ਗਿਣਤੀਆਂ ਦੇ ਗੇੜ 'ਚ ਫਸਣ ਦੇ ਨਤੀਜੇ ਤਾਂ ਅਜੇਹੇ ਹੀ ਹੋਣਗੇ...

ਮਹਿਮਾਨ ਸੰਪਾਦਕੀ
ਸੰਗਰੂਰ ਜਿਲ੍ਹੇ ਦੇ ਪਿੰਡ ਭਗਵਾਨਪੁਰਾ ਦਾ ਦੋ ਸਾਲਾ ਬਾਲਕ ਫਤਿਹਵੀਰ ਸਾਡੇ ਦਰਮਿਆਨ ਨਹੀ ਰਿਹਾ ।ਪਿੰਡ ਦੇ ਖੇਤ ਵਿੱਚ ਪੁਟੇ ਹੋਏ ਬੋਰ ਵੈਲ ਵਿੱਚ ਡਿੱਗਣਾ ਉਸਦੀ ਗਲਤੀ ਸੀ ਜਾਂ ਉਸਦੇ ਪ੍ਰੀਵਾਰਕ ਜੀਆਂ ਦੀ ਇਹ ਦੋਸ਼ ਤਾਂ ਬਹੁਤ ਜਲਦੀ ਤੈਅ ਕੀਤਾ ਜਾ ਸਕਦਾ ।ਲੇਕਿਨ ਕਿਹੜਾ ਮਾਂ ਬਾਪ ਆਪਣੇ ਢਿੱਡੋਂ ਜੰਮੇ ਨੂੰ ਮੌਤ ਦੇ ਮੂੰਹ ਵਿੱਚ ਸੁਟਣਾ ਚਾਹੇਗਾ ,ਇਹ ਸਵਾਲ ਸਾਡੇ ਸਾਰਿਆਂ ਦੀ ਜੁਬਾਨ ਨੂੰ ਤਲਾ ਜਰੂਰ ਲਗਾਏਗਾ ।ਮਹਿਜ ਦੋ ਮਹੀਨੇ ਪਹਿਲਾਂ ਹੀ ਲੋਕ ਸਭਾ ਚੋਣਾਂ ਵਿੱਚ ਜਿਤ ਹਾਸਿਲ ਕਰਨ ਲਈ ਬਾਹਵਾਂ ਉਲਾਰ ਉਲਾਰ ਕੇ ਆਮ ਲੋਕਾਂ ਨੂੰ 'ਤੁਹਾਡੇ ਦੁੱਖ ਸੁਖ ਦੇ ਭਾਈਵਾਲ'ਹੋਣ ਦਾ ਧਰਵਾਸ ਦੇਣ ਵਾਲੇ ਸਿਆਸਤਦਾਨ ਹੁਣ ਇਸ ਬਾਲਕ ਦੇ ਪ੍ਰੀਵਾਰ ਨੂੰ ਕੀ ਧਰਵਾਸ ਦੇਣਗੇ ?

ਸੂਬੇ ਵਿੱਚ ਹੋਈ ਹਾਰ ਲਈ ਪਾਰਟੀ ਵਿਧਾਇਕਾਂ ਨੂੰ ਸਜਾ ਦੇਣ ਵਾਲੇ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਆਖਿਰ ਚਾਰ ਦਿਨ ਬਾਅਦ ਹੀ ਕਿਉਂ ਪਤਾ ਲਗ ਸਕਿਆ ਕਿ ਪੰਜਾਬ ਦੇ ਇੱਕ ਪਿੰਡ ਦਾ ਬੱਚਾ ਬੋਰ ਵਿੱਚ ਫਸਿਆ ਪਿਆ ਹੈ ।ਤੇ ਜਦੋਂ ਤੀਕ ਸਰਕਾਰੀ ਮਸ਼ੀਨਰੀ ਹਰਕਤ ਵਿੱਚ ਆਈ ਬੱਚੇ ਵਾਲੀ ਖੇਡ ਖਤਮ ਹੋ ਚੁੱਕੀ ਸੀ। ਉਸ ਨਾਲ ਕੀ ਬੀਤੀ ਉਹ ਬਿਆਨ ਨਹੀ ਕਰ ਸਕਿਆ।ਕਿਸੇ ਭਾਰਤੀ ਬੱਚੇ ਦਾ ਖੁੱਲੇ ਛੱਡੇ ਟਿਊਬ ਵੈਲ ਬੋਰ ਵਿੱਚ ਡਿਗ ਜਾਣਾ ਕੋਈ ਪਹਿਲਾ ਮੌਕਾ ਨਹੀ ਹੈ ।ਕਦੇ ਪ੍ਰਿੰਸ ਬੋਰ ਵਿੱਚ ਜਾ ਡਿੱਗਾ ਸੀ ਤਾਂ ਭਾਰਤੀ ਫੌਜ ਬੁਲਾ ਲਈ ਗਈ ਸੀ ਬੱਚੇ ਨੂੰ ਬਚਾਉਣ ਲਈ ।ਦਾਅਵੇ ਕੀਤੇ ਗਏ ਸਨ ਕਿ ਸਰਕਾਰ ਨੇ ਨਵੀਂਆਂ ਹਦਾਇਤਾਂ ਜਾਰੀ ਕਰ ਦਿਤੀਆਂ ਹਨ ਖੁੱਲੇ ਛੱਡੇ ਬੋਰਾਂ ਦੇ ਮਾਮਲਿਆਂ ਵਿੱਚ ।ਲੇਕਿਨ ਉਹ ਸਰਕਾਰੀ ਐਲਾਨ ,ਨਿਯਮ ਤੇ ਉਨ੍ਹਾਂ ਦੀ ਪਾਲਣਾ ਕਿਥੇ ਗਈ ?ਕੋਈ ਨਹੀ ਜਾਣਦਾ ।ਹੋ ਸਕਦੈ ਕਿ ਹੁਣ ਵੀ ਕੋਈ ਜਾਂਚ ਕਮੇਟੀ ਗਠਿਤ ਕਰ ਦਿੱਤੀ ਜਾਵੇ ਘਟਨਾ ਦੀ ਨਿਰਪੱਖ ਜਾਂਚ ਲਈ ।

