ਸੌਦਾ ਸਾਧ ਦੀ ਬੇਅਦਬੀ ਕਾਂਡ ਦੀ ਟੀਮ ਦੇ ਮੁੱਖ ਦੋਸ਼ੀ ਮਹਿੰਦਰਪਾਲ ਬਿੱਟੂ ਦਾ ਨਾਭਾ ਜੇਲ੍ਹ 'ਚ ਕਤਲ

ਰਾਜਪੁਰਾ/ਚੰਡੀਗੜ੍ਹ 22 ਜੂਨ (ਕਮਲਜੀਤ ਸਿੰਘ ਬਨਵੈਤ/ਦਇਆ ਸਿੰਘ) ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਦੋਸ਼ਾਂ ਵਿੱਚ ਗ੍ਰਿਫ਼ਤਾਰ ਅਤੇ ਜੇਲ੍ਹ ਵਿੱਚ  ਬੰਦ ਮਹਿੰਦਰਪਾਲ ਸਿੰਘ ਬਿੱਟੂ ਦੀ ਹੱਤਿਆ ਕਰ ਦਿੱਤੀ ਗਈ ਹੈ । ਉਹ ਨਾਭਾ ਦੀ ਨਵੀਂ ਬਣੀ ਸਖ਼ਤ ਸੁਰੱਖਿਆ ਵਾਲੀ ਜੇਲ ਵਿਚ ਬੰਦ ਸੀ। ਜੇਲ੍ਹ ਵਿੱਚ ਬੰਦ ਦੂਜੇ ਕੈਦੀਆਂ ਨੇ ਹੀ ਸਰੀਆ ਮਾਰ ਕੇ ਮਹਿੰਦਰ ਸਿੰਘ ਦਾ ਕਤਲ ਕੀਤਾ ਹੈ। ਮ੍ਰਿਤਕ ਵਿਰੁੱਧ ਅਦਾਲਤ   ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਹੁਰਮਤੀ ਦੇ ਦੋਸ਼ਾਂ ਦਾ ਵਿੱਚ ਕੇਸ ਚੱਲ ਰਿਹਾ ਹੈ । ਮ੍ਰਿਤਕ ਮਹਿੰਦਰ ਪਾਲ ਡੇਰਾ ਸੌਦਾ ਸਾਧ ਦੀ 45 ਮੈਂਬਰੀ ਕਮੇਟੀ ਦਾ ਮੈਂਬਰ ਸੀ। ਜੇਲ੍ਹ ਦੇ ਅੰਦਰੂਨੀ ਸੂਤਰ ਦੱਸਦੇ ਹਨ ਕਿ ਪਿੱਛੇ ਜਿਹੇ ਪੁਲੀਸ ਨੂੰ ਬਿੱਟੂ ਤੇ ਹਮਲਾ ਹੋਣ ਦੀ ਸੰਭਾਵਨਾ ਦੀ ਸੂਹ ਵੀ ਮਿਲੀ  ਸੀ ਪਰ ਇਸ ਪਾਸੇ ਵੱਲ ਧਿਆਨ ਨਾ ਦਿੱਤਾ ਗਿਆ।ਮ੍ਰਿਤਕ ਦੇ ਖਿਲਾਫ ਸਹਾਇਕ ਸਬ ਇੰਸਪੈਕਟਰ ਪ੍ਰੀਤਮ ਸਿੰਘ ਦੀ ਸ਼ਿਕਾਇਤ ਦੇ ਆਧਾਰ 'ਤੇ 13 ਜੂਨ 2017 ਨੂੰ ਕੇਸ ਦਰਜ ਕੀਤਾ ਗਿਆ ਸੀ।

ਜੇਲ੍ਹ ਪੁਲੀਸ ਦਾ ਕਹਿਣਾ ਹੈ ਕਿ ਕੈਦੀਆਂ ਵਿੱਚ ਹੋਈ ਝੜਪ ਵਿੱਚ ਅੰਡਰ ਟਰਾਇਲ ਕੈਦੀ ਬਿੱਟੂ ਦੀ ਮੌਤ ਹੋ ਗਈ ਹੈ। ਪੁਲੀਸ ਨੇ ਉਸ ਉੱਤੇ ਜੇਲ੍ਹ ਵਿੱਚ ਬੰਦ ਹੋਰ ਕੈਦੀਆਂ ਵੱਲੋਂ ਹਮਲਾ ਕਰਨ ਦੀ ਪੁਸ਼ਟੀ ਕੀਤੀ ਹੈ। ਪੁਲੀਸ ਮੁਤਾਬਕ ਜੇਲ੍ਹ ਵਿੱਚ ਸਰੀਏ ਨਾਲ  ਮਹਿੰਦਰਪਾਲ ਉੱਤੇ ਹਮਲਾ ਕੀਤਾ ਗਿਆ। ਜਿਸ ਵਿਚ ਉਸ ਦੀ ਮੌਤ ਹੋ ਗਈ । ਜੇਲ੍ਹ ਵਿੱਚ ਉਸਾਰੀ ਦਾ ਕੰਮ  ਚੱਲ ਰਿਹਾ ਹੈ ਅਤੇ ਉਸਾਰੀ ਲਈ ਉੱਥੇ ਰੱਖੇ ਸਰੀਏ ਨਾਲ ਕਥਿਤ ਤੌਰ ਤੇ ਕੈਦੀ ਮਹਿੰਦਰ ਸਿੰਘ ਅਤੇ ਗੁਰਸੇਵਕ ਸਿੰਘ ਨੇ ਹਮਲਾ ਕੀਤਾ। ਗੰਭੀਰ ਹਾਲਤ ਵਿਚ ਜ਼ਖ਼ਮੀ ਮਹਿੰਦਰ ਪਾਲ ਨੂੰ ਜੇਲ੍ਹ ਪ੍ਰਸ਼ਾਸਨ ਵੱਲੋਂ ਹਸਪਤਾਲ ਜਾਇਆ ਗਿਆ ਜਿੱਥੇ ਉਸ ਦੀ ਮੌਤ ਹੋ ਗਈ।  ਬਿੱਟੂ ਕਤਲ ਕੇਸ ਨੂੰ ਜੇਲ੍ਹ ਪ੍ਰਸ਼ਾਸਨ ਦੀ ਅਲਗਹਿਲੀ ਵਜੋਂ ਵੀ ਦੇਖਿਆ ਜਾ ਰਿਹਾ ਹੈ। ਪਤਾ ਲੱਗਾ ਹੈ ਕਿ ਬਿੱਟੂ ਦੇ ਵਕੀਲ ਨੇ ਕੁਝ ਦਿਨ ਪਹਿਲਾਂ ਉਸ ਦੀ ਜਾਨ ਨੂੰ   ਖਤਰਾ ਦੱਸਦਿਆਂ ਉਚਿਤ ਸੁਰੱਖਿਆ ਦੀ ਮੰਗ ਕੀਤੀ ਗਈ ਸੀ।

ਸੂਤਰਾਂ ਦਾ ਕਹਿਣਾ ਹੈ ਕਿ ਮਾਮਲੇ ਦੀ ਸੰਵੇਦਨਸ਼ੀਲਤਾ ਨੂੰ ਵੇਖਦਿਆਂ ਬਿੱਟੂ ਅਤੇ ਉਸਦੇ ਸਾਥੀਆਂ ਨੂੰ ਵੱਖਰੇ ਬੈਰਕ ਵਿੱਚ  ਰੱਖਿਆ ਗਿਆ ਸੀ ਪਰ ਅੱਜ ਹਮਲਾ ਕਰਨ ਦਾ ਸਬੱਬ ਕਿਵੇਂ ਬਣਿਆ ਇਹ ਹੱਲ ਵੀ ਭੇਦ ਹੈ। ਇੱਥੇ ਇਹ ਦੱਸਣਾ ਜ਼ਰੂਰੀ ਹੈ ਕਿ ਉਸ ਵੇਲੇ ਦੇ ਡੀ ਆਈ ਜੀ ਰਣਬੀਰ ਸਿੰਘ ਖਟੜਾ ਦੀ ਅਗਵਾਈ ਵਾਲੀ ਸਿੱਟ ਨੇ ਬਿੱਟੂ ਨੂੰ ਬਰਗਾੜੀ  ਬੇਅਦਬੀ  ਮਾਮਲੇ ਵਿੱਚ ਨਾਮਜ਼ਦ ਕਰਦਿਆਂ ਉਸ ਨੂੰ ਮੁੱਖ ਸਾਜ਼ਿਸ਼ਘਾੜਾ ਦੱਸਿਆ ਸੀ ਅਤੇ ਉਸ ਵੱਲੋਂ ਹੀ ਚੋਰੀ ਹੋਏ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਦੇ ਅੰਗ ਬਰਗਾੜੀ ਵਿੱਚ ਖਿਲਾਰਨ ਦੇ ਨਾਲ ਨਾਲ ਦੇਵੀ ਵਾਲਾ ਰੋਡ ਸਥਿਤ ਡਰੇਨ ਵਿਚ ਸੁੱਟੇ ਗਏ ਸਨ। ਖਟੜਾ ਦਾ ਕਹਿਣਾ ਸੀ ਕਿ ਬਿੱਟੂ ਨੇ ਤਫਤੀਸ਼ ਦੌਰਾਨ ਇਹ ਮੰਨਿਆ ਸੀ ਕਿ ਉਸ ਨੇ ਹੀ ਇਹ ਸਾਜ਼ਿਸ਼ ਰਚੀ ਸੀ।

