ਕਦੋਂ ਤੱਕ ਝੱਲਦੇ ਰਹਾਂਗੇ...?

ਜਸਪਾਲ ਸਿੰਘ ਹੇਰਾਂ

ਸਬਰ ਦੀ ਵੀ ਹੱਦ ਹੁੰਦੀ ਹੈ। ਸਿੱਖ ਦੁਸ਼ਮਣ ਤਾਕਤਾਂ ਗੁਰੂ ਅਤੇ ਸਿੱਖਾਂ ‘ਚੋ ਸ਼ਰਧਾ-ਸਤਿਕਾਰ ਅਤੇ ਗੁਰੂ ਨੂੰ ਸਰਬ ਸਮਰੱਥ ਮੰਨਣ ਦੀ ਭਾਵਨਾ ਨੂੰ ਖ਼ਤਮ ਕਰਨ ਲਈ ਵਾਰ-ਵਾਰ ਗੁਰੂ ਸਾਹਿਬ ਦੀ ਬੇਅਦਬੀ ਦਾ ਟੀਕਾ ਲਾ ਰਹੀਆਂ ਹਨ। ਇਸ ਲਈ ਹੁਣ ਸਮਾਂ ਆ ਗਿਆ ਕਿ ਹੁਣ ਸਿੱਖ ਕੌਮ ਇਹਨਾਂ ਸਿੱਖ ਵਿਰੋਧੀ ਤਾਕਤਾਂ ‘ਤੇ ਰਾਜਸੀ ਧਿਰਾਂ ਨੂੰ ਇਹ ਸਾਫ਼ ਕਰ ਦੇਵੇ ਕਿ ਬਸ! ਹੁਣ ਹੋਰ ਨਹੀ, ਸਿੱਖ ਕੌਮ ਦੇ ਸਬਰ ਦਾ ਘੜਾ ਭਰ ਚੁੱਕਿਆ ਹੈ। ਇਸ ਲਈ ਹੋਰ ਬਰਦਾਸਤ ਨਹੀ ਕੀਤਾ ਜਾਵੇਗਾ। ਸਿੱਖ ਪੰਥ ਨੂੰ ਸਾਫ ਹੋ ਗਿਆ ਹੈ ਕਿ ਸਰਕਾਰ ਕਿਸੇ ਰੰਗ ਦੀ ਹੋਵੇ, ਕਿਸੇ ਧਿਰ ਦੀ ਹੋਵੇ, ਬਾਦਲਕਿਆਂ ਜਾਂ ਕੈਪਟਨਕਿਆਂ ਦੀ ਹੋਵੇ ਇਹਨਾਂ ਲਈ ਗੁਰੂ ਸਾਹਿਬ ਦੀ ਬੇਅਦਬੀ ਸਿਆਸੀ ਰੋਟੀਆਂ ਸੇਕਣ ਦਾ ਮੁੱਦਾ ਹੈ। ਸਿਆਸੀ ਰੋਟੀਆਂ ਲਾਹੁੰਣ ਲਈ ਇਹ ਬੇਅਦਬੀਆਂ ਕਰ ਵੀ ਸਕਦੀਆਂ ਹਨ ਅਤੇ ਕਰਵਾ ਵੀ ਸਕਦੀਆਂ ਹਨ। ਪਹਿਲਾਂ 1 ਜੂਨ 2015 ਤੋਂ ਸਰਕਾਰ ਦੇ ਖ਼ਾਤਮੇ ਤੱਕ ਇਹ ਬਾਦਲਕੇ ਖਤਰਨਾਕ, ਭਿਆਨਕ, ਸ਼ਰਮਨਾਕ ਖੇਡ ਖੇਡਦੇ ਰਹੇ ਹੁਣ ਉਹੀ ਖੇਡ ਕੈਪਟਨ ਕੇ ਖੇਡਣ ‘ਤੇ ਉਤਾਰੂ ਹਨ। ਪਿੰਡ ਹਥੋਆ ਵਿੱਚ ਵਾਪਰੀ ਹਿਰਦੇ ਵੇਦਕ ਘਟਨਾਵਾਂ ਨੂੰ ਸਿਆਸੀ ਐਨਕ ਨਾਲ ਦੇਖਿਆ ਜਾ ਰਿਹਾ ਹੈ, ਅਸੀ ਚਾਹੁੰਦੇ ਹਾਂ ਕਿ ਇਹਨਾਂ ਘਟਨਾਵਾਂ ਦਾ ਪੂਰਾ ਸੱਚ ਸਾਹਮਣੇ ਆਵੇ। ਪ੍ਰੰਤੂ ਜਿਸ ਤਰਾਂ ਇਸ ਕਾਂਡ ਦਾ ਲਾਹਾ ਕਿਸ ਨੂੰ ਮਿਲ ਸਕਦਾ ਹੈ, ਨੁਕਸਾਨ ਕਿਸ ਨੂੰ ਹੋ ਸਕਦਾ ਹੈ ਦਾ ਲੇਖਾ ਜੋਖਾ ਹੋਣ ਲੱਗ ਪਿਆ ਹੈ। ਉਸ ਨਾਲ ਸਿੱਖ ਪੰਥ ਦੇ ਹਿਰਦੇ ਹੋਰ ਵਲੂੰਧਰੇ ਗਏ ਹਨ। ਕੀ ਸਮਾਂ ਆ ਗਿਆ ਹੈ? ਗੁਰੂ ਸਾਹਿਬ ਦੀ ਬੇਅਦਬੀ, ਗੁਰੂ ਸਾਹਿਬ ਨੂੰ ਅੱਗ ਦੇ ਹਵਾਲੇ ਕਰਨਾ ਸਿਆਸੀ ਲਾਹੇ ਨੁਕਸਾਨ ਦਾ ਮੁੱਦਾ ਬਣਾ ਦਿੱਤਾ ਗਿਆ ਹੈ।

