ਸੌਦਾ ਸਾਧ ਦੇ ਚੇਲੇ ਪੰਜਾਬ ਦੇ ਅਮਨ-ਚੈਨ ਨੂੰ ਲਾਂਬੂ ਲਾਉਣ ਤੇ ਉਤਾਰੂ

ਬੇਅਦਬੀ ਕਾਂਡ ਦੇ ਸਾਰੇ ਕੇਸ ਵਾਪਸ ਲੈਣ ਦੀ ਕੀਤੀ ਮੰਗ ਬਿੱਟੂ ਦੀ ਲਾਸ਼ ਦਾ ਉਦੋਂ ਤੱਕ ਨਹੀਂ ਕੀਤਾ ਜਾਵੇਗਾ ਸੰਸਕਾਰ

ਕੈਪਟਨ ਸਰਕਾਰ ਸੌਦਾ ਸਾਧ ਦੇ ਚੇਲਿਆਂ ਅੱਗੇ ਬਣੀ ਭਿੱਜੀ ਬਿੱਲੀ, ਪ੍ਰੇਮੀਆਂ ਨੇ ਵੱਡੀ ਗਿਣਤੀ ਵਿਚ ਇਕੱਠੇ ਹੋਣ ਦੀ ਖੁੱਲ੍ਹੀ ਛੁੱਟੀ

ਬਠਿੰਡਾ 23 ਜੂਨ (ਅਨਿਲ ਵਰਮਾ): ਗੁਰੂ ਦੀ ਬੇਅਦਬੀ ਦੇ ਮੁੱਖ ਦੋਸ਼ੀ ਸੌਦਾ ਸਾਧ ਦੇ ਨਜ਼ਦੀਕੀ ਸਾਥੀ ਮਹਿੰਦਰਪਾਲ ਸਿੰਘ ਬਿੱਟੂ ਦਾ ਨਵੀਂ ਜੇਲ੍ਹ ਨਾਭਾ ਵਿਖੇ ਦੋ ਸਿੱਖ ਨੌਜਵਾਨਾਂ ਗੁਰਸੇਵਕ ਸਿੰਘ ਅਤੇ ਮਨਿੰਦਰ ਸਿੰਘ ਨੇ ਕਤਲ ਕਰ ਦਿੱਤਾ ਜਿਸਦਾ ਹਾਲੇ ਸਸਕਾਰ ਵੀ ਨਹੀਂ ਹੋਇਆ, ਸੌਦਾ ਸਾਧ ਦੇ ਚੇਲੇ ਦੇ ਹੋਏ ਕਤਲ ਤੋਂ ਬਾਅਦ ਕੈਪਟਨ ਸਰਕਾਰ ਵਿੱਚ ਤਰਥੱਲੀ ਮੱਚੀ ਹੋਈ ਨਜ਼ਰ ਆ ਰਹੀ ਹੈ ਅਤੇ ਸਰਕਾਰ ਨੇ ਪੂਰੇ ਪੰਜਾਬ ਵਿੱਚ ਹਾਈ ਅਲਰਟ ਕਰ ਦਿੱਤਾ ਹੈ ਪ੍ਰੰਤੂ ਇਸ ਘਟਨਾ ਨੇ ਪੂਰੇ ਪੰਜਾਬ ਵਿੱਚ ਇੱਕ ਵਾਰ ਫਿਰ ਦਹਿਸ਼ਤ ਦਾ ਮਾਹੌਲ ਬਣਾ ਦਿੱਤਾ ਹੈ ਕਿਉਂਕਿ ਗੁਰੂ ਦੀ ਬੇਅਦਬੀ ਦੀਆਂ ਵਾਪਰੀਆਂ ਘਟਨਾਵਾਂ ਤੋਂ ਬਾਅਦ ਲੰਬਾ ਸਮਾਂ ਸੂਬੇ ਵਿੱਚ ਦਹਿਸ਼ਤ ਭਰਿਆ ਮਾਹੌਲ ਰਿਹਾ ਪਰ ਹੁਣ ਇਸ ਘਟਨਾ ਤੋਂ ਬਾਅਦ ਇਕ ਵਾਰ ਫਿਰ ਆਮ ਲੋਕ ਸਹਿਮ ਦੇ ਮਾਹੌਲ ਵਿੱਚ ਨਜ਼ਰ ਆ ਰਹੇ ਹਨ।

