ਝੂਠੇ ਮੁਕਾਬਲੇ ਦੇ ਦੋਸ਼ੀ ਪੁਲੀਸ ਅਫ਼ਸਰਾਂ ਦੀ ਸਜ਼ਾ ਮੁਆਫ਼ ਕਰਾਉਣ 'ਚ ਸੁਖਬੀਰ ਬਾਦਲ ਦੀ ਅਹਿਮ ਭੂਮਿਕਾ

ਕੇਂਦਰ ਦੀ ਭਾਜਪਾ ਸਰਕਾਰ ਦੇ ਦਬਾਅ ਅੱਗੇ ਕੈਪਟਨ ਅਮਰਿੰਦਰ ਸਿੰਘ ਨੇ ਰਿਹਾਈ ਲਈ ਦੇਰ ਨਾ ਕੀਤੀ 

ਚੰਡੀਗੜ੍ਹ 22 ਜੂਨ (ਕਮਲਜੀਤ ਸਿੰਘ  ਬਨਵੈਤ): ਇੱਕ ਸਿੱਖ ਨੌਜਵਾਨ ਨੂੰ ਝੂਠੇ ਪੁਲੀਸ ਮੁਕਾਬਲੇ ਵਿੱਚ ਮਾਰਨ ਦੇ ਦੋਸ਼ੀ ਪੁਲੀਸ  ਅਫਸਰਾਂ ਦੀ ਸਜ਼ਾ ਮੁਆਫ ਕਰਵਾਉਣ ਦੇ ਕੇਸ ਵਿੱਚ ਸੁਖਬੀਰ ਸਿੰਘ ਬਾਦਲ ਦੀ ਮੋਹਰੀ ਭੂਮਿਕਾ  ਸਾਹਮਣੇ ਆਈ ਹੈ  ਅਕਾਲੀ ਭਾਜਪਾ ਸਰਕਾਰ ਦੀ ਸਿਫਾਰਸ਼ 'ਤੇ ਪੰਜਾਬ ਦੇ ਰਾਜਪਾਲ ਨੇ ਸਜ਼ਾ ਮੁਆਫੀ ਦੇ ਹੁਕਮ ਕੀਤੇ ਹਨ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਸਾਬਕਾ ਡਿਪਟੀ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਰਾਜਪਾਲ ਵੀ ਪੀ ਸਿੰਘ ਬਦਨੌਰ ਤੋਂ ਸਜ਼ਾ ਮੁਆਫ ਕਰਾਉਣ ਦਾ ਮਾਮਲਾ ਸਭ ਤੋਂ ਵੱਧ ਉਛਾਲਿਆ ਹੈ ਅਤੇ ਲੰਘੇ ਕੱਲ੍ਹ ਉਸ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕਰਨ ਦਾ ਐਲਾਨ ਕਰ ਦਿੱਤਾ ਸੀ।

ਅਸਲ ਸੱਚ ਇਹ ਹੈ ਕਿ ਚਾਰ ਦੋਸ਼ੀ ਪੁਲੀਸ ਮੁਲਾਜ਼ਮਾਂ ਦੀ ਸਜ਼ਾ ਮੁਆਫ ਕਰਾਉਣ ਦੀ ਫਾਈਲ ਉਦੋਂ ਤੁਰੀ ਸੀ ਜਦੋਂ ਸੁਖਬੀਰ ਸਿੰਘ ਬਾਦਲ ਪੰਜਾਬ ਦੇ ਗ੍ਰਹਿ ਮੰਤਰੀ ਸਨ। ਸਰਕਾਰ ਦੇ ਉੱਚ ਭਰੋਸੇ ਸੂਤਰਾਂ ਅਨੁਸਾਰ ਸੁਖਬੀਰ ਸਿੰਘ ਬਾਦਲ ਵੱਲੋਂ ਇਹ ਫਾਈਲ 8 ਮਾਰਚ 2017 ਨੂੰ ਤੋਰੀ ਗਈ ਸੀ ਜਦੋਂ ਕਿ ਵਿਧਾਨ ਸਭਾ ਚੋਣਾਂ ਦੇ ਨਤੀਜੇ ਦਾ ਐਲਾਨ 11 ਮਾਰਚ ਨੂੰ ਕੀਤਾ ਗਿਆ ਸੀ। ਰਾਜਪਾਲ ਦੇ ਹੁਕਮਾਂ ਦੀ ਕਾਪੀ ਵਿੱਚ ਇਹ ਸਪੱਸ਼ਟ ਲਿਖਿਆ ਗਿਆ ਹੈ ਕਿ ਦੋਸ਼ੀ ਪੁਲੀਸ ਮੁਲਾਜ਼ਮਾਂ ਦੀ ਸਜ਼ਾ ਦੋ ਸਾਲ ਦੀ ਸਜ਼ਾ 12 ਜਨਵਰੀ 2017 ਨੂੰ ਪੂਰੀ ਹੋ ਗਈ ਸੀ ਅਤੇ ਉਸ ਵੇਲੇ ਦੇ ਪੁਲੀਸ ਮੁਖੀ ਸੁਰੇਸ਼ ਅਰੋੜਾ ਅਤੇ ਵਧੀਕ ਡੀਜੀਪੀ ਜੇਲ੍ਹਾਂ ਨੇ ਸਜ਼ਾ ਮੁਆਫ ਕਰਨ ਦੀ ਸਿਫ਼ਾਰਸ਼ ਕੀਤੀ ਸੀ ।