ਇਸ ਸਿਆਸੀ ਜਮਾਂ-ਘਟਾਓ ਤੋਂ ਇਹ ਸਾਫ਼ ਹੋ ਗਿਆ ਹੈ ਕਿ ਕੌਮ ਨੂੰ ਇਨਸਾਫ਼ ਇਹ ਦਰਦਨਾਕ ਕਾਂਡ ਦਾ ਵੀ ਨਹੀ ਮਿਲਣਾ, ਸਿਰਫ਼ ਗ੍ਰੰਥੀ ਸਿੰਘ ਦੀ ਅਣਗਹਿਲੀ ਜੁੰਮੇ ਭਾਂਡਾ ਭੰਨ ਕੇ ਕਹਾਣੀ ਖ਼ਤਮ ਕਰ ਦਿੱਤੀ ਜਾਵੇਗੀ। ਜਦੋਂ ਤੱਕ ਕੌਮ ਨੇ ਇਹ ਐਲਾਨ ਨਾ ਕੀਤਾ ਅਤੇ ਇਸ ਐਲਾਨ ‘ਤੇ ਅਮਲ ਨਾ ਸ਼ੁਰੂ ਕੀਤਾ ਕਿ ਬੇਅਦਬੀ ਕਾਂਡ ਦਾ ਫੈਸਲਾ ਕੌਮ ਖੁਦ ਕਰਿਆ ਕਰੇਗੀ ‘ਤੇ ਇਸ ਲਈ “ਦੁਸ਼ਟ ਸੋਧਕ ਦਲ” ਦੀ ਸਥਾਪਨਾ ਕੀਤੀ ਜਾਵੇਗੀ, ਉਦੋਂ ਤੱਕ ਪਾਪੀਆਂ ਦੇ ਮਨਾਂ ‘ਚ ਖੌਫ ਪੈਦਾ ਨਹੀ ਹੋਵੇਗਾ। ਸਰਕਾਰਾਂ ‘ਤੇ ਪੁਲਿਸ ਕੋਲ ਗੁਰੂ ਸਾਹਿਬ ਦੀ ਬੇਅਦਬੀ ਸਬੰਧੀ ਕੋਈ ਸ਼ਿਕਾਇਤ ਦਰਜ ਨਹੀ ਕਰਵਾਈ ਜਾਵੇਗੀ। ਕੌਮ ਦਾ “ਦੁਸ਼ਟ ਸੋਧਕ ਦਲ” ਹੀ ਦੋਸ਼ੀਆਂ ਦੀ ਭਾਲ ਤੇ ਸਜ਼ਾ ਦੇਣ ਦਾ ਉਪਰਾਲਾ ਕਰਿਆ ਕਰੇਗਾ। ਅਸੀਂ ਗੁਰੂ ਦੇ ਸਰਬ ਸਮਰੱਥ ਹੋਣ ਦੀ ਭਾਵਨਾ ਅਤੇ ਗੁਰੂ ਪ੍ਰਤੀ ਸਿੱਖਾਂ ‘ਚ ਸ਼ਰਧਾ ‘ਤੇ ਜਜ਼ਬੇ ਦੀ ਭਾਵਨਾ ਨੂੰ ਕਿਸੇ ਕੀਮਤ ‘ਤੇ ਮਰਨ ਨਹੀ ਦੇਵਾਂਗੇ। ਮੌਕੇ ‘ਤੇ ਪੁੱਜ ਕੇ ਦੁੱਖ ਦੇ ਪ੍ਰਗਟਾਵੇ ਦੇ ਬਿਆਨ ਬੰਦ ਕਰਕੇ ਹੁਣ ਇਨਸਾਫ ਲਈ ਖੁਦ ਮੈਦਾਨ ‘ਚ ਜੂਝਣਾ ਪਵੇਗਾ।