ਕੈਪਟਨ ਸਰਕਾਰ ਵੱਲੋਂ ਸੌਦਾ ਸਾਧ ਦੇ ਡੇਰਿਆਂ ਦੀ ਸੁਰੱਖਿਆ ਵਧਾ ਦਿੱਤੀ ਹੈ ਉੱਥੇ ਹੀ ਚੱਪੇ ਚੱਪੇ ਤੇ ਵੀ ਪੁਲਿਸ ਤਾਇਨਾਤ ਕੀਤੀ ਗਈ ਹੈ। ਸੌਦਾ ਸਾਧ ਦੇ ਮੁੱਖ ਡੇਰਾ ਸਿਰਸਾ ਅਤੇ ਪੰਜਾਬ ਦੇ ਮਾਲਵਾ ਇਲਾਕੇ ਦੇ ਪ੍ਰਸਿੱਧ ਸਲਾਬਤਪੁਰਾ ਡੇਰੇ ਦੇ ਨਾਲ ਬਠਿੰਡਾ ਮਲੋਟ ਰੋਡ ਤੇ ਬਣੇ ਡੇਰੇ ਅਤੇ ਡੱਬਵਾਲੀ ਰੋਡ ਤੇ ਸਥਿਤ ਡੇਰੇ ਤੇ ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ ਤਾਂ ਜੋ ਕਿਸੇ ਵੀ ਤਰ੍ਹਾਂ ਦੀ ਅਣਸੁਖਾਵੀਂ ਘਟਨਾ ਨਾ ਵਾਪਰ ਸਕੇ ਪਰ ਇਸ ਦੇ ਬਾਵਜੂਦ ਡੇਰਿਆਂ ਵਿੱਚ ਅੱਜ ਪ੍ਰੇਮੀ ਸਵੇਰੇ ਤੜਕੇ ਤੋਂ ਹੀ ਵੱਡੀ ਗਿਣਤੀ ਵਿੱਚ ਇਕੱਤਰ ਹੋਏ ਅਤੇ ਇਸ ਘਟਨਾ ਤੇ ਗਹਿਰੀ ਚਿੰਤਾ ਪ੍ਰਗਟ ਕਰਦੇ ਹੋਏ ਰੋਸ ਵਜੋਂ ਤਿੱਖੇ ਸੰਘਰਸ਼ ਦੀ ਰੂਪ ਰੇਖਾ ਲਿਖਣ ਦੀ ਵੀ ਚਿਤਾਵਨੀ ਦਿੱਤੀ ਅਤੇ ਮੰਗ ਕੀਤੀ ਕਿ ਬਿੱਟੂ ਦੇ ਕਤਲ ਦੀ ਸਾਜ਼ਿਸ਼ ਦਾ ਸੱਚ ਸਾਹਮਣੇ ਲਿਆਂਦਾ ਜਾਵੇ।

ਦੂਜੇ ਪਾਸੇ ਸਰਬੱਤ ਖਾਲਸਾ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਵੱਲੋਂ ਇਸ ਘਟਨਾ ਤੇ ਸੰਤੁਸ਼ਟੀ ਜਾਹਿਰ ਕਰਦੇ ਹੋਏ ਉਨ੍ਹਾਂ ਕਤਲ ਕਰਨ ਵਾਲੇ ਸਿੱਖ ਨੌਜਵਾਨਾਂ ਦੀ ਪਿੱਠ ਥਾਪੜੀ ਹੈ ਅਤੇ ਕੈਪਟਨ ਸਰਕਾਰ ਨੂੰ ਚਿਤਾਵਨੀ ਦਿੱਤੀ ਹੈ ਕਿ ਉਹ ਇਸ ਘਟਨਾ ਦੀ ਆੜ ਲੈ ਕੇ ਸਿੱਖ ਨੌਜਵਾਨਾਂ ਨੂੰ ਤੰਗ ਪ੍ਰੇਸ਼ਾਨ ਕਰਨ ਦੀਆਂ ਸਾਜ਼ਿਸ਼ਾਂ ਨਾ ਰਚੇ ਅਤੇ ਸਿੱਖ ਨੌਜਵਾਨਾਂ ਨੂੰ ਪ੍ਰੇਸ਼ਾਨ ਕਰਨ ਦੀ ਕਾਰਵਾਈ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਇਹ ਵੀ ਕਿਹਾ ਕਿ ਹੁਕਮਰਾਨ ਇਹ ਸੋਚ ਲੈਣ ਜੇਕਰ ਸੰਗਤਾਂ ਨੂੰ ਇਨਸਾਫ਼ ਨਹੀਂ ਮਿਲੇਗਾ ਤਾਂ ਉਹ ਆਪਣੇ ਤਰੀਕੇ ਨਾਲ ਵੀ ਇਨਸਾਫ਼ ਲੈਣ ਦਾ ਜ਼ਜਬਾ ਰੱਖਦੀਆਂ ਹਨ। ਜਿਲਾ ਪੁਲਿਸ ਮੁਖੀ ਡਾ ਨਾਨਕ ਸਿੰਘ ਨੇ ਦੱਸਿਆ ਕਿ ਇਸ ਘਟਨਾ ਨੂੰ ਲੈ ਕੇ ਪੁਲਿਸ ਪੂਰੀ ਚੌਕਸੀ ਨਾਲ ਕੰਮ ਕਰ ਰਹੀ ਹੈ ਜਿਥੇ ਪੰਜਾਬ ਦੇ ਨਾਲ ਲੱਗਦੀਆਂ ਸਰਹੱਦਾਂ ਤੇ ਚੌਕਸੀ ਵਧਾਈ ਗਈ ਹੈ ਉਥੇ ਹੀ ਪਿੰਡਾਂ ਅਤੇ ਸ਼ਹਿਰਾਂ ਦੀਆ ਮੁੱਖ ਸੜਕਾਂ ਤੇ ਨਾਕਾਬੰਦੀ ਕਰਕੇ ਚੈਕਿੰਗ ਕੀਤੀ ਜਾ ਰਹੀ ਹੈ।  

