ਬੇਅਦਬੀ ਕਾਂਡ ਦੇ ਮੁੱਖ ਦੋਸ਼ੀ ਬਿੱਟੂ ਦਾ ਆਖ਼ਰ ਹੋਇਆ ਅੰਤਿਮ ਸੰਸਕਾਰ

ਸੌਦਾ ਸਾਧ ਦੀ ਪੈਰੋਲ ਨੂੰ ਲੈ ਕੇ ਡੇਰਾ ਪ੍ਰੇਮੀ ਠੰਡੇ ਪਏ

ਫਰੀਦਕੋਟ, 24 ਜੂਨ (ਜਗਦੀਸ਼ ਬਾਂਬਾ/ਗੁਰਪ੍ਰੀਤ ਸਿੰਘ ਔਲਖ, ਰਮੇਸ਼ ਸਿੰਘ ਦੇਵੀ ਵਾਲਾ) : ਜਿਵੇਂ ਹੀ ਹਰਿਆਣਾ ਸਰਕਾਰ ਨੇ ਸੌਦਾ ਸਾਧ ਨੂੰ ਪੈਰੋਲ ਦੇਣ ਦਾ ਮੰਨ ਬਣਾਇਆ। ਉਵੇਂ ਹੀ ਬੇਅਦਬੀ ਕਾਂਡ ਦੇ ਦੋਸ਼ੀ ਬਿੱਟੂ ਦੇ ਅੰਤਿਮ ਸੰਸਕਾਰ ਨੂੰ ਲੈ ਕੇ ਅੜ੍ਹੇ ਸੌਦਾ ਸਾਧ ਦੇ ਚੇਲਿਆਂ ਨੇ ਯੂ-ਟਰਨ ਲੈਂਦਿਆ ਪ੍ਰਸ਼ਾਸ਼ਨ ਨਾਲ ਸਮਝੌਤਾ ਕਰ ਲਿਆ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਮਾਮਲੇ 'ਚ ਨਾਭਾ ਜੇਲ ਵਿੱਚ ਬੰਦ ਮਹਿੰਦਰਪਾਲ ਬਿੱਟੂ ਦਾ ਐਤਵਾਰ ਦੋਂ ਨੌਜਵਾਨਾ ਵੱਲੋਂ ਕਤਲ ਕੀਤੇ ਜਾਣ ਤੋਂ ਬਾਅਦ ਡੇਰਾ ਪ੍ਰੇਮੀਆਂ ਵੱਲੋਂ ਉਸ ਸਮੇਂ ਤੱਕ ਸੰਸਕਾਰ ਨਾ ਕਰਨ ਦਾ ਫੈਸਲਾ ਲਿਆ ਗਿਆ ਜਦੋਂ ਤੱਕ ਸਰਕਾਰ ਉਨ੍ਹਾਂ ਦੀਆਂ ਮੰਗ ਨਹੀ ਮੰਨ ਲੈਂਦੀ। ਸੋਮਵਾਰ ਸਾਰਾ ਦਿਨ ਜਿਲਾ ਪ੍ਰਸ਼ਾਸ਼ਨ ਅਤੇ ਪੁਲਿਸ ਵਲੋਂ ਕੀਤੇ ਜਾ ਰਹੇ ਲਗਾਤਾਰ ਯਤਨਾ ਸਦਕਾ ਬੇਅਦਬੀ ਮਾਮਲੇ ਦੇ ਮੁੱਖ ਦੋਸ਼ੀ ਅਤੇ ਡੇਰਾ ਸਿਰਸਾ ਦੀ 45 ਮੈਂਬਰੀ ਸੂਬਾ ਕਮੇਟੀ ਦੇ ਮੈਂਬਰ ਮਹਿੰਦਰਪਾਲ ਬਿੱਟੂ ਦਾ ਪਰਿਵਾਰ ਅਤੇ ਡੇਰੇ ਦੀ ਕਮੇਟੀ ਉਸਦੇ ਅੰਤਿਮ ਸਸਕਾਰ ਲਈ ਆਖਰ ਸਹਿਮਤ ਹੋ ਹੀ ਗਏ। ਜਿਸ ਤੋਂ ਬਾਅਦ ਸ਼ਾਮ ਕਰੀਬ 5:30 ਵਜੇ ਭਾਰੀ ਸੁਰੱਖਿਆ ਪ੍ਰਬੰਧਾਂ ਦੇ ਦਰਮਿਆਨ ਬਿੱਟੂ ਦਾ ਸ਼ਹੀਦ ਭਗਤ ਸਿੰਘ ਕਾਲਜ ਨੇੜੇ ਸ਼ਾਂਤੀਵਣ ਦੇ ਸ਼ਮਸ਼ਾਨਘਾਟ 'ਚ ਸਸਕਾਰ ਕਰ ਦਿੱਤਾ ਗਿਆ।

ਦੱਸਣਯੋਗ ਹੈ ਕਿ ਐਤਵਾਰ 22 ਜੂਨ ਨੂੰ ਨਾਭੇ ਦੀ ਜੇਲ 'ਚ ਬੰਦ ਦੋ ਕੈਦੀਆਂ ਗੁਰਸੇਵਕ ਸਿੰਘ ਅਤੇ ਮਨਿੰਦਰ ਸਿੰਘ ਵਲੋਂ ਬਿੱਟੂ ਨੂੰ ਕਥਿੱਤ ਤੌਰ 'ਤੇ ਕਤਲ ਕਰ ਦਿੱਤਾ ਗਿਆ ਸੀ। ਬਿੱਟੂ ਦੀ ਲਾਸ਼ ਸੋਮਵਾਰ 23 ਜੂਨ ਸਵੇਰ ਤੋਂ ਹੀ ਡੇਰਾ ਸਿਰਸਾ ਦੀ ਸਥਾਨਕ ਬਰਾਂਚ 'ਚ ਰੱਖੀ ਹੋਈ ਸੀ। ਬਿੱਟੂ ਦੇ ਪਰਿਵਾਰ ਤੋਂ ਇਲਾਵਾ ਡੇਰੇ ਦੀ ਕਮੇਟੀ ਨੇ ਬਕਾਇਦਾ ਐਲਾਨ ਕੀਤਾ ਸੀ ਕਿ ਕਤਲ ਦੇ ਮਾਮਲੇ 'ਚ ਇਨਸਾਫ ਮਿਲਣ ਤੋਂ ਬਾਅਦ ਹੀ ਸਸਕਾਰ ਕੀਤਾ ਜਾਵੇਗਾ। ਬੇਅਦਬੀ ਮਾਮਲੇ 'ਚ ਡੇਰਾ ਪ੍ਰੇਮੀਆਂ 'ਤੇ ਦਰਜ ਕੀਤੇ ਸਾਰੇ ਪੁਲਿਸ ਕੇਸ ਰੱਦ ਕਰਨ ਅਤੇ ਬਿੱਟੂ ਦਾ ਕਤਲ ਕਰਨ ਵਾਲੇ ਮਾਮਲੇ ਦੀ ਜੁਡੀਸੀਅਲ ਜਾਂਚ ਕਰਾ ਕੇ ਦੋਸ਼ੀਆਂ ਨੂੰ ਜਲਦ ਸਜਾਵਾਂ ਦੇਣ ਦੀ ਮੰਗ 'ਤੇ ਅੜੇ ਰਹਿਣ ਕਰਕੇ 23 ਜੂਨ ਨੂੰ ਬਿੱਟੂ ਦਾ ਸੰਸਕਾਰ ਨਾ ਹੋ ਸਕਿਆ।

ਬਿੱਟੂ ਦੇ ਪਰਿਵਾਰ ਅਤੇ ਡੇਰਾ ਕਮੇਟੀ ਨਾਲ ਜਿਲਾ ਪ੍ਰਸ਼ਾਸ਼ਨ ਅਤੇ ਸੀਨੀਅਰ ਪੁਲਿਸ ਅਧਿਕਾਰੀਆਂ ਵਲੋਂ ਮੀਟਿੰਗਾਂ ਕਰਕੇ ਉਨਾਂ ਨੂੰ ਸਮਝਾਉਣ ਦੀਆਂ ਕੌਸ਼ਿਸ਼ਾਂ ਜਾਰੀ ਸਨ ਪਰ ਸੋਮਵਾਰ ਗੱਲ ਸਿਰੇ ਨਾ ਲੱਗੀ। ਜਿਸ ਤੋਂ ਬਾਅਦ ਮੰਗਲਵਾਰ ਸਵੇਰੇ ਅਤੇ ਦੁਪਹਿਰੇ ਹੋਈਆਂ ਮੀਟਿੰਗਾਂ ਵੀ ਬੇਸਿੱਟਾ ਰਹੀਆਂ ਪਰ ਤੀਜੀ ਲਗਾਤਾਰ 3 ਘੰਟੇ ਤੱਕ ਚੱਲੀ ਮੀਟਿੰਗ ਦੌਰਾਨ ਪ੍ਰਸ਼ਾਸ਼ਨਿਕ ਅਧਿਕਾਰੀ ਬਿੱਟੂ ਦੇ ਪਰਿਵਾਰ ਅਤੇ ਡੇਰਾ ਕਮੇਟੀ ਨੂੰ ਭਰੋਸਾ ਦੇ ਕੇ ਅੰਤਿਮ ਸੰਸਕਾਰ ਲਈ ਮਨਾਉਣ 'ਚ ਕਾਮਯਾਬ ਹੋ ਗਏ। ਪਰਿਵਾਰ ਦੀ ਪਹਿਲੀ ਇਹ ਗੱਲ ਮੰਨ ਲਈ ਗਈ ਕਿ ਬਿੱਟੂ ਦੇ ਕਤਲ ਦੇ ਮਾਮਲੇ 'ਚ ਜਾਂਚ ਕਰਕੇ ਦੋਸ਼ੀਆਂ ਨੂੰ ਕਾਨੂੰਨ ਅਨੁਸਾਰ ਸਖਤ ਸਜਾਵਾਂ ਦਿਵਾਈਆਂ ਜਾਣਗੀਆਂ ਅਤੇ ਡੇਰਾ ਪ੍ਰੇਮੀਆਂ 'ਤੇ ਬੇਅਦਬੀ ਦੇ ਦਰਜ ਮਾਮਲੇ ਵਾਪਸ ਲਏ ਜਾਣ ਸਬੰਧੀ ਇਹ ਭਰੋਸਾ ਦਿੱਤਾ ਗਿਆ ਕਿ ਕਾਨੂੰਨ ਦੇ ਦਾਇਰੇ 'ਚ ਰਹਿ ਕੇ ਜੋ ਸੰਭਵ ਹੋ ਸਕੇਗਾ, ਉਹ ਕੀਤਾ ਜਾਵੇਗਾ। ਕਿਉਂਕਿ ਉਕਤ ਮਾਮਲਿਆਂ 'ਚ ਚਲਾਨ ਪੇਸ਼ ਹੋ ਚੁੱਕੇ ਹਨ ਅਤੇ ਕੇਸ ਹੁਣ ਅਦਾਲਤ 'ਚ ਹੋਣ ਕਾਰਨ ਪੁਲਿਸ ਜਾਂ ਪ੍ਰਸ਼ਾਸ਼ਨ ਇਹਨਾ ਕੇਸਾਂ ਨੂੰ ਵਾਪਸ ਲੈਣ ਦੀ ਸਥਿੱਤੀ ਵਿੱਚ ਨਹੀਂ। 

