ਅੱਜ ਦਾ ਮਹਾਂਨਾਇਕ, ਨਹੀਂ ਕਿਸੇ ਨੂੰ ਯਾਦ...

ਜਦੋਂ ਵੀ ਸਿੱਖ ਕੌਮ ਦੇ ਸ਼ਾਨਾਮੱਤੇ ਇਤਿਹਾਸ, ਚੜਦੀ ਕਲਾ ਵਾਲੇ ਵਿਰਸੇ ਤੇ ਕੁਰਬਾਨੀ, ਤਿਆਗ ਦੀ ਗੁੜਤੀ ਵੱਲ ਨਜ਼ਰ ਵੱਜਦੀ ਹੈ, ਤਾਂ ਅੱਜ ਸੁਆਰਥ ਪਦਾਰਥ ਦੀ ਅੰਨੀ ਲਾਲਸਾ ਕਾਰਣ ਕੌਮ ਦੇ ਮਹਾਨ ਚਰਿੱਤਰ ’ਚ ਆਈ ਗਿਰਾਵਟ ਤੇ ਭਾਰੀ ਦੁੱਖ, ਚਿੰਤਾ ਤੇ ਪ੍ਰੇਸ਼ਾਨੀ ਹੋਣੀ ਸੁਭਾਵਿਕ ਹੈ। ਆਪਣੇ ਮਹਾਨ ਗੁਰੂਆਂ ਦੇ ਦਰਸਾਏ ਮਾਰਗ ਤੇ ਚੱਲਦਿਆਂ ਸਾਡੇ ਮਹਾਨ ਯੋਧਿਆਂ, ਸੂਰਬੀਰਾਂ ਨੇ ਕੁਰਬਾਨੀ, ਬਹਾਦਰੀ, ਦਿ੍ਰੜਤਾ ਤੇ ਤਿਆਗ ਦੇ ਉਹ ਕਰੜੇ ਤੋਂ ਕਰੜੇ ਇਮਤਿਹਾਨ ਸ਼ਾਨ ਤੇ ਸਫ਼ਲਤਾ ਨਾਲ ਪਾਸ ਕੀਤੇ ਹੋਏ ਹਨ, ਜਿਨਾਂ ਬਾਰੇ ਸੁਣ, ਪੜ ਕੇ ਹਰ ਇਨਸਾਨ ਦੀ ਹੈਰਤ ਗੁੰਮ ਹੋ ਜਾਂਦੀ ਹੈ। ਪ੍ਰੰਤੂ ਦੂਜੇ ਪਾਸੇ ਅੱਜ ਨਿੱਕੀਆਂ-ਨਿੱਕੀਆਂ, ਗਰਜਾਂ ਲਈ, ਛੋਟੀਆਂ-ਛੋਟੀਆਂ ਚੌਧਰਾਂ ਲਈ ਮਾਮੂਲੀ ਤੋਂ ਮਾਮੂਲੀ ਲਾਲਸਾ ਲਈ ਅਸੀਂ ਗੁਰੂ ਨੂੰ ਝੱਟ ਪਿੱਠ ਦੇਣ ਲਈ ਤਿਆਰ ਵਿਖਾਈ ਦੇਣ ਲੱਗ ਪਏ ਹਾਂ। ਪ੍ਰੰਤੂ ਜਿਸ ਸਿੱਖ ਦਾ ਮੂੰਹ ਆਪਣੇ ਗੁਰੂ ਵੱਲ ਰਿਹਾ ਹੈ, ਉਹ ਕਦੇ ਕਰੜੀ ਤੋਂ ਕਰੜੀ ਪ੍ਰੀਖਿਆ ’ਚ ਡੋਲਿਆ ਨਹੀਂ। ਅੱਜ ਦਾ ਸੁਨੇਹਾ, ਇਕ ਉਸ ਮਹਾਨ ਯੋਧੇ ਦੀ ਕੁਰਬਾਨੀ, ਜਿਸ ਬਾਰੇ ਸ਼ਾਇਦ ਅਸੀਂ ਕਦੇ ਸੁਣਿਆ, ਪੜਿਆ ਵੀ ਨਹੀਂ, ਦਾ ਹੈ, ਜਿਸਨੇ ਇਤਿਹਾਸ ਨੂੰ ਦੁਹਰਾ ਕੇ ਵਿਖਾਇਆ ਸੀ। ਕਦੇ ਭਾਈ ਜੋਗਾ ਸਿੰਘ, ਜਦੋਂ ਲਾਵਾਂ ਲੈ ਰਿਹਾ ਸੀ, ਦਸਮੇਸ਼ ਪਿਤਾ ਦਾ ਰੁੱਕਾ ਪਾ ਕੇ, ਲਾਵਾਂ ਵਿਚਕਾਰ ਛੱਡ ਕੇ, ਤੁਰ ਪਿਆ ਸੀ।

ਉਸੇ ਤਰਾਂ ਹੀ ਭਾਈ ਮੋਤਾ ਸਿੰਘ ਜਿਹੜੇ ਫਿਰੋਜ਼ਪੁਰ ਜ਼ਿਲੇ ਦੇ ਪਿੰਡ ਥਾਂਧੇਵਾਲਾ ਦੇ ਜੰਮਪਲ ਸਨ ਅਤੇ ਸਿਰਫ਼ 19 ਕੁ ਸਾਲ ਦੇ ਸਨ, ਉਨਾਂ ਦੀ ਅੱਜ ਦੇ ਦਿਨ ਭਾਵ 19 ਫਰਵਰੀ 1921 ਨੂੰ ਬਰਾਤ ਚੜ ਰਹੀ ਸੀ ਕਿ ਉਨਾਂ ਪਾਸ ਕਿਉਂਕਿ ਉਹ ਉਸ ਸਮੇਂ ਚੱਲ ਰਹੀ ਅਕਾਲੀ ਲਹਿਰ ਦਾ ਵਾਲੰਟੀਅਰ ਬਣ ਚੁੱਕਾ ਸੀ, ਇਹ ਸੁਨੇਹਾ ਪੁੱਜ ਗਿਆ ਕਿ ਗੁਰਦੁਆਰਾ ਜਨਮ ਅਸਥਾਨ ਨਨਕਾਣਾ ਸਾਹਿਬ ਨੂੰ ਅਜ਼ਾਦ ਕਰਵਾਉਣ ਲਈ ਜੱਥਾ ਚਾਲੇ ਪਾਉਣ ਲੱਗਾ ਹੈ। ਤਾਂ ਉਹ ਬਰਾਤ ਨੂੰ ਵਿੱਚੇ ਛੱਡ ਕੇ ਭਾਈ ਲਛਮਣ ਸਿੰਘ ਧਾਰੋਵਾਲੀ ਦੇ ਜੱਥਾਂ ’ਚ ਜਾ ਸ਼ਾਮਲ ਹੋਏ ਅਤੇ ਅਗਲੇ ਦਿਨ 21 ਫਰਵਰੀ ਨੂੰ ਇਹ ਜੱਥਾ ਸ਼ਹੀਦੀ ਪਾ ਗਿਆ। ਕਿੱਥੇ ਉਨਾਂ ਸਿੰਘਾਂ ਦਾ ਕਿਰਦਾਰ, ਜਿਹੜੇ ਆਪਣੇ ਗੁਰੂ ਦੇ ਜਨਮ ਅਸਥਾਨ ਦੀ ਅਯਾਸ਼ ਮਹੰਤ ਵੱਲੋਂ ਕੀਤੀ ਜੀ ਰਹੀ ਬੇਕਦਰੀ ਨੂੰ ਬਰਦਾਸ਼ਤ ਨਹੀਂ ਕਰ ਸਕੇ ਅਤੇ ਆਪਣੇ ਆਨੰਦ ਕਾਰਜਾਂ ਨੂੰ ਵਿੱਚ-ਵਿਚਕਾਰ ਛੱਡ ਕੇ ਗੁਰੂ ਦੇ ਨਾਮ ਤੇ ਸ਼ਹੀਦੀਆਂ ਪਾ ਗਏ ਸਨ ਤੇ ਕਿਥੇ ਅੱਜ ਅਸੀਂ ਆਪਣੇ ਗੁਰੂ ਦੀ ਬੇਅਦਬੀ ਨੂੰ, ਦੋ ਸਿਘਾਂ ਦੀ ਸ਼ਹੀਦੀ ਕਰਵਾ ਕੇ, ਚੁੱਪ-ਚਾਪ ਸਿਰ ਸੁੱਟ ਕੇ ਪ੍ਰਵਾਨ ਕਰਕੇ ਬੈਠ ਗਏ ਹਾਂ। ਭਾਈ ਮੋਤਾ ਸਿੰਘ ਬਾਰੇ ਤਾਂ ਅਸੀਂ ਕੁਝ ਜਾਣ ਦੇ ਤੱਕ ਨਹੀਂ ਪ੍ਰੰਤੂ ਅੱਜ ਦੇ ਦਿਨ ਸਾਨੂੰ ਉਸ ਮਹਾਨ ਸ਼ਹੀਦ ਦੀ ਇਸ ਭਾਵਨਾ ਨੂੰ ਜਿਹੜੀ ਗੁਰੂ ਨਾਲ ਐਨੀ ਗੂੜੀ ਜੁੜੀ ਹੋਈ ਸੀ ਕਿ ਉਸ ਨੇ ਇਨਸਾਨੀ ਲਾੜੀ ਨਾਲੋਂ ਮੌਤ ਲਾੜੀ ਨੂੰ ਵਿਆਹੁਣ ਨੂੰ ਪਹਿਲ ਦਿੱਤੀ। ਪਦਾਰਥ ਦੀ ਭੁੱਖ ਤਾਂ ਭਾਵੇਂ ਜਦੋਂ ਅਸੀਂ ਜਨਮ ਲੈਂਦੇ ਹਾਂ, ਉਦੋਂ ਤੋਂ ਹੀ ਲੱਗਣੀ ਸ਼ੁਰੂ ਹੋ ਜਾਂਦੀ ਹੈ। ਪ੍ਰੰਤੂ ਇਸਦੀ ਅੰਨੀ ਲਾਲਸਾ ਕਾਰਣ ਜੀਵਨ ਦੇ ਅਸਲੀ ਮੰਤਵ ਨੂੰ ਭੁੱਲ ਕੇ, ਇਨਸਾਨ ਆਪਣੇ ਮੂਲ ਤੱਕ ਤੋਂ ਟੁੱਟ ਜਾਂਦਾ ਹੈ। ਜਿਸ ਕੌਮ ਦੇ ਮਹਾਨ ਨਾਇਕਾਂ ਨੇ ਮੌਤ ਤੱਕ ਨੂੰ ਵੰਗਾਰਿਆ ਹੋਵੇ ਅਤੇ ਮੌਤ ਨੇ ਵੀ ਉਨਾਂ ਅੱਗੇ ਹਾਰ ਮੰਨੀ ਹੋਵੇ, ਉਸ ਕੌਮ ’ਚ ਕਾਇਰਤਾ ਤੇ ਬੁਜ਼ਦਿਲੀ ਪੈਦਾ ਹੋਣੀ ਬੇਹੱਦ ਹੈਰਾਨੀਜਨਕ ਹੈ। ਚੜਦੇ ਸੂਰਜ, ਕੌਮ ਦੇ ਇਤਿਹਾਸ ਦਾ ਸ਼ਾਨਾਮੱਤਾ ਪੰਨਾ, ਕੌਮ ਨੂੰ ਅਗਵਾਈ ਦੇਣ ਲਈ, ਕੌਮ ’ਚ ਜੋਸ਼, ਜਜ਼ਬਾ, ਦਿ੍ਰੜਤਾ, ਦਲੇਰੀ ਭਰਨ ਵਾਲਾ ਹੁੰਦਾ ਹੈ। ਐਨੇ ਮਹਾਨ ਖਜ਼ਾਨੇ ਦੀ ਮਾਲਕ ਕੌਮ ਫ਼ਿਰ ਵਿਰਾਸਤੀ ਗੁਣਾਂ ਤੋਂ ਕੰਗਾਲ ਕਿਵੇਂ ਹੋ ਗਈ? ਇਸੇ ਕੰਗਾਲੀ ਕਾਰਣ ਹੀ ਅੱਜ ਗਿੱਦੜ, ਸ਼ੇਰਾਂ ਨੂੰ ਵੰਗਾਰਨ ਲੱਗ ਪਏ ਹਨ। ਕੌਮ ਦੇ ਖ਼ਾਤਮੇ ਦੀਆਂ ਤਰੀਕਾਂ ਮਿੱਥ ਰਹੇ ਹਨ। ਚੁਟਕਲਿਆਂ ਨਾਲ ਸਾਡੇ ਮਾਸੂਮ ਬੱਚੇ-ਬੱਚੀਆਂ ਨੂੰ ਆਪਣੇ ਨਾਲ ਨਾਲੋਂ ਸਿੰਘ ਤੇ ਕੌਰ ਹਟਾਉਣ ਲਈ ਦਹਿਸ਼ਤ ਪੈਦਾ ਕਰ ਰਹੇ ਹਨ। ਕੌਮ ਨੂੰ ਆਏ ਦਿਨ ਜ਼ਲੀਲ ਕੀਤਾ ਜਾ ਰਿਹਾ ਹੈ।

