ਖਾਲਸਈ ਰੋਸ ਮਾਰਚ ਬਰਗਾੜੀ,ਜਵਾਹਰ ਸਿੰਘ ਵਾਲਾ ਤੋ ਹੁੰਦਾ ਹੋਇਆਂ ਬਹਿਬਲ ਕਲਾਂ ਪੁੱਜਾ

ਬਹਿਬਲ ਕਲਾਂ ਵਿਖੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੇ ਭੋਗ ਪਾਏ

ਫਰੀਦਕੋਟ, 17 ਅਪ੍ਰੈਲ (ਜਗਦੀਸ਼ ਬਾਂਬਾ) : ਸਰਬੱਤ ਖਾਲਸਾ ਵੱਲੋਂ ਥਾਪੇ ਗਏ ਭਾਈ ਜਗਤਾਰ ਸਿੰਘ ਹਵਾਰਾ,ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਪ੍ਰਸਤੀ ਹੇਠ ਬਣੀ 21 ਮੈਂਬਰੀ ਕਮੇਟੀ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਲਈ ਪੰਜਾਬ ਦੀ ਵੱਖ-ਵੱਖ ਜੇਲ੍ਹਾਂ ਦੇ ਬਾਹਰ ਰੋਸ਼ ਧਰਨੇ ਦੇਣ ਬਾਦ ਬਰਗਾੜੀ ਇਨਸਾਫ਼ ਮੋਰਚੇ ਦਾ ਅਗਲਾ ਪੜਾਅ ਸ਼ੁਰੂ ਕਰਦਿਆਂ ਹੋਇਆਂ। ਅੱਜ ਗੁਰਦੁਆਰਾ ਟਿੱਬੀ ਸਾਹਿਬ ਪਾਤਸ਼ਾਹੀ 10 ਵੀ, ਬਹਿਬਲ ਕਲਾਂ ,ਜ਼ਿਲ੍ਹਾ ਫ਼ਰੀਦਕੋਟ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠ ਦੇ ਭੋਗ ਪਾਏ ਗਏ। ਕਮੇਟੀ ਮੈਂਬਰ ਪ੍ਰੋਫੈਸਰ ਬਲਜਿੰਦਰ ਸਿੰਘ ਅਤੇ ਭਾਈ ਨਰੈਣ ਸਿੰਘ ਚੌੜਾ ਨੇ ਦੱਸਿਆ ਕਿ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਤੋਂ ਬਹਿਬਲ ਕਲਾਂ ਤੱਕ ਸਿੱਖ ਸੰਗਤਾਂ ਵੱਲੋਂ ਰੋਸ ਮਾਰਚ ਕੱਢਿਆ ਗਿਆ। ਇਹ ਰੋਸ ਮਾਰਚ ਸਵੇਰੇ  9 ਵਜੇ ਆਰੰਭ ਹੋਇਆਂ ਜੋ ਕਿ ਬਰਗਾੜੀ ਹੁੰਦਾ ਹੋਇਆਂ ਬਹਿਬਲ ਕਲਾਂ ਵਿਖੇ ਪੁੱਜਿਆਂ। ਇਸ ਮਾਰਚ ਵਿੱਚ ਸੰਗਤਾਂ ਖਾਲਸਾਈ ਦਸਤਾਰਾਂ ਅਤੇ ਦੁਪੱਟਿਆਂ ਨੂੰ ਸਜ਼ਾ ਕੇ ਆਪਣੇ ਸਕੂਟਰਾਂ, ਕਾਰਾਂ, ਟਰੈਕਟਰਾਂ ਅਤੇ ਹੋਰ ਸਾਧਨਾਂ ਰਾਹੀਂ  ਸ਼ਾਮਿਲ ਹੋਈਆਂ।  