'ਤੇ ਜਦੋਂ ਡੇਰਾ ਪੈਰੋਕਾਰਾਂ ਨੇ ਬਿੱਟੂ ਦੇ ਸੰਸਕਾਰ ਤੋਂ ਕੀਤੀ ਕੋਰੀ ਨਾਂਹ

ਫਰੀਦਕੋਟ, 23 ਜੂਨ (ਜਗਦੀਸ਼ ਬਾਂਬਾ ) ਨਾਭਾ ਜੇਲ੍ਹ 'ਚ ਮਾਰੇ ਗਏ ਡੇਰਾ ਸੱਚਾ ਸੌਦਾ ਦੇ ਮੁੱਖ ਪੈਰੋਕਾਰ ਮਹਿੰਦਰਪਾਲ ਬਿੱਟੂ ਦੇ ਪਰਿਵਾਰ ਨੇ ਉਸ ਦੇ ਸਸਕਾਰ ਬਾਰੇ ਐਤਵਾਰ ਦੇਰ ਸਾਮ ਤੱਕ ਕੋਈ ਫੈਸਲਾ ਨਹੀਂ ਲਿਆ। ਇਸ ਕਾਰਨ ਪੁਲਿਸ ਦੀਆਂ ਚਿੰਤਾਵਾਂ ਵਧਣ ਲੱਗੀਆਂ ਹਨ। ਪਰਿਵਾਰ ਨੇ ਇਲਜ਼ਾਮ ਲਾਇਆ ਕਿ ਇਹ ਇੱਕ ਸਾਜ਼ਿਸ਼ ਹੈ। ਸਾਨੂੰ ਇਸ ਦਾ ਇਨਸਾਫ ਮਿਲਣਾ ਚਾਹੀਦਾ ਹੈ। ਇਸ ਮੌਕੇ ਬਿੱਟੂ ਦੇ ਬੇਟੇ ਅਰਵਿੰਦਰ ਨੇ ਦੱਸਿਆ ਕਿ ਉਨ੍ਹਾਂ ਨੇ ਫਰੀਦਕੋਟ ਰੇਂਜ ਦੇ ਆਈਜੀ ਮੁਖਵਿੰਦਰ ਸਿੰਘ ਛੀਨਾ ਨਾਲ ਗੱਲਬਾਤ ਦੌਰਾਨ ਸਸਕਾਰ ਦਾ ਕੋਈ ਫ਼ੈਸਲਾ ਨਹੀਂ ਲਿਆ। ਪਰ ਇਸ ਦੇ ਨਾਲ ਹੀ ਕਿਹਾ ਕਿ ਉਨ੍ਹਾਂ ਨੂੰ ਇਨਸਾਫ ਚਾਹੀਦਾ ਹੈ। ਸਰਕਾਰ ਸਭ ਜਾਣਦੀ ਹੈ। ਸਰਕਾਰ ਨੂੰ ਪਤਾ ਹੈ ਕਿ ਇਨਸਾਫ ਕਿਵੇਂ ਦਿਵਾਇਆ ਜਾਵੇ।ਇਸ ਤੋਂ ਪਹਿਲਾਂ ਨੇ ਆਈਜੀ ਮੁਖਵਿੰਦਰ ਸਿੰਘ ਛੀਨਾ ਨੇ ਪਰਿਵਾਰ ਨਾਲ ਲੰਮਾ ਸਮਾਂ ਗੱਲ ਕੀਤੀ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਪਰਿਵਾਰ ਦੇ ਨਾਲ ਹਮਦਰਦੀ ਜਤਾਈ ਹੈ।

ਇਸ ਦੇ ਨਾਲ ਹੀ ਉਨ੍ਹਾਂ ਛੇਤੀ ਤੋਂ ਛੇਤੀ ਬਿੱਟੂ ਦਾ ਸਸਕਾਰ ਕਰਨ ਬਾਰੇ ਵੀ ਅਪੀਲ ਕੀਤੀ। ਪਰਿਵਾਰ ਨੇ ਫਿਲਹਾਲ ਇਸ ਗੱਲ ਤੋਂ ਟਾਲ਼ਾ ਵੱਟ ਲਿਆ ਹੈ। ਉਨ੍ਹਾਂ ਕਿਹਾ ਕਿ ਉਹ ਅਮਨ ਕਾਨੂੰਨ ਦੀ ਸਥਿਤੀ ਨੂੰ ਬਰਕਰਾਰ ਰੱਖਣ ਲਈ ਵਚਨਬੰਦ ਹਨ। ਉਕਤ ਮੌਕੇ ਮਹਿੰਦਰਪਾਲ ਸਿੰਘ ਬਿੱਟੂ ਦੇ ਪੁੱਤਰ ਅਰਵਿੰਦਰ ਦਾ ਕਹਿਣਾ ਹੈ ਕਿ ਉਸ ਦੇ ਪਿਤਾ ਦਾ ਕਤਲ ਸਾਜਿਸ਼ ਦੇ ਤਹਿਤ ਕੀਤਾ ਗਿਆ ਹੈ। ਪੁਲਿਸ ਜਾਣਦੀ ਸੀ ਕਿ ਉਨ੍ਹਾਂ ਦੇ ਪਿਤਾ ਦੀ ਜਾਨ ਨੂੰ ਖਤਰਾ ਹੈ, ਜਿਸ ਕਾਰਨ ਪੁਲਿਸ ਵੱਲੋਂ ਉਨ੍ਹਾਂ ਨੂੰ ਵੱਖਰੀ ਬੈਰਕ 'ਚ ਸਖ਼ਤ ਸੁਰੱਖਿਆਂ ਦੇ ਹੇਠ ਰੱਖਿਆ ਜਾਂਦਾ ਸੀ। ਉਸ ਨੇ ਦੱਸਿਆਂ ਕਿ ਉਸ ਦੇ ਪਿਤਾ ਨੇ ਉਨ੍ਹਾਂ ਨੂੰ ਦੱਸਿਆਂ ਵੀ ਸੀ ਕਿ ਜੇਲ੍ਹ 'ਚ ਕਈ ਲੋਕ ਉਨ੍ਹਾਂ ਨੂੰ ਬਹੁਤ ਘੂਰਦੇ ਹਨ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਉਹ ਇਸ ਮਾਮਲੇ ਦੇ ਸਬੰਧ 'ਚ ਕੋਈ ਵੀ ਫ਼ੈਸਲਾ ਲੈਣ ਤੋਂ ਪਹਿਲਾਂ ਆਪਣੇ ਰਿਸ਼ਤੇਦਾਰਾਂ ਨਾਲ ਗੱਲਬਾਤ ਜ਼ਰੂਰ ਕਰਨਗੇ।

ਡੇਰਾ ਸਿਰਸਾ ਦੀ 45 ਮੈਂਬਰੀ ਕਮੇਟੀ ਦੇ ਮੈਂਬਰ ਮਹਿੰਦਰਪਾਲ ਬਿੱਟੂ ਦਾ ਨਾਭਾ ਜੇਲ 'ਚ ਕਤਲ ਉਪਰੰਤ ਲਾਸ ਜਿਓ ਹੀ ਕੋਟਕਪੂਰਾ ਡੇਰੇ 'ਚ ਪਹੁੰਚੀ ਤਾਂ ਡੇਰਾ ਸਿਰਸਾ ਦੀ 7 ਮੈਂਬਰੀ ਕਮੇਟੀ ਤੋਂ ਇਲਾਵਾ ਮਾਲਵੇ ਵਿਚੋਂ ਵੱਡੀ ਗਿਣਤੀ 'ਚ ਡੇਰਾ ਪ੍ਰੇਮੀ ਪਹੁੰਚੇ ਅਤੇ ਸਰਕਾਰ ਖਿਲਾਫ ਆਪਣਾ ਰੋਸ ਪ੍ਰਗਟਾਉਂਦਿਆਂ ਇਨਸਾਫ ਦੀ ਮੰਗ ਕੀਤੀ। ਇਸ ਮੌਕੇ  ਡੇਰਾ ਸਿਰਸਾ ਦੀ 45 ਮੈਂਬਰੀ ਕਮੇਟੀ ਦੇ ਮੈਂਬਰ ਹਰਚਨ ਸਿੰਘ ਨੇ ਐਲਾਨ ਕੀਤਾ ਹੈ ਕਿ ਜਦੋਂ ਉਨ੍ਹਾਂ ਦੀਆਂ ਮੰਗਾਂ ਨਹੀ ਮੰਨੀਆਂ ਜਾਂਦੀਆਂ ਉਦੋਂ ਤੱਕ ਮਹਿੰਦਰਪਾਲ ਦਾ ਅੰਤਿਮ ਸੰਸਕਾਰ ਨਹੀ ਕੀਤਾ ਜਾਵੇਗਾ। ਡੇਰਾ ਕਮੇਟੀ ਦਾ ਕਹਿਣਾ ਹੈ ਕਿ ਮਹਿੰਦਰਪਾਲ ਦਾ ਕਤਲ ਗਿਣੀ ਮਿੱਥੀ ਸਾਜ਼ਿਸ਼ ਤਹਿਤ ਕੀਤਾ ਗਿਆ, ਇਸ ਲਈ ਇਸ ਮਾਮਲੇ ਦੇ ਜੁਡੀਸ਼ੀਅਲ ਜਾਂਚ ਹੋਣੀ ਚਾਹੀਦੀ ਹੈ ਅਤੇ ਡੇਰਾ ਪ੍ਰੇਮੀਆਂ 'ਤੇ ਦਰਜ ਕੀਤੇ ਗਏ ਬੇਅਦਬੀ ਦੇ ਝੂਠੇ ਮਾਮਲੇ ਰੱਦ ਹੋਣੇ ਚਾਹੀਦੇ ਹਨ। ਇਸ ਦੇ ਨਾਲ ਹੀ ਡੇਰੇ ਪ੍ਰੇਮੀਆਂ ਨੇ ਸ਼ਾਂਤਮਈ ਢੰਗ ਨਾਲ ਸੰਘਰਸ਼ ਕਰਨ ਦਾ ਐਲਾਨ ਵੀ ਕੀਤਾ ਹੇ।

