ਨਨਕਾਣਾ ਸਾਹਿਬ ਰੇਲਵੇ ਸਟੇਸ਼ਨ ਦਾ ਨਾਮ ਹੁਣ ਹੋਵੇਗਾ ਬਾਬਾ ਗੁਰੂ ਨਾਨਕ ਰੇਲਵੇ ਸਟੇਸ਼ਨ

ਇਸਲਾਮਾਬਾਦ 2 ਸਤੰਬਰ (ਏਜੰਸੀਆਂ) : ਆਪਣੇ ਬਿਆਨਾਂ ਨੂੰ ਲੈ ਕੇ ਹਮੇਸ਼ਾ ਚਰਚਾ ’ਚ ਰਹਿਣ ਵਾਲੇ ਰੇਲ ਮੰਤਰੀ ਰਾਸ਼ਿਦ ਅਹਿਮਦ ਨੇ ਨਨਕਾਣਾ ਸਾਹਿਬ ਰੇਲਵੇ ਸਟੇਸ਼ਨ ਦਾ ਨਾਂ ਬਦਲਣ ਦਾ ਐਲਾਨ ਕੀਤਾ ਹੈ। ਹੁਣ ਇਸ ਦਾ ਨਾਂ ਬਾਬਾ ਗੁਰੂ ਨਾਨਕ ਰੇਲਵੇ ਸਟੇਸ਼ਨ ਹੋਵੇਗਾ। ਪਾਕਿਸਤਾਨ ਦੇ ਪੰਜਾਬ ਸੂਬੇ ’ਚ ਸਥਿਤ ਨਨਕਾਣਾ ਸਾਹਿਬ ਗੁਰੂ ਨਾਨਕ ਦੇਵ ਜੀ ਦਾ ਜਨਮ ਸਥਾਨ ਹੈ ਅਤੇ ਇਹ ਦੁਨੀਆ ਭਰ ਦੇ ਸਿੱਖਾਂ ਲਈ ਇਤਿਹਾਸਕ ਅਤੇ ਪਵਿੱਤਰ ਸ਼ਹਿਰ ਹੈ। ਇਸ ਇਤਿਹਾਸਕ ਗੁਰੂਦੁਆਰੇ ਨੂੰ ਭਾਰਤ ਦੇ ਸਰਹੱਦੀ ਜ਼ਿਲੇ ਗੁਰਦਾਸਪੁਰ ਨਾਲ ਜੋੜਣ ਲਈ ਕਰਤਾਰਪੁਰ ਗਲਿਆਰਾ ਵੀ ਸ਼ੁਰੂ ਕੀਤਾ ਗਿਆ ਹੈ।

ਪਾਕਿਸਤਾਨ ਦੇ 2 ਪਵਿੱਤਰ ਤੀਰਥ ਸਥਾਨ ਨਨਕਾਣਾ ਸਾਹਿਬ ਪਾਕਿਸਤਾਨ ਦੇ ਪੰਜਾਬ ਸੂਬੇ ’ਚ ਲਾਹੌਰ ਤੋਂ ਲਗਭਗ 75 ਕਿਲੋਮੀਟਰ ਦੂਰ ਹੈ, ਜਦਕਿ ਦੂਜਾ ਕਰਤਾਰਪੁਰ ਹੈ ਜੋ ਲਾਹੌਰ ਤੋਂ ਲਗਭਗ 117 ਕਿਲੋਮੀਟਰ ਦੂਰ ਸਥਿਤ ਹੈ। ਭਾਰਤ ਦੇ ਤੀਰਥ ਯਾਤਰੀ ਪਹਿਲਾਂ ਕਰਤਾਰਪੁਰ ਸਾਹਿਬ ਫਿਰ ਨਨਕਾਣਾ ਸਾਹਿਬ ਜਾਂਦੇ ਹਨ। ਪਿਛਲੇ ਕਈ ਮਹੀਨਿਆਂ ਤੋਂ ਇਨਾਂ ਦੋਹਾਂ ਥਾਂਵਾਂ ਨੂੰ ਲੈ ਕੇ ਭਾਰਤ ਅਤੇ ਪਾਕਿਸਤਾਨ ਦੀਆਂ ਸਰਕਾਰਾਂ ਵਿਚਾਲੇ ਕਈ ਤਰਾਂ ਦੀ ਗੱਲਬਾਤ ਦਾ ਦੌਰ ਚੱਲਿਆ। ਪਿਛਲੇ ਸਾਲ ਪੰਜਾਬ ਦੇ ਗੁਰਦਾਸਪੁਰ ਜ਼ਿਲੇ ’ਚ ਕਰਤਾਰਪੁਰ ਗਲਿਆਰੇ ਦਾ ਰਸਮੀ ਨੀਂਹ ਪੱਥਰ ਉਪ ਰਾਸ਼ਟਰਪਤੀ ਵੈਂਕੇਯਾ ਨਾਇਡੂ ਅਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਮੌਜੂਦਗੀ ’ਚ ਰਖਿਆ ਗਿਆ ਸੀ।

ਇਸ ਤੋਂ ਇਲਾਵਾ ਪਾਕਿਸਤਾਨ ਵੱਲੋਂ ਵੀ ਇਸ ਕੋਰੀਡੋਰ ਦਾ ਨੀਂਹ ਪੱਥਰ ਰੱਖਿਆ ਗਿਆ ਸੀ, ਜਿਸ ’ਚ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਭਾਰਤ ਨੂੰ ਵੀ ਸੱਦਾ ਦਿੱਤਾ ਹੈ। ਇਸ ’ਚ ਕਾਂਗਰਸੀ ਨੇਤਾ ਨਵਜੋਤ ਸਿੰਘ ਸਿੱਧੂ ਨੇ ਸ਼ਿਰਕਤ ਕੀਤੀ ਸੀ।

Unusual
pakistan
Railway Station
Guru Nanak Dev Ji

International