ਕੋਟਕਪੂਰਾ ਗੋਲ਼ੀਕਾਂਡ ਦੀ ਜਾਂਚ 'ਚ ਸਿੱਟ ਦੁਫਾੜ? ਉੱਠੇ ਵੱਡੇ ਸਵਾਲ

ਚੰਡੀਗੜ੍ਹ 1 ਜੂਨ (ਪ.ਬ.) ਕੈਪਟਨ ਸਰਕਾਰ ਵੱਲੋਂ ਬਹਿਬਲ ਕਲਾਂ ਤੇ ਕੋਟਕਪੂਰਾ ਗੋਲ਼ੀਕਾਂਡ ਦੀ ਪੜਤਾਲ ਲਈ ਬਣਾਈ ਵਿਸ਼ੇਸ਼ ਜਾਂਚ ਟੀਮ 'ਚ ਘਸਮਾਣ ਪੈ ਗਿਆ ਹੈ। ਟੀਮ ਦੇ ਮੁਖੀ ਨੇ ਆਪਣੇ ਹੇਠਲੇ ਅਧਿਕਾਰੀ ਵੱਲੋਂ ਅਦਾਲਤ ਵਿੱਚ ਪੇਸ਼ ਕੀਤੇ ਚਲਾਨ ਨੂੰ ਆਪਣੀ ਸਹਿਮਤੀ ਦੇਣ ਤੋਂ ਇਨਕਾਰ ਕਰ ਦਿੱਤਾ ਹੈ ਅਤੇ ਕੁੰਵਰ ਵਿਜੇ ਪ੍ਰਤਾਪ 'ਤੇ ਮਨਮਾਨੀ ਕਰਨ ਦੇ ਇਲਜ਼ਾਮ ਵੀ ਲਾਏ ਹਨ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਐਸਆਈਟੀ ਦੇ ਮੁਖੀ ਏਡੀਜੀਪੀ ਪ੍ਰਬੋਧ ਕੁਮਾਰ ਨੇ ਪੰਜਾਬ ਪੁਲਿਸ ਦੇ ਮੁਖੀ ਡੀਜੀਪੀ ਦਿਨਕਰ ਗੁਪਤਾ ਨੂੰ ਚਿੱਠੀ ਲਿਖ ਕੇ ਕਿਹਾ ਹੈ ਕਿ ਆਈਜੀ ਕੁੰਵਰ ਵਿਜੇ ਪ੍ਰਤਾਪ ਵੱਲੋਂ ਕੋਟਕਪੂਰਾ ਗੋਲ਼ੀਕਾਂਡ 'ਚ ਪੇਸ਼ ਚਲਾਨ ਦੇ ਉਹ ਜ਼ਿੰਮੇਵਾਰ ਖ਼ੁਦ ਹਨ। ਪ੍ਰਬੋਧ ਕੁਮਾਰ ਮੁਤਾਬਕ ਕੁੰਵਰ ਵਿਜੇ ਪ੍ਰਤਾਪ ਵੱਲੋਂ ਪੇਸ਼ ਚਲਾਨ ਨੂੰ ਐਸਆਈਟੀ ਦੀ ਸਹਿਮਤੀ ਨਹੀਂ ਹੈ।

