ਕੈਪਟਨ ਅਮਰਿੰਦਰ ਨੇ ਨਵਜੋਤ ਸਿੱਧੂ ਨੂੰ ਚਾਹ ਪਾਰਟੀ ਤੇ ਨਾ ਸੱਦਿਆ

ਸਿੱਧੂ ਨੇ ਆਪਣੇ ਦਫ਼ਤਰ ਵਿੱਚ ਪ੍ਰੈੱਸ ਕਾਨਫਰੰਸ ਸੱਦ ਕੇ ਕੈਪਟਨ ਵਿਰੁੱਧ ਕੱਢੀ ਭੜਾਸ

ਚੰਡੀਗੜ੍ਹ 30 ਮਈ (ਕਮਲਜੀਤ ਸਿੰਘ ਬਨਵੈਤ): ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸਥਾਨਕ ਸਰਕਾਰ ਮੰਤਰੀ ਨਵਜੋਤ ਸਿੰਘ ਸਿੱਧੂ ਦਰਮਿਆਨ ਦੂਰੀ ਹੋਰ ਵੱਧ ਗਈ ਹੈ। ਕੈਪਟਨ ਨੇ ਨਵੇਂ ਚੁਣੇ ਮੈਂਬਰ ਪਾਰਲੀਮੈਂਟ, ਮੰਤਰੀਆਂ ਅਤੇ ਵਿਧਾਇਕਾਂ ਲਈ ਰੱਖੀ ਚਾਹ ਪਾਰਟੀ ਵਿੱਚ ਸਿੱਧੂ ਨੂੰ' ਨੇਦਾ ' ਨਾ ਦਿੱਤਾ । ਸਿੱਧੂ, ਚਾਹ  ਪਾਰਟੀ ਵੇਲੇ ਆਪਣੇ ਦਫਤਰ 'ਚ ਬੈਠੇ ਕੰਮ ਕਰਦੇ ਰਹੇ ।ਉਨ੍ਹਾਂ ਨੇ ਇੱਕ  ਪ੍ਰੈੱਸ ਕਾਨਫਰੰਸ ਕਰਕੇ ਕੈਪਟਨ ਅਤੇ ਹੋਰ ਕਈ ਮੰਤਰੀਆਂ ਖਿਲਾਫ ਭੜਾਸ ਵੀ ਕੱਢੀ । ਉਂਜ ਸਿੱਧੂ ਮੁੱਖ ਮੰਤਰੀ ਕੈਪਟਨ ਦੇ ਖਿਲਾਫ ਖੁੱਲ੍ਹ ਕੇ ਕੁਝ ਕਹਿਣ ਤੋਂ ਸੰਕੋਚ ਕਰਦੇ ਰਹੇ ਪਰ ਉਨ੍ਹਾਂ ਨੇ ਆਪਣੀ ਚਿਰਾਂ ਚਿਰੋਕਣੀ ਚੁੱਪ ਤੋੜ ਦਿੱਤੀ ਹੈ।

ਪ੍ਰੈੱਸ ਕਾਨਫਰੰਸ ਦੌਰਾਨ  ਨਵਜੋਤ ਸਿੰਘ ਸਿੱਧੂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੀਤੀ ਹਾਈ ਕਮਾਨ ਨੂੰ ਸ਼ਿਕਾਇਤ ਕਿ ਸ਼ਹਿਰੀ ਖੇਤਰਾਂ 'ਚੋਂ ਲੋਕ ਸਭਾ ਚੋਣ ਦੌਰਾਨ ਨਵਜੋਤ ਸਿੰਘ ਸਿੱਧੂ ਦੇ ਵਿਭਾਗ ਸਥਾਨਕ ਸਰਕਾਰ ਦੀ ਘਟੀਆ ਕਾਰਗੁਜ਼ਾਰੀ ਕਾਰਨ ਵੋਟਾਂ ਘੱਟ ਪਈਆਂ ਹਨ ਅਤੇ ਬਠਿੰਡਾ ਸੀਟ ਵੀ ਸਿੱਧੂ ਦੀ ਬਿਆਨਬਾਜ਼ੀ ਕਰਕੇ ਹਾਰੀ ਹੈ, ਦਾ ਜਵਾਬ ਦਿੱਤਾ। ਉਨ੍ਹਾਂ ਨੇ ਮੀਡੀਆ ਨੂੰ ਆਪਣੇ ਕੰਮਾਂ ਦੀ ਰਿਪੋਰਟ ਪੇਸ਼ ਕੀਤੀ ਪਰ ਨਾਲ ਹੀ ਮੁੱਖ ਮੰਤਰੀ ਨੂੰ ਪੁੱਛਿਆ ਕਿ ਪੰਜਾਹ ਵਿਭਾਗਾਂ  'ਚੋਂ ਇਕੱਲੇ ਨਵਜੋਤ ਸਿੰਘ ਨੂੰ ਨਿਸ਼ਾਨਾ ਕਿਉਂ ਬਣਾਇਆ ਜਾ ਰਿਹਾ ਹੈ ।ਉਨ੍ਹਾਂ ਨੇ ਇਹ ਵੀ ਕਿਹਾ ਕਿ ਇਕੱਲਾ ਸ਼ਹਿਰੀ ਮੰਤਰੀ ਉਹ ਹੀ ਨਹੀਂ ਸਗੋਂ  ਤ੍ਰਿਪਤ ਬਾਜਵਾ ਪਾਸ ਵੀ ਮਕਾਨ ਉਸਾਰੀ ਅਤੇ ਸ਼ਹਿਰੀ ਯੋਜਨਾ ਬਾਰੇ ਵੱਡਾ ਵਿਭਾਗ  ਹੈ ।

