ਪਾਕਿ ਵੱਲੋਂ ਸਮਝੌਤਾ ਐਕਸਪ੍ਰੈੱਸ ਬੰਦ, ਕਰਤਾਰਪੁਰ ਸਾਹਿਬ ਲਾਂਘੇ ਦਾ ਕੰਮ ਜਾਰੀ ਰਹੇਗਾ

ਅੰਮ੍ਰਿਤਸਰ 8 ਅਗਸਤ (ਏਜੰਸੀਆਂ) : ਪਾਕਿਸਤਾਨ ਨੇ ਅੱਜ ਸਮਝੌਤਾ ਐਕਸਪ੍ਰੈੱਸ ਤੇ ਇਸ ਨਾਲ ਜੁੜੀਆਂ ਸਾਰੀਆਂ ਸੇਵਾਵਾਂ ਬੰਦ ਕਰ ਦਿੱਤੀਆਂ ਹਨ। ਇੰਝ ਅੱਜ ਉਸ ਨੇ ਭਾਰਤ ਨਾਲੋਂ ਆਪਣੇ ਹਰ ਤਰ੍ਹਾਂ ਦੇ ਸਬੰਧ ਤੋੜ ਲਏ ਹਨ। ਪਰ ਇਸ ਦੇ ਨਾਲ ਹੀ ਪਾਕਿਸਤਾਨ ਸਰਕਾਰ ਨੇ ਇਹ ਵੀ ਸਪੱਸ਼ਟ ਕੀਤਾ ਹੈ ਕਿ ਕਰਤਾਰਪੁਰ ਸਾਹਿਬ ਲਾਂਘੇ ਦਾ ਕੰਮ ਕਿਸੇ ਵੀ ਹਾਲਤ 'ਚ ਰੋਕਿਆ ਨਹੀਂ ਜਾਵੇਗਾ। ਇਸਲਾਮਾਬਾਦ ਸਥਿਤ ਭਾਰਤੀ ਹਾਈ ਕਮਿਸ਼ਨਰ ਪਾਕਿਸਤਾਨ ਨੇ ਕੱਲ੍ਹ ਬੁੱਧਵਾਰ ਨੂੰ ਹੀ ਭਾਰਤ ਵਾਪਸ ਭੇਜ ਦਿੱਤਾ ਸੀ ਤੇ ਉਸ ਨੇ ਨਵੀਂ ਦਿੱਲੀ ਸਥਿਤ ਆਪਣੇ ਹਾਈ ਕਮਿਸ਼ਨਰ ਨੂੰ ਵੀ ਵਾਪਸ ਬੁਲਾ ਲਿਆ ਸੀ। ਪਾਕਿਸਤਾਨ 'ਚ ਭਾਰਤੀ ਫ਼ਿਲਮਾਂ ਵਿਖਾਉਣ 'ਤੇ ਵੀ ਮੁਕੰਮਲ ਪਾਬੰਦੀ ਲਾ ਦਿੱਤੀ ਗਈ ਹੈ। ਦਰਅਸਲ, ਜੰਮੂ–ਕਸ਼ਮੀਰ ਨੂੰ ਵਿਸ਼ੇਸ਼ ਦਰਜਾ ਦੇਣ ਵਾਲੀ ਧਾਰਾ–370 ਦੇ ਜ਼ਿਆਦਾਤਰ ਹਿੱਸਿਆਂ ਨੂੰ ਭਾਰਤ ਸਰਕਾਰ ਨੇ ਮਨਸੂਖ਼ ਕੀਤਾ ਹੈ; ਤਦ ਤੋਂ ਹੀ ਪਾਕਿਸਤਾਨ ਨੂੰ ਤੜਫਣ ਲੱਗੀ ਹੋਈ ਹੈ। ਹੁਣ ਤੱਕ ਪਾਕਿਸਤਾਨ ਦੀ ਸਿਆਸਤ ਕਸ਼ਮੀਰ ਦੁਆਲ਼ੇ ਹੀ ਘੁੰਮਦੀ ਰਹੀ ਹੈ।

