋ ਜਾਵੇਗਾ ਪੂਰਾ

ਫਰੀਦਕੋਟ 1 ਜੂਨ ( ਜਗਦੀਸ ਬਾਂਬਾ ) ਫਰੀਦਕੋਟ ਦੇ ਨੇੜਲੇ ਪਿੰੰਡ ਬਰਗਾੜੀ ਦੇ ਗੁਰਦਵਾਰਾ ਪਾਤਸ਼ਾਹੀ ਦਸਵੀਂ ਵਿਖੇ ਬੇਅਦਬੀ ਕਾਂਡ ਨੂੰ ਲੈ ਕੇ ਅੱਜ ਪਸ਼ਚਾਤਾਪ ਦਿਵਸ ਮੌਕੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਮੁਤਵਾਜ਼ੀ ਜਥੇਦਾਰ ਭਾਈ ਧਿਆਨ ਸਿੰਘ ਮੰਡ ਨੇ ਤਲਖੀ ਵਾਲੇ ਲਹਿਜੇ 'ਚ ਆਖਿਆ ਕਿ ਲਗਾਤਾਰ ਸਾਢੇ 6 ਮਹੀਨੇ ਦੇ ਇਨਸਾਫ ਮੋਰਚੇ ਮੌਕੇ ਬਹੁਤ ਸਾਰੇ ਕੌੜੇ ਤਜਰਬੇ ਹੋਏ, ਹਰ ਚੰਗੇ ਮਾੜੇ ਦੀ ਨੇੜਿਉਂ ਪਛਾਣ ਕਰਨ ਦਾ ਮੌਕਾ ਮਿਲਿਆ, ਇਕ-ਇਕ ਦੇ ਬਖੀਏ ਉਧੇੜ ਸਕਦਾਂ ਪਰ ਮੇਰੀ ਸੋਚ ਹੈ, ਸਾਰਿਆਂ ਨੂੰ ਨਾਲ ਲੈ ਕੇ ਚੱਲਣ ਦੀ। ਭਾਈ ਮੰਡ ਨੇ ਆਖਿਆ ਕਿ 6 ਜੂਨ ਨੂੰ ਘੱਲੂਘਾਰਾ ਦਿਵਸ ਅਕਾਲ ਤਖਤ ਸਾਹਿਬ 'ਤੇ ਹੀ ਮਨਾਇਆ ਜਾਵੇਗਾ,ਇਸ ਲਈ ਸਾਰੀਆਂ ਸੰਗਤਾਂ ਉਸ ਦਿਨ ਅੰਮ੍ਰਿਤਸਰ ਵਿਖੇ ਹੁੰਮ ਹੁੰਮਾ ਕੇ ਪੁੱਜਣ।

ਉਨਾ ਆਖਿਆ ਕਿ ਭਾਵੇਂ ਘੱਲੂਘਾਰਾ ਦਿਵਸ ਤਾਂ ਸਾਰਾ ਜੂਨ ਮਹੀਨਾ ਦੇਸ਼ ਭਰ ਦੇ ਪਿੰਡ-ਪਿੰਡ, ਸ਼ਹਿਰ-ਸ਼ਹਿਰ ਅਤੇ ਘਰ-ਘਰ 'ਚ ਮਨਾਉਣਾ ਚਾਹੀਦਾ ਹੈ ਪਰ 6 ਜੂਨ ਮੌਕੇ ਸਾਨੂੰ ਆਪਸੀ ਏਕੇ ਦਾ ਸਬੂਤ ਦੇਣਾ ਪਵੇਗਾ। ਇਕ ਅਹਿਮ ਪ੍ਰਗਟਾਵਾ ਕਰਦਿਆਂ ਭਾਈ ਧਿਆਨ ਸਿੰਘ ਮੰਡ ਨੇ ਦੱਸਿਆ ਕਿ ਉਨਾ ਸੁਖਪਾਲ ਸਿੰਘ ਖਹਿਰਾ, ਸਿਮਰਜੀਤ ਸਿੰਘ ਬੈਂਸ, ਭਗਵੰਤ ਮਾਨ, ਰਣਜੀਤ ਸਿੰਘ ਬ੍ਰਹਮਪੁਰਾ, ਪਰਮਜੀਤ ਕੌਰ ਖਾਲੜਾ ਅਤੇ ਬਹੁਜਨ ਸਮਾਜ ਪਾਰਟੀ ਦੇ ਸੂਬਾਈ ਪ੍ਰਧਾਨ ਸਮੇਤ ਹੋਰ ਵੱਖ-ਵੱਖ ਸਿਆਸੀ ਪਾਰਟੀਆਂ ਦੇ ਉੱਚ ਆਗੂਆਂ ਨਾਲ 2-2 ਘੰਟਾਂ ਦੀਆਂ ਮੀਟਿੰਗਾਂ ਕਰਕੇ ਯਾਦ ਕਰਵਾਇਆ ਕਿ ਤੁਸੀ ਬਰਗਾੜੀ ਮੋਰਚੇ ਮੌਕੇ ਤਾਂ ਮੈਨੂੰ ਕੌਮ ਦਾ ਜਥੇਦਾਰ ਮੰਨ ਚੁੱਕੇ ਹੋ ਪਰ ਹੁਣ ਮੇਰੀ ਗੱਲ ਮੰਨਣ ਨੂੰ ਤਿਆਰ ਕਿਉਂ ਨਹੀ ਤਾਂ ਸਾਰਿਆਂ ਦਾ ਤਕਰੀਬਨ ਇਕੋ ਜਵਾਬ ਸੀ ਕਿ ਅਸੀਂ ਸਿਮਰਨਜੀਤ ਸਿੰਘ ਮਾਨ ਨਾਲ ਨਹੀਂ ਚੱਲ ਸਕਦੇ। ਭਾਈ ਮੰਡ ਨੇ ਸਵਾਲ ਕੀਤਾ ਕਿ ਆਖਰ ਸਿਮਰਨਜੀਤ ਸਿੰਘ ਮਾਨ ਵਿੱਚ ਨੁਕਸ ਕੀ ਹੈ ?

ਉਨਾ ਪੁੱਛਿਆ ਕਿ ਉਪਰੋਕਤ ਦਰਸਾਏ ਆਗੂ ਦੱਸਣ ਕਿ ਸਿਮਰਨਜੀਤ ਸਿੰਘ ਮਾਨ ਦੇ ਮੁਕਾਬਲੇ 'ਚ ਕਿਸ ਆਗੂ ਦੀ ਬਰਾਬਰ ਕੁਰਬਾਨੀ ਹੈ ? ਉਨਾ ਆਖਿਆ ਕਿ ਅਜੇ ਵੀ ਡੁੱਲੇ ਬੇਰਾਂ ਦਾ ਕੁਝ ਨਹੀ ਵਿਗੜਿਆ, ਕੌਮੀ ਮੰਗਾਂ ਮਨਵਾਉਣ ਲਈ ਸਾਨੂੰ ਏਕੇ ਦੀ ਸਖਤ ਜਰੂਰਤ ਹੈ। ਸਿਮਰਨਜੀਤ ਸਿੰਘ ਮਾਨ ਨੇ ਤਰਨਤਾਰਨ ਦੀ ਇਤਿਹਾਸਿਕ ਡਿਊੜੀ ਨੂੰ ਢਾਹੁਣ ਬਦਲੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੋਂਗੋਵਾਲ ਸਮੇਤ ਹੋਰ ਜਿੰਮੇਵਾਰ ਲੋਕਾਂ ਉੱਪਰ ਫੌਜਦਾਰੀ ਕੇਸ ਦਰਜ ਕਰਨ ਦੀ ਮੰਗ ਕਰਦਿਆਂ ਆਖਿਆ ਕਿ ਮੋਦੀ ਦੀ ਸਰਕਾਰ ਵਲੋਂ ਆਰਐਸਐਸ ਦਾ ਏਜੰਡਾ ਲਾਗੂ ਕਰਕੇ ਘੱਟ ਗਿਣਤੀਆਂ ਨੂੰ ਨਿਸ਼ਾਨਾ ਬਣਾਉਣ ਦੀਆਂ ਸਾਜਿਸ਼ਾਂ ਰਚੀਆਂ ਜਾ ਰਹੀਆਂ ਹਨ। ਉਨਾ ਆਖਿਆ ਕਿ ਬਰਗਾੜੀ ਮੋਰਚਾ ਅਸਫਲ ਕਰਨ 'ਚ ਉਨਾਂ ਗਦਾਰਾਂ ਦਾ ਹੱਥ ਹੈ, ਜਿੰਨਾ ਦੀ ਅਸਲੀਅਤ ਬਹੁਤ ਜਲਦ ਸੰਗਤਾਂ ਦੇ ਸਾਹਮਣੇ ਆ ਜਾਵੇਗੀ।

ਉਨਾ 21 ਜੂਨ ਨੂੰ ਸਿੱਖਾਂ ਨੂੰ ਯੋਗਾ ਦਿਵਸ ਨਾ ਮਨਾਉਣ ਦੀ ਅਪੀਲ ਕਰਦਿਆਂ ਆਖਿਆ ਕਿ ਉਹ ਭਾਜਪਾ ਸਰਕਾਰ ਵਲੋਂ ਆਰਐਸਐਸ ਦੇ ਏਜੰਡੇ ਨੂੰ ਲਾਗੂ ਕਰਨ ਵਾਲੀਆਂ ਨੀਤੀਆਂ ਦਾ ਬਾਈਕਾਟ ਕਰਨ। ਸੁਖਬੀਰ ਸਿੰਘ ਬਾਦਲ ਦੇ ਜੇਲ੍ਹ 'ਚ ਬੰਦ ਕਰਨ ਦੀ ਦਿੱਤੀ ਧਮਕੀ ਵਾਲੇ ਬਿਆਨ ਦੇ ਪ੍ਰਤੀਕਰਮ ਵਜੋਂ ਸ੍ਰ. ਮਾਨ ਨੇ ਆਖਿਆ ਕਿ ਉਨਾਂ ਦਾ ਇਹ ਚਾਅ ਵੀ ਜਲਦ ਪੂਰਾ ਹੋ ਜਾਵੇਗਾ। ਉਨਾ ਬੀਬੀ ਜੰਗੀਰ ਕੌਰ ਨੂੰ ਸਿਰੋਪਾਓ ਦੇਣ ਵਾਲੀਆਂ ਜਥੇਬੰਦੀਆਂ ਦੇ ਆਗੂਆਂ ਦਾ ਨਾਮ ਲੈ ਕੇ ਉਨਾ ਦੀ ਇਸ ਹਰਕਤ ਦੀ ਨੁਕਤਾਚੀਨੀ ਕੀਤੀ। ਇਸ ਮੌਕੇ ਗੁਰਦੀਪ ਸਿੰਘ ਬਠਿੰਡਾ, ਜਸਕਰਨ ਸਿੰਘ ਕਾਹਨ ਸਿੰਘ ਵਾਲਾ, ਸੁਰਜੀਤ ਸਿੰਘ ਅਰਾਈਆਂ, ਇਕਬਾਲ ਸਿੰਘ ਬਰੀਵਾਲਾ, ਪਰਮਜੀਤ ਸਿੰਘ ਸਹੋਲੀ ਸਮੇਤ ਹੋਰ ਵੀ ਵੱਖ-ਵੱਖ ਜਥੇਬੰਦੀਆਂ ਦੇ ਆਗੂ ਹਾਜਰ ਸਨ।

Unusual
Sikhs
Akal Takht Sahib

International