ਫ਼ਿਰੋਜ਼ਪੁਰ ਰੇਂਜ ਦੇ ਆਈਜੀ ਮੁਖਵਿੰਦਰ ਸਿੰਘ ਛੀਨਾ ਨੇ ਦੱਸਿਆ ਕਿ ਬਿੱਟੂ ਕਤਲ ਮਾਮਲੇ ਦੀ ਜਾਂਚ ਪੰਜ ਮੈਂਬਰੀ ਕਮੇਟੀ ਕਰੇਗੀ ਜਿਸ ਦੀ ਅਗਵਾਈ ਏਡੀਜੀਪੀ ਰੈਂਕ ਦਾ ਅਧਿਕਾਰੀ ਕਰੇਗਾ। ਕਮੇਟੀ ਵਿੱਚ ਦੋ ਆਈਜੀ ਰੈਂਕ ਦੇ ਅਧਿਕਾਰੀ ਵੀ ਸ਼ਾਮਲ ਹੋਣਗੇ। ਉਨ੍ਹਾਂ ਇਹ ਵੀ ਸਾਫ ਕੀਤਾ ਕਿ ਬਿੱਟੂ ਖ਼ਿਲਾਫ਼ ਕੇਸ ਅਦਾਲਤ ਵਿੱਚ ਵਿਚਾਰ ਅਧੀਨ ਹਨ, ਇਸ ਲਈ ਵਾਪਸ ਲੈਣੇ ਔਖੇ ਹਨ। ਡੇਰਾ ਪ੍ਰੇਮੀ ਮਹਿੰਦਰ ਪਾਲ ਬਿੱਟੂ ਦੇ ਕਤਲ ਤੋਂ ਤਕਰੀਬਨ 48 ਘੰਟੇ ਬਾਅਦ ਉਸ ਦਾ ਅੰਤਮ ਸੰਸਕਾਰ ਕਰਨ ਨੂੰ ਪਰਿਵਾਰ ਤੇ ਡੇਰੇ ਦੇ ਪੈਰੋਕਾਰ ਮੰਨ ਗਏ ਹਨ। ਉਨ੍ਹਾਂ ਇਹ ਸਹਿਮਤੀ ਪ੍ਰਸ਼ਾਸਨ ਵੱਲੋਂ ਉਨ੍ਹਾਂ ਦੀ ਮੰਗ ਮੰਨੇ ਜਾਣ ਤੋਂ ਬਾਅਦ ਦਿੱਤੀ ਹੈ।ਪਿਛਲੇ ਦੋ ਦਿਨਾਂ ਤੋਂ ਡੇਰੇ ਤੇ ਪ੍ਰਸ਼ਾਸਨ ਦਰਮਿਆਨ ਮੰਗਾਂ 'ਤੇ ਚੱਲ ਰਹੀ ਬਹਿਸ ਖ਼ਤਮ ਹੋ ਗਈ ਹੈ। ਹੁਣ ਬਿੱਟੂ ਦਾ ਕੁਝ ਸਮੇਂ ਵਿੱਚ ਸਸਕਾਰ ਕੀਤਾ ਜਾਵੇਗਾ। ਡੇਰੇ ਦੀ 45 ਮੈਂਬਰੀ ਕਮੇਟੀ ਦੇ ਮੋਹਰੀ ਚਿਹਰੇ ਹਰਚਰਨ ਸਿੰਘ ਨੇ ਕਿਹਾ ਕਿ ਪ੍ਰਸ਼ਾਸਨ ਨੂੰ ਸਾਡੀਆਂ ਮੰਗਾਂ 'ਤੇ ਕੋਈ ਦਿੱਕਤ ਨਹੀਂ।ਉਨ੍ਹਾਂ ਕਿਹਾ ਕਿ ਮਹਿੰਦਰ ਪਾਲ ਬਿੱਟੂ ਦੇ ਜੇਲ੍ਹ ਵਿੱਚ ਹੋਏ ਕਤਲ ਦੀ ਉੱਚ ਪੱਧਰੀ ਤਫ਼ਤੀਸ਼ ਕੀਤੀ ਜਾਵੇਗੀ ਤੇ ਇਸ ਪਿੱਛੇ ਸਾਜ਼ਿਸ਼ ਦਾ ਪਰਦਾਫਾਸ਼ ਕੀਤਾ ਜਾਵੇਗਾ। ਬਿੱਟੂ ਨੂੰ ਬੀਤੀ 22 ਜੂਨ ਨੂੰ ਨਾਭਾ ਦੀ ਨਵੀਂ ਜੇਲ੍ਹ ਵਿੱਚ ਕਤਲ ਕੀਤਾ ਗਿਆ ਸੀ। ਉਸ ਨੂੰ ਇੱਥੇ ਬਰਗਾੜੀ ਬੇਅਦਬੀ ਕਾਂਡ ਵਿੱਚ ਨਾਮਜ਼ਦ ਹੋਣ ਕਰਕੇ ਵਿਚਾਰ ਅਧੀਨ ਕੈਦੀ ਵਜੋਂ ਰੱਖਿਆ ਗਿਆ ਸੀ।

ਮੁੱਖ ਮੰਤਰੀ ਵੱਲੋਂ ਬਰਗਾੜੀ ਕਾਂਡ ਦੇ ਦੋਸ਼ੀ ਡੇਰਾ ਪ੍ਰੇਮੀ  ਦੀ ਹੱਤਿਆ ਦੀ ਜਾਂਚ ਲਈ ਸਿੱਟ ਦਾ ਗਠਨ 

ਚੰਡੀਗੜ੍ਹ 24ਜੂਨ ( ਕਮਲਜੀਤ ਸਿੰਘ ਬਨਵੈਤ) ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬਰਗਾੜੀ ਬੇਅਦਬੀ ਕਾਂਡ ਦੇ ਦੋਸ਼ੀ ਮਹਿੰਦਰਪਾਲ ਸਿੰਘ ਬਿੱਟੂ ਦੀ ਹੱਤਿਆ ਦੀ ਜਾਂਚ ਕਰਨ ਲਈ ਇੱਕ ਵਿਸ਼ੇਸ਼ ਜਾਂਚ ਟੀਮ (ਸਿੱਟ) ਦਾ ਗਠਨ ਕਰ ਦਿੱਤਾ ਹੈ। ਬਿੱਟੂ ਦਾ 22 ਜੂਨ ਨੂੰ ਸਖ਼ਤ ਸੁਰੱਖਿਆ ਵਾਲੀ ਨਾਭਾ ਜੇਲ੍ਹ ਵਿੱਚ ਉਸ ਦੇ ਦੋ ਸਾਥੀਆਂ ਵੱਲੋਂ ਕਤਲ ਕਰ ਦਿੱਤਾ ਗਿਆ ਸੀ। ਮੁੱਖ ਮੰਤਰੀ ਨੇ ਇਹ ਐਲਾਨ ਅੱਜ ਸਿਵਲ ਅਤੇ ਪੁਲੀਸ ਪ੍ਰਸ਼ਾਸਨ ਦੇ ਉੱਚ ਅਫਸਰਾਂ ਦੀ ਇੱਕ ਮੀਟਿੰਗ ਦੌਰਾਨ ਕੀਤਾ। ਸਿੱਟ ਦੇ ਦੂਜੇ ਮੈਂਬਰਾਂ ਵਿੱਚ ਪਟਿਆਲਾ ਰੇਂਜ ਦੇ ਆਈ ਜੀ ਅਮਰਦੀਪ ਸਿੰਘ ਰਾਏ, ਡੀ ਆਈ ਜੀ ਇੰਟੈਲੀਜੈਂਸ ਹਰਦਿਆਲ ਸਿੰਘ ਮਾਨ , ਐਸਐਸਪੀ ਪਟਿਆਲਾ ਮਨਦੀਪ ਸਿੰਘ ਸਿੱਧੂ ਅਤੇ ਏਆਈਜੀ ਕਾਊਂਟਰ ਇੰਟੈਲੀਜੈਂਸ ਕਸ਼ਮੀਰ ਸਿੰਘ ਨੂੰ ਲਿਆ ਗਿਆ ਹੈ।

