ਨਵਜੋਤ ਸਿੰਘ ਸਿੱਧੂ ਦੇ ਅਸਤੀਫ਼ੇ ਨੂੰ ਰਾਹੁਲ ਗਾਂਧੀ ਨੇ ਕੀਤਾ ਨਾ-ਮਨਜ਼ੂਰ

ਚੰਡੀਗੜ੍ਹ (ਹਰੀਸ਼ ਚੰਦਰ ਬਾਗਾਂ ਵਾਲਾ)-ਪੰਜਾਬ ਦੇ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਵਿਚਾਲੇ ਤਣਾਅ ਵੱਧਦਾ ਜਾ ਰਿਹਾ ਹੈ। ਜਿਥੇ ਕੈਪਟਨ ਸਿੱਧੂ ਨੂੰ ਇੱਕ ਤੋਂ ਬਾਅਦ ਇਕ ਝਟਕੇ ਦੇ ਰਹੇ ਹਨ ਹੁਣ ਸਿੱਧੂ ਨੇ ਵੀ ਇਨ੍ਹਾਂ ਦਾ ਜਵਾਬ ਦੇਣਾ ਸ਼ੁਰੂ ਕਰ ਦਿੱਤਾ ਹੈ। ਕੈਪਟਨ ਵਲੋਂ ਉਨ੍ਹਾਂ ਦਾ ਮਹਿਕਮਾ ਬਦਲੇ ਜਾਂ ਤੋਂ ਖਫਾ ਹੋਏ ਸਿੱਧੂ ਨੇ ਹੁਣ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨਾਲ ਮੁਲਾਕਾਤ ਕੀਤੀ ਹੈ। ਇਸ ਦੌਰਾਨ ਉਹ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਵਾਡਰਾ ਨੂੰ ਵੀ ਮਿਲੇ। ਸਿੱਧੂ ਨੇ ਰਾਹੁਲ ਤੇ ਪ੍ਰਿਅੰਕਾ ਨੂੰ ਚਿੱਠੀ ਦੇ ਰੂਪ ਵਿੱਚ ਆਪਣੀਆਂ ਸ਼ਿਕਾਇਤਾਂ ਦੱਸ ਦਿੱਤੀਆਂ ਹਨ।

ਸੂਤਰਾਂ ਅਨੁਸਾਰ ਤਾਂ ਰਾਹੁਲ ਅਤੇ ਪ੍ਰਿਯੰਕਾ ਦੇ ਸਮਝਾਉਣ ਤੋਂ ਬਾਅਦ ਸਿੱਧੂ ਨਵਾਂ ਵਿਭਾਗ ਸੰਭਾਲਣ ਲਈ ਰਾਜ਼ੀ ਹੋ ਗਏ ਹਨ। ਹਾਲਾਂਕਿ ਸਿੱਧੂ ਨੇ ਰਾਹੁਲ ਗਾਂਧੀ ਨੂੰ ਸ਼ਿਕਾਇਤ ਕੀਤੀ ਹੈ ਉਨ੍ਹਾਂ ਨੂੰ ਜਾਣ ਬੁੱਝ ਕੇ ਟਾਰਗੇਟ ਕੀਤਾ ਜਾ ਰਿਹਾ ਹੈ ਉਨ੍ਹਾਂ ਨੇ ਰਾਹੁਲ ਅੱਗੇ ਆਪਣਾ ਪੱਖ ਵੀ ਰੱਖਿਆ ਹੈ। ਹਾਲਾਂਕਿ ਸ਼ਿਕਾਇਤ ਤੋਂ ਬਾਅਦ ਵਿਚਾਰ ਕਰਨ ਦਾ ਭਰੋਸਾ ਦਿੱਤਾ ਹੈ। ਰਾਹੁਲ ਨੇ ਸਿੱਧੂ ਨੂੰ ਕਿਹਾ ਕਿ ਰਾਜਾਂ ਦੇ ਮਾਮਲਿਆਂ 'ਤੇ ਬਾਅਦ 'ਚ ਚਰਚਾ ਹੋਵੇਗੀ। ਇਹ ਵੀ ਕਿਹਾ ਜਾ ਰਿਹਾ ਹੈ ਕਿ ਸਿੱਧੂ ਨੇ ਅਸਤੀਫੇ ਦੀ ਪੇਸ਼ਕਸ਼ ਕੀਤੀ ਸੀ, ਜੋ ਰਾਹੁਲ ਗਾਂਧੀ ਨੇ ਮੰਨਣ ਤੋਂ ਇਨਕਾਰ ਕਰ ਦਿੱਤੀ। ਦਰਅਸਲ, ਨਵਜੋਤ ਸਿੰਘ ਸਿੱਧੂ ਅਤੇ ਕੈਪਟਨ ਅਮਰਿੰਦਰ ਸਿੰਘ ਦਾ ਸਿੱਧਾ ਟਕਰਾਅ ਚੱਲ ਰਿਹਾ ਹੈ।