ਆਈ.ਜੀ.ਮੁਖਵਿੰਦਰ ਸਿੰਘ ਛੀਨਾ ਅਤੇ ਸੀਨੀਅਰ ਪੁਲਿਸ ਕਪਤਾਨ ਰਾਜਬਚਨ ਸਿੰਘ ਸੰਧੂ ਸਮੇਤ ਡਿਪਟੀ ਕਮਿਸ਼ਨਰ ਕੁਮਾਰ ਸੌਰਭ ਰਾਜ ਵੱਲੋਂ ਮਹਿੰਦਰਪਾਲ ਬਿੱਟੂ ਦੇ ਪ੍ਰੀਵਾਰਕ ਮੈਂਬਰਾਂ ਸਮੇਤ ਡੇਰਾ ਸਿਰਸਾ ਕਮੇਟੀ ਮੈਂਬਰਾਂ ਨਾਲ ਐਤਵਾਰ ਦੇਰ ਸਾਮ ਤੱਕ ਬੈਠਕਾ ਦਾ ਦੌਰ ਜਾਰੀ ਰਿਹਾ ਹੋਣ ਦੇ ਬਾਵਜੂਦ ਮਹਿੰਦਰਪਾਲ ਬਿੱਟੂ ਦਾ ਸੰਸਕਾਰ ਨਹੀ ਹੋਇਆ, ਬੇਸੱਕ ਅਣਸੁਖਾਵੀ ਘਟਨਾ ਨੂੰ ਰੋਕਣ ਲਈ ਫਰੀਦਕੋਟ ਜਿਲ੍ਹੇ ਭਰ 'ਚ ਚੱਪੇ ਚੱਪੇ ਤੇ ਪੁਲਿਸ ਬਲ ਤਾਇਨਾਤ ਕੀਤੇ ਗਏ ਸਨ ਪ੍ਰੰਤੂ ਡੇਰਾ ਪ੍ਰੇਮੀ ਸਾਤਮਈ ਢੰਗ ਨਾਲ ਸੰਘਰਸ ਤੇ ਡੱਟੇ ਹੋਏ ਸਨ। 

ਬਿੱਟੂ ਦੇ ਕਤਲ ਦੀ ਬੰਬੀਹਾ ਤੇ ਬੁੱਢਾ ਗਰੁੱਪ ਨੇ ਲਈ ਜ਼ਿੰਮੇਵਾਰੀ

ਚੰਡੀਗੜ੍ਹ 23 ਜੂਨ (ਹਰੀਸ਼ ਚੰਦਰ ਬਾਗਾਂਵਾਲਾ)ਬਰਗਾੜੀ ਮਾਮਲੇ 'ਚ ਡੇਰਾ ਸਿਰਸਾ ਪ੍ਰੇਮੀ ਮਹਿੰਦਰਪਾਲ ਉਰਫ ਬਿੱਟੂ ਦੀ ਮੌਤ ਗਈ । ਜੇਲ੍ਹ ਸੁਪਰਡੈਂਟ ਰਮਨਦੀਪਸਿੰਘ ਭੰਗੂ ਨੇ ਇਸ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਸਬੰਧਤ ਥਾਣੇ ਨੂੰ ਸੂਚਨਾ ਦੇ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਦੱਸ ਦੇਈਏ ਕਿ ਇਸ ਕਤਲ ਦੀ ਜ਼ਿੰਮੇਵਾਰੀ ਦਵਿੰਦਰ ਬੰਬੀਹਾ ਅਤੇ ਸੁਖਪ੍ਰੀਤ ਬੁੱਢਾ ਕੁੱਸਾ ਗਰੁੱਪ ਨੇ ਲਈ ਹੈ। ਉਨ੍ਹਾਂ ਨੇ ਫੇਸਬੁੱਕ 'ਤੇ ਇੱਕ ਪੋਸਟ ਪਾਈਜਿਸ 'ਚ ਕਿਹਾ ਕਿ ਇਹ ਸਜ਼ਾ ਬਰਗਾੜੀ ਬੇਅਦਬੀ ਕਰ ਕੇ ਦਿੱਤੀ ਗਈ ਹੈ। ਇਸ 'ਚ ਉਨ੍ਹਾਂ ਨੇ ਕਿਹਾ ਕਿ ਇਹ ਕਾਰਵਾਈ ਗੁਰਸੇਵਕ ਸਿੰਘ ਭੂਤ ਅਤੇ ਮਹਿੰਦਰਸਿੰਘ ਨੇ ਕੀਤੀ ਹੈ ਜਦੋਂ ਕਿ ਪੁਲਿਸ ਨੇ ਹਮਲਾਵਰ ਬਣਦੀ ਦਾ ਨਾਂ ਮਨਿੰਦਰ ਸਿੰਘ ਦੱਸਿਆ ਹੈ।