ਲੇਕਿਨ ਫਤਹਿਵੀਰ ਦੀ ਮੌਤ ਨੇ ਇੱਕ ਸਵਾਲ ਜਰੂਰ ਖੜਾ ਕੀਤਾ ਹੈ ਕਿ ਪਹਿਲਾਂ ਅੱਤਵਾਦ,ਫਿਰ ਨਸ਼ਿਆਂ ਰਾਹੀਂ ਪੰਜਾਬ ਦੀ ਜੁਆਨੀ ਨੂੰ ਖਤਮ ਕਰਨ ਵਾਲੀ ਸਰਕਾਰ ਨੇ ਮਾਸੂਮ ਬੱਚਿਆਂ ਨੂੰ ਕਤਲ ਕਰਨ ਦਾ ਰਾਹ ਕਿਉਂ ਅਖਤਿਆਰ ਕਰ ਲਿਆ ਹੈ ।ਕੋਈ ਦਿਨ ਅਜੇਹਾ ਨਹੀ ਬੀਤਦਾ ਜਦੋਂ ਕੋਈ ਬਾਲੜੀ ਬਲਾਤਕਾਰ ਦੀ ਭੇਟ ਨਹੀ ਚੜ੍ਹਦੀ।ਅਜੇਹੇ ਘਿਨਾਉਣੇ ਕਾਰਨਾਮਿਆਂ ਦੇ ਸਾਰੇ ਹੀ ਪੀੜਤਾਂ ਨੂੰ ਇਨਸਾਫ ਨਹੀ ਮਿਲਦਾ ,ਇਹ ਵੀ ਤਰਾਸਦੀ ਹੈ ।ਸ਼ਾਇਦ ਇਸੇ ਕਾਰਣ ਕੁਝ ਦਿਨ ਪਹਿਲਾਂ ਜਲੰਧਰ ਵਿਖੇ ਬਲਾਤਕਾਰ ਕਰਨ ਵਾਲੇ ਇੱਕ ਦੋਸ਼ੀ ਨੂੰ ਲੋਕਾਂ ਨੇ ਹੀ ਮੌਤ ਦੀ ਸਜਾ ਦੇ ਦਿੱਤੀ ।ਹੁਣ ਵੀ ਫਤਿਹਵੀਰ ਦੀ ਲਾਸ਼ ਪਿੰਡ ਪੁਜਣ ਤੇ ਰੋਹ ਵਿੱਚ ਆਏ ਲੋਕ ਸਰਕਾਰ ਪ੍ਰਤੀ ਕੀ ਪ੍ਰਤੀਕਰਮ ਦਿੰਦੇ ਹਨ ਇਹ ਵੇਖਣਾ ਪਵੇਗਾ ।ਸਰਕਾਰ ਵੀ ਆਪਣੇ ਖਿਲਾਫ ਉਠਣ ਵਾਲੀ ਅਵਾਜ ਦਬਾਉਣ ਲਈ ਉਸ ਪੁਲਿਸ ਫੋਰਸ ਤੇ ਪ੍ਰਸ਼ਾਸ਼ਨ ਦਾ ਸਹਾਰਾ ਜਰੂਰ ਲਏਗੀ ,ਜਿਸ ਪਾਸ ਫਤਿਹਵੀਰ ਨੂੰ ਵਕਤ ਸਿਰ ਸਾਧਨ ਤੇ ਤਕਨੀਕ ਹੀ ਮੁਹਈਆ ਨਹੀ ਸੀ ।