ਇਤਿਹਾਸ ਕੌਮਾਂ ਨੂੰ ਅਗਵਾਈ ਦਿੰਦਾ ਹੈ। ਪ੍ਰੰਤੂ ਅਸੀਂ ਇਤਿਹਾਸ ਤੋਂ ਸਬਕ ਲੈਣ ਦੀ ਥਾਂ, ਉਸਨੂੰ ਪੜਨਾ, ਵਾਚਣਾ ਹੀ ਛੱਡ ਦਿੱਤਾ ਹੈ। ਜੇ ਅਸੀਂ ਇਤਿਹਾਸ ਪੜਦੇ, ਵਾਚਦੇ ਹੁੰਦੇ ਤਾਂ ਭਾਈ ਮੋਤਾ ਸਿੰਘ ਦੀ ਐਨੀ ਵੱਡੀ ਕੁਰਬਾਨੀ ਤੋਂ ਕੌਮ ਅਨਜਾਣ ਨਾ ਹੁੰਦੀ। ਨਨਕਾਣਾ ਸਾਹਿਬ ਸਾਕੇ ਦੇ ਸੁਨੇਹੇ ਬਾਰੇ ਭਾਵੇਂ ਅਸੀਂ ਕੱਲ ਆਪਣੀਆਂ ਭਾਵਨਾਵਾਂ ਕੌਮ ਨਾਲ ਸਾਂਝੀਆਂ ਕਰਾਂਗੇ, ਪ੍ਰੰਤੂ ਗੁਰਦੁਆਰਾ ਸਾਹਿਬਾਨ ਦੇ ਪ੍ਰਬੰਧ ’ਚ ਆਈ ਗਿਰਾਵਟ ਸਾਨੂੰ ਭਾਈ ਮੋਤਾ ਸਿੰਘ ਵੱਲੋਂ ਭਾਈ ਜੋਗਾ ਸਿੰਘ ਵਾਲੇ ਇਤਿਹਾਸ ਨੂੰ ਦੁਹਰਾਏ ਜਾਣ ਵਾਗੂੰ ਇਹ ਯਾਦ ਜ਼ਰੂਰ ਕਰਵਾਉਂਦੀ ਹੈ ਕਿ ‘‘ਉਹ ਮਹੰਤ ਤੇ ਇਹ ਮਹੰਤ’ ਫ਼ਰਕ ਫ਼ਿਰ ਕੁਝ ਨਹੀਂ ਰਿਹਾ। ਜੇ ਫ਼ਰਕ ਹੈ ਤਾਂ ਇਹੋ ਕਿ ਹੁਣ  ਭਾਈ ਲਛਮਣ ਸਿੰਘ ਧਾਰੋਵਾਲੀ ਤੇ ਭਾਈ ਮੋਤਾ ਸਿੰਘ ਵਰਗੇ ਗੁਰੂ ਨੂੰ ਸਮਰਪਿਤ ਸੱਚੇ ਸਿੱਖ ਤੇ ਆਗੂ ਕਿਧਰੇ ਵਿਖਾਈ ਨਹੀਂ ਦਿੰਦੇ। ‘‘ਜੇ ਜੀਵੈ ਪਤਿ ਲੱਥੀ ਜਾਇ, ਸਭ ਹਰਾਮ, ਜੇਤਾ ਕਿਛ ਖਾਇ’’ ਗੁਰਬਾਣੀ ਦੀੇ ਇਸ ਕਰੜੀ ਵੰਗਾਰ ਨੂੰ ਅਸੀਂ ਜ਼ੁਬਾਨੀ ਤਾਂ ਹਰ ਸਟੇਜ ਤੇ ਕਿੱਲ-ਕਿੱਲ ਕੇ ਦੁਹਾਰ ਲੈਂਦੇ ਹਾਂ, ਪ੍ਰੰਤੂ ਅਸੀਂ ਕਦੇ ਆਪਣੀ ਅੰਤਰ ਆਤਮਾ ਨੂੰ ਇਹ ਨਹੀਂ ਪੁੱਛਦੇ ਕਿ ਸੱਚੀ-ਮੁੱਚੀ ਸਾਡੀ ਕੋਈ ਪੱਤ ਹੈ? ਇਸ ਪੱਤ ਦਾ ਅਹਿਸਾਸ ਭਾਈ ਮੋਤਾ ਸਿੰਘ ਦੀ ਦਿ੍ਰੜਤਾ ਸਾਨੂੰ ਯਾਦ ਜ਼ਰੂਰ ਕਰਵਾਉਂਦੀ ਹੈ, ਪ੍ਰੰਤੂ ਅਸੀਂ ਯਾਦ ਕਰਨ ਲਈ ਤਿਆਰ ਨਹੀਂ ਹਾਂ। ਕੌਮਾਂ ਦਾ ਚਰਿੱਤਰ ਤੇ ਨਿਸ਼ਾਨਾ ਉਨਾਂ ਦਾ ਮੁਕਾਮ ਤੈਅ ਕਰਦਾ ਹੈ। ਜੇ ਸਿੱਖ ਕੌਮ ਆਪਣਾ ਵਿਰਾਸਤੀ ਚਰਿੱਤਰ ਗੁਆ ਬੈਠੀ ਹੈ ਤਾਂ ਹੀ ਉਹ ਆਪਣੇ ਨਿਸ਼ਾਨੇ ਤੇ ਮੁਕਾਮ ਦੋਵਾਂ ਤੋਂ ਖੁੰਝਦੀ ਜਾ ਰਹੀ ਹੈ। ਅਸੀਂ ਜੇ ਹਰ ਚੜਦੇ ਸੂਰਜ, ਵਿਰਾਸਤੀ, ਸੁਨੇਹੇ ਦਾ ਹੋਕਾ ਦਿੰਦੇ ਹਾਂ ਤਾਂ ਸਾਡੀ ਮਨਸ਼ਾ, ਕੌਮ ’ਚ ਇਹ ਅਹਿਸਾਸ ਪੈਦਾ ਕਰਨ ਦੀ ਹੈ ਕਿ ਅਸੀਂ ‘‘ਕਿੱਥੋ, ਕਿੱਥੇ ਤੱਕ’’ ਆ ਚੁੱਕੇ ਹਾਂ ਅਤੇ ਇਹ ਵੱਡਾ ਨਿਘਾਰ ‘‘ਕਿਉਂ ਤੇ ਕਿਵੇਂ’’ ਪੈਦਾ ਹੋ ਗਿਆ ਹੈ? ਸਿੱਖੀ ’ਚ ਹੳੂਮੈ, ਈਰਖਾ, ਲਾਲਸਾ, ਕਾਇਰਤਾ, ਚੌਧਰਪੁਣੇ ਦੇ ‘‘ਕੋੜਕੂ’’ ਕਿਥੋਂ ਆ ਗਏ ਹਨ? ਸਿੱਖ ਦੁਸ਼ਮਣ ਤਾਕਤਾਂ ਸਾਡੇ ’ਚੋਂ ਵਿਰਾਸਤੀ ਗੁਣ ਖ਼ਤਮ ਕਰ ਰਹੀਆਂ ਹਨ, ਕਿਉਂਕਿ ਉਹ ਜਾਣਦੀਆਂ ਹਨ ਕਿ ਜਿਸ ਦਿਨ ਸਿੱਖੀ ਇਨਾਂ ਗੁਣਾਂ ਤੋਂ ਸੱਖਣੀ ਹੋ ਗਈ, ਉਸ ਦਿਨ ਉਹ ਆਪਣੇ ਆਪ ਖ਼ਤਮ ਹੋ ਜਾਵੇਗੀ ਤੇ ਜਦੋਂ ਤੱਕ ਕੌਮ ’ਚ ਇਹ ਗੁਣ ਮੌਜੂਦ ਹਨ, ਦੁਨੀਆ ਦੀ ਕੋਈ ਤਾਕਤ ਇਸ ਕੌਮ ਨੂੰ ਖ਼ਤਮ ਨਹੀਂ ਕਰ ਸਕਦੀ।

Article

International