ਡੇਰਾ ਮੁਖੀ ਨੂੰ ਕੇਸ ਵਿਚ ਸਜ਼ਾ ਸੁਣਾਏ ਜਾਣ ਅਤੇ ਜੇਲ੍ਹ ਵਿੱਚ ਭੇਜਣ  ਮਗਰੋਂ 2017 ਤੋਂ ਬਿੱਟੂ ਰੂਪੋਸ਼ ਚੱਲ ਰਿਹਾ ਸੀ। ਉਸ ਨੂੰ 7  ਜੂਨ 2018 ਨੂੰ ਹਿਮਾਚਲ ਵਿੱਚ ਪਾਲਮਪੁਰ ਤੋਂ ਗ੍ਰਿਫਤਾਰ ਕੀਤਾ ਗਿਆ ਸੀ ਜਿੱਥੇ ਉਹ ਇਕ ਰਿਸਟੋਰੈਂਟ ਚਲਾ ਰਿਹਾ ਸੀ। ਉਸ ਨੂੰ ਪੰਚਕੂਲਾ ਹਿੰਸਾ ਮਾਮਲੇ ਵਿੱਚ ਵੀ ਨਾਮਜ਼ਦ ਕੀਤਾ ਗਿਆ ਸੀ।

ਮ੍ਰਿਤਕ ਬਿੱਟੂ ਦੇ ਤਿੰਨ ਭਰਾ ਹੋਰ ਸਨ ਜਿਨ੍ਹਾਂ ਵਿੱਚੋਂ ਇੱਕ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ। ਇਹ ਵੀ ਜ਼ਿਕਰਯੋਗ ਹੈ ਕਿ ਅੱਜ ਹੀ ਬਿੱਟੂ ਦਾ ਵੱਡਾ ਭਰਾ ਉਸ ਨਾਲ ਜੇਲ੍ਹ ਵਿਚ ਮੁਲਾਕਾਤ ਕਰਕੇ ਗਿਆ ਸੀ ਜਿਸ ਤੋਂ ਬਾਅਦ ਇਹ ਵਾਰਦਾਤ ਵਾਪਰੀ ਦੱਸੀ ਜਾ ਰਹੀ ਹੈ ।

ਨਾਭਾ ਜੇਲ੍ਹ ਵਿੱਚ ਬਰਗਾੜੀ ਬੇਅਦਬੀ ਕਾਂਡ ਦੇ ਮੁੱਖ ਮੁਲਜ਼ਮ ਮਹਿੰਦਰਪਾਲ ਸਿੰਘ ਬਿੱਟੂ ਦੇ ਕਤਲ ਮਗਰੋਂ ਕੈਪਟਨ ਸਰਕਾਰ ਹਰਕਤ ਵਿੱਚ ਆ ਗਈ ਹੈ। ਜਿੱਥੇ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਇਸ ਮਾਮਲੇ ਦੀ ਮੈਜਿਸਟ੍ਰੇਟ ਜਾਂਚ ਦੇ ਹੁਕਮਾਂ ਦੇ ਨਾਲ-ਨਾਲ ਜੇਲ੍ਹ ਅਧਿਕਾਰੀਆਂ 'ਤੇ ਵੀ ਕਾਰਵਾਈ ਕੀਤੀ ਹੈ, ਉੱਥੇ ਹੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਜੇਲ੍ਹਾਂ ਦੇ ਉੱਚ ਪੁਲਿਸ ਅਧਿਕਾਰੀ ਨੂੰ ਤਿੰਨ ਦਿਨਾਂ ਵਿੱਚ ਮਾਮਲੇ ਦੀ ਰਿਪੋਰਟ ਦੇਣ ਦੇ ਹੁਕਮ ਦਿੱਤੇ ਹਨ।

ਰੰਧਾਵਾ ਨੇ ਜੇਲ੍ਹ ਸੁਪਰਡੈਂਟ ਅਤੇ ਬੈਰਕ ਇੰਚਾਰਜ ਨੂੰ ਤੁਰੰਤ ਮੁਅੱਤਲ ਕਰ ਦਿੱਤਾ ਹੈ ਅਤੇ ਮਾਮਲੇ ਦੀ ਮੈਜਿਸਟ੍ਰੇਟੀ ਜਾਂਚ ਕਰਨ ਦੇ ਹੁਕਮ ਦਿੱਤੇ ਹਨ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਏਡੀਜੀਪੀ ਜੇਲ੍ਹ ਰੋਹਿਤ ਚੌਧਰੀ ਨੂੰ ਮਾਮਲੇ ਦੀ ਜਾਂਚ ਕਰ ਤਿੰਨ ਦਿਨਾਂ ਵਿੱਚ ਰਿਪੋਰਟ ਸੌਂਪਣ ਦੇ ਹੁਕਮ ਵੀ ਦੇ ਦਿੱਤੇ ਹਨ। ਕੈਪਟਨ ਨੇ ਇਸ ਕਤਲ ਮਾਮਲੇ ਦੇ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਦੇ ਨਿਰਦੇਸ਼ ਦੇ ਨਾਲ-ਨਾਲ ਸੂਬੇ ਵਿੱਚ ਸੁਰੱਖਿਆ ਵਧਾਉਣ ਦੇ ਹੁਕਮ ਵੀ ਜਾਰੀ ਕਰ ਦਿੱਤੇ ਹਨ।

Unusual
Death
Beadbi
Dera Sacha Sauda

International