ਜੇਲ੍ਹ ਸੁਪਰਡੈਂਟ ਰਮਨਦੀਪ ਸਿੰਘ ਭੰਗੂ ਨੇ ਦੱਸਿਆ ਕਿ ਜੇਲ੍ਹ ਅੰਦਰ ਉਸਾਰੀ ਦਾ ਕੰਮ ਚੱਲ ਰਿਹਾ ਹੈ ਜਿਸ ਕਾਰਨ ਅੰਦਰ ਇੱਟਾਂ, ਸਰੀਆ ਤੇ ਲੋਹੇ ਦਾਹੋਰ ਸਾਮਾਨ ਪਿਆ ਹੈ। ਬੀਤੇ ਦਿਨੀਂ ਸ਼ਾਮ ਜੇਲ੍ਹ 'ਚ ਛੁੱਟੀ ਤੋਂ ਬਾਅਦ ਜਦੋਂ ਸਾਰੇ ਕੈਦੀ ਆਪਣੀਆਂ-ਆਪਣੀਆਂ ਬੈਰਕਾਂ ਵੱਲ ਜਾ ਰਹੇ ਸਨ ਇੱਥੇ ਹੀ ਮੌਜੂਦ ਗੁਰਸੇਵਕਤੇ ਮਨਿੰਦਰ ਸਿੰਘ ਨਾਂ ਦੇ ਕੈਦੀਆਂ ਵੱਲੋਂ ਮਹਿੰਦਰਪਾਲ ਸਿੰਘ ਬਿੱਟੂ 'ਤੇ ਇੱਟਾਂ ਨਾਲ ਹਮਲਾ ਕਰ ਦਿੱਤਾ ਗਿਆ। ਇਸ ਤੋਂ ਪਹਿਲਾਂ ਕਿ ਹੋਰ ਕੈਦੀ ਤੇ ਜੇਲ੍ਹ ਪ੍ਰਬੰਧਕਉਸ ਦੀ ਮਦਦ ਕਰਦੇ ਉਹ ਬੁਰੀ ਤਰ੍ਹਾਂ ਜ਼ਖ਼ਮੀ ਹੋ ਚੁੱਕਾ ਸੀ। ਉਸ ਨੂੰ ਜ਼ਖ਼ਮੀ ਹਾਲਤ ਵਿਚ ਨਾਭਾ ਦੇ ਸਰਕਾਰੀ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਜਿੱਥੇਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ  ਦਿੱਤਾ। ਇਸ ਸਬੰਧੀ ਥਾਣਾ ਸਦਰ ਵਿਖੇ ਦੋਵਾਂ ਖ਼ਿਲਾਫ਼ ਕਤਲ ਦਾ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰਦਿੱਤੀ ਗਈ ਹੈ। 

ਉੱਥੇ ਹੀ ਨਾਭਾ ਜੇਲ੍ਹ 'ਚ ਕਤਲ ਮਾਮਲੇ ਨੂੰ ਲੈ ਕੇ ਜੇਲ੍ਹ ਦੇ ਸੁਰੱਖਿਆ ਪ੍ਰਬੰਧਾਂ ਬਾਰੇ ਗੰਭੀਰ ਨੋਟਿਸ ਲੈਂਦਿਆਂ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾਨੇ ਅਸਿਸਟੈਂਟ ਸੁਪਰਡੈਂਟ ਅਜਮੇਰ ਸਿੰਘ ਆਈ/ਸੀ ਸਪੈਸ਼ਲ ਸਕਿਉਰਿਟੀ ਸੈੱਲ ਨੂੰ ਸਸਪੈਂਡ ਕਰ ਦਿੱਤਾ ਹੈ। ਨਾਲ ਹੀ ਦੱਸ ਦੇਈਏ ਕਿ ਵਾਰਡਰ ਮੇਜਰ ਸਿੰਘ ਅਤੇਵਾਰਡਰ ਅਮਨ ਗਿਰੀ ਜੋ ਕਿ ਵਾਰਡ ਵਿੱਚ ਡਿਊਟੀ 'ਤੇ ਤਾਇਨਾਤ ਸਨ, ਨੂੰ ਵੀ ਡਿਊਟੀ 'ਚ ਕੁਤਾਹੀ ਵਰਤਣ 'ਤੇ ਸਸਪੈਂਡ ਕਰ ਦਿੱਤਾ ਗਿਆ ਹੈ। 

