ਬਾਦਲਾਂ ਨੂੰ ਮਣ-ਮਣ ਦੀਆਂ ਗਾਲ੍ਹਾਂ ਕੱਢਣ ਵਾਲੀ ਅਵਾਜ਼ ਹੋਈ ਬਾਦਲ ਭਗਤ

ਬਾਦਲ ਪਰਿਵਾਰ ਨੇ ਜਗਮੀਤ ਸਿੰਘ ਬਰਾੜ ਨੂੰ ਉਹਨਾਂ ਦੇ ਘਰ ਆ ਕੇ ਸ਼੍ਰੋਮਣੀ ਅਕਾਲੀ ਦਲ ਵਿੱਚ ਕੀਤਾ ਸ਼ਾਮਿਲ-ਸੁਖਬੀਰ ਬਾਦਲ ਨੇ ਬਿੱਲਾ ਲਾ ਕੇ ਬਣਾਇਆ ਪੱਕਾ ਅਕਾਲੀ
ਸ੍ਰੀ ਮੁਕਤਸਰ ਸਾਹਿਬ/ਮੰਡੀ ਬਰੀਵਾਲਾ, 19 ਅਪ੍ਰੈਲ (ਸੁਰਿੰਦਰ ਚੱਠਾ)-ਅਵਾਜ਼-ਏ-ਪੰਜਾਬ ਦੇ ਨਾਮ ਨਾਲ ਜਾਣੇ ਜਾਂਦੇ ਤੇਜ਼ ਤਰਾਰ ਆਗੂ ਜਗਮੀਤ ਸਿੰਘ ਬਰਾੜ ਨੇ ਅੱਜ ਸ਼੍ਰੋਮਣੀ ਅਕਾਲੀ ਦਲ ਦਾ ਪੱਲਾ ਫੜ ਲਿਆ। ਉਹਨਾਂ ਨੂੰ ਪਾਰਟੀ ਵਿੱਚ ਸ਼ਾਮਿਲ ਕਰਨ ਲਈ ਖੁਦ ਸ੍ਰ. ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ, ਬੀਬਾ ਹਰਸਿਮਰਤ ਕੌਰ ਬਾਦਲ ਅਤੇ ਬਿਕਰਮਜੀਤ ਸਿੰਘ ਮਜੀਠੀਆ ਜਗਮੀਤ ਸਿੰਘ ਬਰਾੜ ਦੇ ਗ੍ਰਹਿ ਵਿਖੇ ਪਧਾਰੇ। ਜਗਮੀਤ ਸਿੰਘ ਬਰਾੜ ਨੇ ਆਪਣੇ ਵਫਾਦਾਰ ਸਾਥੀਆਂ ਨੂੰ ਵੀ ਆਪਣੇ ਘਰ ਵਿਖੇ ਬੁਲਾਇਆ ਹੋਇਆ ਸੀ , ਜਿਨ੍ਹਾ ਨੇ ਜਗਮੀਤ ਬਰਾੜ ਦੇ ਨਾਲ ਹੀ ਸ਼੍ਰੋਮਣੀ ਅਕਾਲੀ ਦਲ ਜੁਆਇੰਨ ਕੀਤਾ। ਇੱਕ ਸਾਦਾ ਸਮਾਗਮ ਵਿੱਚ ਸ੍ਰ.ਪ੍ਰਕਾਸ਼ ਸਿੰਘ ਬਾਦਲ ਵਲੋਂ ਸਿਰੋਪਾ ਪਾ ਕੇ ਸ੍ਰ. ਬਰਾੜ ਨੂੰ ਪਾਰਟੀ ਵਿੱਚ ਜੀ ਆਇਆਂ ਕਿਹਾ ਜਦਕਿ ਸੁਖਬੀਰ ਸਿੰਘ ਬਾਦਲ ਨੇ ਪਾਰਟੀ ਦਾ ਬਿੱਲਾ 'ਮੈਨੂੰ ਮਾਣ ਅਕਾਲੀ ਹੋਣ ਤੇ' ਲਾ ਕੇ ਜਗਮੀਤ ਸਿੰਘ ਬਰਾੜ ਨੂੰ ਪੱਕਾ ਅਕਾਲੀ ਬਣਾ ਦਿੱਤਾ।