ਪੰਜ ਰਾਜਾਂ ਦੇ ਮੁੱਖ ਮੰਤਰੀਆਂ ਨੇ ਰਾਹੁਲ ਗਾਂਧੀ ਨੂੰ ਬਦਲਾਅ ਦੇ ਸਾਰੇ ਅਧਿਕਾਰ ਦਿੱਤੇ

ਚੰਡੀਗੜ੍ਹ 1 ਜੁਲਾਈ (ਕਮਲਜੀਤ ਸਿੰਘ ਬਨਵੈਤ) ਕਾਂਗਰਸ ਸ਼ਾਸਿਤ ਪੰਜ ਰਾਜਾਂ ਦੇ ਮੁੱਖ ਮੰਤਰੀਆਂ ਨੇ ਆਲ ਇੰਡੀਆ ਕਾਂਗਰਸ ਦੇ ਪ੍ਰਧਾਨ ਰਾਹੁਲ ਗਾਂਧੀ ਨਾਲ ਮੁਲਾਕਾਤ ਕਰਕੇ ਹਰੇਕ ਤਰ੍ਹਾਂ ਦੇ ਫੇਰ ਬਦਲ ਦੇ ਸਾਰੇ ਅਧਿਕਾਰ ਦੇ ਦਿੱਤੇ ਹਨ। ਰਾਹੁਲ ਗਾਂਧੀ ਨਾਲ ਮੁਲਾਕਾਤ ਕਰਨ ਵਾਲਿਆਂ ਵਿੱਚ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ, ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਕਮਲਨਾਥ, ਛੱਤੀਸਗੜ੍ਹ ਦੇ ਭੁਪੇਸ਼ ਬਘੇਲ ਅਤੇ ਪੁਡੂਚਰੀ ਦੇ ਨਾਰਾਇਣ ਗੋਸਵਾਮੀ ਸ਼ਾਮਿਲ ਸਨ ।

ਸੂਤਰਾਂ ਅਨੁਸਾਰ ਲੋਕ ਸਭਾ ਦੀਆਂ ਚੋਣਾਂ ਵਿੱਚ ਕਾਂਗਰਸ ਦੀ ਨਮੋਸ਼ੀ ਭਰੀ ਹਾਰ ਤੋਂ ਬਾਅਦ ਇਨ੍ਹਾਂ ਮੁੱਖ ਮੰਤਰੀਆਂ ਨੇ ਕਿਹਾ ਕਿ ਪਾਰਟੀ ਦੀ ਮਜ਼ਬੂਤੀ ਲਈ ਉਹ ਹਰੇਕ ਅਹੁਦਾ ਕੁਰਬਾਨ ਕਰਨ ਲਈ ਤਿਆਰ ਹਨ। ਪਤਾ ਲੱਗਾ ਹੈ ਕਿ ਰਾਹੁਲ ਗਾਂਧੀ ਨੇ ਮੀਟਿੰਗ ਦੌਰਾਨ ਇਨ੍ਹਾਂ ਸਭ ਨੂੰ ਧਿਆਨ ਨਾਲ ਸੁਣਿਆ। ਮੁੱਖ ਮੰਤਰੀਆਂ  ਨੇ ਇਹ ਵੀ ਕਿਹਾ ਕਿ ਲੋੜ ਹੋਵੇ ਤਾਂ ਕਾਂਗਰਸ ਦੇ ਜਥੇਬੰਦਕ ਢਾਂਚੇ ਵਿਚ ਵੀ ਬਦਲ ਕਰਨ ਤੋਂ ਗੁਰੇਜ਼ ਨਾ ਕੀਤਾ ਜਾਵੇ।  ਇੱਕ ਹੋਰ ਜਾਣਕਾਰੀ ਅਨੁਸਾਰ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਅਤੇ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਕਮਲਨਾਥ ਨੇ ਰਾਹੁਲ ਗਾਂਧੀ ਨੂੰ ਆਪਣਾ ਅਸਤੀਫਾ ਦੇ ਦਿੱਤਾ ਸੀ ਪਰ ਇਸ ਦੀ ਅਧਿਕਾਰਤ ਸੂਤਰਾਂ ਤੋਂ ਪੁਸ਼ਟੀ ਨਹੀਂ ਹੋ ਸਕੀ ਹੈ।

ਚੇਤੇ ਕਰਾਇਆ ਜਾਂਦਾ ਹੈ ਕਿ ਲੋਕ ਸਭਾ ਵਿੱਚ ਕਾਂਗਰਸ ਨੂੰ ਕੇਵਲ 52 ਸੀਟਾਂ ਮਿਲਣ ਤੋਂ ਬਾਅਦ ਰਾਹੁਲ ਗਾਂਧੀ ਨੇ ਆਪਣੀ ਨੈਤਿਕ  ਜ਼ਿੰਮੇਵਾਰੀ ਕਬੂਲਦਿਆਂ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ ਪਰ ਕਾਂਗਰਸ ਵੱਲੋਂ ਉਸ ਉੱਤੇ ਅਹੁਦੇ ਤੇ ਬਣੇ ਰਹਿਣ ਦਾ ਦਬਾਅ ਪਾਇਆ ਜਾ ਰਿਹਾ ਹੈ। ਦੂਜੇ ਬੰਨੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਵੀ ਆਪਣੇ ਅਹੁਦੇ ਤੋਂ ਅਸਤੀਫਾ ਦੇ ਚੁੱਕੇ ਹਨ। ਉਨ੍ਹਾਂ ਨੇ ਵੀ ਪੰਜਾਬ ਵਿੱਚ ਕਾਂਗਰਸ ਦੀ ਅਸੰਤੁਸ਼ਟ ਕਾਰਗੁਜ਼ਾਰੀ ਅਤੇ ਗੁਰਦਾਸਪੁਰ ਹਲਕੇ ਤੋਂ ਆਪਣੀ ਚੋਣ ਦੀ ਜੁੰਮੇਵਾਰੀ ਕਬੂਲ ਕਰਦਿਆਂ  ਆਪਣਾ ਅਸਤੀਫਾ ਭੇਜ ਦਿੱਤਾ ਸੀ ਪਰ ਇਹ ਵੀ ਵਿੱਚ ਹੀ ਲਟਕਿਆ ਪਿਆ ਹੈ ।

Unusual
Chief Minister
Rahul Gandhi
Politics
congress

International