ਜਦੋਂ ਭਾਰਤ ਦੀ ਪਾਰਲੀਮੈਂਟ “ਜੋ ਬੋਲੇ ਸੋ ਨਿਹਾਲ'' ਦੇ ਜੈਕਾਰਿਆਂ ਨਾਲ ਗੂੰਜ ਉੱਠੀ

ਪੰਜਾਬ ਦੇ 13  ਚੋਂ 12 ਮੈਂਬਰ ਪਾਰਲੀਮੈਂਟ ਨੇ ਮਾਂ ਬੋਲੀ ਪੰਜਾਬੀ ਵਿੱਚ ਹਲਫ਼ ਲਿਆ

ਚੰਡੀਗੜ੍ਹ 18 ਜੂਨ (ਕਮਲਜੀਤ ਸਿੰਘ ਬਨਵੈਤ) ਦੇਸ਼ ਦੀ ਪਾਰਲੀਮੈਂਟ ਅੱਜ ਉਸ ਸਮੇਂ ਖਾਲਸਾਈ ਅਤੇ ਪੰਜਾਬੀਅਤ ਦੇ ਰੰਗ ਵਿੱਚ ਰੰਗੀ ਗਈ ਜਦੋਂ ਪੰਜਾਬ ਤੋਂ ਸੰਨੀ ਦਿਓਲ ਨੂੰ ਛੱਡ ਕੇ ਬਾਕੀ ਦੇ 12 ਪਾਰਲੀਮੈਂਟ ਮੈਂਬਰਾਂ ਨੇ ਮਾਂ ਬੋਲੀ ਪੰਜਾਬੀ ਵਿੱਚ ਸਹੁੰ ਚੁੱਕੀ। ਸਹੁੰ ਚੁੱਕਣ ਮਗਰੋਂ ਜੈਕਾਰੇ ਵੀ ਛੱਡੇ। ਕੇਂਦਰੀ ਮੰਤਰੀ ਵਜੋਂ ਹਲਫ਼ ਲੈਣ ਵੇਲੇ ਹਰਸਿਮਰਤ ਕੌਰ ਬਾਦਲ ਅਤੇ ਸੋਮ ਪ੍ਰਕਾਸ਼ ਨੂੰ ਅੰਗਰੇਜ਼ੀ ਦਾ ਹੇਰਵਾ ਜਾਗ ਪਿਆ ਸੀ ਪਰ ਪੰਜਾਬੀ ਹਿਤੈਸ਼ੀਆਂ ਵੱਲੋਂ ਵਿਰੋਧ ਤੋਂ ਬਾਅਦ ਅੱਜ ਪਾਰਲੀਮੈਂਟ ਵਿੱਚ ਇਨ੍ਹਾਂ ਨੇ ਵੀ ਮਾਂ ਬੋਲੀ ਪੰਜਾਬੀ ਨੂੰ ਪਟਰਾਣੀ ਬਣਾਇਆ।

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਫਿਰੋਜ਼ਪੁਰ ਤੋਂ ਸੰਸਦ ਮੈਂਬਰ ਸੁਖਬੀਰ ਸਿੰਘ ਬਾਦਲ ਨੇ ਸਹੁੰ ਚੁੱਕਣ ਤੋਂ ਬਾਅਦ “ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ“ ਕਹਿ ਕਹਿ ਕੇ ਸਭ ਨਾਲ ਅਤੇ ਫਤਹਿ  ਸਾਂਝੀ ਕੀਤੀ। ਆਮ ਆਦਮੀ ਪਾਰਟੀ ਦੇ ਇਕਲੌਤੇ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਨੇ“ ਇਨਕਲਾਬ  ਜ਼ਿੰਦਾਬਾਦ“  ਦਾ ਨਾਅਰਾ ਛੱਡਿਆ। ਅੰਮ੍ਰਿਤਸਰ ਤੋਂ ਸੰਸਦ ਮੈਂਬਰ ਜਸਵੀਰ ਸਿੰਘ ਡਿੰਪਾ  ਨੇ ਸਹੁੰ ਚੁੱਕਣ ਵੇਲੇ ਜਦੋਂ “ਬੋਲੇ ਸੋ ਨਿਹਾਲ ਸੱਤ ਸ੍ਰੀ ਅਕਾਲ “ ਦਾ ਜੈਕਾਰਾ ਛੱਡਿਆ ਤਾਂ ਪਾਰਲੀਮੈਂਟ ਖ਼ਾਲਸਾਈ ਜਲੌਅ ਭਾਅ ਮਾਰਨ ਲੱਗਾ।