ਇਸ ਸਮਾਗਮ ਵਿੱਚ ਹਾਜ਼ਰ ਵਰਕਰਾਂ ਨੂੰ ਸੰਬੋਧਨ ਕਰਦਿਆਂ ਬੀਬਾ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਮੈਂ ਜਗਮੀਤ ਸਿੰਘ ਬਰਾੜ ਨੂੰ ਉਸ ਸਮੇਂ ਤੋਂ ਜਾਣਦੀ ਹਾਂ, ਜਦੋਂ ਇਨ੍ਹਾਂ ਨੇ ਸੁਖਬੀਰ ਬਾਦਲ ਖਿਲਾਫ ਲੋਕ ਸਭਾ ਹਲਕਾ ਫਰੀਦਕੋਟ ਤੋਂ ਚੋਣ ਲੜੀ ਸੀ।

ਇਨ੍ਹਾਂ ਦੇ ਪ੍ਰਚਾਰ ਕਰਨ ਦੇ ਤਰੀਕੇ ਅਤੇ ਮਿਹਨਤ ਤੋਂ ਮੈਂ ਉਸ ਸਮੇਂ ਵੀ ਪ੍ਰਭਾਵਿਤ ਹੋਈ ਸੀ। ਉਹਨਾਂ ਕਿਹਾ ਕਿ ਜਗਮੀਤ ਬਰਾੜ ਵਾਹਿਦ ਲੀਡਰ ਹੈ, ਜਿਸ ਤੋਂ ਬਾਦਲ ਪਰਿਵਾਰ ਵੀ ਘਬਰਾਉਂਦਾ ਸੀ। ਸੁਖਬੀਰ ਸਿੰਘ ਬਾਦਲ ਨੇ ਜਗਮੀਤ ਬਰਾੜ ਨੂੰ ਪਾਰਟੀ ਵਿੱਚ ਜੀ ਆਇਆਂ ਕਹਿੰਦਿਆਂ ਕਿਹਾ ਕਿ ਮੈਂ ਜਗਮੀਤ ਬਰਾੜ ਦੀ ਸ਼ਖਸ਼ੀਅਤ ਤੋਂ ਹਮੇਸ਼ਾਂ ਪ੍ਰਭਾਵਿਤ ਰਿਹਾ ਹਾਂ। ਭਾਵੇਂ ਅਸੀਂ ਵੱਖ ਵੱਖ ਪਾਰਟੀਆਂ ਵਿੱਚ ਕੰਮ ਕਰਦੇ ਸੀ ਪਰ ਮੈਨੂੰ ਜਗਮੀਤ ਬਰਾੜ ਤੋਂ ਬਹੁਤ ਕੁਛ ਸਿਖਣ ਨੂੰ ਮਿਲਿਆ ਹੈ। ਉਹਨਾਂ ਕਿਹਾ ਕਿ ਜਗਮੀਤ ਬਰਾੜ ਅਤੇ ਉਹਨਾਂ ਦੇ ਪਰਿਵਾਰ ਨੂੰ ਹਮੇਸ਼ਾ ਆਪਣੇ ਪਰਿਵਾਰ ਵਾਂਗ ਮਾਣ ਸਤਿਕਾਰ ਦੇਣਗੇ। ਉਹਨਾਂ ਕਿਹਾ ਕਿ ਉਹਨਾਂ ਦੇ ਨਾਲ ਸ਼ਾਮਿਲ ਹੋਏ ਹਰ ਵਰਕਰ ਨੂੰ ਪੂਰਾ ਮਾਣ ਸਨਮਾਨ ਦਿੱਤਾ ਜਾਵੇਗਾ। ਸ੍ਰ . ਪ੍ਰਕਾਸ਼ ਸਿੰਘ ਬਾਦਲ ਨੇ ਆਪਣੇ ਸੰਬੋਧਨ ਵਿੱਚ ਸ੍ਰ. ਜਗਮੀਤ ਸਿੰਘ ਬਰਾੜ ਦੇ ਪਿਤਾ ਸ੍ਰ. ਗੁਰਮੀਤ ਸਿੰਘ ਬਰਾੜ ਦਾ ਜਿਕਰ ਕਰਦਿਆਂ ਕਿਹਾ ਕਿ ਅਸੀਂ ਦੋਹਾਂ ਨੇ ਲੰਮਾ ਸਮਾਂ ਇਕੱਠਿਆਂ ਕੰਮ ਕੀਤਾ ਹੈ। ਗੁਰਮੀਤ ਸਿੰਘ ਬਰਾੜ ਬਹੁਤ ਹੀ ਦਲੇਰ ਅਤੇ ਸੁਲਝੇ ਹੋਏ ਸਿਆਸਤਦਾਨ ਸਨ। ਉਹਨਾਂ ਕਿਹਾ ਕਿ ਜੇਕਰ ਗੁਰਮੀਤ ਸਿੰਘ ਬਰਾੜ ਦੀ ਬੇਵਕਤੀ ਮੌਤ ਨਾ ਹੁੰਦੀ ਤਾਂ ਉਹਨਾਂ ਨੇ ਮੁੱਖ ਮੰਤਰੀ ਜਰੂਰ ਬਣ ਜਾਣਾ ਸੀ। ਉਹਨਾਂ ਕਿਹਾ ਕਿ ਕਾਂਗਰਸ ਕਿਸੇ ਦੀ ਸਕੀ ਨਹੀਂ ਹੈ। ਕਾਂਗਰਸ ਨੇ ਜਗਮੀਤ ਬਰਾੜ ਵਰਗੇ ਸੁਝਵਾਨ ਨੇਤਾ ਦੀ ਕਦਰ ਨਹੀਂ ਕੀਤੀ ਅਤੇ ਉਸ ਨਾਲ ਹਮੇਸ਼ਾਂ ਵਿਤਕਰੇਬਾਜੀ ਕੀਤੀ। ਉਹਨਾਂ ਇਹ ਵੀ ਕਿਹਾ ਕਿ ਕਾਂਗਰਸ ਹਾਈਕਮਾਨ ਨੇ ਜਾਣਬੁੱਝ ਕੇ ਜਗਮੀਤ ਬਰਾੜ ਨੂੰ ਇਗਨੋਰ ਕੀਤਾ।

ਉਹਨਾਂ ਕਿਹਾ ਕਿ ਸ੍ਰ. ਬਰਾੜ ਨੂੰ ਪਹਿਲਾਂ ਹੀ ਅਕਾਲੀ ਦਲ ਵਿੱਚ ਆ ਜਾਣਾ ਚਾਹੀਦਾ ਸੀ ਕਿਉਕਿ ਮਿਹਨਤੀ ਅਤੇ ਸਮਰੱਥ ਲੋਕਾਂ ਲਈ ਪਾਰਟੀ ਦੇ ਦਰਵਾਜੇ ਹਮੇਸ਼ਾਂ ਖੁੱਲੇ ਹਨ। ਉਹਨਾਂ ਨੇ ਪੁਰਾਣੇ ਸਮੇਂ ਦੀਆਂ ਯਾਦਾਂ ਵਰਕਰਾਂ ਨਾਲ ਸਾਂਝੀਆਂ ਕੀਤੀਆਂ। ਉਹਨਾਂ ਕਿਹਾ ਕਿ ਜਿਸ ਤਰ੍ਹਾਂ ਉਹ ਸੁਖਬੀਰ ਅਤੇ ਮਜੀਠੀਆ ਨੂੰ ਸਮਝਦੇ ਹਨ , ਉਸੇ ਤਰ੍ਹਾਂ ਜਗਮੀਤ ਬਰਾੜ ਨੂੰ ਵੀ ਸਮਝਿਆ ਜਾਵੇਗਾ ਕਿਉਕਿ ਜਗਮੀਤ ਸਿੰਘ ਬਰਾੜ ਦੇ ਪਰਿਵਾਰ ਨਾਲ ਸਾਡੇ ਪੁਰਾਣੇ ਰਿਸਤੇ ਹਨ । ਇਸ ਲਈ ਜਗਮੀਤ ਬਰਾੜ ਅਤੇ ਉਹਨਾਂ ਦਾ ਪਰਿਵਾਰ ਵੀ ਸਾਡੇ ਲਈ ਸਤਿਕਾਰਯੋਗ ਹੈ। ਜਗਮੀਤ ਬਰਾੜ ਦੀ ਘਰ ਵਾਪਸੀ ਤੇ ਖੁਸ਼ੀ ਜਾਹਿਰ ਕਰਦਿਆਂ ਸ੍ਰ. ਬਾਦਲ ਨੇ ਕਿਹਾ ਕਿ ਅੱਜ ਉਹ ਬਹੁਤ ਖੁਸ਼ ਹਨ। ਕਾਂਗਰਸ ਨੂੰ ਟੱਕਰ ਦੇਣ ਲਈ ਇਸ ਇਲਾਕੇ ਵਿੱਚੋਂ ਸਾਨੂੰ ਸ੍ਰ. ਬਰਾੜ ਵਰਗਾ ਲੀਡਰ ਮਿਲਿਆ ਹੈ , ਹੁਣ ਸ੍ਰ. ਬਰਾੜ ਵਿਰੋਧੀਆਂ ਨੂੰ ਮੂੰਹ ਤੋੜਵਾਂ ਜਵਾਬ ਦੇਣਗੇ। ਜਿਕਰਯੋਗ ਹੈ ਕਿ ਇਹ ਚਰਚਾ ਕੱਲ੍ਹ ਤੋਂ ਹੀ ਚੱਲ ਰਹੀ ਸੀ ਕਿ ਜਗਮੀਤ ਬਰਾੜ ਨੂੰ ਲੋਕ ਸਭਾ ਹਲਕਾ ਫਿਰੋਜ਼ਪੁਰ ਤੋਂ ਸ਼੍ਰੋਮਣੀ ਅਕਾਲੀ ਦਲ ਦਾ ਕੈਂਡੀਡੇਟ ਬਣਾਇਆ ਜਾ ਸਕਦਾ ਹੈ ਪਰ ਸ੍ਰ. ਬਾਦਲ ਨੇ ਆਪਣੇ ਸੁਭਾਅ ਅਨੁਸਾਰ ਪੱਤੇ ਨਹੀਂ ਖੋਲੇ। ਸ਼ਾਇਦ ਉਹਨਾਂ ਨੂੰ ਕਾਂਗਰਸ ਵਲੋਂ ਉਮੀਦਵਾਰ ਐਲਾਨੇ ਜਾਣ ਦੀ ਉਡੀਕ ਹੈ। ਦੋਹੇ ਪਾਰਟੀਆਂ ਇੱਕ ਦੂਜੇ ਦੇ ਉਮੀਦਵਾਰ ਨੂੰ ਉਡੀਕਦਿਆਂ ਸਮਾਂ ਖਰਾਬ ਕਰ ਰਹੀਆਂ ਹਨ। ਹੋ ਸਕਦਾ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਜਗਮੀਤ ਬਰਾੜ ਨੂੰ ਫਿਰੋਜਪੁਰ ਤੋਂ ਉਮੀਦਵਾਰ ਬਣਾ ਦਿੱਤਾ ਜਾਵੇ।

ਜਗਮੀਤ ਬਰਾੜ ਦਾ ਅਕਾਲੀ ਦਲ ਵਿੱਚ ਸ਼ਾਮਿਲ ਹੋਣਾ ਕਈ ਅਟਕਲਾਂ ਨੂੰ ਜਨਮ ਦੇ ਰਿਹਾ ਹੈ। ਲੋਕ ਇਨ੍ਹਾ ਦੇ ਅਕਾਲੀ ਦਲ ਵਿੱਚ ਜਾਣ ਪ੍ਰਤੀ ਵੱਖ ਵੱਖ ਰਾਏ ਰੱਖਦੇ ਹਨ ਪਰ ਅਲੋਚਨਾ ਕਰਨ ਵਾਲਿਆਂ ਦੀ ਗਿਣਤੀ ਜਿਆਦਾ ਹੈ। ਦੇਖਣਾ ਬਾਕੀ ਹੈ ਕਿ ਆਉਣ ਵਾਲੇ ਸਮੇਂ ਵਿੱਚ ਜਗਮੀਤ ਬਰਾੜ ਆਪਣੇ ਧੁੰਦਲੇ ਹੋ ਚੁੱਕੇ ਅਕਸ ਨੂੰ ਕਿਵੇਂ ਨਿਖਾਰਦੇ ਹਨ ਅਤੇ ਪਾਰਟੀ ਦੇ ਪੁਰਾਣੇ ਆਗੂਆਂ ਅਤੇ ਵਰਕਰਾਂ ਨਾਲ ਕਿਸ ਤਰ੍ਹਾਂ ਦਾ ਤਾਲਮੇਲ ਰੱਖਦੇ ਹਨ। ਸਥਾਨਕ ਪੱਧਰ ਤੇ ਬੈਠੇ ਆਗੂਆਂ ਨੂੰ ਜਗਮੀਤ ਬਰਾੜ ਦੀ ਆਮਦ ਜਰੂਰ ਖਟਕਦੀ ਹੋਵੇਗੀ ਪਰ ਬਾਦਲਾਂ ਤੋਂ ਡਰਦੇ ਆਪਣਾ ਮੂੰਹ ਨਹੀਂ ਖੋਲ ਰਹੇ ਪਰ ਉਹਨਾਂ ਦੇ ਚਿਹਰੇ ਚੁਗਲੀ ਕਰ ਰਹੇ ਹਨ। ਜਗਮੀਤ ਬਰਾੜ ਨੂੰ ਇਸ ਵਾਰ ਕਈ ਮੋਰਚਿਆਂ ਤੇ ਲੜਾਈ ਲੜਨੀ ਹੋਵੇਗੀ। ਵਿਰੋਧੀ ਧਿਰਾਂ ਦੇ ਸਿਆਸੀ ਵਾਰਾਂ ਨੂੰ ਸਹਿੰਦੇ ਹੋਏ ਅੰਦਰੂਨੀ ਵਾਰਾਂ ਤੋਂ ਵੀ ਬਚਣਾ ਹੋਵੇਗਾ ਤਾਂ ਹੀ ਇਸ ਪਾਰਟੀ ਵਿੱਚ ਪੈਰ ਜੰਮ ਸਕਣਗੇ। ਆਉਣ ਵਾਲਾ ਸਮਾਂ ਸਾਰੇ ਸਵਾਲਾਂ ਦੇ ਜਵਾਬ ਦੇ ਹੀ ਦੇਵੇਗਾ। ਇਸ ਮੌਕੇ ਰਿਪੀਜੀਤ ਸਿੰਘ ਬਰਾੜ, ਬੇਗਮ ਨੁਸਰਤ ਮਲੇਰਕੋਟਲਾ, ਰੋਜ਼ੀ ਬਰਕੰਦੀ, ਮਨਤਾਰ ਸਿੰਘ ਬਰਾੜ, ਡਿੰਪੀ ਢਿੱਲੋਂ, ਹਰਪ੍ਰੀਤ ਸਿੰਘ ਕੋਟਭਾਈ, ਕੁਲਦੀਪ ਸਿੰਘ ਭੰਗੇਵਾਲਾ, ਨਵਤੇਜ਼ ਕਾਉਣੀ, ਮਨਜਿੰਦਰ ਸਿੰਘ ਬਿੱਟੂ, ਹੀਰਾ ਸਿੰਘ ਚੜੇਵਾਨ, ਹਰਪਾਲ ਬੇਦੀ, ਚਰਨਜੀਤ ਸਿੰਘ ਸੱਕਾਂਵਾਲੀ ਸਰਪੰਚ, ਮਾਸਟਰ ਰਿਖੀ ਰਾਮ, ਨੋਨੀ ਮਾਨ, ਸ਼ਮਿੰਦਰ ਸਿੰਘ ਬਾਂਮ, ਬੰਟੀ ਰੁਪਾਣਾ, ਪਰਮਿੰਦਰ ਸਿੰਘ ਪਾਸ਼ਾ, ਬਲਜੀਤ ਸਿੰਘ ਭੁੱਟੀਵਾਲਾ, ਦੀਪਕ ਤੇਜਾ, ਅੰਗਰੇਜ਼ ਬਰਾੜ ਝੋਕ, ਸੁਖਪਾਲ ਸਿੰਘ ਸੰਧੂ ਸੱਕਾਂਵਾਲੀ, ਸੰਤ ਸਿੰਘ ਘੱਗਾ ਜਿਲ੍ਹਾ ਪਟਿਆਲਾ, ਹਰਫੂਲ ਸਿੰਘ ਸਿੰਘ ਹਰੀਕੇ ਕਾਲਾ, ਸਾਧੂ ਸਿੰਘ ਸੇਖੋਂ ਤਰਸੇਮ ਸਿੰਘ ਬਾਜਾ ਮਰਾੜ ਅਤੇ ਹਰਕੇਵਲ ਸਿੰਘ ਹਰੀਕੇ ਕਲਾ ਆਦਿ ਆਗੂ ਹਾਜ਼ਰ ਸਨ।  

ਕਾਂਗਰਸ 'ਚ ਸ਼ਾਮਿਲ ਹੋਣ ਲਈ ਜਗਮੀਤ ਬਰਾੜ ਕੱਢਦਾ ਰਿਹਾ ਹਾੜ੍ਹੇ : ਕੈਪਟਨ

