ਭਗਤ ਕਬੀਰ ਸਾਹਿਬ ਜੀ ਨੂੰ ਯਾਦ ਕਰਦਿਆਂ...

ਜਸਪਾਲ ਸਿੰਘ ਹੇਰਾਂ
ਗੁਰੂ ਸਾਹਿਬਾਨ ਨੇ ਸਰਵ-ਸਾਂਝੀਵਾਲਤਾ ਦਾ ਸੰਦੇਸ਼ ਦੇਣ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ 'ਚ ਵੱਖ-ਵੱਖ ਧਰਮਾਂ-ਜਾਤਾਂ ਨਾਲ ਸਬੰਧਿਤ ਭਗਤਾਂ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ 'ਚ ਦਰਜ ਕੀਤੀ ਅਤੇ ਸਮੁੱਚੀ ਦੁਨੀਆ ਨੂੰ ਸੁਨੇਹਾ ਦਿੱਤਾ ਕਿ ਸਿੱਖ ਧਰਮ 'ਚ ਕਿਸੇ ਜਾਤੀ ਵਿਸ਼ੇਸ਼ ਜਾਂ ਵਿਅਕਤੀ ਵਿਸ਼ੇਸ਼ ਲਈ ਕੋਈ ਥਾਂ ਨਹੀਂ ਸਗੋਂ ਸੱਚ, ਗਿਆਨ, ਜਜ਼ਬੇ ਅਤੇ ਜੀਵਨ ਦੀ ਕਾਰਜਸ਼ੈਲੀ ਨੂੰ ਹੀ ਪ੍ਰਮੁੱਖਤਾ ਦਿੱਤੀ ਜਾਂਦੀ ਹੈ। ਇਹੋ ਕਾਰਣ ਹੈ ਕਿ ਅੱਜ ਡੰਕੇ ਦੀ ਚੋਟ ਤੇ ਦਾਅਵਾ ਕੀਤਾ ਜਾ ਸਕਦਾ ਹੈ ਕਿ ਮਨੁੱਖਤਾ ਨੂੰ ਜੀਵਨ ਦੇ ਹਰ ਖੇਤਰ 'ਚ ਅਗਵਾਈ ਦੇਣ ਲਈ ਸਿਰਫ਼ ਤੇ ਸਿਰਫ਼ ਸਿੱਖ ਧਰਮ ਹੀ ਪੂਰਨ ਸਮਰੱਥ ਹੈ, ਜਿਹੜਾ ਕੁਦਰਤ, ਕੁਦਰਤ ਦੇ ਕਾਦਰ, ਸਮਾਜ ਤੇ ਮਨੁੱਖ ਦੇ ਸਭ ਤੋਂ ਨੇੜੇ ਹੋ ਕੇ ਵਿਚਰਦਾ ਹੈ। ਅੱਜ ਉਸ ਮਹਾਨ ਇਨਕਲਾਬੀ ਰਹਿਬਰ ਭਗਤ ਕਬੀਰ ਸਾਹਿਬ ਦਾ ਜਨਮ ਦਿਹਾੜਾ ਹੈ, ਜਿਨ੍ਹਾਂ ਨੇ ਕਰਮਕਾਂਡਾਂ, ਪਾਖੰਡਵਾਦ ਤੇ ਧਰਮ ਦੀਆਂ ਉਚੀਆਂ ਵਲਗਣਾਂ ਵਿਰੁੱਧ ਬਗਾਵਤ ਕਰਦਿਆਂ, ਇੰਨ੍ਹਾਂ ਨੂੰ ਸਖ਼ਤ ਸ਼ਬਦਾਵਲੀ 'ਚ ਭੰਡਿਆ 'ਤੇ ਨਿੰਦਿਆ ਹੈ।

