ਭਾਰਤ ਨੇ ਆਸਟ੍ਰੇਲੀਆ 'ਚ ਰਚਿਆ ਇਤਿਹਾਸ, 71 ਸਾਲ 'ਚ ਪਹਿਲੀ ਵਾਰ ਜਿੱਤੀ ਆਸਟ੍ਰੇਲੀਆ 'ਚ ਸੀਰੀਜ਼

ਸਿਡਨੀ 7 ਜਨਵਰੀ (ਏਜੰਸੀਆਂ): ਭਾਰਤੀ ਕ੍ਰਿਕੇਟ ਟੀਮ ਨੇ ਆਸਟ੍ਰੇਲੀਆ ਵਿੱਚ ਇਤਿਹਾਸ ਰਚ ਦਿੱਤਾ ਹੈ। ਸਿਡਨੀ ਟੈਸਟ ਮੈਚ ਦੇ ਆਖਰੀ ਦਿਨ ਮੀਂਹ ਪੈਣ ਕਾਰਨ ਮੈਚ ਡਰਾਅ ਰਿਹਾ। ਇਸ ਦੇ ਨਾਲ ਹੀ ਭਾਰਤ ਨੇ ਚਾਰ ਮੈਚਾਂ ਦੇ ਸੀਰੀਜ਼ 'ਤੇ 2-1 ਨਾਲ ਕਬਜ਼ਾ ਕਰ ਲਿਆ ਹੈ। ਭਾਰਤ ਨੇ ਪਹਿਲੀ ਵਾਰ ਆਸਟ੍ਰੇਲੀਆ ਵਿੱਚ ਕੋਈ ਟੈਸਟ ਸੀਰੀਜ਼ ਜਿੱਤੀ ਹੈ। ਇਸ ਤੋਂ ਪਹਿਲਾਂ ਭਾਰਤੀ ਟੀਮ ਨੇ ਐਡੀਲੇਡ ਤੇ ਮੈਲਬਰਨ ਟੈਸਟ ਵਿੱਚ ਜਿੱਤ ਹਾਸਲ ਕੀਤੀ ਸੀ। ਚੇਤੇਸ਼ਵਰ ਪੁਜਾਰਾ ਨੂੰ ਉਸ ਦੇ ਬਿਹਤਰੀਨ ਪ੍ਰਦਰਸ਼ਨ ਲਈ 'ਮੈਨ ਆਫ ਦ ਮੈਚ' ਤੇ 'ਮੈਨ ਆਫ ਦ ਸੀਰੀਜ਼' ਚੁਣਿਆ ਗਿਆ। ਖੇਡ ਦੇ ਚੌਥੇ ਦਿਨ ਆਸਟ੍ਰੇਲੀਆ ਦੀ ਪੂਰੀ ਟੀਮ 300 ਦੌੜਾਂ 'ਤੇ ਹੀ ਲੁੜਕ ਗਈ ਸੀ। ਭਾਰਤੀ ਟੀਮ ਨੇ ਆਸਟ੍ਰੇਲੀਆ ਨੂੰ ਫੌਲੋਅੱਪ ਦਿੱਤਾ ਤੇ ਅੱਗੇ ਖੇਡਣ ਲਈ ਕਿਹਾ।

ਦੱਸ ਦੇਈਏ ਕਿ ਆਸਟ੍ਰੇਲੀਆ ਨੂੰ ਆਪਣੀ ਜ਼ਮੀਨ 'ਤੇ ਪੂਰੇ 30 ਸਾਲਾਂ ਬਾਅਦ ਫੌਲੋਅੱਪ ਕਰਨਾ ਪਿਆ। ਫੌਲੋਅੱਪ ਦੌਰਾਨ ਆਸਟ੍ਰੇਲੀਆ ਨੇ ਬਿਨਾ ਕਿਸੇ ਨੁਕਸਾਨ ਦੇ 6 ਦੌੜਾਂ ਬਣਾ ਲਈਆਂ ਸੀ ਪਰ ਖਰਾਬ ਮੌਸਮ ਕਰਕੇ ਮੈਚ ਡਰਾਅ ਕਰਨਾ ਪਿਆ। ਇਸ ਜਿੱਤ ਨਾਲ ਭਾਰਤ ਨੇ 71 ਸਾਲਾਂ ਬਾਅਦ ਨਵਾਂ ਇਤਿਹਾਸ ਰਚਿਆ ਹੈ। ਭਾਰਤੀ ਟੀਮ ਨੇ 71 ਸਾਲਾਂ ਬਾਅਦ ਆਸਟ੍ਰੇਲੀਆ ਦੀ ਧਰਤੀ 'ਤੇ ਉਸ ਦੇ ਹੀ ਖਿਲਾਫ ਸੀਰੀਜ਼ 'ਤੇ ਜਿੱਤ ਹਾਸਲ ਕੀਤੀ ਹੈ। ਚੇਤੇਸ਼ਵਰ ਪੁਜਾਰਾ ਨੂੰ ਉਸ ਦੇ ਬਿਹਤਰੀਨ ਪ੍ਰਦਰਸ਼ਨ ਲਈ ਤੇ 'ਮੈਨ ਆਫ ਦ ਸੀਰੀਜ਼' ਤੇ 'ਮੈਨ ਆਫ ਦ ਸੀਰੀਜ਼'ਦਾ ਖਿਤਾਬ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ ਜਦੋਂ ਤੋਂ ਭਾਰਤੀ ਟੀਮ ਨੇ ਆਸਟ੍ਰੇਲੀਆ ਦੇ ਦੌਰੇ ਸ਼ੁਰੂ ਕੀਤੇ ਹਨ, ਯਾਨੀ 1947/48 ਤੋਂ ਬਾਅਦ ਤੋਂ ਹੁਣ ਤੱਕ ਦੀ ਇਹ ਸਭ ਤੋਂ ਵੱਡੀ ਜਿੱਤ ਹੈ। ਇਸ ਦਾ ਮਤਲਬ ਹੈ ਕਿ ਵਿਰਾਟ ਕੋਹਲੀ ਤੋਂ ਇਲਾਵਾ ਹਾਲੇ ਤਕ ਭਾਰਤੀ ਕ੍ਰਿਕੇਟ ਟੀਮ ਦਾ ਕੋਈ ਵੀ ਕਪਤਾਨ ਇਹ ਕਾਰਨਾਮਾ ਨਹੀਂ ਕਰ ਪਾਇਆ ਸੀ।

Unusual
Cricket
India
Australia
Virat Kohli

International