ਗੁਰੂ ਨਾਨਕ ਪਾਤਸ਼ਾਹ ਦੇ ਆਗਮਨ ਸਮਾਗਮਾਂ ਤੇ ਬਾਬਰਾਂ ਦਾ ਕੀ ਕੰਮ..?

ਜਸਪਾਲ ਸਿੰਘ ਹੇਰਾਂ
ਅਗਲੇ ਮਹੀਨੇ ਗੁਰੂ ਨਾਨਕ ਪਾਤਸ਼ਾਹ ਦੇ ਆਗਮਨ ਪੁਰਬ ਦੀ ਸਾਢੇ ਪੰਜਵੀਂ ਸ਼ਤਾਬਦੀ ਦੇ ਸਮਾਗਮ ਸ਼੍ਰੋਮਣੀ ਕਮੇਟੀ ਤੇ ਪੰਜਾਬ ਸਰਕਾਰ ਵੱਲੋਂ ਸੁਲਤਾਨਪੁਰ  ਲੋਧੀ ਦੀ ਧਰਤੀ ਤੇ ਮਨਾਏ ਜਾ ਰਹੇ ਹਨ। ਪੂਰੇ ਵਿਸ਼ਵ 'ਚ ਬੈਠੀਆਂ ਸਿੱਖ ਸੰਗਤਾਂ ਵੱਲੋਂ ਆਪੋ-ਆਪਣੀ ਸ਼ਰਧਾ ਤੇ ਸਮਰੱਥਾ ਅਨੁਸਾਰ ਇਹ ਸਮਾਗਮ ਕਰਵਾਏ ਜਾ ਰਹੇ ਹਨ। ਇੰਨ੍ਹਾਂ ਸਮਾਗਮਾਂ ਨੂੰ ਮਨਾਉਣ ਦਾ ਅਸਲ ਮਨੋਰਥ, ਗੁਰੂ ਨਾਨਕ ਸਾਹਿਬ ਦੇ ਸਿਧਾਤਾਂ ਤੇ ਵਿਚਾਰਾਂ ਨੂੰ ਪੂਰੀ ਦੁਨੀਆਂ ਤੱਕ ਲੈ ਕੇ ਜਾਣਾ ਹੋਣਾ ਚਾਹੀਦਾ ਸੀ। ਪ੍ਰੰਤੂ ਅਸੀਂ ਇੰਨ੍ਹਾਂ ਸਮਾਗਮਾਂ ਨੂੰ ਵਿਖਾਵੇ ਵਾਲੇ ਤੇ ਰਸਮੀ ਤਾਂ ਬਣਾਇਆ ਹੀ ਸੀ, ਆਪਣੀ ਚੌਧਰ ਚਮਕਾਉਣ ਦਾ ਜ਼ਰੀਆ ਵੀ ਬਣਾ ਲਿਆ ਹੈ। ਸ਼੍ਰੋਮਣੀ ਕਮੇਟੀ ਤੇ ਪੰਜਾਬ ਸਰਕਾਰ 'ਚ ਇੱਕ ਦੂਜੇ ਨੂੰ ਨੀਵਾ ਵਿਖਾਉਣ ਦੀ ਦੌੜ ਲੱਗੀ ਹੋਈ ਹੈ। ਸ਼੍ਰੋਮਣੀ ਕਮੇਟੀ ਵੀ ਸਮਾਗਮ 'ਚ ਮੋਦੀ ਤੇ ਰਾਸ਼ਟਰਪਤੀ ਕੋਵਿੰਦ ਨੂੰ ਸੱਦਣ ਲਈ ਕਾਹਲੀ ਹੈ। ਪੰਜਾਬ ਸਰਕਾਰ ਵੀ। ਪ੍ਰੰਤੂ ਕਿਸੇ ਵੀ ਧਿਰ ਨੇ ਹਾਲੇ ਤੱਕ ਕੋਈ ਅਜਿਹਾ ਕਦਮ ਨਹੀਂ ਚੁੱਕਿਆ, ਜਿਹੜਾ ਬਾਬੇ ਨਾਨਕ ਦੇ ਸਿਧਾਤਾਂ ਦਾ ਹੋਕਾ ਦੇਣਾ ਵਾਲਾ ਹੋਵੇ। ਭਾਵੇਂ ਅਸੀਂ ਅੱਜ ਦੇ ਵਿਸ਼ਵ ਦੀ ਗੰਭੀਰ ਸਥਿਤੀ ਨੂੰ ਲੈ ਕੇ ਪੂਰੀ ਦੁਨੀਆਂ ਨੂੰ ਗੁਰੂ ਨਾਨਕ ਸਾਹਿਬ ਦੀ ਵਿਗਿਆਨ ਤੇ ਅਧਿਆਤਮਕ ਵਿਚਾਰਧਾਰਾ ਦੇ ਸੰਗਮ ਤੋਂ ਬਾਖੂਬੀ ਜਾਣੂ ਕਰਵਾਕੇ, ਉਨ੍ਹਾਂ ਨੂੰ ਵਿਸ਼ਵ ਦੇ ਰਹਿਬਰ ਵਜੋਂ ਪ੍ਰਵਾਨ ਕਰਵਾ ਸਕਦੇ ਸੀ। ਅੱਜ ਵਾਤਾਵਰਣ ਦੀ ਸ਼ੁੱਧਤਾ, ਗਲੋਬਲ ਵਾਰਮਿੰਗ, ਹਰ ਮਨੁੱਖ ਦੀ ਮਾਨਸਿਕ  ਪ੍ਰੇਸ਼ਾਨੀ ਅਤੇ ਤੇਜ਼ ਹੁੰਦੀ ਸੁਆਰਥੀ-ਪਦਾਰਥੀ ਦੌੜ ਦੀ ਚਿੰਤਾ ਪੂਰਾ ਵਿਸ਼ਵ ਕਰ ਰਿਹਾ ਹੈ। ਮਨੁੱਖ ਦੀ ਜ਼ਹਿਰਲੀ ਸੋਚ ਨੇ ਉਸਨੂੰ ਬਾਰੂਦ ਦੇ ਢੇਰ ਤੇ ਲਿਆ ਬਿਠਾਇਆ ਹੈ।

ਗੁਰੂ ਨਾਨਕ ਸਾਹਿਬ ਦੀ ਬਾਣੀ ਉਕਤ ਸਾਰੀਆਂ ਸਮੱਸਿਆਵਾਂ ਦਾ ਹੱਲ ਦਿੰਦੀ ਹੈ। ਫ਼ਿਰ ਅਸੀਂ ਗੁਰੂ ਸਾਹਿਬ ਦੀ ਸ਼ਤਾਬਦੀ ਨੂੰ ਸਿਰਫ਼ ਰਸਮੀ ਤੇ ਵਿਖਾਵੇ ਵਾਲੀ ਤੱਕ ਹੀ ਸੀਮਤ ਕਿਉਂ ਕਰ ਲਿਆ ਹੈ? ਗੁਰੂ ਨਾਨਕ ਪਾਤਸ਼ਾਹ ਦੇ '' ਕਿਰਤ ਕਰੋ, ਨਾਮ ਜਪੋ, ਵੰਡ ਛਕੋ'' ਦੇ ਸਿਧਾਂਤ ਨੂੰ ਵਰਤਮਾਨ ਸਮੇਂ ਅਨੁਸਾਰ ਕਿਰਤ ਕਰੋ, ਕੁਦਰਤ ਦੇ ਨੇੜੇ ਰਹੋ ਤੇ ਪ੍ਰੇਮ ਕਰੋ। ਗਿਆਨ ਪ੍ਰਾਪਤ ਕਰੋ ਤੇ ਵੰਡੋ'' ਦੇ ਰੂਪ 'ਚ ਦੁਨੀਆਂ ਨੂੰ ਕਿਉਂ ਨਹੀਂ ਵੰਡ ਰਹੇ। ਬਿਨ੍ਹਾਂ ਸ਼ੱਕ ਦੁਨੀਆਂ ਦਾ ਸਭ ਤੋਂ ਇਨਕਲਾਬੀ ਰਹਿਬਰ, ਗੁਰੂ ਨਾਨਕ ਪਾਤਸ਼ਾਹ ਹੈ। ਉਸ ਇਨਕਲਾਬ ਨੂੰ ਸਿੱਖ ਕੌਮ ਹੀ ਪੁੱਠਾ ਗੇੜਾ ਦੇ ਰਹੀ ਹੈ।  