ਅਮਿਤ ਸ਼ਾਹ ਨੇ ਸੁਖਬੀਰ ਬਾਦਲ ਕੋਲੋਂ ਫੌਜ ਵੱਲੋਂ ਕਬਜ਼ੇ ਵਿੱਚ ਲਏ ਗਏ ਸਿੱਖਾਂ ਦੇ ਬਹੁਮੁੱਲੇ ਖ਼ਜ਼ਾਨੇ ਤੇ ਦਸਤਾਵੇਜ਼ਾਂ ਦੀ ਲਿਸਟ ਮੰਗੀ

ਚੰਡੀਗੜ੍ਹ 12 ਜੂਨ (ਹਰੀਸ਼ ਬਾਂਗਾਵਾਲਾ): ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਸਾਂਸਦ ਸੁਖਬੀਰ ਬਾਦਲ ਕੋਲੋਂ ਸਾਕਾ ਦਰਬਾਰ ਸਾਹਿਬ ਦੌਰਾਨ ਫੌਜ ਵੱਲੋਂ ਕਬਜ਼ੇ ਵਿੱਚ ਲਏ ਗਏ ਸਿੱਖਾਂ ਦੇ ਬਹੁਮੁੱਲੇ ਖ਼ਜ਼ਾਨੇ ਤੇ ਦਸਤਾਵੇਜ਼ਾਂ ਦੀ ਲਿਸਟ ਦੀ ਮੰਗ ਕੀਤੀ ਹੈ। ਦੱਸ ਦੇਈਏ ਹਾਲ ਹੀ ਵਿੱਚ ਸੁਖਬੀਰ ਬਾਦਲ ਦੀ ਅਗਵਾਈ ਵਾਲੇ ਵਫਦ ਨੇ ਸ਼ਾਹ ਨਾਲ ਮੁਲਾਕਾਤ ਕੀਤੀ ਸੀ। ਇਸ ਵਿੱਚ ਫੌਜ ਵੱਲੋਂ 1984 ਵਿੱਚ ਕਬਜ਼ੇ 'ਚ ਲਏ ਸਾਮਾਨ ਦੀ ਵਾਪਸੀ ਦੀ ਮੰਗ ਕੀਤੀ ਸੀ।

ਇਸ ਤੋਂ ਬਾਅਦ ਹੁਣ ਅਮਿਤ ਸ਼ਾਹ ਨੇ ਸਿੱਖ ਰੈਫਰੈਂਸ ਲਾਇਬ੍ਰੇਰੀ ਤੋਂ ਭਾਰਤੀ ਫੌਜ ਵੱਲੋਂ ਲਏ ਗਏ ਸਾਮਾਨ ਦੀ ਲਿਸਟ ਮੰਗੀ ਹੈ ਤਾਂ ਕਿ ਪਤਾ ਲਾਇਆ ਜਾ ਸਕੇ ਕਿ ਫੌਜ ਨੇ ਕਿੰਨੀ ਤਾਦਾਦ ਵਿੱਚ ਧਾਰਮਿਕ ਗ੍ਰੰਥ, ਸਾਹਿਤ ਤੇ ਦਸਤਾਵੇਜ਼ ਆਪਣੇ ਕਬਜ਼ੇ ਵਿੱਚ ਲਏ ਸੀ। ਧਿਆਨ ਦੇਣ ਵਾਲੀ ਗੱਲ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪਿਛਲੇ ਲਗਪਗ 35 ਸਾਲਾਂ ਤੋਂ ਕੇਂਦਰ ਸਰਕਾਰ ਕੋਲੋਂ ਬਹੁਮੁੱਲਾ ਖ਼ਜ਼ਾਨਾ ਵਾਪਸ ਲੈਣ ਦੀ ਮੰਗ ਤਾਂ ਕਰ ਰਹੀ ਹੈ ਪਰ ਹਾਲੇ ਤਕ ਪੁਖ਼ਤਾ ਰਿਕਾਰਡ ਤੇ ਲਿਸਟ ਮੁਹੱਈਆ ਨਹੀਂ ਕਰਵਾ ਸਕੀ। ਦੱਸ ਦੇਈਏ ਸੁਖਬੀਰ ਬਾਦਲ ਨੇ ਬੀਤੇ ਦਿਨੀਂ ਸਾਕਾ ਦਰਬਾਰ ਸਾਹਿਬ ਦੀ ਬਰਸੀ ਮੌਕੇ ਇਸ ਘਟਨਾ ਦੀ ਜਾਂਚ ਕਰਵਾਉਣ ਦੀ ਮੰਗ ਕੀਤੀ ਸੀ।

