ਲਓ ਜੀ! ਬਾਦਲਾਂ ਨੂੰ ਪਿੰਡਾਂ 'ਚ ਕਾਲੀਆਂ ਝੰਡੀਆਂ ਦਿਖਾਉਣ ਦਾ ਦੌਰ ਹੋਇਆ ਸ਼ੁਰੂ

ਜਦੋਂ ਸਿੱਖ ਆਗੂਆਂ ਨੇ ਹਰਸਿਮਰਤ ਬਾਦਲ ਦੇ ਕਾਫਲੇ ਨੂੰ ਦਿਖਾਈਆਂ ਕਾਲੀਆਂ ਝੰਡੀਆਂ

ਪਿੰਡ ਖੇਮੂਆਣਾ ਵਿਖੇ ਹਰਸਿਮਰਤ ਬਾਦਲ ਦੇ ਭਾਸ਼ਣ ਮੌਕੇ ਹੋਇਆ ਵਿਰੋਧ, ਅਕਾਲੀ ਵਰਕਰ ਨੇ ਕੀਤਾ ਹਮਲਾ 

ਬਠਿੰਡਾ 28 ਅਪ੍ਰੈਲ (ਅਨਿਲ ਵਰਮਾ) : ਭਾਵੇਂ ਗੁਰੂ ਦੀ ਬੇਅਦਬੀ ਅਤੇ ਬਰਗਾੜੀ ਤੇ ਬਹਿਬਲ ਕਲਾਂ ਗੋਲੀ ਕਾਂਡ ਦੀ ਜਾਂਚ ਟੀਮ ਵੱਲੋਂ ਬਾਦਲ ਪਰਿਵਾਰ ਨੂੰ ਨਿਰਦੋਸ਼ ਕਰਾਰ ਦੇਣ ਦੇ ਚਰਚੇ ਹਨ ਪਰ ਸੰਗਤਾਂ ਵਿੱਚ ਬਾਦਲ ਪਰਿਵਾਰ ਖਿਲਾਫ ਗੁੱਸੇ ਦਾ ਲਾਵਾ ਹਾਲੇ ਵੀ ਪਨਪ ਰਿਹਾ ਹੈ? ਜੋ ਅੱਜ ਵਿਧਾਨ ਸਭਾ ਹਲਕਾ ਭੁੱਚੋ ਮੰਡੀ ਦੇ ਕਸਬਾ ਗੋਨਿਆਣਾ ਦੇ ਪਿੰਡ ਜੀਦਾ ਕੋਲ ਫੁੱਟਦਾ ਹੋਇਆ ਨਜ਼ਰ ਆਇਆ? ਕਾਰਨ ਇਹ ਬਣੇ ਕਿ ਬਠਿੰਡਾ ਤੋਂ ਲੋਕ ਸਭਾ ਉਮੀਦਵਾਰ ਹਰਸਿਮਰਤ ਕੌਰ ਬਾਦਲ ਪਿੰਡਾਂ ਵਿੱਚ ਚੋਣ ਮੀਟਿੰਗਾਂ ਨੂੰ ਸੰਬੋਧਨ ਕਰਨ ਲਈ ਦੌਰੇ ਤੇ ਸਨ ਤਾਂ ਜਦੋਂ ਉਹ ਗੋਨਿਆਣਾ ਕਲਾਂ ਕੋਲੋਂ ਜਾ ਰਹੇ ਸਨ ਤਾਂ ਦਸਤਾਰ ਫੈਡਰੇਸ਼ਨ ਦੇ ਕੌਮੀ ਪ੍ਰਧਾਨ ਪਰਗਟ ਸਿੰਘ ਭੋਡੀਪੁਰਾ, ਏਕਨੂਰ ਖਾਲਸਾ ਫੌਜ ਦੇ ਜਿਲ੍ਹਾ ਪ੍ਰਧਾਨ ਸੁਖਪਾਲ ਸਿੰਘ ਗੋਨਿਆਣਾ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰੈਸ ਸਕਤਰ ਸੁਖਦੇਵ ਸਿੰਘ ਕਾਲਾ, ਰਣਜੀਤ ਸਿੰਘ ਮਸੌਣ, ਦਰਸ਼ਨ ਸਿੰਘ ਢੇਲਵਾਂ, ਮਨਜੀਤ ਸਿੰਘ ਦੀ ਅਗਵਾਈ ਵਿੱਚ ਵਰਕਰਾਂ ਨੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਦੇ ਕਾਫਲੇ ਨੂੰ ਕਾਲੀਆਂ ਝੰਡੀਆਂ ਦਿਖਾਈਆਂ।