ਪੰਜਾਬੀ ਪ੍ਰੇਮੀਆਂ ਵੱਲੋਂ ਸੰਸਦ ਮੈਂਬਰਾਂ ਦੀ ਇਸ ਪਹਿਲ ਦਾ ਸਵਾਗਤ ਕੀਤਾ ਜਾ ਰਿਹਾ ਹੈ। ਅਤੇ ਇਸ ਨਾਲ ਪੰਜਾਬ ਅਤੇ ਚੰਡੀਗੜ੍ਹ ਦੇ ਸਰਕਾਰੀ ਦਫਤਰਾਂ ਵਿੱਚ ਪੰਜਾਬ ਦੀ ਲਾਗੂ ਹੋਣ ਦੀ ਉਮੀਦ ਬੱਝੀ ਹੈ। ਪੰਜਾਬੀ ਕਲਚਰਲ ਕੌਂਸਲ ਦੇ ਚੇਅਰਮੈਨ ਹਰਜੀਤ ਸਿੰਘ ਗਰੇਵਾਲ ਨੇ ਸੰਸਦ ਮੈਂਬਰਾਂ ਨੂੰ ਪੰਜਾਬੀ ਵਿੱਚ ਸਵਾਲ ਪੁੱਛਣ ਅਤੇ ਪੰਜਾਬੀ ਭਾਸ਼ਾ ਭਾਸ਼ਾ ਵਿੱਚ ਲਿਖਤੀ ਜਵਾਬ ਮੰਗਣ ਦੀ ਸਲਾਹ ਦਿੱਤੀ ਹੈ। 

ਓਵੈਸੀ ਦੇ ਸਹੁੰ ਚੁੱਕਣ ਦੌਰਾਨ ਲੱਗੇ 'ਜਯ ਸ਼੍ਰੀਰਾਮ' ਤੇ 'ਵੰਦੇ ਮਾਤਰਮ' ਦੇ ਨਾਅਰੇ 

17ਵੀਂ ਲੋਕ ਸਭਾ ਸੈਸ਼ਨ ਦੇ ਦੂਜੇ ਦਿਨ ਆਲ ਇੰਡੀਆ ਮਜਲਿਸ-ਏ-ਇਤੇਹਾਦੁਲ ਮੁਸਲਿਮੀਨ ਚੀਫ ਅਤੇ ਹੈਦਰਾਬਾਦ ਤੋਂ ਸੰਸਦ ਮੈਂਬਰ ਚੁਣੇ ਗਏ ਅਸਦੁਦੀਨ ਓਵੈਸੀ ਨੇ ਅੱਜ ਲੋਕ ਸਭਾ ਮੈਂਬਰ ਵਜੋਂ ਸਹੁੰ ਚੁੱਕੀ। ਇਸ ਦੌਰਾਨ ਸੰਸਦ 'ਚ ਜਯ ਸ਼੍ਰੀਰਾਮ ਦੇ ਨਾਅਰੇ ਲੱਗਣ ਲੱਗੇ। ਓਵੈਸੀ ਨੇ ਕਿਹਾ ਕਿ ਚੰਗਾ ਹੈ ਮੈਨੂੰ ਦੇਖ ਕੇ ਉਨ੍ਹਾਂ ਨੂੰ ਇਹ ਸ਼ਬਦ ਯਾਦ ਆਏ, ਕਾਸ਼! ਉਨ੍ਹਾਂ ਨੂੰ ਬੱਚਿਆਂ ਦੀ ਮੌਤ ਵੀ ਯਾਦ ਆ ਜਾਵੇ। ਓਵੈਸੀ ਨੇ ਸਹੁੰ ਚੁੱਕਣ ਮਗਰੋਂ ਜਯ ਭੀਮ ਅਤੇ ਅੱਲ੍ਹਾ-ਹੂ-ਅਕਬਰ ਦਾ ਨਾਅਰਾ ਲਾਇਆ। 