ਜਿੰਨ੍ਹਾਂ ਆਡੰਬਰਾਂ,  ਫੋਕਟ ਕਰਮਕਾਂਡਾਂ, ਵਹਿਮ-ਭਰਮਾਂ ਤੇ ਹੰਕਾਰੀ ਸੋਚ ਦਾ ਗੁਰੂ ਨਾਨਕ ਪਾਤਸ਼ਾਹ ਨੇ ਡੱਟਵਾਂ ਵਿਰੋਧ ਕੀਤਾ ਸੀ, ਅੱਜ ਬਹੁਗਿਣਤੀ ਸਿੱਖ ਫ਼ਿਰ ਉਨ੍ਹਾਂ ਰੂੜੀ ਤੇ ਬ੍ਰਾਹਮਣਵਾਦੀ ਕੁਰੀਤੀਆਂ ਦਾ ਸ਼ਿਕਾਰ ਹੋ ਚੁੱਕੇ ਹਨ। ਇਹੋ ਜਿਹੇ ਮਹਾਨ ਰਹਿਬਰ ਜਿਸਨੇ ਸੁਲਤਾਨਪੁਰੀ ਲੋਧੀ ਦੀ ਇਸ ਧਰਤੀ ਤੇ ਧਰਮਾਂ ਵੱਲੋਂ ਕੀਤੀ ਵੰਡ ਦਾ ਖੰਡਨ '' ਨਾ ਕੋਈ ਹਿੰਦੂ, ਨਾ ਕੋਈ ਮੁਸਲਮਾਨ'' ਦਾ ਨਾਅਰਾ ਲਾ ਕੇ ਕੀਤਾ ਸੀ। ਅੱਜ ਉਸੇ ਧਰਤੀ ਤੇ 550 ਸਾਲਾਂ ਦੀ ਖੁਸ਼ੀ 'ਚ ਜਿਹੜੇ ਸਮਾਗਮ ਕਰਵਾਏ ਜਾ ਰਹੇ, ਉਥੇ ਹਿੰਦੂਤਵੀ ਤਾਕਤਾਂ ਦੇ ਪ੍ਰਤੀਕ ਦੇਸ਼ ਦੇ ਰਾਸ਼ਟਰਪਤੀ  ਕੋਵਿੰਦ, ਪ੍ਰਧਾਨ ਮੰਤਰੀ ਮੋਦੀ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਚਿਹਰੇ ਅੱਗੇ ਵਿਖਾਈ ਦੇਣਗੇ। ਜਿੱਥੇ ਬਾਬਾ ਨਾਨਕ ਦੇ ਆਗਮਨ ਪੁਰਬ ਦੀ ਸਾਢੇ ਪੰਜਵੀ ਸ਼ਤਾਬਦੀ 'ਚ ਹਿੰਦੂਤਵੀ ਤਾਕਤਾਂ, ਬੋਲਣਗੀਆਂ, ਉਥੇ ਬਾਬੇ ਨਾਨਕ ਦਾ ਸੁਨੇਹਾ ਕਿਵੇਂ ਸੁਣਾਈ ਦੇਊਗਾ?

