ਜਾਗਣ ਦਾ ਵੇਲਾ...

ਜਸਪਾਲ ਸਿੰਘ ਹੇਰਾਂ
ਪੰਜਾਬ ਵੈਟੀਲੇਟਰ ਤੇ ਹੈ। ਪੰਜਾਬ ਮਰ ਰਿਹਾ ਹੈ। ਪੰਜਾਬ ਨੂੰ ਇੱਕ ਨਹੀਂ ਅਨੇਕਾ ਜਾਨ-ਲੇਵਾ ਬੀਮਾਰੀਆਂ ਚੁੰਬੜੀਆਂ ਹੋਈਆਂ ਹਨ। ਪਰ ਕੋਈ ਲੁਕਮਾਨ ਹਕੀਮ ਕਿਧਰੇ ਵਿਖਾਈ ਨਹੀਂ ਦਿੰਦਾ, ਜਿਹੜਾ ਪੰਜਾਬ ਨੂੰ ਰੋਗ ਮੁਕਤ ਕਰ ਸਕੇ। ਪਾਰਲੀਮੈਂਟ ਚੋਣਾਂ ਸਿਰ ਤੇ ਹਨ, ਭਾਵੇਂ ਕਿ ਇੰਨ੍ਹਾਂ ਚੋਣਾਂ ਨੇ ਪੰਜਾਬ ਦੀ ਹੋਣੀ 'ਚ ਕੋਈ ਤਬਦੀਲੀ ਨਹੀਂ ਲਿਆਉਣੀ ਹੁੰਦੀ, ਪ੍ਰੰਤੂ ਪੰਜਾਬ ਦੇ ਲੋਕਾਂ ਦੀ ਨਬਜ਼ ਦੀ ਪਹਿਚਾਣ ਤਾਂ ਹੋਣੀ ਹੀ ਹੈ। ਪੰਜਾਬ ਸਿੱਖੀ ਦੀ ਜਨਮ ਤੇ ਕਰਮ ਭੂਮੀ ਹੈ। ਪ੍ਰੰਤੂ ਪੰਜਾਬ 'ਚ ਸਿੱਖ ਸਿਆਸਤ ਦਾ ਵਿਹੜਾ ਲਗਭਗ ਖ਼ਾਲੀ ਪਿਆ ਹੈ। ਪੰਜਾਬ ਦੀ ਹੋਣੀ ਸੁਆਰਨ ਵਾਲੀ ਕੋਈ ਉਹ ਧਿਰ ਜਿਸਤੇ ਪੰਜਾਬ ਦੇ ਲੋਕ ਭਰੋਸਾ ਕਰ ਸਕਣ, ਉਸਦੀ ਵੀ ਹਾਲੇ ਕਿਧਰੇ ਰੜਕਵੀ ਹੋਂਦ ਵਿਖਾਈ ਨਹੀਂ ਦਿੰਦੀ। ਪੰਜਾਬ ਦੀ ਹੋਣੀ ਸੁਆਰਨ ਲਈ ਪੰਜਾਬ ਦਰਦੀ ਲੋਕਾਂ ਦੀ ਇੱਕ ਮਜ਼ਬੂਤ ਲਹਿਰ ਖੜ੍ਹੀ ਹੋਈ ਵਿਖਾਈ ਦੇਣੀ ਚਾਹੀਦੀ ਹੈ। ਆਸ ਦਾ ਇੱਕ ਮਜ਼ਬੂਤ ਭਾਂਬੜ ਬਲਦਾ ਵਿਖਾਈ ਦੇਣਾ ਚਾਹੀਦਾ ਹੈ, ਟਿਮਟਮਾਉਂਦੇ ਦੀਵਿਆਂ ਨਾਲ ਗੱਲ੍ਹ ਬਣਨ ਵਾਲੀ ਨਹੀਂ। ਜੇ ਲੋਕ ਸਭਾ ਚੋਣਾਂ 'ਚ ਉਹ ਧਿਰ ਜੇਂਤੂ ਬਣਦੀ ਹੈ, ਜਿਸ ਧਿਰ ਦੀ ਸਰਕਾਰ ਤੋਂ ਪੰਜਾਬ ਦੇ ਲੋਕ ਪੋਟਾ-ਪੋਟਾ ਦੁੱਖੀ ਹਨ।  