ਦਰਅਸਲ ਮੰਗਲਵਾਰ ਨੂੰ ਜਿਵੇਂ ਹੀ ਓਵੈਸੀ ਆਪਣੀ ਸੀਟ ਤੋਂ ਉਠ ਕੇ ਸਹੁੰ ਚੁੱਕਣ ਲਈ ਗਏ ਤਾਂ ਸੱਤਾਧਾਰੀ ਦਲਾਂ ਦੇ ਸੰਸਦ ਮੈਂਬਰਾਂ ਨੇ ਜਯ ਸ਼੍ਰੀ ਰਾਮ ਅਤੇ ਵੰਦੇ ਮਾਤਰਮ ਦੇ ਨਾਅਰੇ ਲਾਉਣੇ ਸ਼ੁਰੂ ਕਰ ਦਿੱਤੇ। ਇਸ ਦੇ ਜਵਾਬ ਵਿਚ ਓਵੈਸੀ ਨੇ ਵੀ ਦੋਵੇਂ ਹੱਥ ਉੱਪਰ ਚੁੱਕਦੇ ਹੋਏ ਜ਼ੋਰ-ਜ਼ੋਰ ਨਾਲ ਨਾਅਰੇ ਲਾਉਣ ਦਾ ਇਸ਼ਾਰਾ ਕੀਤਾ। ਇਸ ਤੋਂ ਬਾਅਦ ਜਦੋਂ ਉਨ੍ਹਾਂ ਨੇ ਆਪਣੀ ਸਹੁੰ ਚੁੱਕ ਲਈ ਤਾਂ ਅੰਤ ਵਿਚ ਜਯ ਭੀਮ, ਅੱਲ੍ਹਾ-ਹੂ-ਅਕਬਰ ਅਤੇ ਜਯ ਹਿੰਦ ਦੇ ਨਾਅਰੇ ਲਾਏ। ਸਹੁੰ ਦੌਰਾਨ ਹੋਈ ਨਾਅਰੇਬਾਜ਼ੀ 'ਤੇ ਓਵੈਸੀ ਨੇ ਕਿਹਾ ਕਿ ਚੰਗੀ ਗੱਲ ਹੈ ਕਿ ਘੱਟੋ-ਘੱਟ ਮੈਨੂੰ ਦੇਖ ਕੇ ਉਨ੍ਹਾਂ ਨੂੰ ਰਾਮ ਦੀ ਯਾਦ ਤਾਂ ਆਈ।

ਉਨ੍ਹਾਂ ਨੇ ਇਸ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਕਿ ਉਮੀਦ ਹੈ ਕਿ ਭਾਜਪਾ ਵਾਲਿਆਂ ਨੂੰ ਮੁਜ਼ੱਫਰਪਰੁ ਵਿਚ ਬੱਚਿਆਂ ਦੀ ਮੌਤ ਵੀ ਯਾਦ ਰਹੇਗੀ। ਇੱਥੇ ਦੱਸ ਦੇਈਏ ਕਿ ਓਵੈਸੀ ਮੋਦੀ ਸਰਕਾਰ ਵਿਰੁੱਧ ਖੁੱਲ੍ਹ ਕੇ ਬੋਲਦੇ ਹਨ। ਫਿਰ ਚਾਹੇ ਉਹ ਰਾਮ ਮੰਦਰ ਦਾ ਮੁੱਦਾ ਹੋਵੇ ਜਾਂ ਫਿਰ ਤਿੰਨ ਤਲਾਕ ਨਾਲ ਜੁੜਿਆ ਬਿੱਲ। ਇਨ੍ਹਾਂ ਮੁੱਦਿਆਂ ਨੂੰ ਲੈ ਕੇ ਓਵੈਸੀ ਨੇ ਪਿਛਲੇ 5 ਸਾਲ ਮੋਦੀ ਸਰਕਾਰ ਦੀ ਖਿਲਾਫਤ ਕੀਤੀ ਹੈ। ਇਹ ਹੀ ਵਜ੍ਹਾ ਰਹੀ ਕਿ ਅੱਜ ਲੋਕ ਸਭਾ ਵਿਚ ਇਹ ਸਭ ਦੇਖਣ ਨੂੰ ਮਿਲਿਆ ਹੈ।

Unusual
Lok Sabha
Parliament
PUNJAB

International