ਸਰਕਾਰ ਨੀਲੇ ਕਾਰਡ ਬਦਲੇਗੀ, ਲਾਭਪਾਤਰੀ ਨਹੀਂ

ਲਾ ਇਲਾਜ ਬਿਮਾਰੀ ਦੇ ਮਰੀਜ਼ ਅਤੇ ਤੇਜ਼ਾਬ ਪੀੜਤ ਵੀ ਲਾਭ ਦੇ ਘੇਰੇ ਚ ਲਿਆਂਦੇ

ਚੰਡੀਗੜ੍ਹ 22 ਜੂਨ  (ਕਮਲਜੀਤ ਸਿੰਘ ਬਨਵੈਤ) ਪੰਜਾਬ ਸਰਕਾਰ ਨੇ ਨੀਲੇ ਕਾਰਡ ਬਦਲਣ ਦਾ ਫੈਸਲਾ ਲਿਆ ਹੈ, ਲਾਭਪਾਤਰੀ ਨਹੀਂ । ਸਰਕਾਰ ਨੇ ਮਹਾਤਮਾ ਗਾਂਧੀ ਸਰਬੱਤ ਵਿਕਾਸ ਯੋਜਨਾ ਦੇ ਲਾਭਪਾਤਰੀਆਂ  ਦੀ ਸਕੀਮ ਦਾ ਘੇਰਾ ਵੀ ਵਧਾ ਦਿੱਤਾ ਹੈ। ਖੁਰਾਕ ਅਤੇ ਸਿਵਲ ਸਪਲਾਈ ਵਿਭਾਗ ਨੇ ਨੀਲੇ ਕਾਰਡਾਂ ਨੂੰ ਰੱਦ ਕਰਨ ਦੀਆਂ ਮੀਡੀਆ ਰਿਪੋਰਟਾਂ ਦਾ ਖੰਡਨ ਕਰਦਿਆਂ ਕਿਹਾ ਹੈ ਕਿ ਯੋਗ ਲਾਭਪਾਤਰੀਆਂ ਨੂੰ ਨਵੇਂ ਸਮਾਰਟ ਕਾਰਡ ਜਾਰੀ ਕੀਤੇ ਜਾਣਗੇ। ਵਿਭਾਗ ਦੇ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਦੱਸਿਆ ਕਿ ਲਾਭਪਾਤਰੀਆਂ ਨੂੰ ਸਾਲ ਵਿੱਚ ਦੋ ਵਾਰ ਮਾਰਚ ਅਤੇ ਸਤੰਬਰ ਮਹੀਨੇ ਚ ਖੁਰਾਕ ਵੰਡੀ ਜਾਂਦੀ ਹੈ ।

ਇਸ ਸਾਲ ਮਾਰਚ ਦੀ ਵੰਡ ਪੁਰਾਣੇ ਕਾਰਡਾਂ ਦੇ ਆਧਾਰ ਤੇ ਕੀਤੀ ਜਾ ਰਹੀ ਹੈ ਜਦੋਂ ਕਿ ਸਤੰਬਰ ਵਿਚ ਸਮਾਰਟ ਕਾਰਡ ਰਾਸ਼ਨ ਦੇਖ ਕੇ ਹੀ ਰਾਸ਼ਨ ਦਿੱਤਾ ਜਾਵੇਗਾ। ਉਨ੍ਹਾਂ ਨੇ ਦੱਸਿਆ ਕਿ ਸਮਾਰਟ ਕਾਰਡ ਵਿੱਚ ਇੱਕ ਚਿੱਪ ਲਾਈ ਗਈ ਹੈ ਜਿਸ ਵਿੱਚ ਲਾਭਪਾਤਰੀ ਦੀ ਪਛਾਣ ਦਰਜ ਹੋਵੇਗੀ ਇਸ ਸੂਰਤ ਵਿੱਚ ਡਿਪੂਆਂ ਤੋਂ ਰਾਸ਼ਨ ਲੈਣ ਵਾਲੇ ਲਾਭਪਾਤਰੀਆਂ ਤੋਂ ਪਛਾਣ ਦਾ ਕਿਸੇ ਕਿਸਮ ਦਾ ਸਬੂਤ ਨਹੀਂ ਮੰਗਿਆ ਜਾਵੇਗਾ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਆਰਥਿਕ ਤੌਰ ਤੇ ਗਰੀਬ ਵਰਗ ਲਈ ਸ਼ੁਰੂ ਕੀਤੀ ਸਕੀਮ ਵਿੱਚ ਕੋਹੜ, ਐਚ ਆਈ ਵੀ ਅਤੇ ਏਡਜ਼ ਦੇ ਮਰੀਜ਼ਾਂ ਤੋਂ ਬਿਨਾਂ ਐਸਿਡ ਅਟੈਕ ਪੀੜਤ ਵੀ ਸ਼ਾਮਿਲ ਕੀਤੇ ਗਏ ਹਨ।

Unusual
Punjab Government

International