ਪ੍ਰੰਤੂ ਅਸੀਂ ਇਸ ਦੁਖਦਾਈ ਘਟਨਾ ਲਈ ਸਿਰਫ ਸਰਕਾਰ ਤੇ ਉਸਦੇ ਤਨਖਾਹਦਾਰ ਪ੍ਰਸ਼ਾਸ਼ਨ ਨੂੰ ਇੱਕਲਿਆਂ ਦੋਸ਼ੀ ਨਹੀ ਠਹਿਰਾਵਾਂਗੇ ।ਦੋਸ਼ੀ ਅਸੀਂ ਖੁਦ ਹਾਂ ਜਿਹੜੇ ਹਰ ਵਾਰ ਸਿਆਸਤਦਾਨਾਂ ਦੇ ਝੂਠੈ ਵਾਅਦਿਆਂ ਤੇ ਯਕੀਨ ਕਰਕੇ ਉਨ੍ਹਾਂ ਨੂੰ ਆਪਣੀ ਹੋਣੀ ਦਾ ਫੈਸਲਾ ਕਰਨ ਦੇ ਅਧਿਕਾਰ ਦੇ ਦਿੰਦੇ ਹਾਂ ।ਜੇ ਸ਼ਬਦ ਮੱਤਦਾਨ ਦਾ ਸ਼ੰਧੀ ਛੇਦ ਕਰੋਗੇ ਤਾਂ ਇਹੀ ਅਰਥ ਨਿਕਲਣਗੇ ਕਿ ਲੀਡਰਾਂ ਸਾਹਮਣੇ ਆਪਣੀ ਮੱਤ ਦਾ ਦਾਨ ਕਰ ਦੇਣਾ ।ਭਲੇ ਹੀ ਦਾਨ ਕਰਦਿਆਂ ਅਸੀਂ ਆਪਣਾ ਮੁਲ਼ ਆਪ ਹੀ ਤੈਅ ਕਰ ਲਈਏ ਜਾਂ ਸਾਡੇ ਤੇ ਲੀਡਰਾਂ ਦਰਮਿਆਨ ਕੋਈ ਸਾਂਝਾ ਦਲਾਲ ਇਹ ਫਰਜ ਪੂਰਾ ਕਰ ਦੇਵੇ ।ਲੇਕਿਨ ਇਹ ਦੌਰ ਕਦ ਤੀਕ ਚਲੇਗਾ ?

ਪਿਛਲੇ ਪੰਜ ਦਹਾਕਿਆਂ ਦੌਰਾਨ ਅਸੀਂ ਆਪਣੇ ਬਜੁਰਗਾਂ ਤੋਂ ਲੈਕੇ ਪੁੱਤਰਾਂ ਤੇ ਹੁਣ ਪੋਤਰਿਆਂ ਦੀ ਮੌਤ ਅੱਖਾਂ ਮੁਹਰੇ ਹੁੰਦੀ ਵੇਖ ਰਹੇ ਹਾਂ ।ਕਿਸੇ ਨਾ ਕਿਸੇ ਦੋਸ਼ ਤਹਿਤ ਹਰ ਵਾਰ ਦੋਸ਼ੀ ਵੀ ਅਸੀਂ ਹੀ ਐਲਾਨੇ ਜਾਂ ਗਰਦਾਨੇ ਜਾਂਦੇ ਹਾਂ।ਉਹ ਵੀ ਇਸ ਕਰਕੇ ਕਿ ਅਸੀਂ ਹਰ ਵਾਰ ਆਗੂ ਦੀ ਚੋਣ ਕਰਦਿਆਂ ਜਾਂ ਅਗਵਾਈ ਦਾ ਅਧਿਕਾਰ ਦਿੰਦਿਆਂ ਕਿਸੇ ਸ਼ਖਸ਼ ਦੇ ਗੁਣਾਂ ਦੀ ਨਹੀ ਬਲਕਿ ਉਸਦੀ ਹਾਂ ਵਿੱਚ ਹਾਂ ਮਿਲਾਉਣ ਵਾਲੇ ਗਿਣਤੀ ਕਾਰਾਂ ਦੀ ਨਫਰੀ ਵੇਖਦੇ ਹਾਂ।ਫਿਰ ਹੱਕ ਹਾਸਿਲ ਕਰਨ ਤੋਂ ਬਾਅਦ ਕਿਹੜਾ ਰੂਪ ਵਿਖਾਉਂਦਾ ਹੈ ਇਹ ਉਸਤੇ ਨਿਰਭਰ ਕਰਦਾ ਹੈ ।ਆਖਿਰ ਅਸੀਂ ਕਦ ਤੀਕ ਧੋਖਾ ਖਾਂਦੇ ਰਹਾਂਗੇ ? ਕੀ ਗੁਣ ਤੰਤਰ ਦਾ ਸਿਧਾਂਤ ਗਿਣਤੀ ਤੰਤਰ ਤੋਂ ਜਿਆਦਾ ਮਜਬੂਤ ਨਹੀ ਹੈ ?ਵਿਚਾਰਨਾ ਬਣਦਾ ਹੈ।
ਨਰਿੰਦਰ ਪਾਲ ਸਿੰਘ

Editorial
Jaspal Singh Heran

International