ਵਿਧਾਇਕਾਂ ਤੇ ਮੰਤਰੀਆਂ ਨੂੰ ਕੈਪਟਨ ਦੀ ਘੁਰਕੀ 'ਤੇ ਪਾਰਟੀ ਅੰਦਰ ਹੀ ਭਖੀ ਸਿਆਸਤ

ਸਾਬਕਾ ਪੰਜਾਬ ਕਾਂਗਰਸ ਪ੍ਰਧਾਨ ਪ੍ਰਤਾਪ ਬਾਜਵਾ ਨੇ ਖੜ੍ਹੇ ਕੀਤੇ ਸਵਾਲ 

ਚੰਡੀਗੜ੍ਹ 25 ਅਪ੍ਰੈਲ (ਹਰੀਸ਼ ਚੰਦਰ ਬਾਗਾਂ ਵਾਲਾ)- ਪੰਜਾਬ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਲੋਕ ਸਭਾ ਚੋਣਾਂ ਵਿੱਚ ਮਾੜੀ ਕਾਰਗੁਜ਼ਾਰੀ ਦਿਖਾਉਣ ਵਾਲੇ ਵਿਧਾਇਕਾਂ ਤੇ ਮੰਤਰੀਆਂ ਨੂੰ ਦਿੱਤੀ ਗਈ ਘੁਰਕੀ 'ਤੇ ਕਾਂਗਰਸ ਅਜੰਦਰ ਹੀ ਸਿਆਸਤ ਗਰਮਾ ਗਈ ਹੈ। ਇੱਕ ਪਾਸੇ ਵਿਰੋਧੀ ਕਾਂਗਰਸ ਨੂੰ ਟਿੱਚਰਾਂ ਕਰ ਰਹੇ ਹਨ, ਉੱਥੇ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨੇ ਵੀ ਸਵਾਲ ਚੁੱਕੇ ਹਨ। ਬਾਜਵਾ ਨੇ ਮਾੜੀ ਕਾਰਗੁਜ਼ਾਰੀ ਵਾਲੇ ਮੰਤਰੀਆਂ ਤੇ ਵਿਧਾਇਕਾਂ ਵਿਰੁੱਧ ਕਾਰਵਾਈ ਦੇ ਫ਼ੈਸਲੇ ਦਾ ਸਵਾਗਤ ਕਰਦਿਆਂ ਕਿਹਾ ਹੈ ਕਿ ਇਸ ਲਈ ਸੂਬਾਈ ਲੀਡਰਸ਼ਿਪ ਨੂੰ ਵੀ ਜ਼ਿੰਮੇਵਾਰ ਠਹਿਰਾਇਆ ਜਾਣਾ ਚਾਹੀਦਾ ਹੈ। ਇਸ ਮਾਮਲੇ 'ਚ ਲੀਡਰਸ਼ਿਪ ਨੂੰ ਮਿਸਾਲ ਕਾਇਮ ਕਰਨੀ ਚਾਹੀਦੀ ਹੈ ਤੇ ਜੇ ਨਹੀਂ ਕਰ ਸਕਦੀ ਤਾਂ ਅਹੁਦੇ ਛੱਡ ਦੇਣੇ ਚਾਹੀਦੇ ਹਨ। ਉਧਰ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਦਲ ਨੇ ਕਿਹਾ ਹੈ ਕਿ ਕੈਪਟਨ ਨੂੰ ਆਪਣਾ ਫਰਮਾਨ ਖੁਦ ਹੀ ਸਖਤੀ ਨਾਲ ਲਾਗੂ ਕਰਨਾ ਚਾਹੀਦਾ ਹੈ।