ਸਮਾਗਮ ਕਿਸ ਮਹਾਨ ਰਹਿਬਰ ਦੇ ਨਾਮ ਹਨ ਤੇ ਉਥੇ ਗਰਜਣਗੇ, ਮਨੁੱਖਤਾ ਦੇ ਕਾਤਲ। ਫ਼ਿਰ ਅਸੀਂ ਗੁਰੂ ਨਾਨਕ ਸਾਹਿਬ ਦੀਆਂ ਖੁਸ਼ੀਆਂ ਕਿਵੇਂ ਲੈ ਸਕਾਂਗੇ? ਇਹ ਆਖਿਆ ਜਾ ਸਕਦਾ ਹੈ ਕਿ ਅਸੀਂ ਬਾਬੇ ਨਾਨਕ ਨੂੰ ਬੇਦਾਵਾਂ ਦੇਣ ਜਾ ਰਹੇ ਹਾਂ। ਜਿਸ ਵਿਅਕਤੀ ਦੇ ਹੱਥ ਗੁਜਰਾਤ ਦੇ ਦੰਗਿਆਂ 'ਚ ਮਨੁੱਖਤਾ ਦੇ ਖੂਨ ਨਾਲ ਰੰਗੇ ਹੋਏ ਹੋਣ, ਧਰਮ ਦੇ ਨਾਮ ਤੇ ਘੱਟ ਗਿਣਤੀ ਦੇ ਕਾਤਲ ਹੋਣ, ਜਿਹੜੇ ਦੇਸ਼ ਨੂੰ ਹਿੰਦੂ ਰਾਸ਼ਟਰ ਬਣਾਉਣ ਦੇ ਕੱਟੜ ਹਾਮੀ ਹੋਣ, ਉਥੇ ਗੁਰੂ ਸਾਹਿਬ ਦੇ ਨਾਅਰੇ  '' ਨਾ ਹਮ ਹਿੰਦੂ, ਨਾ ਮੁਸਲਮਾਨ'' ਦੀ ਗੱਲ੍ਹ ਕੌਣ ਕਰੂੰਗਾ ਤੇ ਜੇ ਜਿਹੜਾ ਕਰੂੰਗਾ ਉਸ ਦਾ ਅਸਰ ਵੀ ਹੋਵੇਗਾ? ਗੁਰੂ ਨਾਨਕ ਪਾਤਸ਼ਾਹ ਨੇ ਤਾਂ ਹਿੰਦੋਸਤਾਨ ਤੇ ਜ਼ੁਲਮ ਤਸ਼ੱਦਦ ਕਰਨ ਵਾਲੇ ਬਾਬਰ ਨੂੰ ਉਸਦੇ ਮੂੰਹ ਤੇ ਜਾਬਰ ਕਹਿ ਦਿੱਤਾ ਸੀ, ਫ਼ਿਰ ਮੋਦੀ ਤੇ ਅਮਿਤ ਸ਼ਾਹ ਨੂੰ ਕਸ਼ਮੀਰ 'ਚ ਕੀਤੇ ਜ਼ੁਲਮ ਤਸ਼ੱਦਦ ਲਈ ਜਾਬਰ ਕੌਣ ਕਹੇਗਾ? ਇਥੇ ਤਾਂ ਬਾਬਰ, ਗੁਰੂ ਸਾਹਿਬ ਦੀ ਸਿੱਖਿਆਵਾਂ ਦੀ ਸਿੱਖਿਆ ਦੇਵੇਗਾ। ਸਾਡੀ ਕਿਸੇ ਨਾਲ ਦੁਸ਼ਮਣੀ ਜਾਂ ਵੈਰ-ਵਿਰੋਧ ਨਹੀਂ, ਪ੍ਰੰਤੂ ਸਾਨੂੰ ਇਹ ਬਰਦਾਸ਼ਤ ਨਹੀਂ ਹੋ ਰਿਹਾ ਕਿ ਕੋਈ ਬਾਬਰ, ਉਸ ਸਟੇਜ ਤੇ ਬੈਠਾ ਹੋਵੇ ਜਿਹੜੀ ਸਟੇਜ, ਗੁਰੂ ਨਾਨਕ ਪਾਤਸ਼ਾਹ ਦੀ ਉਸਤਤ ਗਾਉਣ ਲਈ ਬਣਾਈ ਗਈ ਹੋਵੇ। ਇਹ ਠੀਕ ਹੈ ਕਿ ਸਿੱਖ ਕੌਮ, ਗੁਰੂ ਨਾਨਕ ਪਾਤਸ਼ਾਹ ਦੀ ਸੋਚ ਦੇ ਬਰਾਬਰ ਨਹੀਂ ਹੋ ਸਕੀ। ਇਸ ਕਾਰਣ ਕੌਮ ਨੂੰ ਧੱਕੇ ਤੇ ਬੇਇਨਸਾਫ਼ੀਆਂ ਮਿਲ ਰਹੀਆਂ ਹਨ।