ਉਨ੍ਹਾਂ ਕੋਲ ਹੋਰ ਕੋਈ ਬਹੁਤਾ ਵੱਡਾ ਕੌਮੀ ਤੇ ਕੌਮਾਂਤਰੀ ਮੁੱਦਾ ਨਹੀਂ ਹੈ, ਉਹ ਇਸੇ ਨਾਲ ਆਪਣੀਆਂ ਸਿਆਸੀ ਰੋਟੀਆਂ ਸੇਕਦੇ ਰਹਿੰਦੇ ਹਨ।ਜਿਸ ਦਿਨ ਤੋਂ ਭਾਰਤ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਜੰਮੂ–ਕਸ਼ਮੀਰ ਨੂੰ ਕੇਂਦਰ ਸ਼ਾਸਤ ਪ੍ਰਦੇਸ਼ ਐਲਾਨਿਆ ਹੈ, ਤਦ ਤੋਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨੂੰ ਆਪਣੀ ਸੰਸਦ ਵਿੱਚ ਗਾਲ਼ਾਂ ਪੈ ਰਹੀਆਂ ਹਨ। ਵਿਰੋਧੀ ਸੰਸਦ ਮੈਂਬਰਾਂ ਨੇ ਦੋਸ਼ ਲਾਇਆ ਕਿ ਹੁਣ ਤੱਕ ਪਾਕਿਸਤਾਨੀ ਸਿਆਸੀ ਆਗੂ ਐਂਵੇਂ ਕੌਮ ਦਾ ਪੈਸਾ ਖਾਂਦੇ ਰਹੇ; ਕਸ਼ਮੀਰੀਆਂ ਦੇ ਹੱਕ ਵਿੱਚ ਕੀਤਾ ਕੁਝ ਵੀ ਨਹੀਂ। ਇਸ ਤੋਂ ਪਹਿਲਾਂ ਪਾਕਿਸਤਾਨੀ ਫ਼ੌਜ ਦੇ ਮੁਖੀ ਕਮਰ ਜਾਵੇਦ ਬਾਜਵਾ ਨੇ ਵੀ ਕਿਹਾ ਸੀ ਕਿ ਉਹ ਹੁਣ ਕਸ਼ਮੀਰ ਮਾਮਲੇ ਉੱਤੇ ਕੋਈ ਢੁਕਵੀਂ ਕਾਰਵਾਈ ਕਰੇਗਾ।ਪਾਕਿਸਤਾਨੀ ਸਿਆਸੀ ਆਗੂਆਂ ਤੇ ਫ਼ੌਜ ਵੱਲੋਂ ਅਜਿਹੀਆਂ ਬਿਆਨਬਾਜ਼ੀਆਂ ਮਜਬੂਰਨ ਕੀਤੀਆਂ ਜਾ ਰਹੀਆਂ ਹਨ ਕਿਉਂਕਿ ਉਹ ਜੇ ਇੰਨਾ ਕੁ ਨਹੀਂ ਬੋਲਣਗੇ, ਤਦ ਤੱਕ ਉਨ੍ਹਾਂ ਦੇ ਆਪਣੇ ਹੀ ਲੋਕ ਉਨ੍ਹਾਂ ਨੂੰ ਬੁਰਾ–ਭਲਾ ਆਖਦੇ ਰਹਿਣਗੇ।ਹੁਣ ਪਾਕਿਸਤਾਨੀ ਆਗੂ ਕਦੇ ਵੀ ਨਹੀਂ ਚਾਹੁਣਗੇ ਕਿ ਲੋਕਾਂ ਤੱਕ ਇਹ ਸੁਨੇਹਾ ਪੁੱਜੇ ਕਿ ਕਸ਼ਮੀਰ ਮਸਲੇ ਉੱਤੇ ਉਨ੍ਹਾਂ ਦੀ ਹਾਰ ਹੋਈ ਹੈ।

ਭਾਰਤ-ਪਾਕਿ ਦਰਮਿਆਨ ਤਣਾਅ 'ਚ ਸਿੱਖਾਂ ਲਈ ਰਾਹਤ ਦੀ ਖ਼ਬਰ

ਅੰਮ੍ਰਿਤਸਰ 8 ਅਗਸਤ (ਏਜੰਸੀਆਂ): ਜੰਮੂ-ਕਸ਼ਮੀਰ ਦੇ ਪੁਨਰਗਠਨ ਤੋਂ ਬਾਅਦ ਪਾਕਿਸਤਾਨ ਤੇ ਭਾਰਤ ਦੇ ਰਿਸ਼ਤਿਆਂ ਦਰਮਿਆਨ ਆਏ ਤਣਾਅ ਕਾਫੀ ਵੱਧ ਗਿਆ ਹੈ। ਅਜਿਹੇ ਹਾਲਾਤ ਵਿੱਚ ਵੀ ਪਾਕਿਸਤਾਨ ਤੋਂ ਇੱਕ ਖੁਸ਼ਖਬਰੀ ਆਈ ਹੈ। ਮਾਹੌਲ ਖ਼ਰਾਬ ਹੋਣ ਕਾਰਨ ਕਰਤਾਰਪੁਰ ਲਾਂਘੇ ਬਾਰੇ ਤੌਖ਼ਲੇ ਵਿੱਚ ਆਏ ਸਿੱਖਾਂ ਨੂੰ ਪਾਕਿਸਤਾਨ ਨੇ ਚਿੰਤਾ ਨਾ ਕਰਨ ਦੀ ਗੱਲ ਕਹੀ ਹੈ। ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਅੱਜ ਪ੍ਰੈਸ ਪਾਕਿਸਤਾਨੀ ਮੀਡੀਆ ਨਾਲ ਕਾਨਫਰੰਸ ਕਰਦਿਆਂ ਕਿਹਾ ਕਿ ਲਾਂਘੇ ਦੀ ਚਿੰਤਾ ਨਾ ਕਰੋ! ਅਸੀਂ ਕਰਤਾਰਪੁਰ ਕੌਰੀਡੋਰ ਬਣਾਉਣ ਲਈ ਵਚਨਬੱਧ ਹਾਂ।

ਸ੍ਰੀ ਗੁਰੂ ਨਾਨਕ ਦੇਵ ਜੀ ਦਾ 550 ਸਾਲਾ ਪ੍ਰਕਾਸ਼ ਪੁਰਬ ਮਨਾਉਣ ਲਈ ਨਵੰਬਰ ਮਹੀਨੇ ਸ੍ਰੀ ਕਰਤਾਰਪੁਰ ਸਾਹਿਬ ਲਈ ਭਾਰਤ ਤੇ ਪਾਕਿਸਤਾਨ ਦਰਮਿਆਨ ਵਿਸ਼ੇਸ਼ ਲਾਂਘਾ ਖੁੱਲ੍ਹਣ ਜਾ ਰਿਹਾ ਹੈ। ਦੋਵਾਂ ਦੇਸ਼ਾਂ ਦਰਮਿਆਨ ਤਣਾਅ ਵਧਿਆ ਦੇਖ ਲਾਂਘੇ 'ਤੇ ਖ਼ਤਰੇ ਦੇ ਬੱਦਲ ਮੰਡਰਾਉਣ ਲੱਗੇ ਸਨ। ਇਸ 'ਤੇ ਪੰਜਾਬ ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਦੀ ਸਰਕਾਰ ਦਾ ਵਫ਼ਦ ਵੀ ਪਾਕਿਸਤਾਨ ਜਾਵੇਗਾ। ਕਸ਼ਮੀਰ ਦੇ ਪੁਨਰਗਠਨ ਮਗਰੋਂ ਪਾਕਿਸਤਾਨ ਨੇ ਭਾਰਤ ਨਾਲ ਵਪਾਰਕ ਸਬੰਧ ਤੋੜ ਦਿੱਤੇ ਹਨ। ਇਸ ਦੇ ਨਾਲ ਹੀ ਭਾਰਤ ਤੋਂ ਆਪਣੇ ਰਾਜਦੂਤ ਨੂੰ ਵੀ ਪਾਕਿਸਤਾਨ ਨੇ ਵਾਪਸ ਬੁਲਾ ਲਿਆ ਹੈ ਅਤੇ ਆਪਣੇ ਦੇਸ਼ ਵਿੱਚ ਭਾਰਤੀ ਰਾਜਦੂਤ ਨੂੰ ਵਾਪਸ ਭੇਜ ਦਿੱਤਾ ਗਿਆ ਹੈ। ਪਾਕਿਸਤਾਨ ਦਾ ਕਹਿਣਾ ਹੈ ਕਿ ਉਹ ਕਸ਼ਮੀਰ 'ਤੇ ਮੋਦੀ ਸਰਕਾਰ ਦੇ ਫੈਸਲੇ ਨੂੰ ਯੂ. ਐਨ 'ਚ ਲੈ ਕੇ ਜਾਵੇਗਾ।

Unusual
pakistan
India
Article 370
Kashmir

International