ਆਖ਼ਰ ਕਿਉਂ ਬਾਬਾ ਬੋਹੜ ਦੂਰ ਹਨ ਚੋਣ ਰੈਲੀਆਂ ਤੋਂ..?

ਕਾਗਜ਼ ਰੱਦ ਹੋਣ ਉਪਰੰਤ ਵੱਡੇ ਬਾਦਲ ਸਾਹਿਬ ''ਰੈਸਟ'' ਤੇ...?

ਬਠਿੰਡਾ 1 ਮਈ (ਅਨਿਲ ਵਰਮਾ) : ਪੰਜਾਬ ਦੀ ਹਾਟ ਸੀਟ ਬਠਿੰਡਾ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਲਈ ਇਸ ਵਾਰ ਜਿੱਤ ਦੀ ਰਾਹ ਔਖੀ ਦਿਖਾਈ ਦੇ ਰਹੀ ਹੈ? ਕਿਊਂਕਿ ਉਹਨਾਂ ਦੀ ਰਾਹ ਵਿੱਚ ਜਿੱਥੇ ਵਿਰੋਧੀ ਧਿਰ ਕਾਂਗਰਸ ਦੇ ਉਮੀਦਵਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਹਨ ਅਤੇ ਦੂਜੇ ਪਾਸੇ ਸੱਜਰੇ ਸ਼ਰੀਕ ਮਨਪ੍ਰੀਤ ਬਾਦਲ ਤੇ ਉਸਦੇ ਪਰਿਵਾਰ ਵੱਲੋਂ ਵੜਿੰਗ ਦੀ ਜਿੱਤ ਲਈ ਮੋਰਚੇ ਸੰਭਾਲਦਿਆਂ ਬਾਦਲ ਪਰਿਵਾਰ ਖਿਲਾਫ ਡੱਟਵਾਂ ਪ੍ਰਚਾਰ ਕੀਤਾ ਜਾ ਰਿਹਾ ਹੈ? ਉਥੇ ਹੀ ਪਾਰਟੀ ਦੇ ਆਪਣਿਆਂ ਦਾ ਵਿਰੋਧ ਵੀ ਮਾਰ ਰਿਹਾ ਹੈ? ਖੂਫੀਆ ਵਿਭਾਗ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਅੰਦਰੂਨੀ ਸੂਤਰਾਂ ਅਨੁਸਾਰ ਇਹ ਪੱਖ ਖੁੱਲ੍ਹਕੇ ਸਾਹਮਣੇ ਆਇਆ ਹੈ ਕਿ ਹਰਸਿਮਰਤ ਬਾਦਲ ਦੀ ਚੋਣ ਮੁਹਿੰਮ ਚੋਂ ਟਕਸਾਲੀ ਅਕਾਲੀ ਤੇ ਖਾਸਕਰ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਲਾਈਨ ਵਾਲੇ ਲੀਡਰ ਹਲਕੇ ਤੋਂ ਬਾਹਰ ਹਨ ਅਤੇ ਉਹ ਵੀ ਚਾਹੁੰਦੇ ਹਨ ਕਿ ਇਸ ਵਾਰ ਹਰਸਿਮਰਤ ਬਾਦਲ ਦੇ ਗੱਲ ਵਿੱਚ ਜਿੱਤ ਦੇ ਹਾਰ ਨਾ ਪੈਣ? ਹਾਲਾਤ ਇਹ ਬਣੇ ਸਨ ਕਿ ਸ਼੍ਰੋਮਣੀ ਅਕਾਲੀ ਦਲ ਤੇ ਗੁਰੂ ਦੀ ਬੇਅਦਬੀ ਦੇ ਦੋਸ਼ੀਆਂ ਨੂੰ ਬਚਾਉਣ ਦੇ ਲੱਗ ਰਹੇ ਦੋਸ਼ਾਂ ਕਰਕੇ ਪਿੰਡਾਂ ਵਿੱਚ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਿਸ ਕਰਕੇ ਇਸ ਹਲਕੇ ਤੋਂ ਕੇਂਦਰੀ ਮੰਤਰੀ ਨੂੰ ਦੂਰ ਕਰਕੇ ''ਬਾਬਾ ਬੋਹੜ'' ਨੂੰ ਚੋਣ ਮੈਦਾਨ ਵਿੱਚ ਉਤਾਰਿਆ ਜਾਵੇ ਪਰ ਘਰੇਲੂ ਸਮੀਕਰਨ ਬਾਬਾ ਬੋਹੜ ਦੇ ਹੱਥ ਨਾ ਆਉਣ ਕਰਕੇ ਹਰਸਿਮਰਤ ਕੌਰ ਬਾਦਲ ਹੀ ਚੋਣ ਮੈਦਾਨ ਵਿੱਚ ਡੱਟ ਗਏ?

