ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਵਸ ਮਨਾਉਣ ਜਾ ਰਹੇ ਸਿੱਖਾਂ ਨੂੰ ਭਾਰਤ ਸਰਕਾਰ ਨੇ ਪਾਕਿਸਤਾਨ ਜਾਣ ਤੋਂ ਰੋਕਿਆ

ਸਿੱਖ ਸ਼ਰਧਾਲੂਆਂ ਨੇ ਭਾਰਤ ਸਰਕਾਰ ਦੇ ਮਾੜੇ ਪ੍ਰਬੰਧਾਂ ਖਿਲਾਫ਼ ਕੀਤੀ ਨਾਅਰੇਬਾਜ਼ੀ

ਅਟਾਰੀ 14 ਜੂਨ (ਏਜੰਸੀਆਂ): ਅੱਜ ਅਟਾਰੀ ਰੇਲਵੇ ਸਟੇਸ਼ਨ 'ਤੇ ਉਸ ਵੇਲੇ ਹੰਗਾਮਾ ਖੜ੍ਹਾ ਹੋ ਗਿਆ, ਜਦੋਂ 150 ਸਿੱਖ ਸ਼ਰਧਾਲੂਆਂ ਨੂੰ ਪਾਕਿਸਤਾਨ ਜਾਣ ਤੋਂ ਵਰਜ ਦਿੱਤਾ ਗਿਆ। ਇਹ ਸਾਰੇ ਸ਼ਰਧਾਲੂ ਪੰਜਵੇਂ ਸਿੱਖ ਪਾਤਿਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਵਸ ਮਨਾਉਣ ਲਈ ਪਾਕਿਸਤਾਨ ਜਾਣਾ ਚਾਹੁੰਦੇ ਸਨ ਪਰ ਅਧਿਕਾਰੀਆਂ ਨੇ ਇਨ੍ਹਾਂ ਨੂੰ ਪਾਕਿਸਤਾਨ ਜਾਣ ਤੋਂ ਸਾਫ਼ ਮਨ੍ਹਾ ਕਰ ਦਿੱਤਾ। ਪ੍ਰਾਪਤ ਜਾਣਕਾਰੀ ਅਨੁਸਾਰ 150 ਸਿੱਖ ਸ਼ਰਧਾਲੂਆਂ ਕੋਲ ਬਾਕਾਇਦਾ ਪਾਕਿਸਤਾਨ ਦਾ ਵੀਜ਼ਾ ਮੌਜੂਦ ਹੈ ਪਰ ਫਿਰ ਵੀ ਪਤਾ ਨਹੀਂ ਕਿਉਂ ਉਨ੍ਹਾਂ ਨੂੰ ਪਾਕਿਸਤਾਨ ਨਹੀਂ ਜਾਣ ਦਿੱਤਾ ਗਿਆ। ਫਿਰ ਇਹ ਕਿਹਾ ਜਾਣ ਲੱਗਾ ਕਿ ਉਨ੍ਹਾਂ ਨੂੰ ਰੇਲ–ਗੱਡੀ ਰਾਹੀਂ ਨਹੀਂ, ਸਗੋਂ ਸੜਕ ਰਾਹੀਂ ਜਾਣ ਦੀ ਇਜਾਜ਼ਤ ਮਿਲੀ ਹੋਈ ਹੈ।ਤਦ ਸ਼ਰਧਾਲੂਆਂ ਨੂੰ ਰੋਹ ਚੜ੍ਹ ਗਿਆ ਤੇ ਉਨ੍ਹਾਂ ਨੇ ਉੱਥੇ ਪ੍ਰਸ਼ਾਸਨ ਤੇ ਸਰਕਾਰ ਵਿਰੁੱਧ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ।