ਗੁਰੂ ਗ੍ਰੰਥ ਸਾਹਿਬ ਸਾਡੇ ਜਾਹਿਰਾ ਗੁਰੂ ਹਨ, ਪ੍ਰਗਟ ਗੁਰਾਂ ਕੀ ਦੇਹਿ ਹਨ, ਇਸ ਲਈ ਕੌਮ ਗੁਰੂ ਸਾਹਿਬ ਦੀ ਬੇਅਦਬੀ ਜਾਂ ਕਾਤਲਾਨਾ ਹਮਲੇ ਨੂੰ ਹੁਣ ਹੋਰ ਬਰਦਾਸ਼ਤ ਨਹੀ ਕਰੇਗੀ ਅਤੇ ਇਹ ਦੱਸਣ ਦਾ ਸਮਾਂ ਆ ਗਿਆ ਹੈ ਕਿ ਅੱਜ ਵੀ ਹਰ ਸਿੱਖ ਲਈ ਗੁਰੂ ਤੋਂ ਅੱਗੇ ਉਜਾੜ ਹੀ ਉਜਾੜ ਹੈ। ਉਹ ਆਪਣੇ ਗੁਰੂ ਲਈ ਜਾਨ ਦੇ ਵੀ ਸਕਦਾ ਹੈ ‘ਤੇ ਜਾਨ ਲੈ ਵੀ ਸਕਦਾ ਹੈ, ਅਸੀ ਹਿੰਸਾ ‘ਚ ਵਿਸਵਾਸ ਨਹੀ ਕਰਦੇ। ਸਿੱਖ ਸਰਬੱਤ ਦਾ ਭਲਾ ਮੰਗਦਾ ਹੈ, ਪ੍ਰੰਤੂ ਆਪਣੇ ਬਾਪ ਦੀ ਪੱਗ ਨੂੰ ਕੋਈ ਅਣਖ ਵਾਲਾ ਪੁੱਤ ਹੱਥ ਪੈਂਦਾ ਬਰਦਾਸਤ ਨਹੀ ਕਰ ਸਕਦਾ। ਜੇ ਕੋਈ ਬਰਦਾਸਤ ਕਰਦਾ ਹੈ ਤਾਂ ਉਹ ਬੁਜ਼ਦਿਲ ਹੋਵੇਗਾ, ਸਿੱਖਾਂ ‘ਚ ਬੁਜ਼ਦਿਲਾਂ ਲਈ ਕੋਈ ਥਾਂ ਨਹੀ। ਕੌਮ ਲਈ ਇਸ ਤੋਂ ਵੱਧ ਸ਼ਰਮਨਾਕ ਹੋਰ ਕੀ ਹੋ ਸਕਦਾ ਹੈ ਕਿ ਆਏ ਦਿਨ ਬਾਪ ਦੀ ਪੱਗ ਨੂੰ ਹੱਥ ਪੈ ਰਿਹਾ ਹੈ ਅਤੇ ਅਸੀ ਸਿਵਾਏ ਬਿਆਨਾਂ ਤੋਂ ਹੋਰ ਕੁਝ ਕਰਨ ਲਈ ਤਿਆਰ ਨਹੀ। ਬੇਅਦਬੀ ਕਾਂਡ ਦੇ ਦੋਸ਼ੀਆਂ ਨੂੰ ਅਸੀ ਫੁੱਲਾਂ ਦੇ ਹਾਰ ਪਾਉਂਦੇ ਫਿਰਦੇ ਹਾਂ। ਅਸੀਂ ਸਿਰਫ ਉਕਸਾਹਟ ਪੈਦਾ ਕਰਕੇ, ਜਜ਼ਬਾਤੀ ਕਰਕੇ ਮਾਂਵਾ ਦੇ ਪੁੱਤਾਂ ਨੂੰ ਮਰਵਾਉਣ ਵਾਲਿਆਂ ‘ਤੇ ਖੁਦ ਲਾਸ਼ਾਂ ਦਾ ਵਪਾਰ ਕਰਨ ਵਾਲਿਆਂ ’ਚ ਕਦਾਚਿਤ ਸ਼ਾਮਲ ਨਹੀ ਹੋਵਾਂਗੇ, ਲੋੜ ਪਈ ਤਾਂ “ਦੁਸ਼ਟ ਸੋਧਕ ਦਲ” ਦੀਆਂ ਮੂਹਰਲੀਆਂ ਸਫਾ ‘ਚ ਖੜੇ ਹੋਵਾਂਗੇ।

Editorial
Jaspal Singh Heran

International