ਪੰਜਾਬ ਦੇ ਕਿਸਾਨਾਂ ਨੂੰ ਵੱਡੇ ਘਾਟੇ 'ਤੇ ਵੇਚਣਾ ਪੈ ਰਿਹੈ ਨਰਮਾ

ਬਠਿੰਡਾ 8 ਅਕਤੂਬਰ (ਏਜੰਸੀਆਂ) : ਪੰਜਾਬ ਵਿੱਚ ਨਰਮੇ (ਕਪਾਹ) ਦੀਆਂ ਕੀਮਤਾਂ ਘਟ ਗਈਆਂ ਹਨ। ਨਿਜੀ ਖ਼ਰੀਦਦਾਰ ਹੁਣ ਨਰਮਾ 5,000 ਰੁਪਏ ਪ੍ਰਤੀ ਕੁਇੰਟਲ ਦੇ ਭਾਅ ਖ਼ਰੀਦ ਰਹੇ ਹਨ। ਭਾਰਤ ਸਰਕਾਰ ਨੇ ਇਸ ਵਰ੍ਹੇ ਨਰਮੇ ਦਾ ਭਾਅ 5,450 ਰੁਪਏ ਪ੍ਰਤੀ ਕੁਇੰਟਲ ਐਲਾਨਿਆ ਸੀ ਤੇ ਹੁਣ ਨਰਮਾ ਉਤਪਾਦਕਾਂ ਨੂੰ ਆਪਣੀ ਫ਼ਸਲ ਉਸ ਕੀਮਤ ਤੋਂ 450 ਰੁਪਏ ਫ਼ੀ ਕੁਇੰਟਲ ਘੱਟ ਭਾਅ ਉੱਤੇ ਵੇਚਣੀ ਪੈ ਰਹੀ ਹੈ। ਹਾਲੀਆ ਮੀਂਹਾਂ ਨੇ ਨਰਮੇ ਦੀ ਫ਼ਸਲ ਵਿੱਚ ਸਿੱਲ੍ਹ ਛੱਡ ਦਿੱਤੀ ਹੈ ਤੇ ਦੂਜੇ ਕੇਂਦਰੀ ਖ਼ਰੀਦ ਏਜੰਸੀ 'ਕਾੱਟਨ ਕਾਰਪੋਰੇਸ਼ਨ ਆੱਫ਼ ਇੰਡੀਆ' (339) ਨੇ ਹਾਲੇ ਤੱਕ ਕਪਾਹ ਦੀ ਖ਼ਰੀਦ ਹੀ ਸ਼ੁਰੂ ਨਹੀਂ ਕੀਤੀ।

