ਦਲ ਖ਼ਾਲਸਾ ਵਲੋਂ 6 ਜੂਨ ਨੂੰ ਖ਼ਾਲਿਸਤਾਨ ਸੰਘਰਸ਼ ਦਿਵਸ ਮਨਾਉਣ ਵਜੋਂ ਕੱਢਿਆ ਗਿਆ ਘੱਲੂਘਾਰਾ ਯਾਦਗਾਰੀ ਮਾਰਚ

ਭਾਰਤ ਸਰਕਾਰ ਨੂੰ 1984 ਦੇ ਹਮਲੇ ਲਈ ਸਿੱਖ ਕੌਮ ਤੋਂ ਮੁਆਫ਼ੀ ਮੰਗਣੀ ਚਾਹੀਦੀ ਹੈ : ਦਲ ਖ਼ਾਲਸਾ

ਅੰਮ੍ਰਿਤਸਰ 5 ਜੂਨ (ਨਰਿੰਦਰਪਾਲ ਸਿੰਘ): ਦਲ ਖ਼ਾਲਸਾ ਨੇ ਦੁਨੀਆਂ ਅੰਦਰ ਫੈਲੇ ਸਿੱਖ ਭਾਈਚਾਰੇ ਨੂੰ ਅਪੀਲ ਕੀਤੀ ਕਿ ਉਹ ੬ ਜੂਨ ਨੂੰ 'ਖਾਲਿਸਤਾਨ ਸੰਘਰਸ਼ ਦਿਵਸ' ਵਜੋਂ ਮਨਾਉਣ। ਸਿੱਖਾਂ ਦੀ ਆਜ਼ਾਦੀ ਪਸੰਦ ਜਥੇਬੰਦੀ ਦਲ ਖਾਲਸਾ ਨੇ ਘੱਲੂਘਾਰਾ ਜੂਨ 1984 ਦੀ 35ਵੀਂ ਵਰੇਗੰਡ ਮੌਕੇ ਆਪਣੀ ਵਚਨਬੱਧਤਾ ਦੁਹਰਾਈ ਕਿ ਉਹ ਕੌਮ ਦੀਆਂ ਆਜ਼ਾਦੀ ਪ੍ਰਤੀ ਇੱਛਾਵਾਂ ਦੀ ਪੂਰਤੀ ਲਈ ਆਪਣਾ ਜਮਹੂਰੀ ਸੰਘਰਸ਼ ਜਾਰੀ ਰੱਖਣਗੇ। ਜਥੇਬੰਦੀ ਨੇ ੬ ਜੂਨ ਨੂੰ ਖਾਲਿਸਤਾਨ ਸੰਘਰਸ਼ ਦਿਵਸ ਵਜੋਂ ਮਨਾਉਣ ਦੇ ਦਿੱਤੇ ਸੱਦੇ ਦੀ ਪ੍ਰੋੜਤਾ ਲਈ ੨੭ ਮਾਰਚ ੧੯੮੩ ਨੂੰ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਵੱਲੋਂ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਦਿੱਤੇ ਗਏ ਭਾਸ਼ਣ ਕਿ “ਜਿੱਦੇ ਇਸ ਅਸਥਾਨ 'ਤੇ ਪੁਲੀਸ ਵਲੋਂ ਹੁਣ ਹਮਲਾ ਹੋਇਆ, ਇਹ ਦੁਨੀਆਂ 'ਚ ਮਿਸਾਲ ਬਣੇਗੀ ਕਿ ਖਾਲਿਸਤਾਨ ਬਣਿਆ।

ਉਸ ਦਿਨ ਜਰੂਰ ਖ਼ਾਲਿਸਤਾਨ ਬਣੇਗਾ“ ਦਾ ਹਵਾਲਾ ਦਿੱਤਾ। ਦਰਬਾਰ ਸਾਹਿਬ ਦੀ ਪਵਿੱਤਰਤਾ ਲਈ ਭਾਰਤੀ ਫ਼ੌਜਾਂ ਨਾਲ ਜੂਝਦਿਆਂ ਸ਼ਹੀਦ ਹੋਏ ਸਿੰਘ ਸਿੰਘਣੀਆਂ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਅਤੇ ਉਨ੍ਹਾਂ ਸ਼ਹੀਦਾਂ ਦੇ ਸੰਘਰਸ਼ ਨੂੰ ਰਾਜਨੀਤਿਕ ਢੰਗ ਨਾਲ ਅੱਗੇ ਲੈ ਕੇ ਜਾਣ ਦੀ ਵਚਨਬੱਧਤਾ ਕਰਦਿਆਂ ਦਲ ਖ਼ਾਲਸਾ ਨੇ ਘੱਲੂਘਾਰੇ ਦੀ ੩੫ਵੀਂ ਵਰ੍ਹੇਗੰਢ ਮੌਕੇ ਅੰਮ੍ਰਿਤਸਰ ਸਾਹਿਬ ਦੀਆਂ ਸੜਕਾਂ ਉੱਤੇ 'ਘੱਲੂਘਾਰਾ ਯਾਦਗਾਰੀ ਮਾਰਚ' ਕੀਤਾ। ਮਾਰਚ ਦੌਰਾਨ ਨੌਜਵਾਨ ਆਗੂ ਪਰਮਜੀਤ ਸਿੰਘ ਮੰਡ ਦੀ ਅਗਵਾਈ ਹੇਠ ਨੌਜਵਾਨਾਂ ਨੇ ਢੱਠੇ ਅਕਾਲ ਤਖਤ ਸਾਹਿਬ ਅਤੇ ਸ਼ਹੀਦ ਸਿੰਘਾਂ ਦੀਆਂ ਤਸਵੀਰਾਂ ਹੱਥਾਂ ਵਿੱਚ ਫੜੀਆਂ ਹੋਣਾਂ ਸਨ। ਗੁਰਦੁਆਰਾ ਪਾਤਸ਼ਾਹੀ ਛੇਵੀਂ ਰਣਜੀਤ ਐਵਨਿਊ ਤੋਂ ਆਰੰਭ ਹੋ ਕੇ ਮਾਰਚ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸਮਾਪਤ ਹੋਇਆ ਜਿੱਥੇ ਸ਼ਹੀਦਾਂ ਦੇ ਸਨਮੁੱਖ ਅਰਦਾਸ ਕੀਤੀ ਗਈ।

ਮਾਰਚ ਦੌਰਾਨ ਸੜਕ ਉੱਪਰੋਂ ਲੰਘਣ ਵਾਲਿਆਂ ਦਾ ਧਿਆਨ ਖਿੱਚਣ ਲਈ ਵੱਡਾ ਫਲੋਟ ਸਜਾਇਆ ਗਿਆ ਸੀ ਜਿਸ ਉੱਤੇ ਸਿੱਖ ਸ਼ਹੀਦਾਂ ਦੀਆਂ ਤਸਵੀਰਾਂ ਅਤੇ ਖ਼ਾਲਿਸਤਾਨੀ ਵਿਚਾਰਧਾਰਾ ਨੂੰ ਦਰਸਾਉਂਦੇ ਨਾਅਰੇ ਲਿਖੇ ਗਏ ਸਨ। ਮਾਰਚ ਨੂੰ ਸੰਬੋਧਨ ਕਰਦਿਆਂ ਪਾਰਟੀ ਪ੍ਰਧਾਨ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਭਾਰਤੀ ਫ਼ੌਜ ਵੱਲੋਂ ਕੀਤੇ ਹਮਲੇ ਤੋਂ ਬਾਅਦ ਸਿੱਖ ਮਨਾਂ ਅੰਦਰ ਪ੍ਰਭੂਸੱਤਾ ਪ੍ਰਤੀ ਮਜ਼ਬੂਤ ਹੋਈਆਂ ਭਾਵਨਾਵਾਂ ਸਮੇਂ ਦੇ ਬੀਤਣ ਅਤੇ ਸਿਆਸੀ ਦ੍ਰਿਸ਼ ਵਿੱਚ ਆਈ ਤਬਦੀਲੀ ਦੇ ਨਾਲ ਦਫਨਾਈਆਂ ਅਤੇ ਭੁਲਾਈਆਂ ਨਹੀਂ ਗਈਆਂ।

ਪ੍ਰਬੰਧਕਾਂ ਨੇ ਗੱਲਬਾਤ ਕਰਦਿਆਂ ਕਿਹਾ ਕਿ ੧੯੮੪ 'ਚ ਭਾਰਤੀ ਫੌਜ ਵੱਲੋਂ ਟੈਂਕਾਂ, ਤੋਪਾਂ ਤੇ ਬੰਦੂਕਾਂ ਨਾਲ ਸ੍ਰੀ ਦਰਬਾਰ ਸਾਹਿਬ ਉੱਤੇ ਕੀਤੇ ਹਮਲੇ ਨੇ ਸਿੱਖ ਮਾਨਸਿਕਤਾ ਉੱਤੇ ਗਹਿਰਾ ਅਸਰ ਪਾਇਆ ਅਤੇ ਸਿੱਖਾਂ ਨੇ ਆਪਣੀਆਂ ਪਰੰਪਰਾਵਾਂ ਅਨੁਸਾਰ ਦੋਸ਼ੀਆਂ ਨੂੰ ਸਜ਼ਾਵਾਂ ਵੀ ਦਿੱਤੀਆਂ।ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਮੁੱਢਲਾ ਮਕਸਦ ਉਸ ਰਾਜਨੀਤਕ ਉਦੇਸ਼ ਦੀ ਪੂਰਤੀ ਕਰਨਾ ਹੈ ਜਿਸ ਲਈ ਸੰਘਰਸ਼ ਸ਼ੁਰੂ ਕੀਤਾ ਗਿਆ ਸੀ।

ਸ੍ਰੀ ਦਰਬਾਰ ਸਾਹਿਬ 'ਤੇ ਭਾਰਤੀ ਫੌਜ ਵੱਲੋਂ ਕੀਤੇ ਗਏ ਇਸ ਘਿਨਾਉਣੇ ਹਮਲੇ ਬਾਰੇ ਗੱਲਬਾਤ ਕਰਦਿਆਂ ਪਾਰਟੀ ਬੁਲਾਰੇ ਕੰਵਰਪਾਲ ਸਿੰਘ ਨੇ ਕਿਹਾ ਕਿ ਭਾਜਪਾ ਨੇ ਇਸ ਦੀ ਮੰਗ ਕੀਤੀ, ਮੌਕੇ ਦੀ ਕਾਂਗਰਸ ਸਰਕਾਰ ਨੇ ਹਮਲਾ ਕੀਤਾ ਅਤੇ ਹਿੰਦੁਸਤਾਨ ਨੇ ਇਸ ਹਮਲੇ ਉੱਤੇ ਖੁਸ਼ੀ ਜ਼ਾਹਿਰ ਕੀਤੀ ਸੀ।

ਉਨ੍ਹਾਂ ਦੱਸਿਆ ਕਿ ਪਾਰਟੀ ਵੱਲੋਂ ੬ ਜੂਨ ਨੂੰ ਅੰਮ੍ਰਿਤਸਰ ਬੰਦ ਦਾ ਸੱਦਾ ਵੀ ਦਿੱਤਾ ਗਿਆ ਹੈ।

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਤੇ ਭਾਜਪਾ ਦੇ ਆਗੂ ਮਨਜਿੰਦਰ ਸਿੰਘ ਸਿਰਸਾ ਵੱਲੋਂ ਕੀਤੀ ਗਈ ਅਪੀਲ ਕਿ ਭਾਰਤ ਸਰਕਾਰ ਨੂੰ ੧੯੮੪ ਦੇ ਹਮਲੇ ਲਈ ਮੁਆਫੀ ਮੰਗਣੀ ਚਾਹੀਦੀ ਹੈ ਉੱਤੇ ਟਿੱਪਣੀ ਕਰਦਿਆਂ ਉਨ੍ਹਾਂ ਕਿਹਾ ਕਿ ਸਿਰਫ ਮੁਆਫੀ ਨਾਲ ਜਖ਼ਮ ਭਰੇ ਨਹੀਂ ਜਾ ਸਕਦੇ। ਉਨ੍ਹਾਂ ਕਿਹਾ ਕਿ ਇਨ੍ਹਾਂ ਜਖ਼ਮਾਂ 'ਤੇ ਮੱਲ੍ਹਮ ਭਾਰਤ-ਪੰਜਾਬ ਸਮੱਸਿਆ ਦਾ ਸਨਮਾਨਯੋਗ ਰਾਜਨੀਤਕ ਹੱਲ ਕਰਨ ਅਤੇ ਹਜ਼ਾਰਾਂ ਨਿਰਦੋਸ਼ਾਂ ਨੂੰ ਮਾਰਨ ਵਾਲਿਆਂ ਨੂੰ ਸਜ਼ਾਵਾਂ ਦੇਣ ਨਾਲ ਹੀ  ਲੱਗੇਗੀ। 

ਉਨ੍ਹਾਂ ਕਿਹਾ ਕਿ ਬਾਦਲਾਂ ਵੱਲੋਂ ਧਰਮ ਦੇ ਰਖਵਾਲੇ ਸੰਤ ਜਰਨੈਲ ਸਿੰਘ ਅਤੇ ਹੋਰ ਸ਼ਹੀਦਾਂ ਪ੍ਰਤੀ ਅਚਾਨਕ ਹੇਜ਼ ਜਾਗਣਾ ਅਕਾਲੀ ਦਲ ਨੂੰ ਮੁੜ ਸੁਰਜੀਤ ਕਰਨ ਦੇ ਪੈਂਤੜੇ ਤੋਂ ਵੱਧ ਹੋਰ ਕੁਝ ਨਹੀਂ। ਉਨ੍ਹਾਂ ਵਿਅੰਗ ਕੱਸਦਿਆਂ ਕਿਹਾ ਕਿ ਵੇਖਦੇ ਹਾਂ ਕਿ ਕੱਲ ੬ ਜੂਨ ਨੂੰ ਸੁਖਬੀਰ ਸਾਰੇ ਪੰਥ ਦੇ ਸਾਹਮਣੇ ਸ੍ਰੀ ਅਕਾਲ ਤਖ਼ਤ ਸਾਹਿਬ ਉੱਤੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਨ ਪਹੁੰਚਦੇ ਹਨ ਜਾਂ ਨਹੀਂ। 

ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ ਵੀ ਮਾਰਚ ਨੂੰ ਸਮਰਥਨ ਦਿੱਤਾ। ਪਾਰਟੀ ਆਗੂ ਈਮਾਨ ਸਿੰਘ ਮਾਨ ਨੇ ਕਿਹਾ ਕਿ ਦੁਨੀਆਂ ਅੰਦਰ ਫੈਲੇ ਸਿੱਖ ਭਾਈਚਾਰੇ ਅੰਦਰ ਖਾਲਿਸਤਾਨ ਪੱਖੀ ਇੱਛਾਵਾਂ ਬਹੁਤ ਮਜ਼ਬੂਤ ਹਨ। ਉਨ੍ਹਾਂ ਕਿਹਾ ਕਿ ਬਦਲ ਰਹੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਰਾਜਨੀਤਕ ਹਾਲਾਤ ਸਾਡੀ ਖਾਲਿਸਤਾਨ ਪ੍ਰਤੀ ਸੋਚ ਅਤੇ ਭਾਵਨਾ ਨੂੰ ਧੁੰਦਲਾ ਨਹੀਂ ਕਰ ਸਕਦੇ। ਅਕਾਲ ਫੈਡਰੇਸ਼ਨ ਦੇ ਪ੍ਰਧਾਨ ਨਰਾਇਣ ਸਿੰਘ ਚੌੜਾ, ਯੂਨਾਈਟਡ ਅਕਾਲੀ ਦਲ ਦੇ ਪ੍ਰਧਾਨ ਮੋਹਕਮ ਸਿੰਘ ਅਤੇ ਜਨਰਲ ਸਕੱਤਰ ਗੁਰਦੀਪ ਸਿੰਘ ਬਠਿੰਡਾ ਨੇ ਕਿਹਾ ਕਿ ਫ਼ੌਜੀ ਹਮਲੇ ਦੇ ੩੫ ਸਾਲ ਬੀਤਣ ਦੇ ਬਾਅਦ ਵੀ ਹਮਲੇ ਦੀ ਪੀੜ ਸਿੱਖ ਹਿਰਦਿਆਂ ਅੰਦਰ ਸੱਜਰੀ ਹੈ ਅਤੇ ਸਿੱਖ ਇਸ ਸਾਕੇ ਨੂੰ ਭੁੱਲੇ ਨਹੀਂ ਹਨ ਅਤੇ ਨਾ ਹੀ ਦੋਸ਼ੀਆਂ ਨੂੰ ਮੁਆਫ ਕੀਤਾ ਹੈ। 

ਇਸ ਮੌਕੇ ਦਲ ਖਾਲਸਾ ਵਲੋਂ ਸਤਿਨਾਮ ਸਿੰਘ ਪਾਉਂਟਾ ਸਾਹਿਬ, ਹਰਚਰਨਜੀਤ ਸਿੰਘ ਧਾਮੀ, ਜਸਵੀਰ ਸਿੰਘ ਖੰਡੂਰ, ਬਾਬਾ ਹਰਦੀਪ ਸਿੰਘ ਮਹਿਰਾਜ, ਬਲਦੇਵ ਸਿੰਘ ਸਿਰਸਾ, ਪਰਮਜੀਤ ਸਿੰਘ ਟਾਂਡਾ, ਅਮਰੀਕ ਸਿੰਘ ਈਸੜੁ, ਰਣਬੀਰ ਸਿੰਘ, ਬਾਬਾ ਰੇਸ਼ਮ ਸਿੰਘ ਖੁਖਰਾਣਾ, ਸੁਰਜੀਤ ਸਿੰਘ ਖਾਲਿਸਤਾਨੀ, ਮਾਸਟਰ ਕੁਲਵੰਤ ਸਿੰਘ, ਗੁਰਦੀਪ ਸਿੰਘ ਕਾਲਕੱਟ, ਸਤਿਨਾਮ ਸਿੰਘ ਭਾਰਾਪੁਰ, ਡਾ ਅਰਪਾਲ ਸਿੰਘ, ਦਿਲਬਾਗ ਸਿੰਘ, ਜਗਜੀਤ ਸਿੰਘ ਖੋਸਾ ਨੇ ਮਾਰਚ ਵਿੱਚ ਸ਼ਮੂਲੀਅਤ ਕੀਤੀ।

Unusual
Dal Khalsa
Khalistan
Amritsar

International