ਭਾਜਪਾ ਦੀ ਸੀਟ 'ਤੇ ਸੁਖਬੀਰ ਨੂੰ ਸਤਾਈ ਖ਼ਾਲਿਸਤਾਨੀਆਂ ਦੀ ਚਿੰਤਾ

ਪਠਾਨਕੋਟ 5 ਮਈ (ਗੁਰਬਚਨ ਸਿੰਘ ਪਵਾਰ) ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੂੰ ਆਪਣੀ ਸਿਆਸੀ ਭਾਈਵਾਲ ਭਾਰਤੀ ਜਨਤਾ ਪਾਰਟੀ ਹਿੱਸੇ ਆਉਂਦੀ ਗੁਰਦਾਸਪੁਰ ਲੋਕ ਸਭਾ ਸੀਟ ਲਈ ਚੋਣ ਪ੍ਰਚਾਰ ਕਰਦੇ ਸਮੇਂ ਖ਼ਾਲਿਸਤਾਨੀਆਂ ਦੀ ਚਿੰਤਾ ਸਤਾਉਣ ਲੱਗੀ। ਇਸ ਤੋਂ ਇਲਾਵਾ ਉਨ੍ਹਾਂ ਸੰਨੀ ਦਿਓਲ 'ਤੇ ਅਕਾਲੀ ਦਲ ਦਾ ਹੱਕ ਵੀ ਜਤਾਇਆ। ਸੁਖਬੀਰ ਬਾਦਲ ਨੇ ਹਿੰਦੂ ਬਹੁਤਾਤ ਵਾਲੇ ਖੇਤਰ ਯਾਨੀ ਪਠਾਨਕੋਟ ਵਿੱਚ ਸੰਨੀ ਦਿਓਲ ਦੇ ਹੱਕ ਵਿੱਚ ਰੱਖੀ ਰੈਲੀ ਦੌਰਾਨ ਕੈਪਟਨ ਅਮਰਿੰਦਰ ਸਿੰਘ 'ਤੇ ਖ਼ਾਲਿਸਤਾਨੀ ਤੱਤਾਂ ਨੂੰ ਉਤਸ਼ਾਹਿਤ ਕਰਨ ਦੇ ਦੋਸ਼ ਲਾਏ। ਸੁਖਬੀਰ ਬਾਦਲ ਨੇ ਕਿਹਾ ਕਿ ਕੈਪਟਨ ਨਾਲਾਇਕ, ਨਿਕੰਮਾ ਤੇ ਨਖਿੱਧ ਮੁੱਖ ਮੰਤਰੀ। ਉਨ੍ਹਾਂ ਸੰਨੀ ਦਿਓਲ ਦੇ ਵਿਰੋਧੀ ਕਾਂਗਰਸੀ ਉਮੀਦਵਾਰ ਤੇ ਗੁਰਦਾਸਪੁਰ ਤੋਂ ਮੌਜੂਦਾ ਸੰਸਦ ਮੈਂਬਰ ਸੁਨੀਲ ਜਾਖੜ ਨੂੰ ਮਾੜਾ ਬੰਦਾ ਦੱਸਿਆ।

ਬਾਦਲ ਨੇ ਦੋਸ਼ ਲਾਏ ਕਿ ਪਠਾਨਕੋਟ ਖੇਤਰ ਵਿੱਚ ਜਿੰਨੀ ਨਾਜਾਇਜ਼ ਮਾਇਨਿੰਗ ਹੋ ਰਹੀ ਉਸ ਵਿੱਚੋਂ ਸੁਨੀਲ ਜਾਖੜ ਹਿੱਸਾ ਲੈਂਦਾ ਹੈ। ਸੁਖਬੀਰ ਬਾਦਲ ਨੇ ਇਹ ਵੀ ਕਿਹਾ ਕਿ ਸੰਨੀ ਨੂੰ ਲਿਆਉਣਾ ਅਸੀਂ (ਅਕਾਲੀ ਦਲ) ਸੀ, ਪਰ ਭਾਜਪਾ ਨੇ ਬਾਜ਼ੀ ਮਾਰ ਲਈ। ਸੰਨੀ ਦਿਓਲ ਦੇ ਹੱਕ ਵਿੱਚ ਪ੍ਰਚਾਰ ਕਰਨ ਆਏ ਭਾਜਪਾ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ ਨੇ ਵੀ ਕਾਂਗਰਸ ਤੇ ਰਾਹੁਲ ਗਾਂਧੀ 'ਤੇ ਖ਼ੂਬ ਸ਼ਬਦੀ ਹਮਲੇ ਬੋਲੇ। ਉਨ੍ਹਾਂ ਕੈਪਟਨ ਸਰਕਾਰ ਦੀ ਕਿਸਾਨ ਕਰਜ਼ ਮੁਆਫ਼ੀ 'ਤੇ ਵੀ ਸਵਾਲ ਚੁੱਕੇ। ਵੱਡੇ ਲੀਡਰਾਂ ਤੋਂ ਬਾਅਦ ਗੁਰਦਾਸਪੁਰ ਤੋਂ ਉਮੀਦਵਾਰ ਸੰਨੀ ਦਿਓਲ ਨੇ ਆਪਣੇ ਕੁਝ ਫ਼ਿਲਮੀ ਡਾਇਲਾਗ ਬੋਲੇ ਅਤੇ ਕਿਹਾ ਕਿ ਉਹ ਗੁਰਦਾਸਪੁਰ ਦੀ ਜਨਤਾ ਲਈ ਸਭ ਕੁਝ ਕਰਨਗੇ।

Unusual
Sunny Deol
BJP
Rally
Shiromani Akali Dal
Sukhbir Badal
Amit Shah

International