ਖਡੂਰ ਸਾਹਿਬ ਹਲਕੇ ਦੇ ਵੋਟਰਾਂ ਲਈ ਪਹਿਰੇਦਾਰ ਦੀ ਹੂਕ

ਜਸਪਾਲ ਸਿੰਘ ਹੇਰਾਂ
19 ਤਾਰੀਖ਼ ਦਾ ਪਹਿਰੇਦਾਰ ਜਦੋਂ ਤੱਕ ਪਾਠਕਾਂ ਦੀਆਂ ਬਰੂਹਾਂ ਤੇ ਪੁੱਜਣਾ ਹੈ, ਲੋਕ ਸਭਾ ਲਈ ਵੋਟਾਂ ਪੈਣ ਦਾ ਕੰਮ ਸ਼ੁਰੂ ਹੋ ਚੁੱਕਾ ਹੋਵੇਗਾ। ਇਸ ਲਈ ਅਸੀਂ ਖੰਡੂਰ ਸਾਹਿਬ ਹਲਕੇ ਦੇ ਪੰਥਕ ਵੋਟਰਾਂ ਨੂੰ ਵੋਟ ਪਾਉਣ ਲਈ ਅਪੀਲ ਅੱਜ ਹੀ ਕਰ ਰਹੇ ਹਾਂ। ਖੰਡੂਰ ਸਾਹਿਬ ਹਲਕੇ ਦੀ ਧਰਤੀ ਪਵਿੱਤਰ ਹੈ,ਪਾਵਨ ਹੈ। ਅੱਠ ਪਾਤਸ਼ਾਹੀਆਂ ਦੀ ਚਰਨ ਛੋਹ ਪ੍ਰਾਪਤ ਹੈ। ਸ਼ਹੀਦਾਂ ਦੇ ਖੂਨ ਨਾਲ ਸਿੰਜੀ ਹੋਈ ਹੈ। ਇਸ ਲਈ ਇਸ ਧਰਤੀ ਦੀ ਮਹਾਨਤਾ ਪੰਜਾਬ ਦੀ ਕਿਸੇ ਹੋਰ ਧਰਤੀ ਨਾਲੋ ਵੱਧ ਹੈ। ਸਿੱਖੀ ਇਸ ਧਰਤੀ ਨੂੰ ਵਿਰਸੇ 'ਚ ਗੁੜਤੀ ਵਜੋਂ ਮਿਲੀ ਹੋਈ ਹੈ। ਇਸ ਲਈ ਇਸ ਧਰਤੀ ਦੇ ਜਾਇਆ ਤੇ ਪੰਥ ਦੀ ਆਨ-ਸ਼ਾਨ ਦੀ ਚੜ੍ਹਦੀ ਕਲਾਂ ਦੀ ਰਾਖੀ ਕਰਨ ਦੀ ਜ਼ਿੰਮੇਵਾਰੀ ਕੁਦਰਤ ਨੇ ਹੀ ਸੌਪੀ ਹੋਈ ਹੈ। ਇਸ ਧਰਤੀ ਨੂੰ ਇੱਕ ਨਹੀਂ ਅਨੇਕਾ ਵਾਰ ਚਣੌਤੀਆਂ ਮਿਲੀਆਂ ਹਨ, ਵੰਗਾਰਾਂ ਪਈਆਂ ਹਨ, ਪ੍ਰੀਖਿਆਵਾਂ ਦੇਣੀਆਂ ਪਈਆਂ ਹਨ ਤੇ ਇਹ ਧਰਤੀ ਹਰ ਵਾਰ ਪੂਰੇ ਵਟਾ ਪੂਰੇ ਨੰਬਰ ਲੈ ਕੇ ਪਾਸ ਹੋਈ ਹੈ। ਵੰਗਾਰ 19 ਮਈ ਲਈ ਵੀ ਹੈ। ਪਰ ਇਹ ਵੰਗਾਰ ਸਿਰਫ਼ ਸਹੀ ਬਟਨ ਦੱਬਣ ਦੀ ਹੈ। 