ਕਵਰਿੰਗ ਉਮੀਦਵਾਰ ਵਜੋਂ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਕਾਗਜ ਰੱਦ ਹੋਣ ਉਪਰੰਤ ਹੀ ਬਾਦਲ ਸਾਬ੍ਹ ''ਰੈਸਟ'' ਤੇ ਚਲੇ ਗਏ? ਜਿਸ ਕਰਕੇ ਉਹ ਇਹਨਾਂ ਚੋਣਾਂ ਵਿੱਚ ਚੋਣ ਰੈਲੀਆਂ ਅਤੇ ਆਮ ਲੋਕਾਂ ਨਾਲ ਰਾਬਤਾ ਕਾਇਮ ਕਰਨ ਤੋਂ ਦੂਰੀ ਬਣਾ ਗਏ ਹਨ? ਜਦੋਂ ਕਿ ਉਹਨਾਂ ਨੇ ਇੱਕ ਦਿਨ ਬਠਿੰਡਾ ਸ਼ਹਿਰ ਵਿੱਚ ਲਾਉਂਦੇ ਹੋਏ ਰੁੱਸੇ ਅਕਾਲੀਆਂ ਨੂੰ ਮਨਾਉਣ ਦੇ ਯਤਨ ਕੀਤੇ ਪਰ ਕਾਗਜ ਰੱਦ ਹੋਣ ਤੋਂ ਬਾਅਦ ਕਾਫਲਾ ਲੰਬੀ ਹਲਕੇ ਵੱਲ ਹੀ ਕੂਚ ਕਰ ਗਿਆ? ਸੂਤਰਾਂ ਦਾ ਇਹ ਵੀ ਕਹਿਣਾ ਹੈ ਕਿ ਸ. ਬਾਦਲ ਵੱਲੋਂ ਲੋਕ ਸਭਾ ਹਲਕਾ ਬਠਿੰਡਾ ਅਧੀਨ ਪੈਂਦੇ ਵਿਧਾਨ ਸਭਾ ਹਲਕਿਆਂ ਵਿੱਚ ਕੰਮ ਕਰਦੇ ਸਾਬਕਾ ਮੰਤਰੀਆਂ ਨੂੰ ਆਪਣੇ ਪੁਰਾਣੇ ਹਲਕਿਆਂ ਵਿੱਚ ਪਾਰਟੀ ਦੇ ਉਮੀਦਵਾਰਾਂ ਲਈ ਕੰਮ ਕਰਨ ਦੇ ਆਦੇਸ਼ ਦੇ ਦਿੱਤੇ ਹਨ ਤਾਂ ਜੋ ਉਹ ਬਠਿੰਡਾ ਹਲਕੇ ਤੋਂ ਪਾਸੇ ਰਹਿਣ? ਸੂਤਰਾਂ ਦਾ ਕਹਿਣਾ ਹੈ ਕਿ ਵਡੇ ਬਾਦਲ ਸਾਹਿਬ ਦੀ ਸੋਚ ਅਨੁਸਾਰ ਉਹ ਇਸ ਵਾਰ ਮਜੀਠੀਆ ਪਰਿਵਾਰ ਨੂੰ ਆਪਣੇ ਪਰਿਵਾਰ ਅਤੇ ਸ਼੍ਰੋਮਣੀ ਅਕਾਲੀ ਦਲ 'ਤੇ ਭਾਰੂ ਨਹੀਂ ਹੋਣ ਦੇਣਾ ਚਾਹੁੰਦੇ? ਜਿਸ ਕਰਕੇ ਅੰਦਰੂਨੀ ਸੂਤਰਾਂ ਅਨੁਸਾਰ ਇਸ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਦੀ ਹਾਰ ਵੀ ਆਪਣਿਆਂ ਕਰਕੇ ਕਰਵਾਈ ਜਾ ਸਕਦੀ ਹੈ? ਜਿਸ ਕਰਕੇ ਹਰਸਿਮਰਤ ਕੌਰ ਬਾਦਲ ਨੂੰ ਲੋਕਾਂ ਦੇ ਵਿਰੋਧ ਦੇ ਨਾਲ ਆਪਣਿਆਂ ਦੀ ਮਾਰ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਹੈ? ਕਿਉਂਕਿ ਹਰਸਿਮਰਤ ਕੌਰ ਬਾਦਲ ਆਪਣੇ ਭਰਾ ਬਿਕਰਮ ਸਿੰਘ ਮਜੀਠੀਆ ਨਾਲ ਅੱਜ ਦੇ ਹਾਲਾਤ ਵਿੱਚ ਖੁਦ ਪ੍ਰਚਾਰ ਕਰ ਰਹੇ ਹਨ ਜਦੋਂ ਕਿ ਉਹਨਾਂ ਦੇ ਪਤੀ ਫਿਰੋਜ਼ਪੁਰ ਹਲਕੇ ਤੋਂ ਉਮੀਦਵਾਰ ਹੋਣ ਕਰਕੇ ਉਥੇ ਵਿਅਸਤ ਹੋ ਗਏ ਤੇ ਬਾਬਾ ਬੋਹੜ ਵੱਲੋਂ ਸਿਵਾਏ ਹਲਕਾ ਲੰਬੀ ਤੋਂ ਦੂਜੇ ਹਲਕਿਆਂ ਵਿੱਚ ਪ੍ਰਚਾਰ ਤੋਂ ਗੁਰੇਜ ਕੀਤਾ ਜਾ ਰਿਹਾ ਹੈ?

ਦੂਜੇ ਪਾਸੇ ਅੱਜ ਤੋਂ ਸੱਜਰੇ ਸਰੀਕ ਮਨਪ੍ਰੀਤ ਬਾਦਲ ਦੀ ਪਤਨੀ ਵੀਨੂੰ ਬਾਦਲ ਅਤੇ ਸਪੁੱਤਰ ਅਰਜੁਨ ਬਾਦਲ ਨੇ ਵੀ ਰਾਜਾ ਵੜਿੰਗ ਦੇ ਹੱਕ ਵਿੱਚ ਮੀਟਿੰਗਾਂ ਨੂੰ ਸੰਬੋਧਨ ਕੀਤਾ। ਹੁਣ ਦੇਖਣਾ ਹੋਵੇਗਾ ਕਿ ਇਸ ਵਾਰ ਹਰਸਿਮਰਤ ਬਾਦਲ ਦੀ ਬੇੜੀ ਕਿਵੇਂ ਪਾਰ ਲੱਗਦੀ ਹੈ? ਖੂਫੀਆ ਵਿਭਾਗ ਦੀਆਂ ਰਿਪੋਰਟਾਂ ਅਨੁਸਾਰ ਅੱਜ ਦੇ ਹਾਲਾਤ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਲੀਡ ਵਿੱਚ ਹਨ ਤੇ ਆਉਂਦੇ ਦਿਨਾਂ ਵਿੱਚ ਕੀ ਸਮੀਕਰਨ ਹੋਣਗੇ ਦੇਖਣਾ ਹੋਵੇਗਾ? ਟਕਸਾਲੀ ਅਕਾਲੀ ਅਤੇ ਕਈ ਮੰਤਰੀਆਂ ਦੇ ਹਲਕੇ ਤੋਂ ਬਾਹਰ ਰਹਿਣ ਸਬੰਧੀ ਜਦੋਂ ਸ਼੍ਰੋਮਣੀ ਅਕਾਲੀ ਦਲ ਕਿਸਾਨ ਵਿੰਗ ਦੇ ਪ੍ਰਧਾਨ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਨਾਲ ਸੰਪਰਕ ਕੀਤਾ ਤਾਂ ਉਹਨਾਂ ਅਜਿਹੇ ਦੋਸ਼ਾਂ ਨੂੰ ਮੁੱਢੋਂ ਨਕਾਰਦਿਆਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਪੂਰੀ ਟੀਮ ਬੂਥ ਪੱਧਰ ਤੇ ਪ੍ਰਚਾਰ ਕਰ ਰਹੀ ਹੈ, ਵੱਡੇ ਬਾਦਲ ਸਾਹਿਬ ਨੇ ਵਿਧਾਨ ਸਭਾ ਹਲਕਾ ਲੰਬੀ ਅਤੇ ਬਠਿੰਡਾ ਦਿਹਾਤੀ ਸਾਂਭਿਆ ਹੋਇਆ ਹੈ ਜਦੋਂ ਕਿ ਬਾਕੀ ਲੀਡਰਸ਼ਿਪ ਹੋਰਨਾਂ ਹਲਕਿਆਂ ਵਿੱਚ ਡਿਊਟੀ ਦੇ ਰਹੀ ਹੈ, ਰਹੀ ਗੱਲ ਕਾਂਗਰਸ ਦੇ ਉਮੀਦਵਾਰ ਅਤੇ ਖਜਾਨਾ ਮੰਤਰੀ ਦੇ ਪਰਿਵਾਰਾਂ ਵੱਲੌਂ ਪ੍ਰਚਾਰ ਕਰਨ ਦੀ ਤਾਂ ਉਹ ਆਪਣੇ ਉਮੀਦਵਾਰ ਦੀ ਜਿੱਤ ਅਤੇ ਖਜਾਨਾ ਮੰਤਰੀ ਦੀ ਵਜੀਰੀ ਬਚਾਉਣ ਲਈ ਗਲੀਆਂ ਵਿੱਚ ਵੋਟਾਂ ਮੰਗਣ ਲਈ ਮਜਬੂਰ ਹਨ, ਆਉਂਦੇ ਸਮੇਂ ਵਿੱਚ ਸ਼੍ਰੋਮਣੀ ਅਕਾਲੀ ਦਲ ਦਾ ਧੂੰਆਂ-ਧਾਰ ਪ੍ਰਚਾਰ ਸਾਹਮਣੇ ਆਏਗਾ। 

Unusual
Parkash Singh Badal
PUNJAB
Shiromani Akali Dal
Election 2019

International