ਭਗਵੰਤ ਮਾਨ ਦੇ ਮੁਕਾਬਲੇ ਜੱਸੀ ਜਸਰਾਜ

ਪੀ ਡੀ ਏ ਨੇ ਐਲਾਨੇ ਦੋ ਹੋਰ ਉਮੀਦਵਾਰ

ਚੰਡੀਗੜ੍ਹ 30 ਮਾਰਚ (ਹਰੀਸ਼ ਬਾਂਗਾਵਾਲਾ) ਪੰਜਾਬੀ ਗਾਇਕ ਜੱਸੀ ਜਸਰਾਜ ਸੰਗਰੂਰ ਲੋਕ ਸਭਾ ਸੀਟ ਤੋਂ ਲੋਕ ਇਨਸਾਫ ਪਾਰਟੀ ਦੇ ਉਮੀਦਵਾਰ ਹੋਣਗੇ। ਪੰਜਾਬ ਡੈਮੋਕ੍ਰੈਟਿਕ ਅਲਾਇੰਸ ਦੀ ਪ੍ਰੈਸ ਕਾਨਫਰੰਸ ਦੌਰਾਨ ਲੁਧਿਆਣਾ ਤੋਂ ਵਿਧਾਇਕ ਅਤੇ ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਸਿਮਰਜੀਤ ਬੈਂਸ ਨੇ ਇਹ ਐਲਾਨ ਕੀਤਾ। ਜੱਸੀ ਜਸਰਾਜ ਨੇ ਪਹਿਲਾਂ ਆਮ ਆਦਮੀ ਪਾਰਟੀ ਦੀ ਟਿਕਟ ਤੋਂ ਬਠਿੰਡਾ ਤੋਂ ਚੋਣ ਲੜੀ ਸੀ, ਪਰ ਹਰਸਿਮਰਤ ਬਾਦਲ ਤੋਂ ਹਾਰ ਗਏ ਸਨ। ਸਾਲ 2014 ਦੀਆਂ ਚੋਣਾਂ ਵਿੱਚ ਜੱਸੀ ਜਸਰਾਜ ਨੇ 87,901 ਵੋਟਾਂ ਹਾਸਲ ਕੀਤੀਆਂ ਸਨ। ਜਸਰਾਜ ਆਪ ਤਾਂ ਨਹੀਂ ਸੀ ਜਿੱਤੇ ਪਰ ਮਨਪ੍ਰੀਤ ਬਾਦਲ ਦੀਆਂ ਬੇੜੀਆਂ 'ਚ ਵੱਟੇ ਜ਼ਰੂਰ ਪਾ ਗਏ ਸਨ ਜਿਨ੍ਹਾਂ ਨੂੰ 4.95 ਲੱਖ ਵੋਟਾਂ ਪਈਆਂ ਸਨ ਅਤੇ ਉਹ ਹਰਸਿਮਰਤ ਬਾਦਲ ਤੋਂ 19 ਕੁ ਹਜ਼ਾਰ ਵੋਟਾਂ ਦੇ ਫਰਕ ਤੋਂ ਹਾਰੇ ਸਨ।

ਪਰ ਹੁਣ ਜਸਰਾਜ ਆਮ ਆਦਮੀ ਪਾਰਟੀ ਦਾ ਹਿੱਸਾ ਨਹੀਂ ਹਨ ਪਰ ਸੰਗਰੂਰ ਲੋਕ ਸਭਾ ਸੀਟ ਤੋਂ 'ਆਪ' ਦੇ ਪੰਜਾਬ ਪ੍ਰਧਾਨ ਤੇ ਮੌਜੂਦਾ ਐਮਪੀ ਭਗਵੰਤ ਮਾਨ ਨੂੰ ਟੱਕਰਨਗੇ। ਕਿਆਸ ਹਨ ਕਿ ਸ਼੍ਰੋਮਣੀ ਅਕਾਲੀ ਦਲ ਤੋਂ ਪਰਮਿੰਦਰ ਢੀਂਡਸਾ ਉਮੀਦਵਾਰ ਹੋ ਸਕਦੇ ਹਨ। ਹੁਣ ਜੱਸੀ ਜਸਰਾਜ ਵੀ ਉੱਥੇ ਆਣ ਪਹੁੰਚੇ ਹਨ ਤੇ ਮੁਕਾਬਲਾ ਰੌਚਕ ਹੋਵੇਗਾ।

ਪੰਜਾਬ ਡੈਮੋਕ੍ਰੇਟਿਕ ਅਲਾਇੰਸ ਨੇ ਹੰਸ ਰਾਜ ਗੋਲਡਨ ਨੂੰ ਫਿਰੋਜ਼ਪੁਰ ਸੀਟ ਤੋਂ ਉਮੀਦਵਾਰ ਐਲਾਨਿਆ ਹੈ। ਹੰਸ ਰਾਜ ਗੋਲਡਨ ਸੀ. ਪੀ. ਆਈ. (ਕਮਿਊਨਿਸਟ ਪਾਰਟੀ ਆਫ ਇੰਡੀਆ) ਵਲੋਂ ਚੋਣ ਲੜਨਗੇ। ਇਸ ਗੱਲ ਦਾ ਐਲਾਨ ਚੰਡੀਗੜ੍ਹ ਵਿਖੇ ਪੰਜਾਬ ਡੈਮੋਕ੍ਰੇਟਿਕ ਅਲਾਇੰਸ ਦੇ ਲੀਡਰਾਂ ਨੇ ਮੀਟਿੰਗ ਦੌਰਾਨ ਕੀਤਾ। ਇਸ ਤੋਂ ਇਲਾਵਾ ਜਮਹੂਰੀ ਗਠਜੋੜ ਵਲੋਂ ਆਮ ਆਦਮੀ ਪਾਰਟੀ ਦੇ ਸਾਬਕਾ ਲੀਡਰ ਜੱਸੀ ਜਸਰਾਜ ਨੂੰ ਸੰਗਰੂਰ ਤੋਂ ਉਮੀਦਵਾਰ ਐਲਾਨਿਆ ਗਿਆ ਹੈ। ਜੱਸੀ ਜਸਰਾਜ ਲੋਕ ਇਨਸਾਫ ਪਾਰਟੀ ਦੇ ਬੈਨਰ ਹੇਠ ਚੋਣ ਲੜਨਗੇ। 

ਫਿਲਹਾਲ ਫਿਰੋਜ਼ਪੁਰ ਸੀਟ 'ਤੇ ਅਜੇ ਤਕ ਕਿਸੇ ਵੀ ਪਾਰਟੀ ਵਲੋਂ ਆਪਣੇ ਉਮੀਦਵਾਰ ਦੇ ਨਾਂ ਦਾ ਐਲਾਨ ਨਹੀਂ ਕੀਤਾ ਗਿਆ ਹੈ। ਕਾਂਗਰਸ ਵਲੋਂ ਸ਼ੇਰ ਸਿੰਘ ਘੁਬਾਇਆ ਦੇ ਨਾਂ 'ਤੇ ਚਰਚਾ ਕੀਤੀ ਜਾ ਰਹੀ ਹੈ ਜਦਕਿ ਅਕਾਲੀ ਦਲ ਵਲੋਂ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਨੂੰ ਫਿਰੋਜ਼ਪੁਰ ਸੀਟ 'ਤੇ ਉਤਾਰਨ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ।

Unusual
Politics
Election 2019
bhagwant mann
Jassi Jasraj

International