ਗੁਰੂ ਘਰ ਦੇ ਵਜ਼ੀਰ, ਮਨਾਂ 'ਚ ਝਾਤੀ ਮਾਰਨ...

ਜਸਪਾਲ ਸਿੰਘ ਹੇਰਾਂ
ਗੁਰੂ ਘਰ ਦੇ ਪਹਿਲੇ ਵਜ਼ੀਰ ਬਾਬਾ ਬੁੱਢਾ ਜੀ ਬਰਸੀ ਤਰਨਤਾਰਨ ਜ਼ਿਲ੍ਹੇ ਵਿਚ ਕਈ ਥਾਂਵਾਂ 'ਤੇ ਮਨਾਈ ਗਈ ਭਾਵੇਂ ਕਿ ਕੈਲੰਡਰ ਦਾ ਵਖਰੇਵਾਂ ਹੋਣ ਕਾਰਨ ਅਸੀਂ ਇਸ ਮਹਾਨ ਸਿੱਖ ਦੀ ਬਰਸੀ ਇਕ ਦਿਨ ਨਹੀਂ ਮਨਾ ਸਕੇ। ਬਾਬਾ ਬੁੱਢਾ ਜੀ ਉਹ ਮਹਾਨ ਸ਼ਖ਼ਸੀਅਤ ਸਨ ਜਿਨ੍ਹਾਂ ਨੇ ਪੰਜ ਗੁਰੂ ਸਾਹਿਬਾਨ ਨੂੰ ਆਪਣੇ ਹੱਥੀਂ ਤਿਲਕ ਲਾਇਆ ਤੇ ਛੇਵੇਂ ਗੁਰੂ ਸਾਹਿਬਾਨ ਨੇ ਉਨ੍ਹਾਂ ਦਾ ਅੰਤਿਮ ਸਸਕਾਰ ਆਪਣੇ ਹੱਥੀਂ ਕੀਤਾ। ਬਾਬਾ ਬੁੱਢਾ ਜੀ ਨੂੰ ਗੁਰੂ ਘਰ ਦੇ ਪਹਿਲੇ ਵਜ਼ੀਰ ਹੋਣ ਨਾਤੇ, ਸਮੁੱਚੇ  ਗ੍ਰੰਥੀ ਸਿੰਘਾਂ ਅਤੇ ਪਾਠੀ ਸਿੰਘਾਂ ਦੇ ਮਾਰਗ ਦਰਸ਼ਕ ਹੋਣ ਦਾ ਮਾਣ ਹਾਸਲ ਹੈ। ਜਦੋਂ ਅਸੀਂ ਬਾਬਾ ਬੁੱਢਾ ਜੀ ਨੂੰ ਯਾਦ ਕਰ ਰਹੇ ਹਾਂ ਤਾਂ ਉਨ੍ਹਾਂ ਵਲੋਂ ਪਾਏ ਪੂਰਨਿਆਂ 'ਤੇ ਅੱਜ ਉਨ੍ਹਾਂ ਦੇ ਵਾਰਸ ਕਿੰਨਾਂ ਕੁ ਚੱਲ ਰਹੇ ਹਨ, ਇਹ ਵੀ ਲੇਖਾ ਜੋਖਾ ਕਰਨਾ ਪਵੇਗਾ। ਗ੍ਰੰਥੀ ਨੂੰ ਗੁਰੂ ਦੇ ਵਜ਼ੀਰ ਹੋਣ ਦਾ ਰੁਤਬਾ ਹਾਸਲ ਹੈ ਅਤੇ ਇਸ ਰੁਤਬੇ ਦੀ ਪ੍ਰਾਪਤੀ ਸਿੱਖ ਪੰਥ ਦੇ ਮਹਾਨ ਵਿਦਵਾਨ, ਗੁਰੂ ਨੂੰ ਤਨੋ, ਮਨੋ, ਧਨੋਂ ਸਮਰਪਿਤ, ਸੇਵਾ ਸਿਮਰਨ ਦੇ ਪੁੰਜ, ਗੁਰਬਾਣੀ ਸਿਧਾਂਤਾਂ ਅਨੁਸਾਰ ਜੀਵਨ ਸੇਧ ਬਣਾਉਣ ਵਾਲੇ, ਬਾਬਾ ਬੁੱਢਾ ਜੀ ਕਾਰਣ ਪ੍ਰਾਪਤ ਹੋਈ ਹੈ, ਜਿਨ੍ਹਾਂ ਨੂੰ ਗੁਰੂ ਘਰ ਦੇ ਪਹਿਲੇ ਵਜ਼ੀਰ ਹੋਣ ਦਾ ਮਾਣ ਹਾਸਲ ਹੈ ਅਤੇ ਉਨ੍ਹਾਂ ਇਸ ਪਦਵੀਂ ਦੇ ਸਤਿਕਾਰ ਨੂੰ ਸਿਖ਼ਰਾਂ ਤੇ ਪਹੁੰਚਾਇਆ। ਪ੍ਰੰਤੂ ਅੱਜ ਜਦੋਂ ਉਨ੍ਹਾਂ ਦੀ  ਬਰਸੀ ਮਨਾਈ ਜਾ ਰਹੀ ਹੈ ਤਾਂ ਉਨ੍ਹਾਂ ਗ੍ਰੰਥੀ ਸਿੰਘਾਂ ਨੂੰ ਜਿਹੜੇ ਇਹ ਸੇਵਾ ਨਿਭਾਅ ਰਹੇ ਹਨ, ਘੱਟੋ ਘੱਟ ਅੱਜ ਦੇ ਦਿਨ, ਇਹ ਮਹਿਸੂਸ ਜ਼ਰੂਰ ਕਰਨਾ ਚਾਹੀਦਾ ਹੈ ਕਿ ਕੀ ਉਹ ਬਾਬਾ ਬੁੱਢਾ ਜੀ ਦੇ ਵਾਰਿਸ ਅਖਵਾਉਣ ਦੇ ਹੱਕਦਾਰ ਹਨ?

ਵਜ਼ੀਰ ਦੀ ਪੱਦਵੀਂ ਬਹੁਤ ਉੱਚੀ ਹੁੰਦੀ ਹੈ, ਉਸਨੇ ਰਾਜੇ ਦੀ ਸੋਚ ਨੂੰ ਜਨਤਾ ਤੱਕ ਪਹੁੰਚਾਉਣ ਅਤੇ ਉਸਤੇ ਅਮਲ ਕਰਵਾਉਣਾ ਹੁੰਦਾ ਹੈ, ਪ੍ਰੰਤੂ ਕੀ ਅੱਜ ਦੇ ਗ੍ਰੰਥੀ ਗੁਰਬਾਣੀ ਸਿਧਾਂਤਾਂ ਨੂੰ ਸਿੱਖ ਪੰਥ 'ਚ ਫੈਲਾਅ ਰਹੇ ਹਨ ਅਤੇ ਉਨ੍ਹਾਂ ਤੇ ਅਮਲ ਕਰਵਾਉਣ ਦੇ ਉਪਰਾਲੇ ਕਰ ਰਹੇ ਹਨ? ਅੱਜ ਗੁਰਬਾਣੀ ਪੜਨਾ ਤੇ ਗਾਇਣ ਕਰਨਾ ਇੱਕ ਧੰਦਾ ਬਣ ਗਿਆ ਹੈ, ਗ੍ਰੰਥੀ ਜਾਂ ਪਾਠੀ ਸਿੰਘ, ਸਿਰਫ਼ ਆਪਣੇ ਸੇਵਾਫ਼ਲ ਵੱਲ ਤੱਕਦੇ ਹਨ, ਗੁਰਬਾਣੀ ਸਿਧਾਂਤਾਂ ਜਾਂ ਸਿੱਖੀ ਪ੍ਰੰਪਰਾਵਾਂ ਤੇ ਮਰਿਆਦਾ ਨਾਲ ਉਨ੍ਹਾਂ ਦਾ ਕੋਈ ਸਬੰਧ ਨਹੀਂ ਹੈ। ਭਾਵੇਂ ਕਿ ਅੱਜ ਦੇ ਪਦਾਰਥਵਾਦੀ ਯੁੱਗ 'ਚ ਪੈਸੇ ਤੋਂ ਬਿਨਾਂ, ਜੀਵਨ ਨਿਰਬਾਹ ਅਸੰਭਵ ਹੈ, ਪ੍ਰੰਤੂ ਸੇਵਾ ਫ਼ਲ ਲੈ ਕੇ ਵੀ ਜੇ ਆਪਣੇ ਕਿੱਤੇ ਨਾਲ, ਜਿਹੜਾ ਕਿ ਅਸਲ 'ਚ ਕਿੱਤਾ ਨਹੀਂ ਹੈ, ਮਹਾਨ ਸੇਵਾ ਦਾ ਕਾਰਜ ਹੈ, ਉਸ ਨਾਲ ਵੀ ਬੇਈਮਾਨੀ ਕੀਤੀ ਜਾਂਦੀ ਹੈ ਤਾਂ ਇਹ ਬਹੁਤ ਵੱਡਾ ਗੁਨਾਹ ਤਾਂ ਹੈ, ਇਸਦੇ ਨਾਲ ਨਾਲ ਕੌਮ ਦੇ ਜੜ੍ਹੀ ਤੇਲ ਦੇਣ ਦੀ ਕਾਲੀ ਕਰਤੂਤ ਵੀ ਹੈ। ਸਾਡੀ ਨਵੀਂ ਪੀੜ੍ਹੀ ਗ੍ਰੰਥੀਆਂ, ਪਾਠੀਆਂ, ਰਾਗੀਆਂ ਤੇ ਪ੍ਰਚਾਰਕਾਂ ਦੀ ਜੀਵਨ ਸ਼ੈਲੀ ਤੋਂ ਪ੍ਰਭਾਵਿਤ ਹੁੰਦੀ ਹੈ, ਜਦੋਂ ਉਹ ਇਨ੍ਹਾਂ ਧਾਰਮਿਕ ਸਖ਼ਸੀਅਤਾਂ ਦੇ ਮਾੜੇ ਕਾਰਨਾਮਿਆਂ ਬਾਰੇ ਸੁਣੇ ਦੇਖਦੇ ਜਾਂ ਪੜ੍ਹਦੇ ਹਨ ਤਾਂ ਉਨ੍ਹਾਂ ਦੇ ਸਿੱਖੀ ਭਰੋਸੇ ਨੂੰ ਠੇਸ ਲੱਗਦੀ ਹੈ।

ਸਿੱਖੀ ਤੋਂ ਕੋਹਾਂ ਦੂਰ ਜਾ ਚੁੱਕੇ ਤੇ ਗੁਰੂ ਤੋਂ ਬੇਮੁੱਖ ਹੋਏ ਲੋਕ ਜਦੋਂ ਆਪਣੇ ਹੱਕ 'ਚ ਦਲੀਲ ਦੇਣ ਲਈ ਇਹ ਆਖਦੇ ਹਨ ਕਿ 'ਅਸੀਂ ਉਨ੍ਹਾਂ ਭਾਈਆ ਤੋਂ ਤਾਂ ਚੰਗੇ ਹਾਂ, ਜਿਹੜੇ ਅੰਮ੍ਰਿਤਧਾਰੀ ਹੋ ਕੇ ਕਾਲੀਆਂ ਕਰਤੂਤਾਂ ਕਰਦੇ ਹਨ, ਤਾਂ ਹਰ ਪੰਥ ਦਰਦੀ ਦਾ ਸਿਰ ਸ਼ਰਮ ਨਾਲ ਝੁਕਦਾ ਹੀ ਹੈ, ਗੁਰੂ ਸਾਹਿਬ ਦੇ ਮਨ ਨੂੰ ਕਿੰਨੀ ਠੇਸ ਪੁੱਜਦੀ ਹੋਵੇਗੀ, ਇਸਦਾ ਅੰਦਾਜ਼ਾ ਸ਼ਾਇਦ ਅਸੀਂ ਕਦੇ ਲਾਇਆ ਹੀ ਨਹੀਂ। ਕੌਮ ਦੀ ਵੱਡੀ ਬਦਕਿਸਮਤੀ ਹੈ ਕਿ ਅਸੀਂ ਗ੍ਰੰਥੀ ਸਿੰਘ ਨੂੰ 'ਵਜ਼ੀਰ' ਤਾਂ ਆਖਦੇ ਹਾਂ, ਪ੍ਰੰਤੂ ਇਸ ਵਜ਼ੀਰ ਦੀ ਯੋਗਤਾ ਕਦੇ ਨਿਰਧਾਰਿਤ ਹੀ ਨਹੀਂ ਕੀਤੀ ਗਈ। ਕਰੋੜਾਂ ਰੁਪਏ ਲਾ ਕੇ ਗੁਰੂ ਘਰ ਦੀ ਇਮਾਰਤ ਤਾਂ ਉਸਾਰ ਲਈ ਜਾਂਦੀ ਹੈ, ਪ੍ਰੰਤੂ ਗ੍ਰੰਥੀ ਘੱਟ ਤੋਂ ਘੱਟ ਤਨਖ਼ਾਹ ਵਾਲਾ ਲੱਭਿਆ ਜਾਂਦਾ ਹੈ। ਸ਼੍ਰੋਮਣੀ ਕਮੇਟੀ ਨੇ ਪਾਠੀ, ਰਾਗੀ ਤੇ ਗ੍ਰੰਥੀ ਸਿੰਘਾਂ ਲਈ ਟ੍ਰੇਨਿੰਗ ਲਈ ਕੋਈ ਵਿਸੇਸ਼ ਉਪਰਾਲੇ ਨਹੀਂ ਕੀਤੇ ਅਤੇ ਨਾਂ ਹੀ ਸ੍ਰੀ ਅਕਾਲ ਤਖਤ ਸਾਹਿਬ ਨੇ ਗ੍ਰੰਥੀ ਸਿੰਘ ਦੀ ਘੱਟੋ ਘੱਟ ਯੋਗਤਾ ਤੇ ਸੇਵਾ ਫ਼ਲ ਬਾਰੇ ਕੋਈ ਦਿਸਾ-ਨਿਰਦੇਸ਼ ਜਾਰੀ ਕੀਤਾ ਹੈ।

ਅੱਜ ਜਦੋਂ ਕੌਮ 'ਚ ਸਿੱਖੀ ਪ੍ਰਚਾਰ ਦੀ ਘਾਟ ਜਾਂ ਨਵੀਂ ਪੀੜ੍ਹੀ ਦੇ ਸਿੱਖੀ ਤੋਂ ਦੂਰ ਜਾਣ ਦੀ ਚਰਚਾ ਹੁੰਦੀ ਹੈ ਤਾਂ ਸਿੱਖ ਆਗੂਆਂ ਦੇ ਕਿਰਦਾਰ ਦੇ ਨਾਲ ਨਾਲ ਸਿੱਖੀ ਦੇ ਪ੍ਰਚਾਰਕਾਂ ਦੇ ਜੀਵਨ 'ਚ ਆਈ, ਨੈਤਿਕ ਗਿਰਾਵਟ ਨੂੰ ਵੀ ਦੋਸ਼ੀ ਮੰਨਿਆ ਜਾਂਦਾ ਹੈ। ਅਸੀਂ ਦੂਜੇ ਧਰਮਾਂ ਦੇ ਪ੍ਰਚਾਰਕਾਂ ਦੀ ਯੋਗਤਾ ਅਤੇ ਉਨ੍ਹਾਂ ਦੀ ਚੋਣ ਬਾਰੇ ਸਖ਼ਤ ਪ੍ਰੀਕ੍ਰਿਆ ਨੂੰ ਅੱਜ ਤੱਕ ਘੋਖਣ ਦੀ ਲੋੜ ਹੀ ਨਹੀਂ ਸਮਝੀ। ਅਸਲ 'ਚ ਬ੍ਰਾਹਮਣਵਾਦੀ ਤਾਕਤਾਂ, ਜਿਹੜੀਆਂ ਸਿੱਖੀ ਦੇ ਮਹਾਨ ਇਨਕਲਾਬੀ ਫਲਸਫੇ ਤੋਂ ਡਰਦੀਆਂ ਸਨ, ਉਨ੍ਹਾਂ ਨੇ ਸਿੱਖ ਪ੍ਰਚਾਰਕਾਂ ਨੂੰ ਹੀ ਬ੍ਰਾਹਮਣਵਾਦੀ ਕਰਮਕਾਂਡਾਂ 'ਚ ਫਸਾ ਲਿਆ ਹੈ। ਇਹੋ ਕਾਰਣ ਹੈ ਕਿ ਬਹੁਤੇ ਗੁਰੂ ਘਰ 'ਚ ਕਰਮਕਾਂਡੀ ਪਾਖੰਡ ਜ਼ੋਰ-ਸ਼ੋਰ ਨਾਲ ਹੋ ਰਹੇ ਹਨ। ਗ੍ਰੰਥੀ ਸਿੰਘ, ਸੰਗਤਾਂ ਦੇ ਕੰਨ ਰਸ ਅਤੇ ਉਨ੍ਹਾਂ ਨੂੰ ਮਨਮਤੀ ਬਣਾਉਣ ਲਈ ਝੂਠੀਆਂ ਸਾਖ਼ੀਆਂ ਦਾ ਸਹਾਰਾ ਲੈ ਰਹੇ ਹਨ। ਜਿਸ ਧਰਮ ਤੇ ਗ੍ਰੰਥ ਨੇ ਅੱਜ ਵਿਸ਼ਵ ਧਰਮ ਤੇ ਵਿਸ਼ਵ ਗ੍ਰੰਥ ਹੋਣ ਦਾ ਮਾਣ ਹਾਸਲ ਕਰ ਲੈਣਾ ਸੀ। ਉਸ ਧਰਮ ਦੀਆਂ ਟਾਹਣੀਆਂ ਤੋਂ ਬਾਅਦ ਜੜ੍ਹਾਂ ਵੱਢੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਜਦੋਂ ਕਿਸੇ ਰਾਜ 'ਚ ਅਰਾਜਕਤਾ ਫੈਲ ਜਾਵੇ ਤਾਂ ਉਸਦੇ ਵਜ਼ੀਰ ਦੀ ਸਭ ਤੋਂ ਵਧੇਰੇ ਜੁੰਮੇਵਾਰੀ ਹੁੰਦੀ ਹੈ।

ਇਸ ਲਈ ਅੱਜ ਅਸੀਂ ਗੁਰੂਘਰ ਦੇ ਪਹਿਲੇ ਵਜ਼ੀਰ ਨੂੰ ਯਾਦ ਕਰਦਿਆਂ, ਉਨ੍ਹਾਂ ਦੀ ਮਹਾਨਤਾ ਨੂੰ ਨਤਮਸਤਕ ਹੁੰਦਿਆਂ, ਗ੍ਰੰਥੀ ਸਿੰਘਾਂ ਤੇ ਉਨ੍ਹਾਂ ਦੀਆਂ ਜਥੇਬੰਦੀਆਂ ਨੂੰ ਅਪੀਲ ਕਰਾਂਗੇ ਕਿ ਉਹ ਆਪਣੇ ਭਾਈਚਾਰੇ 'ਚ ਆ ਚੁੱਕੀ ਗਿਰਾਵਟ ਬਾਰੇ ਡੂੰਘੀ ਘੋਖ ਪੜਤਾਲ ਕਰਨ ਅਤੇ ਕਾਲੀਆ ਭੇਡਾਂ ਦੀ ਪਛਾਣ ਕਰਕੇ, ਉਨ੍ਹਾਂ ਨੂੰ ਬਾਹਰ ਕੱਢਿਆ ਜਾਵੇ। ਗੁਰੂ ਘਰ ਦੇ ਵਜ਼ੀਰ ਦਾ ਪਹਿਲਾ ਵਾਲਾ ਮਾਣ ਸਨਮਾਨ ਬਹਾਲ ਕਰਵਾਉਣ ਲਈ ਸਿੱਖੀ ਸਿਧਾਂਤਾਂ ਦਾ ਪੱਲਾ ਘੁੱਟ ਕੇ ਫੜ੍ਹਿਆ ਜਾਵੇ। ਸ਼੍ਰੋਮਣੀ ਕਮੇਟੀ, ਅਕਾਲ ਤਖਤ ਤੇ ਸਿੱਖ ਸੰਪਰਦਾਵਾਂ, ਗ੍ਰੰਥੀ, ਪਾਠੀ, ਰਾਗੀ ਅਤੇ ਪ੍ਰਚਾਰਕਾਂ ਦੀ ਪੜ੍ਹਾਈ-ਸਿਖਲਾਈ ਲਈ ਉਚੇਚੇ ਪ੍ਰਬੰਧ ਕਰਨ ਤਾਂ ਕਿ ਇਸ ਪਦਵੀਂ ਤੇ ਯੋਗ ਸਿੱਖ ਹੀ ਪੁੱਜਣ। ਜਦੋਂ ਤੱਕ ਸਾਡੇ ਇਨ੍ਹਾਂ ਧਾਰਮਿਕ ਪ੍ਰਚਾਰਕਾਂ ਦਾ ਜੀਵਨ ਪੱਧਰ ਤੇ ਸੋਚ ਗੁਰਬਾਣੀ ਅਨੁਸਾਰ ਨਹੀਂ ਢਲਦੀ ਉਦੋਂ ਤੱਕ ਸਿੱਖੀ 'ਚ ਆ ਰਹੇ ਨਿਘਾਰ ਨੂੰ ਰੋਕਣਾ ਸੰਭਵ ਨਹੀਂ।

Editorial
Jaspal Singh Heran

International