ਉਨ੍ਹਾਂ ਚਿੱਠੀ ਵਿੱਚ ਲਿਖਿਆ ਹੈ ਕਿ ਐਸਆਈਟੀ ਦੇ ਨਾਂਅ 'ਤੇ ਪੇਸ਼ ਕੀਤੇ ਚਲਾਨ ਦੇ ਜ਼ਿੰਮੇਵਾਰੀ ਕੁੰਵਰ ਵਿਜੇ ਪ੍ਰਤਾਪ ਹਨ। ਹਾਲਾਂਕਿ, ਇਹ ਚਿੱਠੀ ਵਿਭਾਗ ਦਾ ਅੰਦਰੂਨੀ ਸੰਚਾਰ ਦੱਸੀ ਜਾ ਰਹੀ ਹੈ। ਉੱਧਰੋਂ, ਡੀਜੀਪੀ ਦੇ ਵਿਦੇਸ਼ੀ ਦੌਰੇ 'ਤੇ ਹੋਣ ਕਾਰਨ ਇਸ ਬਾਰੇ ਬਹੁਤੀ ਜਾਣਕਾਰੀ ਬਾਹਰ ਵੀ ਨਹੀਂ ਆਈ ਹੈ। ਦੂਜੇ ਪਾਸੇ, ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਤੇ ਆਮ ਆਦਮੀ ਪਾਰਟੀ ਦੇ ਆਗੂ ਹਰਪਾਲ ਚੀਮਾ ਨੇ ਕਿਹਾ ਹੈ ਕਿ ਐਸਆਈਟੀ ਵਿੱਚ 'ਬਗ਼ਾਵਤ' ਬਾਦਲਾਂ ਨੂੰ ਬਚਾਉਣ ਲਈ ਸੋਚੀ-ਸਮਝੀ ਸਾਜ਼ਿਸ਼ ਦਾ ਹਿੱਸਾ ਹੈ। ਚੀਮਾ ਨੇ ਸਵਾਲ ਚੁੱਕੇ ਹਨ ਕਿ ਜੇਕਰ ਟੀਮ ਮੈਂਬਰ ਕੁੰਵਰ ਵਿਜੇ ਪ੍ਰਤਾਪ ਸਿੰਘ ਇਸ ਸੰਵੇਦਨਸ਼ੀਲ ਜਾਂਚ ਦੌਰਾਨ ਸੱਚਮੁੱਚ ਆਪਹੁਦਰੀ ਕਰ ਰਿਹਾ ਸੀ ਤਾਂ ਇਹ ਚਾਰੇ ਸੀਨੀਅਰ ਪੁਲਸ ਅਧਿਕਾਰੀ ਜਾਂਚ ਦੌਰਾਨ ਹੀ ਕਿਉਂ ਨਹੀਂ ਬੋਲੇ? ਜਦਕਿ ਅਦਾਲਤ 'ਚ ਚਲਾਨ ਪੇਸ਼ ਕਰਨ ਤੋਂ ਬਾਅਦ ਇੰਨਾ ਪੁਲਸ ਅਫ਼ਸਰਾਂ ਨੇ ਨਾ ਸਿਰਫ਼ ਹੱਥ ਪਿੱਛੇ ਖਿੱਚੇ ਹਨ, ਸਗੋਂ ਕੁੰਵਰ ਵਿਜੈ ਪ੍ਰਤਾਪ ਸਿੰਘ ਵਿਰੁੱਧ ਸ਼ਿਕਾਇਤ ਕਰ ਕੇ ਜਾਂਚ ਰਿਪੋਰਟ ਵੀ ਪ੍ਰਭਾਵਿਤ ਕਰ ਦਿੱਤੀ ਹੈ।

ਉਨ੍ਹਾਂ ਦੋਸ਼ ਲਾਇਆ ਕਿ ਕੈਪਟਨ ਅਮਰਿੰਦਰ ਸਿੰਘ ਅਤੇ ਕੇਂਦਰ ਦੀ ਮੋਦੀ ਸਰਕਾਰ ਚਾਹੁੰਦੀ ਹੀ ਨਹੀਂ ਕਿ ਬਾਦਲ ਅਤੇ ਸੈਣੀ ਸਮੇਤ ਇਸ ਮਸਲੇ ਦੇ ਬਾਕੀ ਗੁਨਾਹਗਾਰਾਂ ਨੂੰ ਸਖ਼ਤ ਸਜਾ ਮਿਲੇ, ਇਸ ਲਈ ਇਹ ਬਗ਼ਾਵਤ ਉੱਭਰੀ ਹੈ। ਹਾਲਾਂਕਿ, ਐਸਆਈਟੀ ਮੁਖੀ ਵੱਲੋਂ ਡੀਜੀਪੀ ਨੂੰ ਚਿੱਠੀ ਲਿਖੀ ਸਾਹਮਣੇ ਨਾ ਆਉਣ ਕਾਰਨ ਇਸ ਵਿੱਚ ਸੱਚਾਈ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ। ਪਰ ਕੋਟਕਪੂਰਾ ਗੋਲ਼ੀਕਾਂਡ ਮਾਮਲੇ ਸਬੰਧੀ ਅਦਾਲਤ ਵਿੱਚ ਚਾਰਜਸ਼ੀਟ ਪੇਸ਼ ਕੀਤੇ ਜਾਣ ਸਮੇਂ ਜਾਂਚ ਟੀਮ ਦੇ ਸਿਰਫ ਦੋ ਅਧਿਕਾਰੀਆਂ ਦੇ ਦਸਤਖ਼ਤ ਹੋਣਾ ਐਸਆਈਟੀ ਵਿੱਚ ਵਿਵਾਦ ਦੀ ਪੁਸ਼ਟੀ ਕਰਦੇ ਹਨ।

Unusual
kotkapura
Beadbi
Behbal Kalan firing
Court Case

International