ਇਸੇ ਦਰਮਿਆਨ ਕੈਪਟਨ ਨੇ ਸਿੱਧੂ ਦਾ ਸਥਾਨਕ ਸਰਕਾਰਾਂ ਵਿਭਾਗ ਵਾਪਸ ਲੈ ਕੇ ਬਿਜਲੀ ਤੇ ਨਵਿਆਉਣਯੋਗ ਊਰਜਾ ਮੰਤਰੀ ਦਾ ਅਹੁਦਾ ਦੇ ਦਿੱਤਾ ਸੀ, ਜੋ ਸਿੱਧੂ ਨੇ ਹਾਲੇ ਤਕ ਨਹੀਂ ਸੰਭਾਲਿਆ ਹੈ। ਪਰ ਜੋ ਹਾਲਾਤ ਹਨ ਉਸ ਤੋਂ ਜਾਪਦਾ ਹੈ ਕਿ ਉਹ ਨਵਾਂ ਮੰਤਰਾਲਾ ਨਹੀਂ ਸੰਭਾਲਣਗੇ। ਜ਼ਿਕਰਯੋਗ ਹੈ ਕਿ ਲੋਕ ਸਭਾ ਚੋਣਾਂ ਦੌਰਾਨ ਨਵਜੋਤ ਸਿੰਘ ਸਿੱਧੂ ਨੇ ਫਰੈਂਡਲੀ ਮੈਚ ਸਬੰਧੀ ਬਿਆਨ ਦਿੱਤਾ ਸੀ, ਜਿਸ ਮਗਰੋਂ ਕੈਪਟਨ ਅਮਰਿੰਦਰ ਸਿੰਘ ਨੇ ਬਠਿੰਡਾ ਤੇ ਹੋਰ ਸ਼ਹਿਰੀ ਸੀਟਾਂ 'ਤੇ ਕਾਂਗਰਸ ਦੀ ਹੋਈ ਹਾਰ ਦਾ ਠੀਕਰਾ ਨਵਜੋਤ ਸਿੰਘ ਸਿੱਧੂ ਸਿਰ ਭੰਨ੍ਹ ਦਿੱਤਾ ਸੀ।  ਕੈਪਟਨ ਸਿੱਧੂ ਦੀ ਕਾਰਗੁਜ਼ਾਰੀ 'ਤੇ ਸਵਾਲ ਖੜ੍ਹੇ ਕਰ ਕੇ ਉਨ੍ਹਾਂ ਦਾ ਮੰਤਰਾਲਾ ਵੀ ਬਦਲ ਚੁਕੇ ਹਨ। ਜਿਸ ਤੋਂ ਬਾਅਦ ਸਿੱਧੂ ਨੇ ਆਪਣਾ ਰਿਪੋਰਟ ਕਾਰਡ ਵੀ ਜਾਰੀ ਕੀਤਾ ਸੀ।

ਇਸੇ ਮਾਮਲੇ ਕਾਰਨ ਸਿੱਧੂ ਕਾਂਗਰਸ ਹਾਈਕਮਾਨ ਕੋਲ ਪੁੱਜ ਗਏ ਹਨ। ਸਿੱਧੂ ਨੇ ਕਾਂਗਰਸ ਪ੍ਰਧਾਨ ਨਾਲ ਮੁਲਾਕਾਤ ਦੀ ਤਸਵੀਰ ਨੂੰ ਆਪਣੇ ਟਵਿੱਟਰ ਅਕਾਊਂਟ 'ਤੇ ਵੀ ਸ਼ੇਅਰ ਕੀਤਾ। ਇਸ ਤਸਵੀਰ 'ਚ ਸਿੱਧੂ, ਰਾਹੁਲ ਗਾਂਧੀ, ਪ੍ਰਿਯੰਕਾ ਗਾਂਧੀ ਵਾਡਰਾ ਅਤੇ ਸੀਨੀਅਰ ਕਾਂਗਰਸ ਨੇਤਾ ਅਹਿਮਦ ਪਟੇਲ ਨਾਲ ਦਿਖਾਈ ਦੇ ਰਹੇ ਹਨ।

Unusual
Rahul Gandhi
Navjot Singh Sidhu
Resign

International