ਪੰਜਾਬ ਵਿੱਚ ਇਹ ਸਮੱਸਿਆ ਹਾਲੇ ਹੋਰ ਵੀ ਵਧ ਸਕਦੀ ਹੈ ਕਿਉਂਕਿ ਐਤਕੀ ਨਰਮੇ ਦਾ ਬੰਪਰ 36 ਲੱਖ ਕੁਇੰਟਲ ਉਤਪਾਦਨ ਹੋਣ ਦੀ ਸੰਭਾਵਨਾ ਹੈ। ਸਰਕਾਰੀ ਖ਼ਰੀਦ ਏਜੰਸੀ ਦੀ ਵੀ ਇਹੋ ਸ਼ਰਤ ਹੁੰਦੀ ਹੈ ਕਿ ਜੇ ਫ਼ਸਲ ਵਿੱਚ 8 ਫ਼ੀ ਸਦੀ ਤੋਂ ਘੱਟ ਨਮੀ (ਸਿੱਲ੍ਹ) ਹੋਵੇਗੀ, ਕੇਵਲ ਤਦ ਹੀ ਕਿਸਾਨਾਂ ਦੀ ਫ਼ਸਲ ਸਰਕਾਰ ਵੱਲੋਂ ਤੈਅਸ਼ੁਦਾ ਘੱਟੋ–ਘੱਟ ਸਮਰਥਨ ਮੁੱਲ 5,450 ਰੁਪਏ ਉੱਤੇ ਖ਼ਰੀਦੀ ਜਾਵੇਗੀ। ਜੇ ਕਿਤੇ ਇੱਕ ਫ਼ੀ ਸਦੀ ਵੀ ਵੱਧ ਸਿੱਲ੍ਹ ਫ਼ਸਲ ਵਿੱਚ ਹੁੰਦੀ, ਤਦ ਵੀ ਕਿਸਾਨਾਂ ਨੂੰ ਆਪਣੀ ਫ਼ਸਲ ਘੱਟ ਭਾਅ ਉੱਤੇ ਵੇਚਣੀ ਪੈਂਦੀ ਹੈ।ਵੱਧ ਤੋਂ ਵੱਧ 12 ਫ਼ੀ ਸਦੀ ਸਿੱਲ੍ਹ ਉੱਤੇ ਫ਼ਸਲ ਖ਼ਰੀਦੀ ਜਾ ਸਕਦੀ ਹੈ। ਪਿੰਡ ਕੋਟਸ਼ਮੀਰ ਦੇ ਕਿਸਾਨ ਗੁਰਦਿਆਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਆਪਣਾ ਨਰਮਾ 4,400 ਰੁਪਏ ਪ੍ਰਤੀ ਕੁਇੰਟਲ ਦੇ ਭਾਅ ਵੇਚਿਆ ਹੈ, ਜੋ ਸ਼ਰੇਆਮ ਕਿਸਾਨਾਂ ਦੀ ਲੁੱਟ ਹੈ।

ਨਿਜੀ ਖ਼ਰੀਦਦਾਰ ਬਹੁਤ ਜ਼ਿਆਦਾ ਨਮੀ ਦੱਸ ਕੇ ਬਹੁਤ ਘੱਟ ਭਾਅ ਉੱਤੇ ਨਰਮਾ ਚੁੱਕ ਰਹੇ ਹਨ।ਦਰਅਸਲ, ਫ਼ਸਲ ਵਿੱਚ ਨਮੀ ਨੂੰ ਚੈੱਕ ਤੇ ਨਿਸ਼ਚਤ ਕਰਨ ਲਈ ਕੋਈ ਵਿਗਿਆਨਕ ਵਿਧੀ ਮੌਜੂਦ ਨਹੀਂ ਹੈ। ਇੱਕ ਹੋਰ ਕਿਸਾਨ ਗੁਰਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ 4,675 ਰੁਪਏ ਫ਼ੀ ਕੁਇੰਟਲ ਦਾ ਭਾਅ ਮਿਲ ਰਿਹਾ ਸੀ ਪਰ ਉਨ੍ਹਾਂ ਆਪਣੀ ਫ਼ਸਲ ਵੇਚਣ ਤੋਂ ਨਾਂਹ ਕਰ ਦਿੱਤੀ। ਪਰ ਸ਼ਾਮ ਤੱਕ ਉਨ੍ਹਾਂ ਨੂੰ ਉਸੇ ਘੱਟ ਭਾਅ ਉੱਤੇ ਨਰਮਾ ਵੇਚਣਾ ਪਿਆ। ਭਾਰਤੀ ਕਿਸਾਨ ਯੂਨੀਅਨ (ਏਕਤਾ–ਉਗਰਾਹਾਂ) ਦੇ ਜ਼ਿਲ੍ਹਾ ਪ੍ਰਧਾਨ ਸ਼ਿੰਗਾਰਾ ਸਿੰਘ ਮਾਨ ਨੇ ਕਿਹਾ ਕਿ ਨਿਜੀ ਖ਼ਰੀਦਦਾਰ ਇੱਕ ਤਰ੍ਹਾਂ ਕਿਸਾਨਾਂ ਦੀ ਲੁੱਟ ਕਰ ਰਹੇ ਹਨ।

Unusual
farmer
PUNJAB

International