ਧਰਮ ਕਾਰਣ ਮਨੁੱਖ ਦੀ ਮਨੁੱਖ ਦੇ ਹੱਥੋਂ ਹੁੰਦੀ ਲੁੱਟ ਵਿਰੁੱਧ ਖੁੱਲਮ-ਖੁੱਲ੍ਹਾ ਵਿਦਰੋਹ ਕੀਤਾ। ਭਾਵੇਂ ਅੱਜ ਵੀ ਧਰਮ ਦੇ ਨਾ 'ਤੇ ਲੁੱਟ, ਭਗਤ ਕਬੀਰ ਜੀ ਦੇ ਸਮੇਂ ਤੋਂ ਘੱਟ ਨਹੀਂ, ਸਗੋਂ ਵੱਧ ਗੂੜ੍ਹੀ ਹੈ, ਕਾਰਣ ਇਹੋ ਹੈ ਕਿ ਅਸੀਂ ਆਪਣੇ ਮਹਾਨ ਇਨਕਲਾਬੀ ਰਹਿਬਰਾਂ ਨੂੰ ਤਾਂ ਅਪਨਾ ਲੈਂਦੇ ਹਾਂ, ਪ੍ਰੰਤੂ ਉਨ੍ਹਾਂ ਦੀ ਸੋਚ ਨੂੰ ਤਿਲਾਂਜਲੀ ਦੇ ਦਿੱਤੀ ਜਾਂਦੀ ਹੈ। ਜੇ ਅਸੀਂ ਗੁਰੂ ਗ੍ਰੰਥ ਸਾਹਿਬ 'ਚ ਦਰਜ ਗੁਰੂ ਸਾਹਿਬਾਨ 'ਤੇ ਭਗਤਾਂ ਦੀ ਬਾਣੀ ਨੂੰ ਅੰਤਰੀਵ ਮਨ 'ਚ ਸਵੀਕਾਰ ਕਰ ਲਈਏ ਤਾਂ ਮਨ ਦੇ ਸਾਰੇ ਭਰਮ-ਭੁਲੇਖੇ ਦੂਰ ਹੋ ਜਾਂਦੇ ਹਨ। ਮਨੁੱਖ ਹਰ ਤਰ੍ਹਾਂ ਦੀ ਗੁਲਾਮੀ ਤੇ ਲਾਲਸਾ ਤੋਂ ਛੁਟਕਾਰਾ ਪਾ ਲੈਂਦਾ ਹੈ। ਕਬੀਰ ਸਾਹਿਬ ਨੇ ਜਿੱਥੇ ਕਰਮਕਾਂਡ ਤੇ ਪਾਖੰਡਵਾਦ ਵਿਰੁੱਧ ਆਮ ਲੋਕਾਂ ਨੂੰ ਜਗਾਇਆ, ਉਥੇ ਉਨ੍ਹਾਂ ਕਿਰਤ ਸੱਭਿਆਚਾਰ ਤੇ ਜ਼ੋਰ ਦਿੱਤਾ। ਮਨੁੱਖ ਨੂੰ ਜਾਤੀ ਦੀ ਥਾਂ ਉਸਦੇ ਕਰਮਾਂ ਨਾਲ ਉੱਚਾ-ਨੀਵਾਂ ਹੋਣ ਦਾ ਸਬਕ ਦਿੱਤਾ।

ਸਿੱਖੀ 'ਚ ਸੇਵਾ 'ਤੇ ਸਿਮਰਨ ਨੂੰ ਬੁਨਿਆਦੀ ਤੱਤ ਮੰਨਿਆ ਗਿਆ ਹੈ ਅਤੇ ਭਗਤ ਕਬੀਰ ਜੀ ਨੇ ਸਿਮਰਨ 'ਤੇ ਜਿਸ ਤਰ੍ਹਾਂ ਜ਼ੋਰ ਦਿੱਤਾ, ਮਨੁੱਖ ਨੂੰ ਉਸਦੇ 'ਇਕਦਮੀ' ਹੋਣ ਦਾ ਅਹਿਸਾਸ ਕਰਵਾਇਆ, ਸਬਰ-ਸੰਤੋਖ ਦਾ ਪਾਠ ਪੜ੍ਹਾਇਆ ਅਤੇ ਹਊਮੈ ਤੋਂ ਰਹਿਤ ਹੋਣ ਦਾ ਗੁਰਮੰਤਰ, ਖੜਕਦੇ ਲਹਿਜੇ ਅਤੇ ਸਾਧਾਰਣ ਬੋਲੀ 'ਚ ਦੇਣਾ ਸ਼ਾਇਦ ਹੀ ਹੋਰ ਕਿਸੇ ਦੇ ਹਿੱਸੇ ਆਇਆ ਹੋਵੇ? ਮਨੁੱਖਾ ਜੀਵਨ ਦੀ ਸਿਰਦਾਰੀ ਦਾ ਅਹਿਸਾਸ ਕਰਵਾਉਂਦਿਆਂ ਕਬੀਰ ਜੀ ਨੇ ਮਨੁੱਖ ਨੂੰ ਇਸ ਨੂੰ 'ਭੰਗ ਦੇ ਭਾਅ' ਨਾ ਗੁਆ ਲੈਣ ਦੀ ਚਿਤਾਵਨੀ ਵਾਰ-ਵਾਰ ਦਿੱਤੀ ਹੈ। ਅੱਜ ਦਾ ਮਨੁੱਖ ਜਿਸ ਤਰ੍ਹਾਂ ਪਦਾਰਥਵਾਦ ਦਾ ਗੁਲਾਮ ਹੋ ਕੇ, ਧੰਨ-ਦੌਲਤ ਦਾ ਅੰਬਾਰ ਲਾਉਣ ਦੀ ਦੌੜ 'ਚ ਅੰਨ੍ਹਾ ਹੋ ਚੁੱਕਾ ਹੈ, ਉਸਦੀਆਂ ਅੱਖਾਂ ਖੋਲ੍ਹਣ ਦਾ ਯਤਨ ਭਗਤ ਕਬੀਰ ਜੀ ਨੇ ਬਾਖ਼ੂਬੀ ਕੀਤਾ ਹੈ।

