ਸ੍ਰੀ ਗੁਰੁੂ ਗ੍ਰੰਥ ਸਾਹਿਬ, ਸਿੱਖਾਂ ਦਾ ਸੰਵਿਧਾਨ ਹੈ...

ਜਸਪਾਲ ਸਿੰਘ ਹੇਰਾਂ

ਜਿਹੜਾ ਸਿੱਖ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਆਪਣਾ ਇਸ਼ਟ, ਆਪਣਾ ਇਮਾਨ, ਆਪਣੇ ਜੀਵਨ ਦਾ ਮਨੋਰਥ ਨਹੀਂ ਮੰਨਦਾ ,ਕੀ ਉਸ ਨੂੰ ਸਿੱਖ ਆਖਿਆ ਜਾ ਸਕਦਾ ਹੈ? ਸਾਡੀ ਕਲਮ ਦਾ ਜਵਾਬ ਹੈ ਕਿ  ਅਜਿਹੇ ਵਿਅਕਤੀ ਨੂੰ ਦੁਸ਼ਟ, ਪਾਪੀ, ਅਕਿ੍ਰਤਘਣ, ਗ਼ਦਾਰ ਆਦਿ ਆਖਿਆ ਜਾਣਾ ਵੀ ਥੋੜਾ ਹੈ, ਪ੍ਰੰਤੂ ਸਿੱਖ ਆਖਣਾ ਤਾਂ ਪਾਪ ਹੈ। ਗੁਨਾਹ ਹੈ। ਖੰਡੂਰ ਸਾਹਿਬ ਹਲਕੇ  ਤੋਂ ਬੀਬੀ ਪਰਮਜੀਤ ਕੌਰ ਖਾਲੜਾ, ਜਿਹੜੇ ਸ਼ਹੀਦ ਜਸਵੰਤ ਸਿੰਘ ਖਾਲੜਾ ਦੇ ਧਰਮਪਤਨੀ ਹਨ, ਕੌਮੀ ਪਰਿਵਾਰ ਦੇ ਮੈਂਬਰ ਹਨ, ਉਹ ਲੋਕ ਸਭਾ ਲਈ ਚੋਣ ਲੜ ਰਹੇ ਹਨ। ਉਹ ਗੱਜ-ਵੱਜ ਕੇ ਐਲਾਨ ਕਰਦੇ ਹਨ ਕਿ ਉਹਨਾਂ ਦਾ ਚੋਣ ਮਨੋਰਥ, ਸ੍ਰੀ ਗੁਰੂੁ ਗ੍ਰੰਥ ਸਾਹਿਬ ਜੀ ਦਾ ਸੁਨੇਹਾ ਹੈ। ਸ੍ਰੀ ਗੁਰੁੂ ਗ੍ਰੰਥ ਸਾਹਿਬ ਜੀ ਦਾ ਮਨੋਰਥ ਹੈ। ਬੀਬੀ ਖਾਲੜਾ ਨੂੰ ਸਮੁੱਚੇ ਪੰਥ ਨੇ ਪੰਥਕ ਮੈਂਬਰ ਵਜੋਂ ਪ੍ਰਵਾਨ ਕਰ ਲਿਆ ਹੈ। ਅਪਨਾ ਲਿਆ ਹੈ। ਉਸ ਦੇ ਹੱਕ ਵਿੱਚ ਲਹਿਰ ਖੜੀ ਹੋਣ ਲੱਗ ਪਈ ਹੈ। ਜਿਸ ਕਾਰਨ ਬਾਦਲਕਿਆਂ ਦੇ ਢਿੱਡ ‘ਚ ਪੀੜ ਹੋਣੀ ਸੁਭਾਵਿਕ ਹੈ। ਸ਼ਾਇਦ ਸੋਚਿਆ ਵੀ ਨਹੀਂ ਜਾ ਸਕਦਾ ਕਿ ਬਾਦਲਕੇ, ਚੋਣ ਕਮਿਸ਼ਨ ਨੂੰ ਇੱਹ ਸ਼ਿਕਾਇਤ ਕਰਨਗੇ ਕਿ ਬੀਬੀ ਸ੍ਰੀ ਗੁਰੂੁ ਗ੍ਰੰਥ ਸਾਹਿਬ ਦੇ ਸੰਦੇਸ਼ ਨੂੰ ਚੋਣ ਮਨੋਰਥ ਪੱਤਰ ਵਜੋਂ ਵੇਖਦੀ ਹੈ,ਇਸ ਲਈ ਉਸ ਦੇ ਚੋਣ ਲੜਨ ‘ਤੇ ਰੋਕ ਲਾਈ ਜਾਵੇ। ਬਾਦਲ ਦਲ ਦੀ ਸ਼ਿਕਾਇਤ ‘ਤੇ ਚੋਣ ਕਮਿਸ਼ਨ ਬੀਬੀ ਖਾਲੜਾ ਨੂੰ ਨੋਟਿਸ ਜਾਰੀ ਕਰ ਦਿੰਦਾ ਹੈ। ਜਿਹੜੇ ਬਾਦਲ ਕੇ , ਸ੍ਰੀ ਗੁਰੁੂ ਗ੍ਰੰਥ ਸਾਹਿਬ ਨੂੰ ਚੋਣਾਂ ‘ਚ ਆਪਣਾ ਗੁਰੂੁ ਮੰਨਣ ਨੂੰ ਚੋਣ ਜ਼ਾਬਤੇ ਦੀ ਉਲੰਘਣਾ ਦੱਸਦੇ ਹਨ, ਉਹਨਾਂ ਬਾਰੇ ਕੀ ਫੈਸਲਾ ਲੈਣਾ ਹੈ? ਉਹ ਤਾਂ ਅਸੀਂ ਸਿੱਖ ਪੰਥ ‘ਤੇ ਹੀ ਛੱਡਦੇ ਹਾਂ ਅਤੇ ਅਸੀਂ ਸਮਝਦੇ ਹਾਂ ਕਿ ਬਾਦਲਕਿਆਂ ‘ਤੇ  ਸ੍ਰੀ ਗੁਰੁੂ ਗ੍ਰੰਥ ਸਾਹਿਬ ਕ੍ਰੋਪ ਹਨ। ਇਸ ਲਈ ਉਹ ਇੱਕ ਤੋਂ ਬਾਅਦ ਦੂਸਰਾ ਵੱਡਾ ਪਾਪ ਕਰੀ ਜਾ ਰਹੇ ਹਨ। ਕਿਉਂਕਿ ਉਹਨਾਂ ਦੀ ਬੁੱਧ ਮਲੀਨ ਹੋ ਚੁੱਕੀ ਹੈ।

ਬਾਦਲਕਿਆਂ ਨੂੰ ਸਜ਼ਾ ਦੇਣ ਦਾ ਫੈਸਲਾ ਵੀ ਲੱਗਦਾ ਹੈ  ਸ੍ਰੀ ਗੁਰੁੂ ਗ੍ਰੰਥ ਸਾਹਿਬ ਜੀ ਨੇ ਆਪਣੇ ਹੱਥ ਹੀ ਲੈ ਲਿਆ ਹੈ। ਇਸ ਲਈ ਉਹਨਾਂ ਬਾਰੇ ਹੋਰ ਕੁਝ ਲਿਖਣ ਦੀ ਥਾਂ ਅਸੀਂ ਚੋਣ ਕਮਿਸ਼ਨ ਨੂੰ ਜ਼ਰੂਰ ਪੁੱਛਣਾ ਚਾਹਾਂਗੇ ਕਿ ਜਦੋਂ ਭਾਰਤ ਦੀ ਸੁਪਰੀਮ ਕੋਰਟ ਤੱਕ ਨੇ ਸਿੱਖਾਂ ਵੱਲੋਂ ਸ੍ਰੀ ਗੁਰੁੂ ਗ੍ਰੰਥ ਸਾਹਿਬ ਨੂੰ “ਜ਼ਾਹਿਰਾ ਗੁਰੂੁ ਮੰਨਣ ਦੇ ਅਕੀਦੇ” ਨੂੰ ਪ੍ਰਵਾਨ ਕੀਤਾ ਹੋਇਆ ਹੈ। ਫਿਰ ਕੋਈ ਸਿੱਖ, ਕੋਈ ਵੀ ਕੰਮ ਕਰਨ ਲਈ ਕਿਸ ਤੋਂ ਹੁਕਮ ਲਵੇਗਾ? ਸ਼ਪੱਸ਼ਟ ਹੈ ਕਿ ਉਹ ਸ੍ਰੀ ਗੁਰੂੁ ਗ੍ਰੰਥ ਸਾਹਿਬ ਜੀ ਦੇ ਸਨਮੁੱਖ ਹੋਵੇਗਾ। ਜੇ ਉਹ ਸਿੱਖ ਇਸ ਗੱਲ ਨੂੰ ਡੰਕੇ ਦੀ ਚੋਟ ਨਾਲ ਆਖਦਾ ਹੈ ਕਿ ਮੈਂ ਗੁਰੁੂ ਦੇ ਹੁਕਮ ਅਨੁਸਾਰ ਕੰਮ ਕਰਾਂਗਾ। ਫਿਰ ਇਸ ‘ਚ ਗ਼ਲਤ ਜਾਂ ਗ਼ੈਰ ਕਾਨੂੰਨੀ ਕੀ ਹੈ? ਤੇ ਕਿਵੇਂ ਹੈ? ਸੀ ਗੁਰੁੂ ਗ੍ਰੰਥ ਸਾਹਿਬ ਜੀ ਸੱਮੁਚੀ ਮੱਨੁਖਤਾ ਦੇ ਸਾਂਝੇ ਗੁਰੂ ਹਨ। ਉਹਨਾਂ ਦਾ ਉਪਦੇਸ਼ ਚਹੰੁ ਵਰਣਾਂ ਲਈ ਸਾਂਝਾ ਹੈ। ਉਹ ਕਿਸੇ ਨੂੰ ਬੇਗ਼ਾਨਾ ਜਾਂ ਵੈਰੀ ਨਹੀਂ ਮੰਨਦੇ। ਸਮੁੱਚੀ ਲੋਕਾਈ ਨੂੰ ਪਿਆਰ ਕਰਦੇ ਹਨ। ਫਿਰ ਸ੍ਰੀ ਗੁਰੂੁ ਗ੍ਰੰਥ ਸਾਹਿਬ ਜੀ ਦਾ ਹੁਕਮ, ਇੱਕ ਪਾਸੜ ਜਾਂ ਧੜੇ ਦਾ ਕਿਵੇਂ ਹੋ ਸਕਦਾ ਹੈ ? ਹਰ ਸਿੱਖ ਉਮੀਦਵਾਰ ਨੇ ਆਪਣੀ ਟਿਕਟ ਐਲਾਨੇ ਜਾਣ ‘ਤੇ ਸਭ ਤੋਂ ਪਹਿਲਾਂ ਸ੍ਰੀ ਗੁਰੂੁ ਗ੍ਰੰਥ ਸਾਹਿਬ ਜੀ ਦਾ ਸ਼ੁਕਰਾਨਾ ਕੀਤਾ ਹੈ। ਫਿਰ ਉਹ ਵੀ ਚੋਣ ਜ਼ਾਬਤੇ ਦੀ ਉਲੰਘਣਾ ਮੰਨਿਆ ਜਾਣਾ ਚਾਹੀਦਾ ਹੈ।

ਸਾਰੇ ਸਿੱਖ ਦਸ਼ਮੇਸ਼ ਪਿਤਾ ਦੇ ਪੁੱਤ-ਧੀਆਂ ਹਨ। ਕੀ ਇਹ ਵੀ ਧਰਮ ਨਿਰਪੱਖ ਦੇਸ਼ ਦੇ ਚੋਣ ਜ਼ਾਬਤੇ ਦੀ ਉਲੰਘਣਾ ਨਹੀਂ ਹੈ? ਹਰ ਸ਼ਿਕਾਇਤ ‘ਤੇ ਚੋਣ ਨੋਟਿਸ ਜਾਰੀ ਕਰਨਾ, ਚੋਣ ਕਮਿਸ਼ਨ ਦਾ ਕੰਮ ਨਹੀਂ । ਚੋਣ ਕਮਿਸ਼ਨ ਨੂੰ ਬਾਖੂਬੀ ਪਤਾ ਹੋਣਾ ਚਾਹੀਦਾ ਹੈ ਕਿ ਆਪਣੇ ਧਰਮ ਦੀ ਪਾਲਣਾ ਕਰਨਾ ਹੀ ਅਸਲ ਧਰਮ ਨਿਰੱਪਖਤਾ ਹੈ। ਸਿੱਖਾਂ ਲਈ ਸ੍ਰੀ ਗੁਰੁੂ ਗ੍ਰੰਥ ਸਾਹਿਬ ਉਹਨਾਂ ਦੇ ਸੰਵਿਧਾਨ ਹਨ। ਫਿਰ ਜੇ ਕੋਈ ਵਿਅਕਤੀ ਆਪਣੇ ਸੰਵਿਧਾਨ ਦੀ ਪਾਲਣਾ ਕਰਨ ਦੀ ਗੱਲ ਕਰਦਾ ਹੈ, ਉਹ ਦੋਸ਼ੀ ਕਿਵੇਂ ਸਮਝ ਲਿਆ ਜਾਂਦਾ ਹੈ? ਇਹ ਠੀਕ ਹੈ ਕਿ ਬੀਬੀ ਖਾਲੜਾ ਨੂੰ ਆਏ ਨੋਟਿਸ ਦਾ ਜਵਾਬ ਮਾਹਿਰ ਸਿੱਖ ਵਕੀਲ ਭਾਰਤੀ ਸੰਵਿਧਾਨ ਦੇ ਆਸ਼ੇ ਅਨੁਸਾਰ ਦੇਣਗੇ। ਪ੍ਰੰਤੂ ਉਹਨਾਂ ਨੂੰ ਇੱਕ ਸਿੱਖ ਦੇ ਸੰਵਿਧਾਨ, ਸ੍ਰੀ  ਗੁਰੂੁ ਗ੍ਰੰਥ ਸਾਹਿਬ ਦੇ ਆਸ਼ੇ ਨੂੰ ਭਾਰਤੀ ਸੰਵਿਧਾਨ ਤੋਂ ਪਹਿਲ ਦੇਣੀ ਚਾਹੀਦੀ ਹੈ। ਦੁਨੀਆਂ ਦੀ ਕੋਈ ਤਾਕਤ ਸ੍ਰੀ ਗੁਰੁੂ ਗ੍ਰੰਥ ਸਾਹਿਬ ਜੀ ਦੀ ਮਾਨਵਤਾਵਾਦੀ ਪਹੁੰਚ, ਧਰਮ ਨਿਰਪੱਖਤਾ ਅਤੇ ਸੱਚ ‘ਤੇ ਉਂਗਲ ਨਹੀਂ ਚੁੱਕ ਸਕਦੀ। ਠੀਕ ਹੈ, ਗੁਰੁੂ ਤੇ ਕੌਮ ਦੇ ਦੋਖੀਆਂ ਬਾਦਲਕਿਆਂ ਨੇ ਇਹ ਉਂਗਲ ਚੁੱਕਣ ਦਾ ਗ਼ੁਨਾਹ ਕਰ ਲਿਆ ਹੈ। ਪ੍ਰੰਤੂ ਸੱਚ ਨੇ ਤਾਂ ਸੱਚ ਹੀ ਰਹਿਣਾ ਹੈ। ਸੂਰਜ ਅੱਗੇ ਚਾਦਰ ਤਾਣ ਦੇਣ ਨਾਲ ਹਨੇਰਾ ਨਹੀਂ ਹੋਣ ਲੱਗਾ।  

Editorial
Jaspal Singh Heran

International