ਇਹ ਵੀ ਪਤਾ ਲੱਗਾ ਹੈ ਕਿ ਸੁਖਬੀਰ ਸਿੰਘ ਬਾਦਲ ਨੇ ਦੋਸ਼ੀ ਪੁਲੀਸ ਮੁਲਾਜ਼ਮਾਂ ਦੀ ਸਜ਼ਾ ਮਾਫ਼ ਕਰਨ ਦੀ ਸਿਫਾਰਿਸ਼ ਉਸ ਵੇਲੇ ਦੇ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਦੇ ਕਹਿਣ ਤੇ ਕੀਤੀ ਸੀ । ਰਾਜਨਾਥ ਸਿੰਘ ਦਾ ਸਬੰਧ ਉੱਤਰ ਪ੍ਰਦੇਸ਼ ਨਾਲ ਦੱਸਿਆ ਜਾਂਦਾ ਹੈ। ਇੱਕ ਹੋਰ ਜਾਣਕਾਰੀ ਅਨੁਸਾਰ ਕੈਪਟਨ ਅਮਰਿੰਦਰ ਸਿੰਘ ਨੇ ਵੀ ਬੀਜੇਪੀ ਦੀ ਕੇਂਦਰ ਸਰਕਾਰ ਦੇ ਦਬਾਅ ਹੇਠ ਆ ਕੇ ਹੀ ਚਾਰ ਦੋਸ਼ੀ ਪੁਲਿਸ ਮੁਲਾਜ਼ਮਾਂ ਦੀ ਰਿਹਾਈ ਦਾ ਕੰਮ ਤੇਜ਼ੀ ਨਾਲ ਕੀਤਾ ਹੈ 

ਹਰਜੀਤ ਸਿੰਘ ਨਾਂ ਦੇ ਇੱਕ ਸਿੱਖ ਨੌਜਵਾਨ ਨੂੰ 1993 ਵਿੱਚ ਝੂਠ ਪੁਲੀਸ ਮੁਕਾਬਲਾ ਬਣਾ ਕੇ ਮਾਰ ਦਿੱਤਾ ਗਿਆ ਸੀ । ਦੋਸ਼ੀ ਪੁਲੀਸ ਅਫ਼ਸਰਾਂ ਵਿੱਚ ਤਿੰਨ ਦਾ ਸਬੰਧ ਉੱਤਰ ਪ੍ਰਦੇਸ਼ ਨਾਲ ਦੱਸਿਆ ਜਾ ਰਿਹਾ ਹੈ ।

ਸਰਕਾਰੀ ਫਾਈਲਾਂ ਇਹ ਸੱਚ ਬੋਲਦੀਆਂ ਹਨ ਕਿ ਝੂਠੇ ਮੁਕਾਬਲੇ ਦੇ ਦੋਸ਼ੀ ਪੁਲੀਸ ਅਫ਼ਸਰਾਂ ਨੂੰ ਦੀ ਸਜ਼ਾ ਮੁਆਫ਼ ਕਰਾਉਣ ਲਈ ਸੁਖਬੀਰ  ਸਿੰਘ ਬਾਦਲ ਅਤੇ ਕੈਪਟਨ ਅਮਰਿੰਦਰ ਸਿੰਘ ਬਰਾਬਰ ਦੇ ਹਿੱਸੇਦਾਰ ਮੰਨੇ ਜਾਣ ਲੱਗੇ ਹਨ ।

Unusual
Sukhbir Badal
Punjab Police

International