ਇਸ ਬਾਬਤ ਉਨ੍ਹਾਂ ਅਕਾਲੀ ਦਲ ਦੇ ਵਫ਼ਦ ਨਾਲ ਦਿੱਲੀ ਵਿੱਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਵੀ ਕੀਤੀ। ਉਨ੍ਹਾਂ ਕਿਹਾ ਸੀ ਕਿ 1984 ਸਮੇਂ ਦਰਬਾਰ ਸਾਹਿਬ 'ਤੇ ਹਮਲਾ ਹੋਇਆ, ਜੋ ਗਾਂਧੀ ਪਰਿਵਾਰ ਨੇ ਕਰਵਾਇਆ ਸੀ। ਜਦੋ ਫ਼ੌਜ ਨੇ ਹਮਲਾ ਕੀਤਾ ਤਾਂ ਉਸ ਸਮੇਂ ਸਿੱਖ ਧਰਮ ਨਾਲ ਸਬੰਧਤ ਇਤਿਹਾਸਕ ਲਾਇਬ੍ਰੇਰੀ ਵੀ ਫ਼ੌਜ ਆਪਣੇ ਨਾਲ ਹੀ ਲੈ ਗਈ ਸੀ। ਉਨ੍ਹਾਂ ਮੰਗ ਕੀਤੀ ਸੀ ਕਿ ਇਸ ਲਾਇਬ੍ਰੇਰੀ ਦੇ ਸਾਮਾਨ ਨੂੰ ਵਾਪਸ ਕੀਤਾ ਜਾਵੇ। ਬਾਦਲ ਨੇ ਸ਼ਾਹ ਤੋਂ ਇਹ ਵੀ ਮੰਗ ਕੀਤੀ ਹੈ ਕਿ ਜਿਨ੍ਹਾਂ ਧਰਮੀ ਫ਼ੌਜੀਆਂ ਨੇ ਸਾਕਾ ਨੀਲਾ ਤਾਰਾ ਮਗਰੋਂ ਭਾਵਨਾਵਾਂ 'ਚ ਵਹਿ ਕੇ ਨੌਕਰੀਆਂ ਛੱਡ ਦਿੱਤੀਆਂ ਸੀ, ਉਨ੍ਹਾਂ ਦੇ ਪਰਿਵਾਰਾਂ ਨੂੰ ਪੈਨਸ਼ਨ ਦਿੱਤੀ ਜਾਵੇ।

ਸੁਖਬੀਰ ਨੇ ਕਿਹਾ ਕਿ ਉਨ੍ਹਾਂ ਗ੍ਰਹਿ ਮੰਤਰੀ ਨੂੰ ਅਪੀਲ ਕੀਤੀ ਹੈ ਕਿ ਗੁਰੂ ਨਾਨਕ ਦੇਵ ਦੇ 550 ਸਾਲਾ ਪ੍ਰਕਾਸ਼ ਪੁਰਬ ਸੰਬਧੀ ਗੁਰੂ ਜੀ ਦੇ ਜਨਮ ਸਥਾਨ ਤਕ ਨਗਰ ਕੀਰਤਨ ਲਿਜਾਣ ਲਈ ਪਾਕਿਸਤਾਨ ਨਾਲ ਗੱਲਬਾਤ ਕੀਤੀ ਜਾਵੇ। ਉਨ੍ਹਾਂ ਇਹ ਵੀ ਕਿਹਾ ਕਿ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਸਬੰਧੀ ਸਮਾਗਮ ਹੁਣੇ ਤੋਂ ਹੀ ਸ਼ੁਰੂ ਕਰ ਦੇਣੇ ਚਾਹੀਦੇ ਹਨ।

Unusual
Amit Shah
Sukhbir Badal

International