ਭੋਗ ਉਪਰੰਤ ਗੁਰਦੁਆਰਾ ਸਾਹਿਬ ਵਿਖੇ ਬਾਅਦ ਦੁਪਹਿਰ ਤੱਕ ਧਾਰਮਿਕ ਦੀਵਾਨ ਸਜਾਏ ਗਏ। ਜਿਸ ਵਿੱਚ ਪੰਥ ਦੀਆਂ ਵੱਖ ਵੱਖ ਜਥੇਬੰਦੀਆਂ ਦੇ ਆਗੂਆਂ ਨੇ ਆਪਣੇ ਵਿਚਾਰਾਂ ਦੀ ਸਾਂਝ ਸੰਗਤਾਂ ਦੇ ਨਾਲ ਪਾਈ। ਇਸ ਤੋਂ ਉਪਰੰਤ ਰੋਸ ਮਾਰਚ 'ਚ ਸ਼ਾਮਿਲ ਹੋਏ ਆਗੂਆਂ ਨੇ ਸੰਗਤਾਂ ਨੂੰ ਸੰਬੋਧਨ ਕਰਦਿਆ ਕਿਹਾ ਕਿ ਬਰਗਾੜੀ ਮੋਰਚੇ ਦੀ ਬਦੌਲਤ ਹੀ ਬਹੁਤ ਸਾਰੀਆਂ ਮੰਗਾਂ ਸਰਕਾਰ ਤੋਂ ਮੰਨਵਾਈਆਂ ਗਈਆਂ ਪਰੰਤੂ ਬਾਕੀ ਰਹਿੰਦੀਆਂ ਮੰਗਾਂ ਵੀ ਪੂਰੀਆਂ ਨਾ ਹੋਣ ਤੱਕ ਸੰਘਰਸ਼ ਜਾਰੀ ਰਹੇਗਾ। ਸਿੱਖ ਆਗੂਆਂ ਨੇ ਪੰਜਾਬ ਸਰਕਾਰ ਨੂੰ ਜੋਰ ਦੇ ਕੇ ਕਿਹਾ ਕਿ ਸਿੱਟ ਟੀਮ ਦੇ ਮੈਂਬਰ ਕੰਵਰ ਵਿਜੈ ਪ੍ਰਤਾਪ ਸਿੰਘ ਨੂੰ ਤੁਰੰਤ ਵਾਪਸ ਬੁਲਾਇਆ ਜਾਵੇ। ਇਸ ਤੋਂ ਇਲਾਵਾ ਪਿਛਲੇ ਸਮੇਂ ਪੰਜਾਬ 'ਚ ਵਾਪਰੀਆਂ ਬੇਅਦਬੀ ਦੀ ਘਟਨਾਵਾਂ ਦੇ ਸਮੂਹ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ  ਸਜ਼ਾਵਾਂ ਦਿੱਤੀਆਂ ਜਾਣ।

ਇਸ ਮੌਕੇ ਉਹਨਾਂ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਮੁੱਖ ਦੋਸ਼ੀ ਗੁਰਮੀਤ ਰਾਮ ਰਹੀਮ ਨੂੰ ਬੇਅਦਬੀ ਦੇ ਦੋਸ਼ ਹੇਠ ਗ੍ਰਿਫ਼ਤਾਰ ਕਰਵਾਉਣਾ, ਬਹਿਬਲ ਕਲਾਂ ਗੋਲੀਕਾਂਡ ਦੇ ਦੋਸ਼ੀਆਂ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਉਸ ਦੇ ਪੁੱਤਰ ਸੁਖਬੀਰ ਬਾਦਲ ਅਤੇ ਸਾਬਕਾ ਡੀਜੀਪੀ ਸਮੇਧ ਸੈਣੀ ਨੂੰ ਗ੍ਰਿਫਤਾਰ ਕਰਵਾਉਣਾ, ਨਕੋਦਰ ਕਾਂਡ ਅਤੇ ਮੌੜ ਬੰਬ ਕਾਂਡ ਦੇ ਦੋਸ਼ੀਆਂ ਖਿਲਾਫ਼ ਕਾਰਵਾਈ ਕਰਵਾਉਣਾ ਅਤੇ ਸਜ਼ਾ ਪੂਰੀ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਕਰਵਾਉਣਾ ਬਰਗਾੜੀ ਇਨਸਾਫ਼ ਮੋਰਚੇ ਦੇ ਦੂਜੇ ਪੜਾਅ ਦੀਆਂ ਮੁੱਖ ਮੰਗਾਂ ਹਨ। ਇਸ ਮੌਕੇ ਸਿੱਖ ਆਗੂ ,ਸਿੱਖ ਸੰਗਤਾਂ ਪੂਰੇ ਉਤਸ਼ਾਹ ਨਾਲ ਰੋਸ ਮਾਰਚ ਵਿਚ ਸ਼ਾਮਿਲ ਹੋਈਆਂ।

Unusual
Behbal Kalan firing
Sikhs
bargari

International