ਪੰਥਕ ਆਗੂਆਂ ਦਾ ਸੰਘਰਸ਼ ਏਨਾ ਤਿੱਖਾ ਨਜ਼ਰ ਆਇਆ ਕਿ ਪੁਲਿਸ ਦੀਆਂ ਵੀ ਭਾਜੜਾਂ ਪੈਂਦੀਆਂ ਦਿਖਾਈਆਂ ਦਿੱਤੀਆਂ? ਪਰਗਟ ਸਿੰਘ ਭੋਡੀਪੁਰਾ ਨੇ ਦੱਸਿਆ ਕਿ ਉਹ ਬਲਾਕ ਗੋਨਿਆਣਾ ਦੇ ਪਿੰਡਾਂ ਵਿੱਚ ਸਵੇਰ ਤੋਂ ਕੇਂਦਰੀ ਮੰਤਰੀ ਦੇ ਆਉਣ ਦਾ ਵਿਰੋਧ ਕਰ ਰਹੇ ਸਨ ਪਰ ਉਹ ਸੰਗਤਾਂ ਦਾ ਵਿਰੋਧ ਕਰਕੇ ਰੂਟ ਬਦਲਕੇ ਬੱਚਦੇ ਨਜ਼ਰ ਆਏ ਪਰ ਜਦੋਂ ਉਹ ਗੋਨਿਆਣਾ ਕਲਾਂ ਕੋਲੋਂ ਲੰਘਣ ਲੱਗੇ ਤਾਂ ਆਗੂਆਂ ਵੱਲੋਂ ਕਾਲੀਆਂ ਝੰਡੀਆਂ ਦਿਖਾਈਆਂ ਗਈਆਂ। ਇੱਥੇ ਹੀ ਬਸ ਨਹੀਂ ਪਿੰਡ ਖੇਮੂਆਣਾ ਵਿਖੇ ਵੀ ਜਦੋਂ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਇਕੱਠ ਨੂੰ ਸੰਬੋਧਨ ਕਰ ਰਹੇ ਸਨ ਤਾਂ ਪੰਡਾਲ ਵਿੱਚ ਬੈਠੇ ਦੋ ਵਿਅਕਤੀਆਂ ਨੇ ਡੱਟਵਾਂ ਵਿਰੋਧ ਕੀਤਾ ਅਤੇ ਮੌਕੇ ਤੇ ਪੁਲਿਸ ਵੀ ਮੂਕ ਦਰਸ਼ਕ ਬਣਦੀ ਹੋਈ ਨਜ਼ਰ ਆਈ? ਪਿੰਡ ਜੰਡਾਂਵਾਲਾ ਦੇ ਸਾਬਕਾ ਸਰਪੰਚ ਅਮਰਜੀਤ ਸਿੰਘ ਨੇ ਮਾਮਲੇ ਨੂੰ ਸ਼ਾਂਤ ਵੀ ਕਰਨਾ ਚਾਹਿਆ ਪਰ ਪੰਡਾਲ ਵਿੱਚ ਮੌਜੂਦ ਇੱਕ ਹੋਰ ਅਕਾਲੀ ਵਰਕਰ ਵੱਲੋਂ ਵਿਰੋਧ ਕਰਨ ਵਾਲੇ ਵਰਕਰਾਂ ਤੇ ਹਮਲਾ ਕਰ ਦਿੱਤਾ। ਪਰਗਟ ਸਿੰਘ ਭੋਡੀਪੁਰਾ ਨੇ ਕਿਹਾ ਕਿ ਗੁਰੂ ਦੇ ਦੋਖੀ ਬਾਦਲ ਪਰਿਵਾਰ ਜਿਸ ਦੇ ਰਾਜ ਵਿੱਚ ਬੇਅਦਬੀ ਘਟਨਾਵਾਂ ਹੋਈਆਂ ਅਤੇ ਦੋਸ਼ੀਆਂ ਨੂੰ ਬਚਾਇਆ ਗਿਆ ਉਹਨਾਂ ਨੂੰ ਪਿੰਡਾਂ ਵਿੱਚ ਵੋਟ ਮੰਗਣ ਲਈ ਆਉਣ ਦਾ ਕੋਈ ਅਧਿਕਾਰ ਨਹੀਂ।  

Unusual
Punjab Politics
Parkash Singh Badal
Shiromani Akali Dal

International