ਫ਼ਿਰ ਪੰਜਾਬ ਦੇ ਦੁੱਖ ਦਾ ਦਾਰੂ ਕੌਣ ਲੱਭੇਗਾ ਅਤੇ ਕਿਉਂ ਲੱਭੇਗਾ? ਜੇ ਉਹ ਧਿਰ, ਜਿਸਨੂੰ ਪੰਜਾਬ ਦੇ ਲੋਕ ਕਬਰ 'ਚ ਦਫ਼ਨਾਉਣਾ ਚਾਹੁੰਦੇ ਹਨ ਉਹ ਧਿਰ ਦੂਜੇ ਥਾਂ ਤੇ ਆ ਜਾਂਦੀ ਹੈ ਤਾਂ ਦੁਨੀਆਂ ਸਿੱਖਾਂ ਨੂੰ ਤੇ ਪੰਜਾਬੀਆਂ ਨੂੰ ਲਾਹਨਤਾਂ ਕਿਉਂ ਨਹੀਂ ਪਾਊਗੀ? ਲੋਕ ਸਭਾ ਚੋਣਾਂ ਦਾ ਮੈਦਾਨ ਭੱਖ ਰਿਹਾ ਹੈ, ਪ੍ਰੰਤੂ ਜਿੰਨ੍ਹਾਂ ਦੀ ਹੋਣੀ ਦਾ ਫੈਸਲਾ ਹੋਣਾ ਹੈ, ਉਹ ਕੁੰਭਕਰਨੀ ਨੀਂਦ, ਬੇਫ਼ਿਕਰੇ ਹੋਕੇ ਸੁੱਤੇ ਹੋਏ ਹਨ, ਇਸ ਲਈ ਅਸੀਂ ਅੱਜ ਦਾ ਇਹ ਹੋਕਾ ਦਿੱਤਾ ਹੈ । ਸਿੱਖ ਕੌਮ ਤੇ ਪੰਜਾਬੀ ਆਪਣੇ ਭਵਿੱਖ ਪ੍ਰਤੀ ਫ਼ਿਕਰਮੰਦ ਹੋ ਕੇ ਵਿਚਾਰ ਕਰਨ ਅਤੇ ਵਿਚਾਰ ਕਰਕੇ ਕੋਈ ਠੋਸ ਤੇ ਪ੍ਰਭਾਵੀ ਫੈਸਲਾ ਲਿਆ ਜਾਵੇ।  

ਕੌਮ ਦੀ ਅਗਵਾਈ ਲਈ ਜਿਹੜਾ ਖਲਾਅ ਪੈਦਾ ਹੋ ਚੁੱਕਾ ਹੈ, ਉਸਨੂੰ ਦੂਰ ਕਰਕੇ, ਕੌਮ ਦੇ ਜਜ਼ਬਿਆਂ, ਵਲਵਲਿਆਂ ਦੀ ਪੂਰਤੀ ਲਈ ਯਤਨਸ਼ੀਲ ਹੋਇਆ ਜਾਵੇ।  ਕਿਉਂਕਿ ਪੰਜਾਬ 'ਗੁਰੂਆਂ' ਦੀ ਧਰਤੀ ਹੈ, ਇਸ ਲਈ ਇਸ ਧਰਤੀ ਨੂੰ ਗੁਰਬਾਣੀ, ਸਿੱਖੀ ਸਿਧਾਤਾਂ ਅਤੇ ਸਿੱਖੀ ਵਾਲੇ ਅਮਲੀ ਜੀਵਨ ਤੋਂ ਤੋੜ੍ਹਿਆ ਨਹੀਂ ਜਾ ਸਕਦਾ। ਆਰਥਿਕਤਾ, ਬਿਨਾਂ ਸ਼ੱਕ ਸਭ ਤੋਂ ਅਹਿਮ ਹੈ ਅਤੇ 'ਪੇਟ ਨਾ ਪਈਆਂ ਰੋਟੀਆਂ, ਸਭੈ ਗਲਾਂ ਖੋਟੀਆਂ' ਦੀ ਕਹਾਵਤ ਸਿੱਖਾਂ ਤੇ ਵੀ ਹੂ-ਬ-ਹੂ ਲਾਗੂ ਹੁੰਦੀ ਹੈ, ਗੁਰਬਾਣੀ 'ਚ ਤਾਂ ਭਗਤਾਂ ਨੇ ਪ੍ਰਮਾਤਮਾ ਤੋਂ ਉਪਜੀਵਿਕਾ ਖੁੱਲ੍ਹੇ ਰੂਪ 'ਚ ਮੰਗੀ ਹੈ। ਪ੍ਰੰਤੂ ਆਰਥਿਕ ਪਹਿਲੂ, ਜਿਨ੍ਹਾਂ 'ਚ ਭ੍ਰਿਸ਼ਟਾਚਾਰ ਮਹਿੰਗਾਈ ਤੇ ਰੁਜ਼ਗਾਰ ਸਭ ਤੋਂ ਅਹਿਮ ਹਨ, ਉਨ੍ਹਾਂ ਨੂੰ ਸਿੱਖੀ ਸਰੋਕਾਰਾਂ ਦੇ ਸੰਦਰਭ 'ਚ ਰੱਖ ਕੇ, ਪੰਜਾਬ ਦੀ ਰਾਜਨੀਤੀ 'ਚ ਨਵੀਂ ਤਬਦੀਲੀ ਦਾ ਮੁੱਢ ਬੰਨ੍ਹਿਆ ਜਾ ਸਕਦਾ ਹੈ। ਅੱਜ ਲੋੜ ਹੈ ਉਸ ਸਿੱਖ ਇਨਕਲਾਬ ਦੀ, ਜਿਸਦਾ ਮੁੱਢ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਬੰਨ੍ਹਿਆ ਅਤੇ ਉਸਨੂੰ ਸਿਖ਼ਰਾਂ ਤੇ ਦਸਮੇਸ਼ ਪਿਤਾ, ਸਾਹਿਬ-ਏ-ਕਮਾਲ ਨੇ ਪਹੁੰਚਾਇਆ ਸੀ। ਸਮਾਜ 'ਚ ਬਰਾਬਰਤਾ, ਲੁੱਟ-ਖਸੁੱਟ ਦਾ ਖ਼ਾਤਮਾ ਅਤੇ ਗਰੀਬ ਮਜ਼ਲੂਮ ਦੀ ਬਾਂਹ ਫੜ੍ਹਨਾ ਸਿੱਖੀ ਦੇ ਬੁਨਿਆਦੀ ਸਿਧਾਂਤ ਹਨ। ਇਸ ਲਈ ਅੱਜ ਦੇ ਸੰਦਰਭ 'ਚ ਸਿੱਖੀ ਦੇ ਇਨ੍ਹਾਂ ਇਨਕਲਾਬੀ ਸਿਧਾਤਾਂ ਨੂੰ ਲੈ ਕੇ ਸਥਾਪਤ ਲੋਟੂ ਧਿਰਾਂ ਤੋਂ ਅਜ਼ਾਦੀ ਲਈ ਪੰਜਾਬ 'ਚ ਉਸ ਸੰਘਰਸ਼ ਦਾ ਮੁੱਢ ਬੰਨ੍ਹਿਆ ਜਾ ਸਕਦਾ ਹੈ, ਜਿਸਦੀ ਅੱਜ ਸਮੁੱਚੇ ਵਿਸ਼ਵ ਨੂੰ ਲੋੜ ਹੈ। ਪੂਰਾ ਸਿੱਖ ਪੰਥ, ਸਿੱਖ ਇਨਕਲਾਬ ਦੇ ਰਾਹ ਤੁਰੇਗਾ, ਇਹ ਸਾਡਾ ਭਰੋਸਾ ਹੈ। ਲੋੜ ਹੈ ਕੌਮ 'ਚੋਂ ਸੂਝਵਾਨ, ਦੂਰਦ੍ਰਿਸ਼ਟੀ ਵਾਲੀ ਨਿੱਡਰ, ਨਿਰਸੁਆਰਥ ਤੇ ਕੌਮ ਨੂੰ ਸਮਰਪਿਤ ਲੀਡਰਸ਼ਿਪ ਨੂੰ ਪੈਦਾ ਕੀਤਾ ਜਾਵੇ। ਜੀਵਨ ਦੇ ਹਰ ਖੇਤਰ 'ਚ ਜੋ ਅਗਵਾਈ, ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਮਿਲਦੀ ਹੈ, ਸਿਰਫ਼ ਉਸ ਤੋਂ ਸੇਧ ਲੈ ਕੇ ਅਸੀਂ ਸਿੱਖ ਇਨਕਲਾਬ ਦੀ ਪੁਨਰ ਸੁਰਜੀਤੀ ਦਾ ਨਾਅਰਾ ਲਾਵਾਂਗੇ ਤਾਂ ਹਰ ਮਾਨਵਤਾਵਾਦੀ ਮਨੁੱਖ ਇਸ ਕਾਫ਼ਲੇ 'ਚ ਸ਼ਾਮਲ ਹੋਵੇਗਾ। ਅੱਜ ਜਿਸ ਖਲਾਅ ਨੂੰ ਹਰ ਜਾਗਰੂਕ ਸਿੱਖ ਤੇ ਪੰਜਾਬ ਦਰਦੀ ਮਨੋਂ ਮਹਿਸੂਸ ਕਰ ਰਿਹਾ ਹੈ, ਉਸ ਖਲਾਅ ਨੂੰ ਭਰਨ ਦਾ ਸਮਾਂ ਆ ਗਿਆ ਜਾਪਦਾ ਹੈ। ਪੰਜਾਬ 'ਚ ਭ੍ਰਿਸ਼ਟਾਚਾਰ, ਬੇਰੁਜ਼ਗਾਰੀ, ਨਸ਼ਿਆ ਤੇ ਲੱਚਰਤਾ ਦੇ ਖ਼ਾਤਮੇ ਲਈ ਇਕ ਲਹਿਰ ਖੜ੍ਹੀ ਕੀਤੀ ਜਾਵੇ ਅਤੇ ਇਸੇ ਲਹਿਰ 'ਚੋਂ ਹੀ ਸਿੱਖ ਇਨਕਲਾਬ ਦੀ ਪੁਨਰ ਸੁਰਜੀਤੀ ਦਾ ਰਾਹ ਲੱਭਿਆ ਜਾਵੇ।

ਸਾਨੂੰ ਭਰੋਸਾ ਹੈ ਕਿ ਇਸ ਲਹਿਰ 'ਚੋਂ ਹੀ ਉਹ ਯੋਗ ਲੀਡਰਸ਼ਿਪ ਜਿਸਦੀ ਅੱਜ ਪੰਥ ਤੇ ਪੰਜਾਬ ਦੋਵਾਂ ਨੂੰ ਵੱਡੀ ਲੋੜ ਹੈ, ਉਹ ਲੀਡਰਸ਼ਿਪ ਜ਼ਰੂਰ ਉਭਰ ਕੇ ਸਾਹਮਣੇ ਆਵੇਗੀ। ਜਿਵੇਂ ਅਸੀਂ ਉਪਰ ਲਿਖਿਆ ਹੈ ਕਿ ਪੰਜਾਬ ਦੀਆਂ ਸਾਰੀਆਂ ਸਮੱਸਿਆਵਾਂ ਭਾਵੇਂ ਉਹ ਧਾਰਮਿਕ ਹਨ, ਭਾਵੇਂ ਆਰਥਿਕ, ਭਾਵੇ ਸਮਾਜਿਕ ਤੇ ਭਾਵੇ ਸੱਭਿਆਚਾਰਕ ਤੇ ਨੈਤਿਕ ਹਨ, ਉਨ੍ਹਾਂ ਦੇ ਹੱਲ ਲਈ ਗੁਰੂ ਸਾਹਿਬਾਨ ਵਲੋਂ ਦਰਸਾਏ ਮਾਰਗ ਨੂੰ ਅਪਨਾ ਕੇ, ਸੱਤਾ ਤੇ ਕਾਬਜ਼ ਭ੍ਰਿਸ਼ਟ ਤਾਕਤਾਂ ਵਿਰੁੱਧ ਜੰਗ ਵਿੱਢ ਕੇ ਆਮ ਆਦਮੀ ਨੂੰ ਉਹ ਮਾਣ ਸਨਮਾਨ, ਜਿਹੜਾ ਗੁਰੂ ਸਾਹਿਬਾਨ ਨੇ ਭਾਈ ਲਾਲੋ ਨੂੰ ਮਲਕ ਭਾਗੋ ਦੇ ਮੁਕਾਬਲੇ ਦਿੱਤਾ ਸੀ, ਦਿੱਤਾ ਜਾਵੇ ਤਾਂ ਬਿਨਾਂ ਸ਼ੱਕ ਪੰਜਾਬ ਦੀ ਧਰਤੀ ਤੇ ਜਿਸ ਹਲੇਮੀ ਰਾਜ ਦੀ ਸਥਾਪਨਾ ਵੱਲ ਤੁਰਿਆ ਜਾਵੇਗਾ, ਸਮੁੱਚੀ ਦੁਨੀਆ ਹੀ ਉਸ ਦੀ ਪ੍ਰਾਪਤੀ ਵੱਲ ਤੁਰੇਗੀ। ਲੋੜ ਹੈ ਅੱਜ ਅਸੀਂ ਨਾਂਹ ਪੱਖੀ ਸੋਚ ਦਾ ਤਿਆਗ ਕਰਕੇ ਇਕਜੁੱਟ ਹੋ ਕੇ, ਪੰਜਾਬ ਨੂੰ ਤਬਾਹੀ ਤੋਂ ਬਚਾਉਣ ਲਈ ਅੱਗੇ ਆਈਏ ਅਤੇ ਗੁਰੂ ਨਾਨਕ ਸਾਹਿਬ ਦੇ ਰਾਹ ਦੇ ਪਾਂਧੀ ਬਣਕੇ, ਸਮੁੱਚੀ ਦੁਨੀਆ ਲਈ ਰਾਹ ਦਸੇਰੇ ਬਣੀਏ। ਕੌਮ 'ਚ ਜ਼ਮੀਰ ਜਿਊਂਦੀ ਹੈ। ਉਹ ਜਾਗਦੀ ਹੈ, ਜਿਸਦਾ ਸਬੂਤ ਕੌਮ ਹੁਣੇ-ਹੁਣੇ ਦੇ ਚੁੱਕੀ ਹੈ, ਲੋੜ ਕੌਮ ਨੂੰ ਨਿਸ਼ਨੇ ਦੀ ਪ੍ਰਾਪਤੀ ਵੱਲ ਤੋਰਣ ਦੀ ਸਮਰੱਥਾ ਵਾਲੀ ਯੋਗ ਲੀਡਰਸ਼ਿਪ ਨੂੰ ਅੱਗੇ ਲਿਆਉਣ ਦੀ ਹੈ।

Editorial
Jaspal Singh Heran

International