ਸੁਖਬੀਰ ਨੇ ਨਵਜੋਤ ਸਿੱਧੂ ਦੇ ਫ਼ਰੈਂਡਲੀ ਮੈਚ ਵਾਲੇ ਬਿਆਨ ਤੇ ਕਿਹਾ ਠੋਕੋ ਤਾਲੀ

ਚੰਡੀਗੜ੍ਹ  18 ਮਈ (ਏਜੰਸੀਆਂ) : ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਵੱਲੋਂ ਬਠਿੰਡਾ ਦੀ ਰੈਲੀ ਵਿੱਚ ਦਿੱਤੇ ਗਏ ਫਰੈਂਡਲੀ ਮੈਚ ਸਬੰਧੀ ਬਿਆਨ ਤੋਂ ਪੰਜਾਬ ਦਾ ਸਿਆਸੀ ਪਾਰਾ ਚੜ੍ਹ ਗਿਆ ਹੈ। ਜਿੱਥੇ ਆਮ ਆਦਮੀ ਪਾਰਟੀ ਨੇ ਸਿੱਧੂ ਦੇ ਇਸ ਬਿਆਨ ਮਗਰੋਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਅਸਤੀਫ਼ਾ ਮੰਗਿਆ ਹੈ, ਉੱਥੇ ਹੀ ਅਕਾਲੀ ਦਲ ਨਵਜੋਤ ਸਿੱਧੂ ਦਾ ਧੰਨਵਾਦ ਕਰ ਰਿਹਾ ਹੈ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਟਵੀਟ ਰਾਹੀਂ ਕਾਂਗਰਸ ਦੀ ਅੰਦਰੂਨੀ ਖਾਨਾਜੰਗੀ 'ਤੇ ਤਨਜ਼ ਕੱਸਿਆ ਹੈ।

ਸੁਖਬੀਰ ਨੇ ਕਿਹਾ ਕਿ ਕਾਂਗਰਸ ਨੂੰ ਆਪਣੀ ਹਾਰ ਦਾ ਅਹਿਸਾਸ ਹੋ ਗਿਆ ਹੈ, ਇਸ ਲਈ ਇੱਕ-ਦੂਜੇ ਨੂੰ ਭੰਡਣ ਦਾ ਕੰਮ ਵੀ ਸ਼ੁਰੂ ਹੋ ਚੁੱਕਿਆ ਹੈ। ਉਨ੍ਹਾਂ ਲਿਖਿਆ ਕਿ ਬਠਿੰਡਾ ਤੋਂ ਕਾਂਗਰਸੀ ਉਮੀਦਵਾਰ ਰਾਜਾ ਵੜਿੰਗ ਦੀ ਹਾਰ ਨੂੰ ਭਾਂਪਦਿਆਂ ਨਵਜੋਤ ਸਿੱਧੂ ਨੇ ਆਪਣੇ ਬੰਦਿਆਂ ਤੇ ਸਾਡੇ ਦਰਮਿਆਨ ਫਰੈਂਡਲੀ ਮੈਚ ਦਾ ਰਾਗ ਅਲਾਪਣਾ ਸ਼ੁਰੂ ਕਰ ਦਿੱਤਾ ਹੈ। ਬਾਦਲ ਨੇ ਕਿਹਾ,“ਹਾਰ ਨੂੰ ਦੇਖਦਿਆਂ ਕਾਂਗਰਸ 'ਚ ਸਿਵਲ ਵਾਰ ਸ਼ੁਰੂ ਹੋ ਗਈ ਹੈ, ਠੋਕੋ ਤਾਲੀ, ਧੰਨਵਾਦ ਨਵਜੋਤ ਸਿੱਧੂ।“

ਉੱਧਰ, ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਮਜੀਠੀਆ ਨੇ ਵੀ ਪ੍ਰੈਸ ਬਿਆਨ ਜਾਰੀ ਕਰਦਿਆਂ ਕਿਹਾ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਸ਼ਰ੍ਹੇਆਮ ਪੰਜਾਬ ਸਰਕਾਰ ਦੀਆਂ ਨੀਤੀਆਂ ਅਤੇ ਕੰਮਕਾਜ ਨੂੰ ਭੰਡਣ ਵਾਲੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੂੰ ਤੁਰੰਤ ਬਰਖ਼ਾਸਤ ਕਰਨਾ ਚਾਹੀਦਾ ਹੈ ਜਾਂ ਫਿਰ ਖ਼ੁਦ ਆਪਣੇ ਅਹੁਦੇ ਤੋਂ ਅਸਤੀਫਾ ਦੇ ਦੇਣਾ ਚਾਹੀਦਾ ਹੈ। ਇਹ ਸਿਆਸੀ ਉਬਾਲ ਲੋਕ ਸਭਾ ਚੋਣਾਂ ਲਈ ਵੋਟਿੰਗ ਤੋਂ ਸਿਰਫ ਇੱਕ ਦਿਨ ਪਹਿਲਾਂ ਹੋਇਆ ਹੈ। ਪੰਜਾਬ ਦੀਆਂ 13 ਲੋਕ ਸਭਾ ਸੀਟਾਂ 'ਤੇ ਭਲਕੇ ਯਾਨੀ 19 ਮਈ ਨੂੰ ਵੋਟਾਂ ਪੈਣਗੀਆਂ ਤੇ 23 ਮਈ ਨੂੰ ਨਤੀਜੇ ਆਉਣਗੇ।

Unusual
Sukhbir Badal
Navjot Singh Sidhu
Punjab Politics

International