ਵੋਟਾਂ ਦੇ ਨਤੀਜਿਆਂ ਬਾਅਦ ਪਹਿਲੀ ਵਾਰੀ ਮੀਡੀਆ  ਸਾਹਮਣੇ ਆਏ ਨਵਜੋਤ ਸਿੱਧੂ ਨੂੰ ਦਲੀਲ ਨਾਲ ਦੱਸਿਆ ਕਿ ਬਠਿੰਡਾ ਸੀਟ ਇਤਿਹਾਸ ਵਿੱਚ ਕਦੇ ਵੀ ਕਾਂਗਰਸ ਨੇ ਨਹੀਂ ਜਿੱਤੀ ਸੀ। ਸਗੋਂ ਪਹਿਲਾਂ ਇਸ ਸੀਟ ਤੋਂ ਕੈਪਟਨ ਅਮਰਿੰਦਰ ਸਿੰਘ ਦੇ ਪੁੱਤਰ ਇੱਕ ਲੱਖ ਵੀਹ ਹਜ਼ਾਰ ਦੇ ਅੰਤਰ ਨਾਲ  ਹਾਰੇ ਸਨ ਅਤੇ ਖੁਦ ਕੈਪਟਨ ਸਾਹਿਬ  25000 ਵੋਟਾਂ ਨਾਲ ਇਕੱਲੇ ਲੰਬੀ ਹਲਕੇ ਤੋਂ ਹਾਰ ਚੁੱਕੇ ਹਨ। ਉਨ੍ਹਾਂ ਦਾਅਵਾ ਕੀਤਾ ਕਿ ਬਠਿੰਡਾ ਸ਼ਹਿਰ ਵਿੱਚ ਵੀ  ਇਸ ਵਾਰ ਲੋਕਾਂ ਨੇ ਪਹਿਲਾਂ ਨਾਲੋਂ  ਵੱਧ ਵੋਟਾਂ  ਪਾਈਆਂ ਹਨ। ਉਨ੍ਹਾਂ ਨੇ ਕੈਪਟਨ ਤੋਂ ਸਵਾਲ ਪੁੱਛਦਿਆਂ ਕਿਹਾ ਕਿ ਬਠਿੰਡਾ ਨੂੰ ਛੱਡ ਕੇ ਕਾਂਗਰਸ ਲੁਧਿਆਣਾ ਜਾਂ ਪਟਿਆਲਾ ਤੋਂ ਦਿੱਤੀ ਹੈ ਤਾਂ ਉੱਥੋਂ ਬਾਰੇ ਸਿੱਧੂ ਨੂੰ  ਕ੍ਰੈਡਿਟ ਕਿਉਂ ਨਹੀਂ ਦਿੱਤਾ ਜਾ ਰਿਹਾ।

ਨਵਜੋਤ ਸਿੱਧੂ, ਜਿਨ੍ਹਾਂ ਦੀ ਜ਼ਬਾਨ ਵਿੱਚ ਅੱਜ ਪਹਿਲਾਂ ਵਾਲੀ ਮੜਕ ਨਹੀਂ ਸੀ ਨੇ ਕਿਹਾ ਕਿ ਉਨ੍ਹਾਂ ਨੇ ਕਦੇ ਵੀ ਕਿਸੇ ਕਾਂਗਰਸੀ ਵਰਕਰ ਬਾਰੇ ਇੱਕ ਵੀ ਬੁਰਾ ਸ਼ਬਦ ਨਹੀਂ ਬੋਲਿਆ ਹੈ  ਜਦੋਂ ਕਿ ਮੁੱਖ ਮੰਤਰੀ ਦੇ ਛੇ ਤੋਂ ਅੱਠ  ਮੰਤਰੀ ਹਮੇਸ਼ਾ ਉਸ ਖ਼ਿਲਾਫ਼ ਬੋਲਦੇ ਰਹਿੰਦੇ ਹਨ ।

Unusual
cabinet meeting
Capt Amarinder Singh
Punjab Government
Navjot Singh Sidhu

International