ਲਾਅ ਐਂਡ ਆਰਡਰ ਦੇ ਵਧੀਕ ਡਾਇਰੈਕਟਰ  ਜਨਰਲ ਈਸ਼ਵਰ ਸਿੰਘ ਕਮੇਟੀ ਦੇ ਮੁਖੀ ਲਾਏ ਗਏ ਹਨ। ਉਨ੍ਹਾਂ ਨੂੰ ਮ੍ਰਿਤਕ ਉੱਤੇ ਕਾਤਲਾਨਾ ਹਮਲੇ ਦੀ ਸਾਰੇ ਪੱਖਾਂ ਤੋਂ ਘੋਖ ਕਰਨ ਲਈ ਕਿਹਾ ਗਿਆ। ਸਿੱਟ ਨੂੰ  ਕਤਲ ਦੀ ਸਾਜ਼ਿਸ਼ ਦੀ ਤਹਿ ਤੱਕ ਪਹੁੰਚਣ ਦੀ ਹਦਾਇਤ ਕੀਤੀ ਗਈ ਹੈ ਅਤੇ ਨਾਲ ਹੀ ਜੇਲ੍ਹ ਸਟਾਫ ਦੀ ਭੂਮਿਕਾ ਦੀ ਪੜਤਾਲ ਕਰਨ ਦੇ ਵੀ ਆਦੇਸ਼ ਦਿੱਤੇ ਗਏ ਹਨ। ਮੁੱਖ ਮੰਤਰੀ ਨੇ ਸਖ਼ਤ ਸੁਰੱਖਿਆ ਵਾਲੀ ਜੇਲ੍ਹ ਨਾਭਾ ਵਿੱਚ ਵਾਪਰੀ ਵਾਰਦਾਤ ਨੂੰ ਗੰਭੀਰਤਾ ਨਾਲ ਲੈਂਦਿਆਂ ਜੇਲ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੂੰ ਕਿਹਾ ਕਿ ਉਹ ਭਵਿੱਖ ਵਿੱਚ ਅਜਿਹੀ ਘਟਨਾ ਰੋਕਣ ਲਈ ਸਖਤ ਬੰਦੋਬਸਤ ਕਰਨ। ਕੈਪਟਨ ਅਮਰਿੰਦਰ ਸਿੰਘ ਨੇ ਡੇਰਾ ਪ੍ਰੇਮੀਆਂ ਦੀ ਮ੍ਰਿਤਕ ਮਹਿੰਦਰ ਪਾਲ ਬਿੱਟੂ ਵਿਰੁੱਧ ਸਾਰੇ ਕੇਸ ਵਾਪਸ ਲੈਣ  ਦੀ ਮੰਗ ਬਾਰੇ ਆਪਣਾ ਪ੍ਰਤੀਕਰਮ ਪ੍ਰਗਟ ਕਰਦਿਆਂ ਕਿਹਾ ਕਿ ਸਾਰਾ ਕੁਝ ਕਾਨੂੰਨ ਦੇ ਘੇਰੇ ਵਿੱਚ   ਰਹਿ ਕੇ ਕੀਤਾ ਜਾਵੇਗਾ ਪਰ ਇਸ ਤੋਂ ਵੀ  ਪਹਿਲਾਂ ਸਿੱਟ ਦੀ ਜਾਂਚ ਰਿਪੋਰਟ ਦੀ ਇੰਤਜ਼ਾਰ ਕੀਤੀ ਜਾਵੇਗੀ।

Unusual
Beadbi
Death
Dera Sacha Sauda
faridkot

International