ਕਿਵੇਂ ਭਰੋਸਾ ਕਰੀਏ...?

ਜਸਪਾਲ ਸਿੰਘ ਹੇਰਾਂ
ਸ਼ਾਇਦ ਬਹੁਤ ਸਾਰੇ ਸਿੱਖਾਂ ਨੂੰ ਵੀ ਲੱਗੇ ਕਿ 'ਪਹਿਰੇਦਾਰ' ਨੂੰ ਤਾਂ ਹਿੰਦੂਤਵ ਵਿਰੋਧੀ ਫੋਬੀਆ ਹੋਇਆ, ਹੋਇਆ ਹੈ। ਉਹ ਹਿੰਦੂਤਵ ਵੱਲੋਂ ਸਿੱਖ ਹਿਤੈਸ਼ੀ ਲਏ ਫੈਸਲਿਆਂ ਨੂੰ ਵੀ ਸ਼ੱਕ ਦੀ ਐਨਕ ' ਰਾਹੀਂ ਵੇਖਦਾ ਹੈ। ਪ੍ਰੰਤੂ ਪਹਿਰੇਦਾਰ ਨੇ ਰਾਤ ਦੇ ਕਾਲੇ ਹਨੇਰੇ 'ਚ ਘੁੰਮਦੇ ਹਰ ਸਾਧ ਤੇ ਚੋਰ ਨੂੰ ਸ਼ੱਕ ਦੀ ਨਜ਼ਰ ਨਾਲ ਹੀ ਵੇਖਣਾ ਹੁੰਦਾ ਹੈ। ਇਹ ਉਸਦੀ ਡਿਊਟੀ ਹੈ। ਹਿੰਦੂਤਵੀ ਤਾਕਤਾਂ ਵੱਲੋਂ ਇੱਕ ਪਾਸੇ ਸਿੱਖਾਂ ਨੂੰ ਖ਼ੁਸ ਕਰਨ ਲਈ ਕਰਤਾਰਪੁਰ ਸਾਹਿਬ ਲਾਂਘਾ ਤੇ 8 ਬੰਦੀ ਸਿੰਘਾਂ ਦੀ ਰਿਹਾਈ ਦਾ ਐਲਾਨ ਕੀਤਾ ਜਾ ਰਿਹਾ ਹੈ। ਪ੍ਰੰਤੂ ਦੂਜੇ ਪਾਸੇ ਸਿੱਖਾਂ ਨੂੰ ਬਦਨਾਮ ਕਰਨ ਲਈ ਉਨ੍ਹਾਂ ਦੀਆਂ ਤਾਰਾਂ ਪਾਕਿਸਤਾਨ ਨਾਲ ਜੋੜਕੇ ਪਾਕਿਸਤਾਨ ਤੋ ਰੋਜ਼ਾਨਾ ਹਥਿਆਰਾਂ ਦੀ ਵੱਡੀ ਖੇਪ ਆਉਂਦੀ ਤੇ ਉਸਨੂੰ ਲੈ ਕੇ ਸਿੱਖਾਂ ਦੀਆਂ ਗ੍ਰਿਫ਼ਤਾਰੀਆਂ ਵਿਖਾਈਆਂ ਜਾ ਰਹੀਆਂ ਹਨ। ਕਸ਼ਮੀਰ ਤੇ ਪੰਜਾਬ ਦੇ ਹਾਲਾਤਾਂ ਨੂੰ ਰੱਲਗਡ ਕਰਕੇ, ਕਸ਼ਮੀਰੀ ਖਾੜਕੂਆਂ ਤੇ ਸਿੱਖ ਖਾੜਕੂਆਂ ਦੇ ਕਸ਼ਮੀਰ ਤੇ ਪੰਜਾਬ ਨੂੰ ਦਹਿਲਾਉਣ ਦੀਆਂ ਝੂਠੀਆਂ ਖ਼ਬਰਾਂ ਫੈਲਾਈਆਂ ਜਾ ਰਹੀਆਂ ਹਨ। ਅਸੀਂ ਆਪਣੀ ਕੌਮ ਨੂੰ  ਜਗਾਉਣ ਲਈ ਦਿੱਤੇ ਜਾ ਰਹੇ ਹੋਕੇ ਰਾਹੀਂ ਦੱਸਣਾ ਚਾਹੁੰਦੇ ਹਾਂ ਕਿ ਹਿੰਦੂਤਵੀ ਤਾਕਤਾਂ ਵਲੋਂ ਸਿੱਖਾਂ ਨੂੰ ਖੁਸ਼ ਕਰਨ ਲਈ ਸਹੂਲਤਾਂ ਦਾ ਐਲਾਨ ਅਸਲ ਵਿਚ ਸਿੱਖਾਂ ਨੂੰ ਫ਼ਸਾਉਣ ਲਈ ਮੱਛੀ ਵਾਲੀ ਕੁੰਡੀ ਹਨ। ਸਾਨੂੰ ਪੱਕਾ ਯਕੀਨ ਹੈ ਕਿ ਹਿੰਦੂਤਵੀ ਤਾਕਤਾਂ ਵੱਲੋਂ ਬੱਕਰੇ ਦੀ ਬਲੀ ਤੋਂ ਪਹਿਲਾ  ਉਸਨੂੰ ਛੋਲੇ ਖੁਆਏ ਜਾ ਰਹੇ ਹਨ।

ਹਿੰਦੂਤਵੀਆਂ ਦੀ ਇਸ ਮਨਸ਼ਾ ਨੂੰ ਸਿੱਖ ਕੌਮ ਨੂੰ ਦੂਰ-ਦ੍ਰਿਸ਼ਟੀ ਨਾਲ ਵੇਖਣਾ ਤੇ ਸਮਝਣਾ ਪਵੇਗਾ। ਪਾਕਿਸਤਾਨ 'ਚੋਂ ਡਰੋਨ ਰਾਂਹੀ ਹਥਿਆਰ ਆਉਣੇ, ਸਿੱਖਾਂ ਵੱਲੋਂ ਟੋਆ ਪੱਟਕੇ ਦੱਬਣੇ ਤੇ ਕੱਢਣ ਵੇਲੇ ਧਮਾਕਾ ਹੋਣ ਨਾਲ ਕੱਢਣ ਵਾਲ੍ਹਿਆਂ ਦੀ ਮੌਤ ਹੋਣੀ, ਬੀਤੇ ਦਿਨ ਅੰਮ੍ਰਿਤਸਰ ਨੇੜੇ ਹਥਿਆਰ ਫੜ੍ਹਨ ਦਾ ਦਾਅਵਾ, ਪਹਿਲਾ ਗੈਂਗਸਟਰ ਫੜ੍ਹੇ ਹੋਣ ਦਾ ਦਾਅਵਾ, ਫ਼ਿਰ ਪਹਿਲੇ ਤਵੇ ਤੇ ਹੀ ਸੂਈ ਧਰਨੀ, ਪਾਕਿਸਤਾਨ ਵੱਲੋਂ ਪੰਜਾਬ ਦਾ ਮਾਹੌਲ ਖ਼ਰਾਬ ਕਰਨ ਦਾ ਦਾਅਵਾ ਕਰਨਾ ਅਤੇ ਫੜ੍ਹੇ ਗਏ ਸਿੱਖਾਂ ਦੀਆਂ ਤਾਰਾਂ ਪਾਕਿਸਤਾਨ ਤਾਰ ਜੋੜਨੀਆਂ। ਇਹ ਸਿੱਧ ਕਰਦਾ ਹੈ ਕਿ ਹਿੰਦੂਤਵੀ ਸਰਕਾਰ ਤੇ ਤਾਕਤਾਂ ਕਸ਼ਮੀਰੀਆਂ ਤੇ ਸਿੱਖਾਂ ਨਾਲ ਇੱਕੋ ਸਮੇਂ ਨਜਿੱਠਣ ਦੀ ਯੋਜਨਾਬੰਦੀ ਕਰ ਚੁੱਕੀ ਹੈ। ਇੱਕ ਪਾਸੇ ਆਮ ਸਿੱਖ ਨੂੰ ਖ਼ੁਸ ਕਰਨ ਲਈ,ਸਿਆਸੀ ਲਾਹਿਆਂ 'ਚ ਉਲਝਾ ਲਵੋਂ ਤੇ ਦੂਜੇ ਪਾਸੇ ਸਿੱਖੀ ਦੀ ਚਿਣਗ ਵਾਲੇ ਨੌਜਵਾਨਾਂ ਦੀ ਨਿਸ਼ਾਨਦੇਹੀ ਕਰਕੇ ਉਨ੍ਹਾਂ ਦੇ ਖ਼ਾਤਮੇ ਦੀ ਤਿਆਰੀ ਕੀਤੀ ਜਾਵੇ। ਸਿੱਖਾਂ ਨੇ ਤਾਂ ਭਾਵੇਂ ਸਿੱਖੀ ਦੇ ਸੁਨਿਹਰੀ ਅਸੂਲਾਂ, ਹਰ ਲੋੜਵੰਦ, ਪੀੜ੍ਹਤ ਤੇ ਦੁੱਖੀ ਦਾ ਬਾਂਹ ਫੜਨੀ ਹੈ, ਅਨੁਸਾਰ ਕਸ਼ਮੀਰੀਆਂ ਦੀ ਮੱਦਦ ਕੀਤੀ ਹੈ, ਪ੍ਰੰਤੂ ਹਿੰਦੂਤਵੀ ਤਾਕਤਾਂ ਨੂੰ ਇਹ ਹਜ਼ਮ ਨਹੀਂ ਹੋ ਰਿਹਾ। ਇਸ ਲਈ ਉਹ ਕਸ਼ਮੀਰੀਆਂ ਦੇ ਖ਼ਾਤਮੇ ਦੇ ਨਾਲ ਜਜ਼ਬਾਤੀ ਸਿੱਖਾਂ ਦੀ ਸਫ਼ਾਈ ਦੀ ਮੁਹਿੰਮ ਵੀ ਚਲਾਊਗੀ।

ਗੁਰਦਾਸ ਮਾਨ ਦਾ ਪੰਜਾਬੀ ਤੇ ਹਮਲਾ, ਕੇ ਐਸ.ਮੱਖਣ ਵੱਲੋਂ ਸਿੱਖੀ ਕਕਾਰਾਂ ਦਾ ਤਿਆਗ, ਅਚਾਨਕ ਵਾਪਰੇ ਵਰਤਾਰੇ ਨਹੀਂ ਹਨ। ਇਹ ਹਿੰਦੂਤਵੀ ਤਾਕਤਾਂ ਵੱਲੋਂ ਬਾਣੇ ਤੇ ਬਾਣੀ ਤੇ ਆਪਣਿਆਂ ਵੱਲੋਂ ਕਰਵਾਏ ਹਮਲੇ ਹਨ। ਪਹਿਲਾ ਸੌਦਾ ਸਾਧ ਤੇ ਬਾਦਲਕਿਆਂ ਵੱਲੋਂ ਗੁਰੂ ਸਾਹਿਬ ਦੀ ਨਿਰੰਤਰ ਬੇਅਦਬੀ ਕਰਵਾਈ ਹੈ ਹੁਣ '' ਊੜੇ ਤੇ ਜੂੜੇ'' ਤੇ ਸਿੱਧਾ ਹਮਲਾ ਬੋਲ ਦਿੱਤਾ ਗਿਆ ਹੈ। ਗੁਰੂ ਨਾਨਕ ਪਾਤਸ਼ਾਹ ਦੇ 550 ਸਾਲਾਂ ਸਮਾਗਮ ਮਨਾਉਣ ਦੇ ਬਹਾਨੇ ਸਿੱਖੀ ਸਿਧਾਤਾਂ ਤੇ ਹੱਲਾ ਬੋਲਕੇ ਸਿੱਖੀ ਤੇ ਚੜ੍ਹ ਚੁੱਕੀ ਕਰਮਕਾਡਾਂ ਤੇ ਬ੍ਰਹਾਮਣਵਾਦ ਦੀ ਅਮਰਵੇਲ ਨੂੰ ਹੋਰ ਮਜ਼ਬੂਤ ਕੀਤਾ ਜਾਵੇਗਾ। ਦੁਸ਼ਮਣ ਤਾਕਤਾਂ ਦੂਰ ਦ੍ਰਿਸ਼ਟੀ ਨਾਲ ਅਤੇ ਆਪਣੀਆਂ ਗਦਾਰ ਚਾਲਾਂ ਨਾਲ ਸਿੱਖੀ ਦੇ ਖ਼ਾਤਮੇ ਦਾ ਮੁੱਢ ਬੰਨਣਾ ਚਾਹੁੰਦੀਆਂ ਹਨ, ਇਸ ਸੱਚ ਨੂੰ ਅਸੀਂ ਕੌਮ ਨੂੰ ਦ੍ਰਿੜ ਕਰਵਾਉਣਾ ਚਾਹੁੰਦੇ ਹਾਂ ਕਿ ਇਹ ਉਹੋ ਤਾਕਤਾਂ ਹਨ, ਜਿੰਨ੍ਹਾਂ ਨੇ ਦਸਮੇਸ਼ ਪਿਤਾ ਅੱਗੇ ਆ ਕੇ ਗਊ ਦੀਆਂ ਸਹੁੰਆਂ ਖਾਧੀਆਂ ਸਨ ਤੇ ਆਪਣੀ ਸਹੁੰਆਂ ਨੂੰ, ਜਿਵੇਂ ਹੀ ਕਲਗੀਧਰ ਪਿਤਾ ਤੇ ਆਨੰਦਗੜ੍ਹ ਦਾ ਕਿਲਾ ਖ਼ਾਲੀ ਕੀਤਾ, ਤੋੜ ਦਿੱਤਾ ਸੀ। ਕਿਸੇ ਕੌਮ ਦਾ ਇਤਿਹਾਸਕ ਪਿਛੋਕੜ ਉਸਦੇ ਵਰਤਮਾਨ ਨਾਲ ਵੀ  ਚੱਲਦਾ ਹੈ। ਇਸ ਲਈ ਕਿਸੇ ਕੌਮ ਦੇ ਕੌਮੀ ਕਿਰਦਾਰ ਦੀ ਪਹਿਚਾਣ ਉਸਦੇ ਪਿਛੋਕੜ ਤੋਂ ਹੀ ਕੀਤੀ ਜਾਂਦੀ ਹੈ।

ਅਸੀਂ ਇਸ ਸੱਚ ਨੂੰ ਵੀ ਕੌਮ ਨੂੰ ਬਾਖੂਬੀ ਦ੍ਰਿੜ ਕਰਵਾ ਦੇਣਾ ਚਾਹੁੰਦੇ ਹਾਂ ਕਿ ਹਿੰਦੂਤਵੀ ਤਾਕਤਾਂ ਸਾਨੂੰ ਆਪਣਾ ਗ਼ੁਲਾਮ ਮੰਨਦੀਆਂ ਹਨ। ਇਸ ਲਈ ਉਨ੍ਹਾਂ ਦੀ ਸੋਚ ਅਨੁਸਾਰ ਕੌਮ ਨਾਲ ਗ਼ੁਲਾਮਾਂ ਵਾਲਾ ਵਤੀਰਾ ਹੀ ਹੋਣਾ ਹੈ। ਗ਼ਦਾਰ ਤਾਕਤਾਂ, ਕੁਝ ਸਮੇਂ ਲਈ ਡੂੰਘੀ ਰਣਨੀਤੀ ਅਧੀਨ ਚਾਲਾਂ ਜ਼ਰੂਰ ਚੱਲਦੀਆਂ ਬਦਲਦੀਆਂ ਹਨ, ਜਿੰਨ੍ਹਾਂ ਨੂੰ ਸਿੱਖ ਕੌਮ ਨੂੰ ਭਾਂਪ ਲੈਣਾ ਚਾਹੀਦਾ ਹੈ। ਸਾਨੂੰ ਡੂੰਘੀ ਨੀਝ ਨਾਲ ਵੇਖਣਾ ਪਵੇਗਾ ਕਿ ਸ਼ਿਕਾਰੀ, ਸ਼ਿਕਾਰ ਨੂੰ ਫ਼ਸਾਉਣ ਲਈ ਚੋਗਾ ਤਾਂ ਨਹੀਂ ਪਾ ਰਿਹਾ। ਅਸੀਂ ਪਹਿਲਾ ਵੀ ਵਾਰ-ਵਾਰ ਹੋਕਾ ਦਿੱਤਾ ਹੈ ਅਤੇ ਅੱਜ ਫ਼ਿਰ ਉੱਚੀ ਅਵਾਜ਼ 'ਚ ਦੁਹਰਾ ਰਹੇ ਹਾਂ ਕਿ ਕੱਟੜ, ਜਨੂੰਨੀਵਾਦੀ ਹਿੰਦੂਤਵੀ ਤਾਕਤਾਂ, ਕਦੇ ਵੀ ਸਿੱਖਾਂ ਦੀਆਂ ਮਿੱਤ ਨਹੀਂ ਹੋ ਸਕਦੀਆਂ। ਸਾਨੂੰ ਭੁਲਾਉਣ ਦਾ ਯਤਨ ਕੀਤਾ ਜਾ ਰਿਹਾ ਹੈ ਕਿ ਕਦੇ ਅਸੀਂ ਵੀ ਦੇਸ਼ ਦੇ ਮਾਲਕ ਸੀ। ਇਸ ਦੇਸ਼ ਦੇ ਹਰ ਹਾਕਮ ਨੇ ਸਿੱਖਾਂ ਨਾਲ ਧ੍ਰੋਹ ਕਮਾਇਆ ਹੈ ਅਤੇ ਕਮਾ ਰਿਹਾ ਹੈ। ਅਸੀਂ ਨਹੀਂ ਕਹਿੰਦੇ ਕਿ ਸਮਝੌਤੇ ਨਹੀਂ ਕਰਨੇ ਚਾਹੀਦੇ, ਪ੍ਰੰਤੂ ਸਮਝੌਤੇ ਤੋਂ ਪਹਿਲਾ ਵਿਰੋਧੀ ਦੀ ਮਨਸਾ ਤੇ ਚਾਲ ਨੂੰ ਭਲੀਭਾਂਤ ਸਮਝ ਲੈਣਾ ਚਾਹੀਦਾ ਹੈ। ਅਸੀਂ ਹੋਰ ਹਰ ਮੁੱਦੇ ਤੇ ਸਮਝੌਤੇ ਕਰ ਸਕਦੇ ਹਾਂ, ਪ੍ਰੰਤੂ ਸਿੱਖਾਂ ਦੀ ਨਿਆਰੀ, ਅੱਡਰੀ, ਅਜ਼ਾਦ ਹੋਂਦ ਤੇ ਕੋਈ ਸਮਝੌਤਾ ਨਹੀਂ ਹੋ ਸਕਦਾ। ਇਹੋ ਅਖ਼ੀਰਲਾ ਸੱਚ ਹੈ।

Editorial
Jaspal Singh Heran

International