ਸਾਧ ਸਾਦ ਦੇ ਚੇਲੇ ਬਿੱਟੂ ਨੂੰ ਗੱਡੀ ਚੜਾਉਣ ਵਾਲੇ 2 ਨੌਜਵਾਨਾ ਨੂੰ ਭੇਜਿਆ 4 ਦਿਨਾਂ ਰਿਮਾਂਡ 'ਤੇ

ਪਟਿਆਲਾ 23 ਜੂਨ (ਦਇਆ ਸਿੰਘ)-ਬੀਤੀ ਕਲ ਨਾਭਾ ਜੇਲ੍ਹ ਵਿਚ  ਡੇਰਾ ਸਿਰਸਾ ਦੀ 45 ਮੈਬਰੀ ਕਮੇਟੀ ਦਾ ਮੈਂਬਰ ਬੇਅਦਬੀ ਕਾਡ ਦਾ ਦੋਸ਼ੀ ਮਹਿੰਦਰਪਾਲ ਬਿਟੂ ਦੇ ਕਤਲ ਕਾਂਡ ਦੇ ਦੋਸ਼ ਹੇਠ ਗੁਰਸੇਵਕ ਸਿੰਘ ਪਿੰਡ ਝਿਉਰਹੇੜੀ ਵਾਸੀ ਮੋਹਾਲੀ ਤੇ ਮਨਿੰਦਰ ਸਿੰਘ ਪਿੰਡ ਭਗੜਾਣਾ ਫਤਿਹਗੜ੍ਹ ਨੂੰ ਪਟਿਆਲਾ ਮਾਣਯੋਗ ਅਦਾਲਤ ਨੇ 4 ਦਿਨਾਂ ਪੁਲਿਸ ਰਿਮਾਂਡ ਤੇ ਭੇਜ ਦਿੱਤਾ ਹੈ।ਜਾਣਕਾਰੀ ਅਨੁਸਾਰ ਬੀਤੇ ਦਿਨ ਨਾਭਾ ਜੇਲ੍ਹ 'ਚ ਬਰਗਾੜੀ ਬੇਅਦਬੀ ਕਾਂਡ ਦੇ ਮੁਲਜ਼ਮ ਦੇ ਕਤਲ ਮਾਮਲੇ 'ਚ ਮੁਖ ਦੋਸ਼ੀਆਂ ਸਖਤ ਸੁਰਖਿਆ ਹੇਠ ਅੱਜ ਸੀਨੀਅਰ ਜੱਜ ਗੁਰਬਿੰਦਰ ਸਿੰਘ ਜੌਹਲ ਦੀ ਅਦਲਾਤ ਵਿੱਚ ਪੇਸ਼ ਕੀਤਾ ਗਿਆ। ਜਿਸ ਦੌਰਾਨ ਅਦਾਲਤ ਵੱਲੋਂ ਸੁਣਵਾਈ ਕਰਦਿਆਂ ਮੁਲਜ਼ਮਾਂ ਨੂੰ 4 ਦਿਨ ਦੇ ਪੁਲਿਸ ਰਿਮਾਂਡ 'ਤੇ ਭੇਜ ਦਿੱਤਾ ਗਿਆ ਹੈ।

ਡੇਰਾ ਸਿਰਸਾ ਨੇ ਬੇਅਦਬੀ ਕੇਸਾਂ ਬਾਰੇ ਰੱਖੀ ਮੰਗ ਨੇ ਫਿਕਰਾਂ 'ਚ ਪਾਈ ਕੈਪਟਨ ਸਰਕਾਰ

ਫਰੀਦਕੋਟ, 23 ਜੂਨ (ਜਗਦੀਸ਼ ਬਾਂਬਾ ) ਕੋਟਕਪੂਰਾ ਦੇ ਨਾਮ ਚਰਚਾ ਘਰ ਦੇ ਮੰਚ ਤੋਂ ਡੇਰਾ ਸਿਰਸਾ ਦੇ ਪੈਰੋਕਾਰਾਂ ਨੇ ਕੈਪਟਨ ਸਰਕਾਰ ਸਾਹਮਣੇ ਬੇਹੱਦ ਵੱਡੀ ਮੰਗ ਰੱਖ ਦਿੱਤੀ ਹੈ। ਬੁਲਾਰਿਆਂ ਨੇ ਮੰਗ ਕੀਤੀ ਹੈ ਕਿ ਮਹਿੰਦਰਪਾਲ ਬਿੱਟੂ ਖ਼ਿਲਾਫ਼ ਦਰਜ ਬੇਅਦਬੀ ਦੇ ਕੇਸ ਵਾਪਸ ਲਏ ਜਾਣ। ਜਿੰਨਾ ਚਿਰ ਸਰਕਾਰ ਇਹ ਮੰਗ ਨਹੀਂ ਮੰਨਦੀ, ਓਨਾ ਚਿਰ ਮਹਿੰਦਰਪਾਲ ਦਾ ਸਸਕਾਰ ਨਹੀਂ ਕੀਤਾ ਜਾਵੇਗਾ। ਇਸ ਤੋਂ ਇਲਾਵਾ ਡੇਰਾ ਸਿਰਸਾ ਦੇ ਬੁਲਾਰੇ 'ਤੇ 45 ਮੈਂਬਰੀ ਕਮੇਟੀ ਦੇ ਮੈਂਬਰ ਹਰਚਰਨ ਸਿੰਘ ਨੇ ਕਿਹਾ ਕਿ ਬਿੱਟੂ ਜਿਨ੍ਹਾਂ ਮਾਮਲਿਆਂ ਕਰਕੇ ਉਸ ਜੇਲ੍ਹ ਵਿੱਚ ਪਹੁੰਚੇ ਉਨ੍ਹਾਂ ਨੂੰ ਖਾਰਜ ਕੀਤਾ ਜਾਵੇ ਅਤੇ ਦੋ ਮੁਲਜ਼ਮਾਂ ਤੋਂ ਇਲਾਵਾ ਉਨ੍ਹਾਂ ਦੇ ਪਿੱਛੇ ਕੰਮ ਕਰਦੀ ਸੋਚ ਨੂੰ ਵੀ ਸਾਹਮਣੇ ਲਿਆਂਦਾ ਜਾਵੇ। ਉਨ੍ਹਾਂ ਕਿਹਾ ਕਿ ਪੰਜਾਬ ਦੇ ਹਰਿਆਣਾ ਵਿੱਚ ਡੇਰਾ ਸਿਰਸਾ ਦੇ ਪੈਰੋਕਾਰਾਂ ਖ਼ਿਲਾਫ਼ ਦਰਜ ਹੋਏ ਕੇਸ ਵਾਪਸ ਲਏ ਜਾਣ।