1989 'ਚ ਜਦੋਂ ਇਹ ਹਲਕਾ ਤਰਨਤਾਰਨ ਅਖਵਾਉਦਾ ਸੀ, ਉਦੋ ਦੀ ਇਸ ਹਲਕੇ ਨੂੰ ਅਜਿਹੀ ਹੀ ਵੰਗਾਰ ਦਾ ਸਾਹਮਣਾ ਕਰਨਾ ਪਿਆ ਸੀ ਅਤੇ ਇਸ ਧਰਤੀ ਦੇ ਵੋਟਰਾਂ ਨੇ ਕੌਮ ਦੇ ਜਰਨੈਲ ਸਿਮਰਨਜੀਤ ਸਿੰਘ ਮਾਨ ਨੂੰ ਜੇਲ੍ਹਾਂ 'ਚ ਬੈਠਿਆਂ ਰਿਕਾਰਡ ਤੋੜ ਵੋਟਾਂ ਪਾ ਕੇ ਜੇਂਤੂ ਬਣਾ ਦਿੱਤਾ ਸੀ ਅਤੇ ਪੂਰੀ ਦੁਨੀਆਂ 'ਚ ਇਸ ਹਲਕੇ ਦਾ ਸਿਰ ਮਾਣ ਨਾਲ ਉੱਚਾ ਕਰ ਛੱਡਿਆ ਸੀ। ਰਹਿੰਦੀ ਦੁਨੀਆਂ ਤੱਕ ਇਸ ਹਲਕੇ ਦੇ ਪੰਥਕ ਵੋਟਰਾਂ ਦੇ ਸਿਰਜੇ ਇਸ ਇਤਿਹਾਸ ਤੇ ਸਮੁੱਚੀ ਕੌਮ ਮਾਣ ਕਰਦੀ ਹੈ। ਜਿਸ ਸਮੇਂ ਕੌਮ ਮਰਦੇ-ਏ-ਮਜ਼ਾਹਿਦ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲ੍ਹਿਆਂ ਵੱਲੋਂ ਕੌਮੀ ਘਰ ਦੀ ਪ੍ਰਾਪਤੀ ਲਈ ਵਿੱਢੇ ਸੰਘਰਸ਼ 'ਚ ਕੁੱਦੀ ਹੋਈ ਸੀ।  

ਉਸ ਸਮੇਂ, ਸਮੇਂ ਦੀਆਂ ਜ਼ਾਲਮ ਸਰਕਾਰਾਂ ਨੇ ਪੰਜਾਬ ਨੂੰ ਬੁੱਚੜਖਾਨਾ ਬਣਾ ਛੱਡਿਆ ਸੀ। ਆਏ ਦਿਨ ਮਾਵਾਂ ਦੇ ਪੁੱਤਾਂ ਨੂੰ ਘਰਾਂ ਤੋਂ ਚੁੱਕ ਕੇ ਝੂਠੇ ਪੁਲਿਸ ਮੁਕਾਬਲਿਆਂ 'ਚ ਮਾਰ-ਮੁਕਾ ਦਿੱਤਾ ਜਾਂਦਾ ਸੀ। ਇੱਥੋਂ ਤੱਕ ਕਿ ਉਨ੍ਹਾਂ ਦੀਆਂ ਮ੍ਰਿਤਕ ਦੇਹਾਂ ਦਾ ਵੀ ਖੁਰਾ-ਖੋਜ਼ ਨਹੀਂ ਸੀ ਲੱਭਦਾ। ਜ਼ਾਲਮ ਪੁਲਿਸ ਉਨ੍ਹਾਂ ਸ਼ਹੀਦਾਂ ਦੀਆਂ ਮ੍ਰਿਤਕ ਦੇਹਾਂ ਨੂੰ ਅਣਪਛਾਤੀਆਂ ਲਾਸ਼ਾਂ ਆਖਕੇ ਸਾੜ ਦਿੰਦੀ ਸੀ। ਸਬੂਤ ਮਿਟਾ ਦਿੱਤਾ ਜਾਂਦਾ ਸੀ। ਉਸ ਕਾਲ਼ੀ ਹਨੇਰੀ 'ਚ ਇਸ ਹਲਕੇ ਦੇ ਸਪੂਤ ਜਸਵੰਤ ਸਿੰਘ ਖ਼ਾਲੜਾ ਨੇ ਸਿਰਫ ਤਿੰਨ  ਸਮਸ਼ਾਨਘਾਟਾ ਤੋਂ 25 ਹਜ਼ਾਰ ਅਣਪਛਾਤੀਆਂ ਲਾਸ਼ਾਂ ਦਾ ਖੁਰਾ-ਖੋਜ ਲੱਭਿਆ। ਸ਼ਹੀਦ ਖਾਲੜੇ ਦੀ ਇਸ ਕਰੜੀ ਘਾਲਣਾ ਤੇ ਬੇਖੋਫ਼ ਕੀਤੀ ਜਾਂਚ ਪੜਤਾਲ ਤੋਂ ਸਮੇਂ ਦੀ ਝੂਠੀ ਜਾਬਰ ਹਕੂਮਤ ਕੰਬ ਉੱਠੀ ਤੇ ਉਸਨੇ ਭਾਈ ਖ਼ਾਲੜਾ ਨੂੰ ਵੀ ਅਣਪਛਾਤੀ ਲਾਸ਼ ਵਿਚ ਬਦਲ ਦਿੱਤਾ। ਭਾਈ ਖ਼ਾਲੜਾ ਸਾਡੇ ਸਿਰ ਆਪਣੇ ਅਧੂਰੇ ਕਾਰਜ ਦੀ ਪੂਰਤੀ ਦਾ ਵੱਡਾ ਕਰਜ਼ਾ ਛੱਡ ਗਏ। ਉਨ੍ਹਾਂ ਦੀ ਸ਼ਹਾਦਤ ਤੋਂ ਬਾਅਦ, ਉਨ੍ਹਾਂ ਦੀ ਧਰਮਪਤਨੀ ਨੇ ਜਿੱਥੇ ਨਿੱਕੇ-ਨਿੱਕੇ ਮਾਸੂਮ ਬੱਚਿਆਂ ਦੀ ਪਰਵਰਿਸ਼ ਕੀਤੀ,  ਉਥੇ ਸ਼ਹੀਦ ਭਾਈ ਖ਼ਾਲੜਾ ਦੇ ਅਧੂਰੇ ਮਿਸ਼ਨ ਨੂੰ ਪੂਰਤੀ ਵੱਲ ਅੱਗੇ ਤੋਰੀ ਰੱਖਿਆ। ਮਨੁੱਖੀ ਅਧਿਕਾਰਾਂ ਦੀ ਰਾਖ਼ੀ ਲਈ ਸੰਘਰਸ਼ ਦਾ ਝੰਡਾ ਅੱਜ ਤੱਕ ਬੁਲੰਦ ਰੱਖਿਆ ਹੋਇਆ ਹੈ। ਬੀਬੀ ਖ਼ਾਲੜਾ ਸਾਹਮਣੇ, ਭਾਵੇਂ ਮੰਤਰੀ, ਐਮ.ਪੀ ਜਾਂ ਐਮ.ਐਲ.ਏ ਦੇ ਅਹੁਦੇ ਬਹੁਤ ਬੌਣੇ ਹਨ, ਪ੍ਰੰਤੂ ਜੇ ਇਹ ਅਵਾਜ਼ ਜਿਹੜੀ ਆਮ ਲੋਕਾਂ 'ਚ ਗੂੰਜਦੀ ਹੈ, ਦੇਸ਼ ਦੀ ਪਾਰਲੀਮੈਟ 'ਚ ਗੂੰਜੇ ਤਾਂ ਜਿੱਥੇ ਇਨਸਾਫ਼  ਦਾ ਰਾਂਹ ਖੁੱਲਦਾ ਹੈ, ਉਥੇ ਪਾਪੀ ਤਾਕਤਾਂ ਨੂੰ ਕੰਬਣੀ ਵੀ ਛਿੜਦੀ ਹੈ। ਬੀਬੀ ਪਰਮਜੀਤ ਕੌਰ ਖ਼ਾਲੜਾ ਚਾਬੀ ਚੋਣ ਨਿਸ਼ਾਨ ਨਾਲ  ਖੰਡੂਰ ਸਾਹਿਬ ਹਲਕੇ ਤੋਂ ਚੋਣ ਮੈਦਾਨ 'ਚ ਹੈ। ਕਿਹੜੀ ਪਾਰਟੀ ਪਾਰਟੀ ਉਸਨੂੰ ਹਮਾਇਤ ਕਰ ਰਹੀ ਹੈ,ਕਿਹੜੀ ਨਹੀਂ, ਇਸ ਗੱਲ੍ਹ ਦਾ ਕੋਈ ਅਰਥ ਨਹੀਂ। ਬੀਬੀ ਖ਼ਾਲੜਾ, ਪੰਥ ਦੀ ਧੀਅ ਹੈ। ਪੰਥ ਦੀ ਉਮੀਦਵਾਰ ਹੈ। ਸ਼ਹੀਦ ਖਾਲੜਾ ਦਾ ਕੌਮ ਸਿਰ ਕਰਜ਼ਾ ਹੈ। ਅਸੀਂ ਚਾਬੀ ਨਿਸ਼ਾਨ ਦਾ ਬਟਨ ਦੱਬਕੇ ਉਸ ਕਰਜ਼ੇ ਨੂੰ ਲਾਹੁੰਣਾ ਹੈ। ਜਿਹੜਾ ਕੁੰਜੀ ਚੋਣ ਨਿਸ਼ਾਨ ਦਾ ਬਟਨ ਨਹੀਂ ਦੱਬਦਾ ਤਾਂ ਘੱਟੋ -ਘੱਟ 25 ਹਜ਼ਾਰ ਨੌਜਵਾਨ ਸ਼ਹੀਦ ਮੁੰਡਿਆਂ ਦੀਆਂ ਮ੍ਰਿਤਕ ਦੇਹਾਂ ਨੂੰ ਤਕਲੀਫ਼ ਜ਼ਰੂਰ ਹੋਵੇਗੀ, ਉਹ ਉਸਨੂੰ ਅਕ੍ਰਿਤਘਾਣ ਕਹਿਣਗੀਆਂ।

ਖੰਡੂਰ ਸਾਹਿਬ ਦੀ ਮਿੱਟੀ 'ਚ ਕੋਈ ਅਕ੍ਰਿਤਘਣ ਪੈਦਾ ਨਹੀਂ ਹੋ ਸਕਦਾ। ਐਨਾ ਭਾਰਾ ਕਰਜ਼ਾ ਜੇ ਸਿਰਫ਼ ਚਾਬੀ ਦਾ ਬਟਨ ਦਬਾਉਣ ਨਾਲ ਲਹਿੰਦਾ ਹੈ ਤਾਂ ਇਸ ਤੋਂ ਸਸਤਾ ਸੌਦਾ ਸਾਡੇ ਲਈ ਹੋਰ ਕੀ ਹੀ ਸਕਦਾ? ਅਸੀਂ ਇਸ ਬਹਿਸ 'ਚ ਵੀ ਨਹੀਂ ਪੈਦੇ ਕਿ ਬੀਬੀ ਖ਼ਾਲੜਾ ਦੇ ਵਿਰੋਧੀ ਉਮੀਦਵਾਰ ਕਿਹੜੀ-ਕਿਹੜੀ ਪਾਰਟੀ ਨਾਲ ਸਬੰਧਿਤ ਹਨ, ਉਨ੍ਹਾਂ ਪਾਰਟੀਆਂ ਨੇ ਪੰਥ ਅਤੇ ਪੰਜਾਬ ਨਾਲ ਕਿਹੜਾ-ਕਿਹੜਾ ਖਿਲਵਾੜ ਕੀਤਾ ਹੋਇਆ ਹੈ, ਅਤੇ ਕਿਹੜਾ ਧ੍ਰੋਹ ਕਮਾਇਆ ਹੋਇਆ। ਵਿਰੋਧੀ ਉਮੀਦਵਾਰ ਦਾ ਕਿਰਦਾਰ ਕੀ ਹੈ? ਸਾਨੂੰ ਤਾਂ ਅਰਜਨ ਵਾਗੂੰ ਚਿੜੀ ਦੀ ਅੱਖ ਭਾਵ ਚਾਬੀ ਦਾ ਚੋਣ ਨਿਸ਼ਾਨ ਦਿੱਸਣਾ ਚਾਹੀਦਾ ਹੈ। ਸਾਨੂੰ ਤਾਂ ਸ਼ਹੀਦ ਖਾਲੜਾ ਦੀ ਕੁਰਬਾਨੀ ਦਿੱਸਣੀ ਚਾਹੀਦੀ ਹੈ। ਸਾਨੂੰ ਤਾਂ ਉਨ੍ਹਾਂ 25 ਹਜ਼ਾਰ ਲਵਾਰਿਸ਼ ਲਾਸ਼ਾਂ ਦਾ ਹਿਸਾਬ ਲੈਣਾ ਦਾ ਇੱਕੋ-ਇੱਕ ਸੁਆਲ ਸੁਣਨਾ ਚਾਹੀਦਾ ਹੈ। ਵੋਟ, ਹਮੇਸ਼ਾ ਜ਼ਮੀਰ ਦੀ ਅਵਾਜ਼ ਤੇ ਪਾਈ ਜਾਂਦੀ ਹੈ ਅਤੇ ਕੋਈ ਜਿਊਂਦੀ ਜ਼ਮੀਰ ਇਹ ਨਹੀਂ ਆਖ਼ ਸਕਦੀ ਕਿ ਉਸਦੀ ਵੋਟ  ਸ਼ਹੀਦ ਖਾਲੜਾ ਦੀ ਅਮਾਨਤ ਨਹੀ। ਫ਼ਿਰ ਅਸੀਂ ਅਮਾਨਤ 'ਚ ਖਿਆਨਤ ਕਿਵੇਂ ਕਰ ਸਕਦੇ ਹਾਂ? ਇਹ ਤਾਂ ਪਾਪ ਹੁੰਦਾ ਹੈ। ਸਾਨੂੰ ਪੂਰਨ ਭਰੋਸਾ ਹੈ ਕਿ 23 ਮਈ ਨੂੰ ਚੋਣ ਨਤੀਜੇ ਤੋਂ ਬਾਅਦ ਹਰ ਖੰਡੂਰ ਸਾਹਿਬ ਵਾਸੀ ਦਾ ਸਿਰ ਮਾਣ ਨਾਲ ਉੱਚਾ ਹੋਵੇਗਾ। ਉਸਨੂੰ ਜੱਗ ਜਿੱਤਣ ਵਰਗਾ ਅਹਿਸਾਸ ਹੋਵੇਗਾ। ਪ੍ਰੰਤੂ ਜੇ ਕਿਧਰੇ ਤਿਲਕ ਗਏ ਤਾਂ ਇਤਿਹਾਸ ਨੇ ਤੁਹਾਨੂੰ ਮਾਫ਼ ਨਹੀਂ ਕਰਨਾ। ਆਉਣ ਵਾਲੀਆਂ ਪੀੜ੍ਹੀਆਂ ਤੁਹਾਨੂੰ ਆਪਣੇ ਬਜ਼ੁਰਗ ਕਹਿਣ ਤੇ ਸ਼ਰਮ ਮਹਿਸੂਸ ਕਰਨਗੀਆਂ। ਇਤਿਹਾਸ ਤੁਹਾਨੂੰ ਮਰੀਆਂ ਜ਼ਮੀਰਾਂ ਵਾਲੇ, ਹਾਰੇ ਹੋਏ ਲੋਕ ਆਖੇਗਾ। ਉਹੋ ! ਸਾਡੀ ਕਲਮ ਢਹਿੰਦੀ ਕਲਾਂ ਵੱਲ ਚੱਲੀ ਗਈ। ਪ੍ਰੰਤੂ ਸਾਨੂੰ ਪੂਰਾ ਭਰੋਸਾ ਹੈ ਕਿ ਖੰਡੂਰ ਸਾਹਿਬ ਦੇ ਬਹਾਦਰ, ਅਣਖੀਲੇ ਯੋਧੇ ਇਸ ਪ੍ਰੀਖਿਆ 'ਚੋ ਸ਼ਾਨ ਨਾਲ ਪਾਸ ਹੋਣਗੇ ਤੇ 23 ਮਈ ਨੂੰ ਸਮੁੱਚਾ ਪੰਥ ਖੰਡੂਰ ਸਾਹਿਬ ਵਾਲ੍ਹਿਆਂ ਅੱਗੇ ਨਤਮਸਤਕ ਹੋਵੇਗਾ।

Editorial
Jaspal Singh Heran

International