ਉਹ ਆਪਣੀ ਗੱਲ ਤੋਂ ਮੁਕਰਣ ਨਾ ਕਿਉਂਕਿ ਕੈਪਟਨ ਤਾਂ ਪਟਿਆਲੇ ਤੋਂ ਵੀ ਹਾਰ ਰਹੇ ਹਨ। ਇਸ ਲਈ ਉਹ ਆਪਣਾ ਅਹੁਦਾ ਛੱਢਣ ਲਈ ਤਿਆਰ ਰਹਿਣ। ਇਸ ਬਾਰੇ ਆਮ ਆਦਮੀ ਪਾਰਟੀ ਦੇ ਪ੍ਰਧਾਨ ਭਗਵੰਤ ਮਾਨ ਨੇ ਕਿਹਾ ਹੈ ਕਿ ਕੈਪਟਨ ਦਾ ਫਰਮਾਨ ਪਿਛਲੀ ਵਾਰ ਕਿੱਥੇ ਗਿਆ ਸੀ ਜਦੋਂ ਉਨ੍ਹਾਂ ਦੇ ਹਲਕੇ ਵਿੱਚੋਂ ਹੀ ਉਨ੍ਹਾਂ ਦੀ ਪਤਨੀ ਪਰਨੀਤ ਕੌਰ ਹਾਰ ਗਈ ਸੀ। ਉਸ ਵੇਲੇ ਕੈਪਟਨ ਖਿਲਾਫ ਕਾਰਵਾਈ ਕਿਉਂ ਨਹੀਂ ਹੋਈ। ਉਨ੍ਹਾਂ ਕਿਹਾ ਕਿ ਕੈਪਟਨ ਦੇ ਹੁਕਮ ਮਗਰੋਂ ਮੰਤਰੀ ਤੇ ਵਿਧਾਇਕ ਦਬਾਅ ਹੇਠ ਆਪਣੀ ਤਾਕਤ ਦੀ ਦੁਰਵਰਤੋਂ ਕਰਨਗੇ। ਉਨ੍ਹਾਂ ਕਿਹਾ ਕਿ ਵਕੀਲਾਂ ਨਾਲ ਰਾਏ ਕਰਕੇ ਚੋਣ ਕਮਿਸ਼ਨ ਕੋਲ ਸ਼ਿਕਾਇਤ ਕੀਤੀ ਜਾਏਗੀ। ਕਾਬਲੇਗੌਰ ਹੈ ਕਿ ਕੁਝ ਕਾਂਗਰਸ ਲੀਡਰਾਂ ਵੱਲੋਂ ਚੋਣ ਸਰਗਰਮੀ ਸ਼ੁਰੂ ਨਾ ਕੀਤੇ ਜਾਣ ਕਰਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਾਰੇ ਵਿਧਾਇਕਾਂ ਤੇ ਮੰਤਰੀਆਂ ਨੂੰ ਚਿਤਾਵਨੀ ਦਿੱਤੀ ਹੈ।

ਉਨ੍ਹਾਂ ਕਿਹਾ ਕਿ ਜੇਕਰ ਮੰਤਰੀਆਂ ਦੀ ਕਾਰਗੁਜ਼ਾਰੀ ਆਪਣੇ ਹਲਕਿਆਂ 'ਚ ਪਾਰਟੀ ਦੇ ਮਿਆਰਾਂ ਅਨੁਸਾਰ ਨਾ ਹੋਈ ਤਾਂ ਉਨ੍ਹਾਂ ਦੀ ਵਜ਼ਾਰਤ ਵਿੱਚੋਂ ਛਾਂਟੀ ਕਰ ਦਿੱਤੀ ਜਾਵੇਗੀ ਤੇ ਵਿਧਾਇਕਾਂ ਨੂੰ ਅਗਲੀਆਂ ਵਿਧਾਨ ਸਭਾ ਚੋਣਾਂ ਵਿਚ ਟਿਕਟ ਤੋਂ ਹੱਥ ਧੋਣੇ ਪੈ ਸਕਦੇ ਹਨ। ਇਹੀ ਹੁਕਮ ਚੇਅਰਮੈਨਾਂ ਅਤੇ ਸੰਭਾਵੀ ਚੇਅਰਮੈਨਾਂ ਲਈ ਲਾਗੂ ਹੋਣਗੇ।

Unusual
Partap Singh Bajwa
Punjab Congress
Capt Amarinder Singh

International