ਪ੍ਰਾਈਵੇਟ ਸਕੂਲਾਂ 'ਚ ਵਰਦੀਆਂ ਅਤੇ ਕਿਤਾਬਾਂ ਦੀ ਵਿਕਰੀ ਤੇ ਪਾਬੰਦੀ ਲਾਈ

ਸ਼ਰਤਾਂ ਪੂਰੀਆਂ  ਨਾ ਕਰਨ ਵਾਲੇ ਸਕੂਲਾਂ ਦੀ ਮਾਨਤਾ ਹੋਵੇਗੀ ਰੱਦ

ਪ੍ਰਾਈਵੇਟ ਸਕੂਲਾਂ ਨੂੰ ਬੱਚਿਆਂ ਨੂੰ ਪੜ੍ਹਾਈਆਂ ਜਾਣ ਵਾਲੀਆਂ ਪੁਸਤਕਾਂ ਦੀ ਸੂਚੀ ਵੈੱਬਸਾਈਟ 'ਤੇ ਪਾਉਣ ਦੀ ਹਦਾਇਤ 

ਚੰਡੀਗੜ੍ਹ 15 ਜੂਨ (ਕਮਲਜੀਤ ਸਿੰਘ ਬਨਵੈਤ): ਪੰਜਾਬ ਦੇ ਸਿੱਖਿਆ ਮੰਤਰੀ ਵਿਜੇ ਇੰਦਰ ਸਿੰਗਲਾ ਨੇ  ਪ੍ਰਾਈਵੇਟ ਸਕੂਲਾਂ ਉੱਤੇ ਬੱਚਿਆਂ ਨੂੰ  ਆਪਣੇ ਕੋਲੋਂ ਵਰਦੀਆਂ ਅਤੇ ਕਿਤਾਬਾਂ ਦੇਣ 'ਤੇ ਰੋਕ ਲਗਾ ਦਿੱਤੀ ਹੈ। ਸਕੂਲ ਮਾਪਿਆਂ ਨੂੰ ਕਿਸੇ ਖ਼ਾਸ ਦੁਕਾਨ ਤੋਂ ਕਿਤਾਬਾਂ ਖ਼ਰੀਦਣ ਦੀ ਹਦਾਇਤ ਨਾ ਕਰਨ ਦੇ ਵੀ ਪਾਬੰਦ  ਹੋਣਗੇ। ਇਸ ਦੇ ਨਾਲ ਹੀ ਬੱਚਿਆਂ ਦੀਆਂ ਵਰਦੀਆਂ ਦਾ ਰੰਗ ਤਿੰਨ ਸਾਲ ਤੋਂ ਪਹਿਲਾਂ  ਬਦਲਣ ਦੀ ਆਗਿਆ ਨਹੀਂ ਹੋਵੇਗੀ। ਵਰਦੀ ਦਾ ਰੰਗ, ਡਿਜ਼ਾਈਨ ਅਤੇ ਕੱਪੜੇ ਦੀ ਕੁਆਲਿਟੀ ਵੈੱਬਸਾਈਟ ਤੇ ਹੋਣ ਲਾਜ਼ਮੀ ਕਰ ਦਿੱਤਾ ਹੈ।

ਮਾਪਿਆਂ ਨੂੰ ਵਰਦੀ ਆਪਣੀ ਮਰਜ਼ੀ ਦੇ ਦਰਜੀ ਤੋਂ  ਸਿਲਾਉਣ ਦੀ ਵੀ  ਖੁੱਲ ਹੋਵੇਗੀ। ਇੱਕ ਹੋਰ ਅਹਿਮ ਫ਼ੈਸਲੇ ਨਾਲ ਪ੍ਰਾਈਵੇਟ ਸਕੂਲਾਂ ਲਈ ਪੰਜਾਬ ਸਕੂਲ ਸਿੱਖਿਆ  ਬੋਰਡ ਦੇ ਸਿਲੇਬਸ 'ਤੇ ਆਧਾਰਤ ਬੱਚਿਆਂ ਨੂੰ  ਪੜ੍ਹਾਈਆਂ ਜਾਣ ਵਾਲੀਆਂ  ਪੁਸਤਕਾਂ ਦੀ ਸੂਚੀ ਵੀ ਵੈੱਬਸਾਈਟ ਤੇ ਪਾਉਣੀ ਜ਼ਰੂਰੀ ਕਰ ਦਿੱਤੀ ਗਈ ਹੈ। ਇਸ ਦੇ ਨਾਲ ਹੀ ਸਕੂਲਾਂ ਉੱਤੇ ਆਪਣੀ ਮਰਜ਼ੀ ਨਾਲ ਪੁਸਤਕ ਵਿਚਲੇ ਇੱਕ ਅੱਧ  ਚੈਪਟਰ ਨੂੰ ਬਦਲਣ ਤੇ ਵੀ ਰੋਕ ਹੋਵੇਗੀ ,ਤਾਂ ਜੋ ਸਕੂਲਾਂ ਵਾਲੇ ਬੱਚਿਆਂ ਨੂੰ ਸੈਕੰਡ ਹੈਂਡ ਦੀ ਥਾਂ ਨਵੀਆਂ ਕਿਤਾਬਾਂ ਖਰੀਦਣ ਲਈ ਮਜਬੂਰ ਨਾ ਕਰ ਸਕਣ । ਸਿੱਖਿਆ ਮੰਤਰੀ ਨੇ ਸਕੂਲਾਂ ਨੂੰ ਹਦਾਇਤਾਂ ਦੀ ਪਾਲਣਾ ਕਰਨ ਲਈ ਇੱਕ ਹਫ਼ਤੇ ਦਾ ਸਮਾਂ ਦਿੱਤਾ ਹੈ।

ਉਨ੍ਹਾਂ ਦਾ ਕਹਿਣਾ ਹੈ ਕਿ ਸਕੂਲ ਆਪਣੀ ਵੈੱਬਸਾਈਟ ਤਿਆਰ ਕਰਨ ਲਈ ਸੱਤ ਦਿਨਾਂ ਦਾ ਸਮਾਂ ਲੈ ਸਕਦੇ ਹਨ। ਇਸ ਦੇ ਨਾਲ ਹੀ ਸਿੱਖਿਆ ਵਿਭਾਗ  ਵੱਲੋਂ ਨਿਰਧਾਰਤ ਸ਼ਰਤਾਂ ਪੂਰੀਆਂ ਨਾ ਕਰਨ ਵਾਲੇ ਸਕੂਲਾਂ ਦੀ ਮਾਨਤਾ ਰੱਦ ਕਰਨ ਦੀਆਂ ਸਪੱਸ਼ਟ ਹਦਾਇਤਾਂ  ਵੀਂ ਜਾਰੀ ਕਰ ਦਿੱਤੀਆਂ  ਗਈਆਂ ਹਨ। ਇਹ ਵੀ ਕਿਹਾ ਗਿਆ ਹੈ ਕਿ ਇਕ ਹਫ਼ਤੇ ਦੇ ਸਮੇਂ ਤੋਂ ਬਾਅਦ ਸਕੂਲਾਂ ਦੀ ਅਚਨਚੇਤ ਚੈਕਿੰਗ ਕੀਤੀ ਜਾਵੇਗੀ।

Unusual
PRIVATE SCHOOL

International