ਚੰਡੀਗੜ੍ਹ 19 ਅਪ੍ਰੈਲ (ਏਜੰਸੀਆਂ) : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਕੋਲ ਬਾਦਲਾਂ ਨੂੰ ਟਿਕਾਣੇ ਲਾਉਣ ਦੀ ਪੇਸ਼ਕਸ਼ ਕਰਨ ਵਾਲੇ ਜਗਮੀਤ ਬਰਾੜ ਨੇ ਖ਼ੁਦ ਨੂੰ ਬਾਦਲਾਂ ਦੇ ਪੈਰੀਂ ਸੁੱਟ ਦਿੱਤਾ ਹੈ। ਕੈਪਟਨ ਨੇ ਬਰਾੜ ਵੱਲੋਂ ਉਨ੍ਹਾਂ ਨੂੰ ਵ੍ਹੱਟਸਐਪ ਰਾਹੀਂ ਭੇਜੇ ਸੁਨੇਹੇ ਵੀ ਜਾਰੀ ਕੀਤੇ ਜਿਸ ਵਿੱਚ ਉਹ ਕਾਂਗਰਸ ਵਿੱਚ ਸ਼ਾਮਲ ਹੋਣ ਲਈ ਉਤਾਵਲੇ ਹੁੰਦੇ ਦਿਖਾਈ ਦੇ ਰਹੇ ਹਨ।ਕੈਪਟਨ ਵੱਲੋਂ ਜਾਰੀ ਸੁਨੇਹਿਆਂ ਵਿੱਚ ਜਗਮੀਤ ਬਰਾੜ ਕਹਿ ਰਹੇ ਹਨ ਕਿ ਜੇਕਰ ਕਾਂਗਰਸ ਉਨ੍ਹਾਂ ਨੂੰ ਪਾਰਟੀ ਵਿੱਚ ਵਾਪਸ ਲੈਂਦੀ ਹੈ ਤਾਂ ਉਹ ਬਾਦਲਾਂ ਨੂੰ ਟਿਕਾਣੇ ਲਾਉਣਗੇ।

ਉਨ੍ਹਾਂ ਮੰਤਰੀ ਨਵਜੋਤ ਸਿੱਧੂ ਨੂੰ ਕੌਮੀ ਪੱਧਰ 'ਤੇ ਚੋਣ ਪ੍ਰਚਾਰ ਵਿੱਚ ਰੁੱਝੇ ਰਹਿਣ ਦੀ ਗੱਲ ਕਰਦਿਆਂ ਕਿਹਾ ਕਿ ਉਹ ਕੈਪਟਨ ਨੂੰ ਮਜ਼ਬੂਤ ਕਰਨ ਦਾ ਕੰਮ ਕਰਨਗੇ। ਜਗਮੀਤ ਨੇ ਕਾਂਗਰਸ ਨੂੰ ਇਹ ਵੀ ਕਿਹਾ ਕਿ ਜੇਕਰ ਪਾਰਟੀ ਨੂੰ ਬਠਿੰਡਾ ਤੋਂ ਮਜ਼ਬੂਤ ਸਿੱਖ ਚਿਹਰਾ ਨਹੀਂ ਮਿਲ ਰਿਹਾ ਤਾਂ ਉਹ ਉੱਥੋਂ ਚੋਣ ਲੜਨ ਲਈ ਵੀ ਤਿਆਰ ਹੈ। ਮੁੱਖ ਮੰਤਰੀ ਨੇ ਜਗਮੀਤ ਬਰਾੜ ਬਾਰੇ ਕਿਹਾ ਕਿ ਉਹ ਸਿਆਸਤ ਵਿੱਚ ਆਉਣ ਲਈ ਇੰਨੇ ਕਾਹਲੇ ਸਨ ਕਿ ਕਿਸੇ ਵੀ ਢੰਗ ਨਾਲ ਇਸ ਨੂੰ ਹਾਸਲ ਕਰਨਾ ਚਾਹੁੰਦੇ ਸਨ। ਕੈਪਟਨ ਨੇ ਕਿਹਾ ਕਿ ਅਜਿਹੇ ਮੌਕਾਪ੍ਰਸਤ ਲੋਕਾਂ ਲਈ ਕਾਂਗਰਸ ਵਿੱਚ ਕੋਈ ਥਾਂ ਵੀ ਨਹੀਂ।

Unusual
Jagmeet Singh Brar
Shiromani Akali Dal
Punjab Politics

International