ਵੋਟ ਪਾਉਣ ਤੋਂ ਪਹਿਲਾ ਦੂਰ ਦੀ ਸੋਚਿਓ...

ਜਸਪਾਲ ਸਿੰਘ ਹੇਰਾਂ
19 ਮਈ  ਤੱਕ ਵੋਟਾਂ ਦੀਆਂ ਕਹਾਣੀਆਂ ਹੀ ਪੈਣੀਆਂ ਹਨ। ਹਰ ਹੱਟੀ, ਭੱਠੀ, ਸੱਥ ਤੇ ਕੌਣ ਜਿੱਤੂ, ਕੌਣ ਹਾਰੂ, ਦੀ ਚਰਚਾ ਹੋਣੀ ਹੈ। ਪੰਜਾਬ ਦੇ ਹਰ ਵੋਟਰ ਲਈ, ਜਿਸਦੇ ਮਨ 'ਚ ਪੰਜਾਬ ਪ੍ਰਤੀ ਹਮਦਰਦੀ ਹੈ, ਇੱਕੋ ਇੱਕ ਸੁਆਲ ਖੜ੍ਹਾ ਹੈ, ਤੇ ਸਾਡਾ ਦਾਅਵਾ ਹੈ ਕਿ ਉਸਨੂੰ ਇਸ ਸੁਆਲ ਦਾ ਜਵਾਬ ਕਿਧਰੋ ਨਹੀਂ ਮਿਲ ਰਿਹਾ। ਆਖ਼ਰ ਵੋਟ ਕਿਸਨੂੰ ਪਾਵੇ? ਜੇ ਪਾਵੇ ਤਾਂ ਕਿਉਂ ਪਾਵੇ? ਜਿਸਨੂੰ ਵੋਟ ਪਾਉਣੀ ਹੈ, ਉਸਨੇ ਜਾਂ ਉਸਦੀ ਪਾਰਟੀ ਨੇ ਪੰਜਾਬ ਲਈ, ਪੰਥ ਲਈ ਆਖ਼ਰ ਕੀਤਾ ਕੀ ਹੈ? ਜੇ ਉਹ ਸੱਤਾਧਾਰੀ ਕਾਂਗਰਸ ਵੱਲੋਂ ਵੇਖਦਾ ਹੈ ਤਾਂ ਕਾਂਗਰਸ ਨੇ ਸਿਵਾਏ ਝੂਠੇ ਵਾਅਦਿਆਂ ਤੋਂ ਜਾਂ ਬਾਦਲਾਂ ਨੂੰ ਬਚਾਉਣ ਤੋਂ ਹੋਰ ਕੁਝ ਕੀਤਾ ਹੀ ਨਹੀ। ਇਸ ਕਾਰਣ ਕਿਸੇ ਸੱਚੇ ਪੰਜਾਬੀ ਦਾ ਮਨ ਕਾਂਗਰਸ ਨੂੰ ਵੋਟ ਪਾਉਣ ਬਾਰੇ ਸੁਫ਼ਨੇ 'ਚ ਵੀ ਸੋਚ ਨਹੀਂ ਸਕਦਾ। ਉਸ ਤੋਂ ਬਾਅਦ ਵਾਰੀ ਆਉਂਦੀ ਹੈ, ਪੰਥ ਦੇ ਗ਼ੁਦਾਰ ਗੁਰੂ ਗੰ੍ਰਥ ਸਾਹਿਬ ਦੋ ਦੋਖੀ ਬਾਦਲਾਂ ਦੀ,ਜਿਹੜਾ ਸਿੱਖ ਗੁਰੂ ਨੂੰ ਸਮਰਪਿਤ ਹੈ ਉਹ ਬਾਦਲਾਂ ਨੂੰ ਵੋਟ ਪਾਉਣਾ ਤਾਂ ਦੂਰ, ਵੋਟ ਪਾਉਣ ਬਾਰੇ ਸੋਚਣਾ ਵੀ ਪਾਪ ਮੰਨਦਾ ਹੈ। ਤੀਜੀ ਧਿਰ ਕੋਈ ਹੈ ਨਹੀਂ। ਜਿਹੜਾ ਦੋ ਹਰ ਗੱਠਜੋੜ ਸਾਹਮਣੇ ਹਨ,  ਉਨ੍ਹਾਂ 'ਚ ਆਮ ਆਦਮੀ ਪਾਰਟੀ ਖ਼ੁਦ ਖੱਖੜੀਆਂ ਕਰੇਲੇ ਹੋਈ ਹੋਈ ਹੈ। ਦੂਜਾ ਉਸਨੇ 2017 'ਚ ਤੇ ਬਾਅਦ ਪੰਜਾਬੀਆਂ ਦਾ ਭਰੋਸਾ  ਬੁਰੀ ਤਰ੍ਹਾਂ ਤੋੜਿਆ ਹੈ। ਜਿਸ ਕਾਰਣ ਕਿਸੇ ਸੁਚੇਤ ਪੰਜਾਬੀ ਦਾ ਮਨ, ਹੁਣ ਆਪ ਦਾ ਝਾੜੂ ਫੜ੍ਹਨ ਨੂੰ ਨਹੀਂ ਕਰਦਾ। ਖਹਿਰਾ ਤੇ ਬੈਂਸ ਭਰਾਵਾਂ ਦੇ ਪੰਜਾਬ ਡੈਮੋਕੇਟ੍ਰਿਕ ਫ਼ਰੰਟ ਨੇ ਪੰਜਾਬ ਦੇ ਲੋਕਾਂ ਦਾ ਧਿਆਨ ਤਾਂ ਆਪਣੇ ਵੱਲ ਖਿੱਚਿਆ ਹੈ। ਲੋਕਾਂ ਨੂੰ ਲੱਗਦਾ ਹੈ ਕਿ ਖਹਿਰਾ ਤੇ ਬੈਂਸ ਦੋਵੇਂ ਪੰਜਾਬ ਦੀ ਵਿਗੜੀ ਸੁਆਰਨ ਦਾ ਹੀਲਾ -ਵਸੀਲਾ ਕਰ ਸਕਦੇ ਹਨ। ਪ੍ਰੰਤੂ ਇਸ ਫ਼ਰੰਟ ਦੇ ਆਗੂਆਂ 'ਚ ਹਊਮੈ-ਹੰਕਾਰ, ਲਾਲਸਾ ਦੇ ਚੌਧਰਪੁਣੇ ਦੀ ਭੁੱਖ ਐਨੀ ਜਿਆਦਾ ਹੈ ਕਿ ਕਦੋਂ ਥਿੜਕ ਜਾਣ, ਭਰੋਸਾ ਨਹੀਂ ਕੀਤਾ ਜਾ ਸਕਦਾ। ਪੰਥ ਦੀ ਉਮੀਦਵਾਰ ਬੀਬੀ ਖ਼ਾਲੜਾ ਨੂੰ ਪੰਥ ਦੀ ਸਾਂਝੀ ਉਮੀਦਵਾਰ ਇੰਨ੍ਹਾਂ ਆਗੂਆਂ ਦੀ ਹਊਮੈ ਤੇ ਸੌੜੀ ਸੋਚ ਨੇ ਨਹੀਂ ਬਣਨ ਦਿੱਤਾ। ਪ੍ਰਮਾਤਮਾ ਨਾ ਕਰੇ, ਜੇ ਕੱਲ੍ਹ ਨੂੰ ਕੋਈ ਉਨੀ-ਇੱਕੀ ਹੁੰਦੀ ਹੈ ਤਾਂ ਉਸਦੀ ਪੂਰੀ ਜ਼ਿੰਮੇਵਾਰੀ ਇੰਨ੍ਹਾਂ ਆਗੂਆਂ ਦੇ ਸਿਰ ਹੋਵੇਗੀ। ਰਹਿ ਗਈ ਗੱਲ੍ਹ ਪੰਥਕ ਧਿਰਾਂ ਦੀ, ਇੰਨ੍ਹਾਂ ਪੰਥਕ ਧਿਰਾਂ ਨੇ ਬਰਗਾੜੀ ਮੋਰਚੇ 'ਚ ਭੋਗ ਪਾ ਕੇ, ਪੰਥਕ ਧਿਰਾਂ ਦਾ ਵੀ ਭੋਗ ਪਾ ਦਿੱਤਾ। ਲੋਕ ਸਭਾ ਚੋਣਾਂ 'ਚ ਤਾਂ ਹੁਣ ਇੰਨ੍ਹਾਂ ਦਾ ਕੁਝ ਵੱਟਿਆ ਨਹੀਂ ਜਾਣ। ਅੱਗੋ  ਗਲ਼ਤੀ 'ਚ ਸੁਧਾਰ ਕਰਕੇ, ਏਕਾ ਕਰ ਲੈਣ ਤਾਂ ਸ਼੍ਰੋਮਣੀ ਕਮੇਟੀ ਬਾਰੇ ਸੋਚਿਆ ਜਾ ਸਕਦਾ ਹੈ ਫ਼ਿਰ ਆਖ਼ਰੀ ਹਥਿਆਰ, ਜਿਹੜਾ ਪੰਜਾਬੀਆਂ ਦੇ ਗੁੱਸੇ, ਰੋਹ ਤੇ ਸਥਾਪਿਤ ਰਾਜਸੀ ਧਿਰਾਂ ਨੂੰ ਰੱਦ ਕਰਨ ਦੇ ਫੈਸਲੇ ਦਾ ਬੁੱਝਵਾ ਪ੍ਰਗਟਾਵਾ ਕਰ ਸਕਦਾ ਹੈ, ਨੋਟਾਂ ਦੀ ਵਰਤੋਂ ਕਰਨਾ। ਪ੍ਰੰਤੂ ਅਸੀਂ ਇਹ ਫੈਸਲਾ ਸਮੁੱਚੇ ਪੰਜਾਬ ਲਈ ਨਹੀਂ ਲੈ ਸਕਦੇ। ਬੀਬੀ ਖ਼ਾਲੜਾ ਨੂੰ ਜਿਤਾਉਣ, ਪੰਥ ਸਾਹਮਣੇ ਵੱਡੀ ਚੁਣੌਤੀ ਹੈ, ਮਾਨ ਸਾਬ੍ਹ ਨਾਲ ਲੱਖ ਮੱਤਭੇਦ ਹੋਣ, ਪ੍ਰੰਤੂ ਉਨ੍ਹਾਂ ਦੇ ਪੰਥਕ ਚਿਹਰੇ ਨੂੰ ਅੱਖੋਂ ਓਹਲੇ ਨਹੀਂ ਕੀਤਾ ਜਾ ਸਕਦਾ, ਫਤਹਿਗੜ੍ਹ ਸਾਹਿਬ ਸੀਟ ਤੋਂ ਮਨਵਿੰਦਰ ਸਿੰਘ ਗਿਆਸਪੁਰਾ ਦੀ ਹੋਂਦ ਚਿੱਲੜ ਕਾਂਡ ਤੇ ਕੀਤੀ ਸੇਵਾ ਦੀ ਭੁਲਾਈ ਨਹੀ ਜਾ ਸਕਦੀ। ਬੀਰਦਵਿੰਦਰ ਸਿੰਘ ਦੀ ਸਿੱਖ ਇਤਿਹਾਸ ਸਬੰਧੀ ਡੂੰਘੀ ਜਾਣਕਾਰੀ ਤੇ ਪਾਰਲੀਮੈਂਟ 'ਚ ਜਾ ਕੇ ਪੰਜਾਬ ਦਾ ਪੱਖ ਪੇਸ਼ ਕਰਨ ਦੀ ਸਮਰੱਥਾ ਨੂੰ ਵੀ ਭੁੱਲਿਆ ਨਹੀਂ ਜਾ ਸਕਦਾ। ਇਸ ਲਈ ਇੰਨ੍ਹਾਂ ਉਮੀਦਵਾਰਾਂ ਨੂੰ ਜਿਤਾਉਣ ਦਾ ਅਤੇ ਬਾਕੀ ਸਾਰਿਆਂ ਵਿਰੁੱਧ ਨੋਟਾਂ ਦੀ ਵਰਤੋਂ ਦਾ ਸਮੇਂ 4 ਸੀਟਾਂ ਤੇ ਤਿੰਨ ਕੋਣਾਂ ਮੁਕਾਬਲਾ ਹੈ, ਬਾਕੀ ਸਾਰੀਆਂ ਤੇ ਪੰਜਾਬ ਦੁਸ਼ਮਣ ਦੋਵੇਂ ਤਾਕਤਾਂ 'ਚ ਮੁਕਾਬਲਾ ਹੈ। ਜਿੱਥੇ ਕਾਂਗਰਸ ਤੇ ਬਾਦਲਕੇ ਮੁਕਾਬਲੇ 'ਚ ਹਨ, ਉਥੇ ਅਸੀਂ '' ਨੋਟਾਂ'' ਦਾ ਬਟਨ ਦੱਬਣ ਦੀ ਅਪੀਲ ਹਰ ਗੁਰੂ ਦੇ ਸਿੱਖ ਨੂੰ ਕਰਾਂਗੇ ਬਾਕੀ ਸੀਟਾਂ ਤੇ ਚਾਹੇ ਥੋੜੇ ਚਾਹੇ ਬਹੁਤੇ ਜਿਹੜੇ ਆਪਣੇ ਲੱਗਦੇ ਉਮੀਦਵਾਰ ਖੜ੍ਹੇ ਹਨ, ਉਨ੍ਹਾਂ ਨੂੰ ਜਿਤਾਉਣ ਲਈ ਡੱਟਕੇ ਹਮਾਇਤ ਕੀਤੇ ਜਾਵੇ। 2019 ਚੋਣਾਂ ਦੇ ਨਤੀਜਿਆਂ ਦੇ ਦੂਰ-ਰਸ ਸਿੱਟੇ ਨਿਕਲਣੇ ਹਨ। ਉਨ੍ਹਾਂ ਬਾਰੇ ਸੁਚੇਤ ਹੋਣ ਦੀ ਲੋੜ ਹੈ, ਜੇ ਬੇਅਦਬੀ ਕਾਂਡ ਦੇ ਬਾਵਜੂਦ ਬੇਅਦਬੀ ਕਰਵਾਉਣ ਵਾਲੇ ਤੇ ਝੂਠੀਆਂ ਸਹੁੰਆਂ ਖਾ ਕੇ, ਉਨ੍ਹਾਂ ਨੂੰ ਬਚਾਈ ਰੱਖਣ ਵਾਲੇ ਜਿੱਤਦੇ ਹਨ ਤਾਂ ਕੌਮ ਦਾ ਭਵਿੱਖ ਹਨੇਰਾ ਹੋਵੇਗਾ। ਸਿੱਖ ਦੁਸ਼ਮਣ ਤਾਕਤਾਂ ਸਿੱਖਾਂ ਨੂੰ ਕੰਮਜ਼ੋਰ ਮੰਨਕੇ, ਸਾਡੀ ਹੋਂਦ ਤੇ ਸਿੱਧੇ ਹਮਲੇ ਸ਼ੁਰੂ ਕਰ ਦੇਣਗੀਆਂ। ਜਿਸਦੇ ਮਨ 'ਚ ਸਿੱਖੀ ਪ੍ਰਤੀ ਮਾੜੀ-ਮੋਟੀ  ਚਿਣਗ ਹੈ, ਕਿੰਗਾਰੀ ਹੈ, ਉਸ ਲਈ ਤਸ਼ੱਦਦ ਦਾ ਦੌਰ ਸ਼ੁਰੂ ਹੋ ਜਾਵੇਗਾ। ਜੇ ਕੌਮ ਕੋਈ ਬੱਝਵਾ ਫੈਸਲਾ ਦੇ ਦਿੰਦੀ ਹੈ ਤਾਂ 20-20 ਰਿਫਰੈਡਮ ਦਾ ਭੂਤ ਸਰਕਾਰਾਂ ਨੂੰ ਡਰਾਉਣਾ ਸ਼ੁਰੂ ਕਰ ਦੇਵੇਗਾ ਤੇ ਉਨ੍ਹਾਂ ਲਈ ਸਿੱਖਾਂ ਦੀ ਸਾਰੀਆਂ ਮੰਗਾਂ ਦੀ ਪੂਰਤੀ ਕਰਨੀ ਮਜ਼ਬੂਰੀ ਬਣ ਜਾਵੇਗੀ। ਇੱਕ ਵਾਰ ਦੂਰ ਦੀ ਜ਼ਰੂਰ ਸੋਚ।

Editorial
Jaspal Singh Heran

International