ਅੱਜ ਕੌਮ ਬਾਬਰ ਨੂੰ ਜਾਬਰ ਕਹਿਣ ਦੀ ਥਾਂ, ਬਾਬਰ ਜਿੰਦਾਬਾਦ, ਕਹਿਣ ਦੇ ਰਾਹ ਪਈ ਹੋਈ ਹੈ। ਸ਼ੈਤਾਨ ਕਾਜ਼ੀਆ, ਬਾਹਮਣਾਂ ਨੂੰ ਸ਼ੈਤਾਨ ਕਹਿਣ ਵਾਲਾ ਕੋਈ ਨਹੀ। ਇਸ ਕਾਰਣ ਜਿਸ ਧਾਰਮਿਕ ਲੁੱਟ ਨੂੰ ਬਾਬੇ ਨਾਨਕ ਨੋ ਰੋਕਿਆ ਸੀ ਅੱਜ ਉਹ ਉਨ੍ਹਾਂ ਦੇ ਨਾਮ ਤੇ ਹੀ ਹੋਣੀ ਸ਼ੁਰੂ ਹੋ ਗਈ ਹੈ। ਅਸੀਂ ਸਮਝਦੇ ਹਾਂ ਕਿ ਸਿਆਸੀ ਲਾਹੇ ਲੈਣ ਵਾਲਿਆਂ ਤੇ ਚੌਧਰਾਂ ਚਮਕਾਉਣ ਵਾਲ੍ਹਿਆਂ ਨੂੰ ਤਾਂ ਸਾਡੀ ਇਹ ਸਲਾਹ ਜ਼ਹਿਰ  ਵਰਗੀ  ਲੱਗੇਗੀ  ਤੇ ਗੁਰੂ ਨਾਨਕ ਪਾਤਸ਼ਾਹ ਦੇ ਸ਼ਤਾਬਦੀ ਸਮਾਗਮ 'ਚ ਮੋਦੀਕਿਆਂ ਤੇ ਭਗਵਿਆਂ ਦੀ ਜੈ-ਜੈ ਕਾਰ ਹੋਣੀ ਹੈ। ਪ੍ਰੰਤੂ ਅਸੀਂ ਸੂਝਵਾਨ, ਗੁਰੂ ਸਾਹਿਬ ਦੀ ਸੋਚ ਨੂੰ ਸਮਰਪਿਤ, ਸਿੱਖਾਂ ਨੂੰ ਜ਼ਰੂਰ ਅਪੀਲ ਕਰਾਂਗੇ ਕਿ ਘੱਟੋ-ਘੱਟ  ਉਹ ਸਿੱਖ ਸੰਗਤ ਨੂੰ ਨਾਲ ਲੈ ਕੇ ਅਜਿਹੇ ਸਮਾਗਮ ਜਾਂ ਪ੍ਰੋਜੈਕਟ ਜ਼ਰੂਰ ਸ਼ੁਰੂ ਕਰਵਾਉਣ, ਜਿਹੜੇ ਘੱਟੋ ਘੱਟ ਐਨਾ ਤਾਂ ਸਿੱਧ ਕਰ ਦੇਣ ਕਿ ਗੁਰੂ ਨਾਨਕ ਸਾਹਿਬ ਦੇ ਸੱਚੇ ਸਿੱਖ ਹਾਲੇਂ ਖ਼ਤਮ ਨਹੀਂ ਹੋਏ, ਭਾਵੇਂ ਉਨ੍ਹਾਂ ਦੀ ਗਿਣਤੀ ਹੁਣ ਕਰੋੜਾਂ ਤੋਂ ਘੱਟ ਕੇ ਸੈਂਕੜੇ ਹਜ਼ਾਰਾਂ 'ਚ ਆ ਗਈ ਹੈ। ਗੁਰੂ ਨਾਨਕ ਪਾਤਸ਼ਾਹ ਦੀ ਸ਼ਤਾਬਦੀ ਸਮਾਗਮਾਂ ਤੋਂ ਬਾਅਦ ' ਕੋਈ ਹਰਿਆ ਬੂਟ ਰਹਿਓ ਰੀ'' ਦੀ ਤੁਕ ਗੁਣਗੁਣਾਉਂਦੇ ਹੋਏ, ਮੁਸਕਰਾ ਸਕਣ। ਕੋਈ ਸਿੱਖ ਸਾਡਾ ਹੋਕਾ ਸੁਣੇਗਾ?

Editorial
Jaspal Singh Heran

International