ਸ਼ਰਧਾਲੂਆਂ ਵਿੱਚ ਜ਼ਿਆਦਾਤਰ ਪੰਜਾਬ ਦੇ ਵੱਖ-ਵੱਖ ਹਿੱਸਿਆਂ ਤੋਂ ਆਏ ਹੋਏ ਬਜ਼ੁਰਗ ਸ਼ਾਮਲ ਹਨ। ਸ਼ਰਧਾਲੂਆਂ ਨੂੰ ਪਾਕਿਸਤਾਨ ਲਿਜਾਣ ਲਈ ਵਿਸ਼ੇਸ਼ ਰੇਲ ਨੂੰ ਵੀ ਭਾਰਤ ਦਾਖ਼ਲ ਨਹੀਂ ਹੋਣ ਦਿੱਤਾ ਜਾ ਰਿਹਾ। ਇਹ ਟ੍ਰੇਨ ਵਾਹਗਾ ਵਿੱਚ ਰੋਕੀ ਗਈ ਹੈ। ਸਰਕਾਰੀ ਵਿਭਾਗਾਂ ਦੀ ਆਪਸ ਵਿੱਚ ਤਾਲਮੇਲ ਦੀ ਕਮੀ ਦਾ ਖਾਮਿਆਜ਼ਾ ਬਜ਼ੁਰਗ ਸ਼ਰਧਾਲੂਆਂ ਨੂੰ ਭੁਗਤਣਾ ਪੈ ਰਿਹਾ ਹੈ। ਸ਼ਰਧਾਲੂਆਂ ਨੇ ਅਟਾਰੀ ਸਰਹੱਦ 'ਤੇ ਮਾੜੇ ਪ੍ਰਬੰਧਾਂ ਦਾ ਵੀ ਦੋਸ਼ ਲਾਇਆ। ਸ਼ਰਧਾਲੂਆਂ ਦਾ ਕਹਿਣਾ ਹੈ ਕਿ ਇੱਥੇ ਉਨ੍ਹਾਂ ਨੂੰ ਕੁਝ ਵੀ ਕੌਮਾਂਤਰੀ ਪਲੇਟਫਾਰਮ ਵਰਗਾ ਦਿਖਾਈ ਨਹੀਂ ਦੇ ਰਿਹਾ ਹੈ। ਹੋਰ ਤਾਂ ਹੋਰ ਇੱਥੇ ਪੀਣ ਦੇ ਪਾਣੀ ਅਤੇ ਸਾਫ ਪਖ਼ਾਨਿਆਂ ਦੀ ਵੀ ਸੁਵਿਧਾ ਨਹੀਂ ਹੈ। ਸ਼ਰਧਾਲੂਆਂ ਨੇ ਤਲਖ਼ੀ ਭਰੇ ਲਹਿਜ਼ੇ ਵਿੱਚ ਕਿਹਾ ਕਿ ਜੇਕਰ ਭਾਰਤ ਤੇ ਪਾਕਿਸਤਾਨ ਦੀਆਂ ਸਰਕਾਰਾਂ ਵਿੱਚ ਮੱਤਭੇਦ ਹਨ ਤਾਂ ਉਸ ਦਾ ਦੰਡ ਸੰਗਤ ਨੂੰ ਕਿਓਂ ਦਿੱਤਾ ਜਾ ਰਿਹਾ ਹੈ। ਸ਼ਰਧਾਲੂਆਂ ਨੇ ਇੱਥੋਂ ਤਕ ਕਹਿ ਦਿੱਤਾ ਕਿ ਰੇਲਵੇ ਨੇ ਉਨ੍ਹਾਂ ਨੂੰ ਸਟੇਸ਼ਨ ਦੇ ਅੰਦਰ ਵੀ ਦਾਖ਼ਲ ਹੋਣ ਨਹੀਂ ਦਿੱਤਾ, ਜਿਵੇਂ ਉਹ ਕੋਈ ਵਿਦੇਸ਼ੀ ਹੋਣ।

ਉੱਧਰ, ਅਟਾਰੀ ਦੇ ਸਟੇਸ਼ਨ ਮਾਸਟਰ ਐਮਐਲ ਰਾਏ ਦਾ ਤਰਕ ਹੈ ਕਿ ਵਿਦੇਸ਼ ਮੰਤਰਾਲੇ ਤੋਂ ਪ੍ਰਵਾਨਗੀ ਮਿਲਣ ਤਕ ਉਹ ਕੁਝ ਵੀ ਨਹੀਂ ਕਰ ਸਕਦੇ। ਉਨ੍ਹਾਂ ਕਿਹਾ ਕਿ ਜਿੰਨਾ ਸਮਾਂ ਉਨ੍ਹਾਂ ਨੂੰ ਵਿਦੇਸ਼ ਮੰਤਰਾਲੇ ਤੋਂ ਹਰੀ ਝੰਡੀ ਨਹੀਂ ਮਿਲ ਜਾਂਦੀ ਓਨਾ ਚਿਰ ਉਹ ਕਿਸੇ ਮੁਸਾਫਰ ਨੂੰ ਅੰਦਰ ਆਉਣ ਤੇ ਇਮੀਗ੍ਰੇਸ਼ਨ ਤੇ ਕਸਟਮ ਕਲੀਅਰੈਂਸ ਆਦਿ ਨਹੀਂ ਕਰਵਾ ਸਕਦੇ।ਦੱਸਣਯੋਗ ਹੈ ਕਿ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਾਲ 2003 ਵਿੱਚ ਜਾਰੀ ਕੀਤੇ ਗਏ ਨਾਨਕਸ਼ਾਹੀ ਕੈਲੰਡਰ ਨੂੰ ਮਾਨਤਾ ਦਿੱਤੀ ਗਈ ਹੈ, ਇਸ ਲਈ ਉਹ 16 ਜੂਨ ਨੂੰ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਵਸ ਮਨਾ ਰਹੇ ਹਨ। ਪਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਾਲ 2010 ਵਿੱਚ ਸੋਧ ਕੇ ਜਾਰੀ ਕੀਤੇ ਗਏ ਨਾਨਕਸ਼ਾਹੀ ਕੈਲੰਡਰ ਨੂੰ ਮੰਨਦੀ ਹੈ ਤੇ ਇਹ ਸ਼ਹੀਦੀ ਦਿਹਾੜਾ ਸੱਤ ਜੂਨ ਨੂੰ ਹੀ ਮਨਾ ਚੁੱਕੀ ਹੈ। ਇਸ ਲਈ ਐਸਜੀਪੀਸੀ ਇਸ ਮੌਕੇ ਆਪਣੇ ਵੱਲੋਂ ਜਥਾ ਨਹੀਂ ਭੇਜ ਰਹੀ। ਇਸ ਤੋਂ ਪਹਿਲਾਂ ਐਸਜੀਪੀਸੀ ਨੇ ਪੰਜ ਤੋਂ 14 ਜੂਨ ਤਕ ਵੀਜ਼ਾ ਲੈਣ ਲਈ ਪਾਕਿਸਤਾਨ ਹਾਈ ਕਮਿਸ਼ਨ ਨੂੰ 80 ਪਾਸਪੋਰਟ ਸਮੇਤ ਬੇਨਤੀ ਭੇਜੀ ਸੀ, ਪਰ ਇਸ ਨੂੰ ਪਾਕਿਸਤਾਨੀ ਅਧਿਕਾਰੀਆਂ ਨੇ ਰੱਦ ਕਰ ਦਿੱਤਾ ਸੀ।

Unusual
Sikhs
pakistan

International