ਕਈ ਬੁਲਾਰਿਆਂ ਨੇ ਇਹ ਵੀ ਕਿਹਾ ਕਿ ਜੇਕਰ ਉਨ੍ਹਾਂ ਨੂੰ ਮਹਿੰਦਰਪਾਲ ਦੀ ਲਾਸ਼ ਚਾਰ-ਪੰਜ ਦਿਨ ਵੀ ਰੱਖਣੀ ਪਈ ਤਾਂ ਉਹ ਰੱਖਣਗੇ, ਪਰ ਸਰਕਾਰ ਤੋਂ ਆਪਣੀਆਂ ਮੰਗਾਂ ਮੰਨਵਾ ਕੇ ਰਹਿਣਗੇ।ਜ਼ਿਕਰਯੋਗ ਹੈ ਕਿ ਸਨੀਵਾਰ ਬੇਅਦਬੀ ਮਾਮਲਿਆਂ ਦਾ ਸਾਹਮਣਾ ਕਰ ਰਹੇ ਡੇਰਾ ਸਿਰਸਾ ਦੀ 45 ਮੈਂਬਰੀ ਕਮੇਟੀ ਦੇ ਮੁੱਖ ਮੈਂਬਰ ਮਹਿੰਦਰਪਾਲ ਬਿੱਟੂ ਨੂੰ ਨਾਭਾ ਜੇਲ੍ਹ ਵਿੱਚ ਸਾਥੀ ਕੈਦੀਆਂ ਨੇ ਕੁੱਟ-ਕੁੱਟ ਕੇ ਮਾਰ ਦਿੱਤਾ। ਇਸ ਤੋਂ ਬਾਅਦ ਕੈਪਟਨ ਸਰਕਾਰ ਨੇ ਦੋ ਜੇਲ੍ਹ ਅਧਿਕਾਰੀਆਂ ਨੂੰ ਮੁਅੱਤਲ ਕਰ ਕੇ ਮਾਮਲੇ ਦੀ ਜਾਂਚ ਕਰਨ ਦੇ ਹੁਕਮ ਦੇ ਦਿੱਤੇ ਹਨ ਅਤੇ ਮੁਲਜ਼ਮ ਮਨਿੰਦਰ ਸਿੰਘ ਤੇ ਗੁਰਸੇਵਕ ਸਿੰਘ 'ਤੇ ਕੇਸ ਵੀ ਦਰਜ ਕਰ ਲਿਆ ਗਿਆ ਹੈ।ਆਪਣੇ ਲੀਡਰ ਦੇ ਇਸ ਹਸ਼ਰ ਤੋਂ ਖ਼ਫ਼ਾ ਹੋਏ ਡੇਰਾ ਸਿਰਸਾ ਦੇ ਪੈਰੋਕਾਰ ਹੁਣ ਕੈਪਟਨ ਸਰਕਾਰ ਤੋਂ ਬਿੱਟੂ ਖ਼ਿਲਾਫ਼ ਦਰਜ ਕੇਸ ਰੱਦ ਕਰਨ ਦੀ ਮੰਗ ਕਰ ਰਹੇ ਹਨ। ਅਜਿਹੇ ਵਿੱਚ ਸਿੱਖ ਜਥੇਬੰਦੀਆਂ ਨਾਲ ਉਨ੍ਹਾਂ ਦਾ ਟਕਰਾਅ ਵੱਧ ਸਕਦਾ ਹੈ।

Unusual
Death
gurmeet ram rahim
Dera Sacha Sauda
Sikhs

International