ਜੀਵਨ ਦੇ ਅਧਿਆਤਮਕ, ਸਮਾਜਕ, ਆਰਥਿਕ ਆਦਿ ਸਾਰੇ ਪੱਖਾਂ ਤੇ ਭਗਤ ਕਬੀਰ ਜੀ ਨੇ ਬੇਵਾਕ ਟਿੱਪਣੀਆਂ ਕਰਦਿਆਂ, ਮਨੁੱਖ ਨੂੰ ਸੁਚੇਤ ਰਹਿਣ ਦਾ ਹੋਕਾ ਵਾਰ-ਵਾਰ ਦਿੱਤਾ ਹੈ। ਇਹ ਹੀ ਨਹੀਂ ਕਿ ਭਗਤ ਕਬੀਰ ਜੀ ਨੇ ਸਿਰਫ਼ ਕਹਿਣੀ ਤੱਕ ਆਪਣੇ ਸਿਧਾਂਤਾਂ ਤੇ ਸੋਚ ਨੂੰ ਸੀਮਤ ਰੱਖਿਆ ਹੋਵੇ, ਉਨ੍ਹਾਂ ਹਰ ਸੱਚ ਨੂੰ ਹਕੀਕੀ ਰੂਪ 'ਚ ਦੁਨੀਆ ਸਾਹਮਣੇ ਪੇਸ਼ ਕੀਤਾ। ਭਗਤ ਕਬੀਰ ਜੀ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ 'ਚ ਦਰਜ ਸਲੋਕ ਸੱਚ ਅਤੇ ਮਨੁੱਖੀ ਜੀਵਨ ਦਾ ਨਿਚੋੜ ਹਨ, ਜਿਸ ਕਾਰਣ ਗੁਰੂ ਸਾਹਿਬਾਨ ਨੇ ਇਨ੍ਹਾਂ ਸਲੋਕਾਂ ਨੂੰ ਗੁਰੂ ਗ੍ਰੰਥ ਸਾਹਿਬ ਦੇ ਸਮਾਪਤੀ ਵਾਲੇ ਹਿੱਸੇ 'ਚ ਅੰਕਿਤ ਕੀਤਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ 'ਚ ਅੰਕਿਤ ਬਾਣੀ ਦੇ ਹੋਕੇ ਤੋਂ ਬਾਅਦ ਵੀ ਜੇ ਮਨੁੱਖ, ਜਾਤ-ਪਾਤ, ਧਰਮ, ਪਾਖੰਡ, ਆਡੰਬਰ, ਹਊਮੈ, ਲੋਭ, ਲਾਲਸਾ ਦੇ ਰਾਹ ਤੁਰਦਾ ਹੈ ਤਾਂ ਉਹ ਫਿਰ ਅਤਿ ਅੰਨ੍ਹਾ-ਬੋਲਾ ਹੀ ਆਖਿਆ ਜਾਵੇਗਾ, ਜਿਸਨੇ ਦੁੱਖਾਂ ਦੀ ਦਲਦਲ 'ਚ ਜਾ ਡਿੱਗਣਾ ਹੀ ਹੁੰਦਾ ਹੈ।

ਅੱਜ ਲੋੜ ਹੈ ਕਿ ਅਸੀਂ ਭਗਤ ਕਬੀਰ ਜੀ ਦੀ ਇਨਕਲਾਬੀ ਵਿਚਾਰਧਾਰਾ ਅਤੇ ਆਪਣੀ ਵਿਚਾਰਧਾਰਾ ਦੀ ਤੁਲਨਾ ਕਰੀਏ ਅਤੇ ਸਮਝਣ ਦਾ ਯਤਨ ਕਰੀਏ ਕਿ ਅਸੀਂ ਉਸ ਤੋਂ ਕਿੰਨੀ ਦੂਰ ਹਾਂ। ਕਬੀਰ ਸਾਹਿਬ ਨੇ ਗਿਆਨ ਨੂੰ ਸਭ ਤੋਂ ਵੱਡੀ ਮਹਾਨਤਾ ਦਿੱਤੀ ਸੀ, ਪ੍ਰੰਤੂ ਅੱਜ ਅਸੀਂ ਗਿਆਨਵਾਨ ਹੋਣ ਦਾ ਢੌਂਗ ਤਾਂ ਕਰਦੇ ਹਾਂ, ਪ੍ਰੰਤੂ ਅਸਲ 'ਚ ਮਹਾਂ ਅਗਿਆਨੀ ਹੋ ਚੁੱਕੇ ਹਾਂ। ਅਸੀਂ ''ਤੂੰ-ਤੂੰ ਕਰਕੇ, ਤੂੰ'' ਹੋਣ ਦੀ ਮੁਹਾਰਨੀ ਤਾਂ ਰੱਟ ਰਹੇ ਹਾਂ, ਪ੍ਰੰਤੂ 'ਤੂੰ' ਹੋਣ ਦੇ ਮਾਰਗ ਤੋਂ ਥਿੜਕ ਗਏ ਹਾਂ, ਕਿਉਂਕਿ 'ਤੂੰ' ਹੋਣ ਦੇ ਰਾਹ 'ਚ ਕੋਈ ਆਡੰਬਰ ਨਹੀਂ ਪ੍ਰੰਤੂ ਅਸੀਂ ਸਿਰਫ਼ ਤੇ ਸਿਰਫ਼ ਆਡੰਬਰੀ ਹੋ ਕੇ ਰਹਿ ਗਏ ਹਾਂ।

ਅੱਜ ਜਦੋਂ ਅਸੀਂ ਉਸ ਮਹਾਨ ਇਨਕਲਾਬੀ ਰਹਿਬਰ ਦੀ ਯਾਦ ਨੂੰ ਨਤਮਸਤਕ ਹੋ ਰਹੇ ਹਾਂ, ਸਾਨੂੰ ਪਾਖੰਡਵਾਦ ਤੇ ਆਡੰਬਰਵਾਦ ਵਿਰੁੱਧ ਭਗਤ ਕਬੀਰ ਜੀ ਦੀ ਲਹਿਰ ਦੇ ਸਿਪਾਹੀ ਬਣਨ ਦਾ ਪ੍ਰਣ ਲੈਣਾ ਹੋਵੇਗਾ। ਜੇ ਅਸੀਂ ਆਪਣੀ ਰੇਖ 'ਚ ਮੇਖ, ਮਰਵਾਉਣ ਦੇ ਚੱਕਰ 'ਚ ਪਾਖੰਡੀ ਬਾਬਿਆਂ, ਤਾਂਤਰਿਕਾਂ, ਜੋਤਸ਼ੀਆਂ ਤੇ ਡੇਰਿਆਂ ਦੇ ਗੇੜੇ ਹੀ ਮਾਰਨੇ ਹਨ, ਜਾਤ-ਪਾਤ ਤੇ ਧਰਮਾਂ ਦੀ ਵਲਗਣਾਂ ਤੋਂ ਬਾਹਰ ਹੀ ਨਹੀਂ ਆਉਣਾ, ਧਨ-ਦੌਲਤ ਦਾ ਹੰਕਾਰ ਹੀ ਨਹੀਂ ਛੱਡਣਾ, ਮਨੁੱਖ ਨੂੰ ਮਨੁੱਖ ਹੀ ਨਹੀਂ ਮੰਨਣਾ, ਫਿਰ ਉਸ ਮਹਾਨ ਉੱਚੀ ਸੁੱਚੀ ਪਾਕ ਆਤਮਾ ਨੂੰ ਯਾਦ ਕਰਨ ਦਾ ਵੀ ਸਾਨੂੰ ਕੋਈ ਹੱਕ ਨਹੀਂ ਹੈ।

Editorial
Jaspal Singh Heran

International