ਭਗਵਾਨ ਵਾਲਮੀਕਿ ਨੂੰ ਯਾਦ ਕਰਦਿਆਂ...

ਜਸਪਾਲ ਸਿੰਘ ਹੇਰਾਂ
ਭਗਵਾਨ ਵਾਲਮੀਕਿ ਜਿਨ੍ਹਾਂ ਨੂੰ ਭਾਰਤ ਦੇ ਪੁਰਾਤਨ ਰਿਸ਼ੀਆਂ-ਮੁਨੀਆਂ 'ਚ ਅਹਿਮ ਸਥਾਨ ਪ੍ਰਾਪਤ ਹੋਣ ਦੇ ਨਾਲ-ਨਾਲ ਉਨ੍ਹਾਂ ਨੂੰ ਮਹਾਨ ਆਦਿ ਕਵੀ ਵਜੋਂ ਜਿਹੜਾ ਮਾਣ ਪ੍ਰਾਪਤ ਹੈ, ਸ਼ਾਇਦ ਉਹ ਕਿਸੇ ਹੋਰ ਰਿਸ਼ੀ-ਮੁਨੀ ਦੇ ਹਿੱਸੇ ਨਹੀਂ ਆਇਆ। ਹਿੰਦੂ ਧਰਮ ਦੀ ਧੁਰੋਹਰ ਮੰਨੀ ਜਾਂਦੀ ਰਮਾਇਣ ਦੇ ਰਚੇਤਾ ਅਤੇ ਅਦਵੈਤਵਾਦ ਦੇ ਪ੍ਰਸਿੱਧ ਗ੍ਰੰਥ ਯੋਗ ਵਿਸ਼ਿਸਟ ਦੇ ਰਚਨਹਾਰ ਇਸ ਮਹਾਨ ਆਦਿ ਕਵੀ ਨੇ ਯੋਗ ਵਿਸ਼ਿਸਟ 'ਚ 32 ਹਜ਼ਾਰ ਸ਼ਲੋਕ ਅਤੇ ਰਮਾਇਣ 'ਚ 24 ਹਜ਼ਾਰ ਸਲੋਕਾਂ ਦੀ ਰਚਨਾ ਕੀਤੀ ਅਤੇ ਆਪਣੀ ਰੂਹਾਨੀ ਤੇ ਤ੍ਰੈਕਾਲ ਦ੍ਰਿਸ਼ਟੀ ਦਾ ਪ੍ਰਮਾਣ ਦਿੱਤਾ। ਭਗਵਾਨ ਵਾਲਮੀਕਿ ਜੀ ਦਾ ਜੀਵਨ ਆਦਰਸ਼ ਉਨ੍ਹਾਂ ਵੱਲੋਂ ਦਿੱਤੀ ਗਈ ਅਧਿਆਤਮਕ ਰੋਸ਼ਨੀ ਨੂੰ ਅਸੀਂ ਅੱਜ ਇਕ ਪਾਸੇ ਰੱਖ ਕੇ, ਉਨ੍ਹਾਂ ਦੇ ਪੈਰੋਕਾਰ, ਜਿਨ੍ਹਾਂ ਨੂੰ ਵਾਲਮੀਕਿ ਭਾਈਚਾਰਾ ਆਖਿਆ ਜਾਂਦਾ ਹੈ, ਉਨ੍ਹਾਂ ਨਾਲ ਕੁਝ ਸੁਆਲ-ਜਵਾਬ ਜ਼ਰੂਰ ਕਰਨਾ ਚਾਹੁੰਦੇ ਹਾਂ। ਜਿਨ੍ਹਾਂ ਦੇ ਜਵਾਬ ਭਾਰਤ ਦੇ ਇਸ ਮੂਲ ਭਾਈਚਾਰੇ ਨੂੰ ਆਪਣੀ ਆਤਮਾ ਤੋਂ ਅਤੇ ਧਰਮ ਦੇ ਉਨ੍ਹਾਂ ਠੇਕੇਦਾਰਾਂ ਤੋਂ ਜਿਨ੍ਹਾਂ ਨੇ ਹਿੰਦੂ ਧਰਮ ਦੇ ਮਹਾਨ ਗ੍ਰੰਥ ਦੀ ਰਚਨਾ ਕਰਨ ਵਾਲੇ ਭਗਵਾਨ ਦੇ ਭਾਈਚਾਰੇ ਨੂੰ ਅਛੂਤ ਬਣਾ ਕੇ ਰੱਖਿਆ ਹੈ, ਜ਼ਰੂਰ ਪੁੱਛਣੇ ਚਾਹੀਦੇ ਹਨ। ਆਖ਼ਰ ਕੀ ਕਾਰਣ ਸੀ ਭਗਵਾਨ ਵਾਲਮੀਕਿ ਦੇ ਪੈਰੋਕਾਰ ਦੇ ਕੰਨ੍ਹਾਂ 'ਚ ਸਿੱਕਾ ਢਾਲ ਕੇ ਪਾ ਦਿੱਤਾ ਜਾਂਦਾ ਸੀ ਤਾਂ ਕਿ ਉਨ੍ਹਾਂ ਦੇ ਕੰਨ੍ਹਾਂ 'ਚ 'ਰਾਮ' ਦੀ ਅਵਾਜ਼ ਨਾ ਪੈ ਜਾਵੇ?

ਆਖ਼ਰ ਉਨ੍ਹਾਂ ਨੂੰ ਮਨੁੱਖ ਦੀ ਥਾਂ ਜਾਨਵਰ ਤੋਂ ਵੀ ਕਿਉਂ ਮਾੜਾ ਸਲੂਕ ਦਿੱਤਾ ਜਾਂਦਾ ਸੀ? ਇਸ ਭਾਈਚਾਰੇ ਦਾ ਪ੍ਰਛਾਵਾ ਭਿੱਟ ਕਿਉਂ ਮੰਨਿਆ ਜਾਂਦਾ ਸੀ? ਆਖ਼ਰ ਬ੍ਰਾਹਮਣ ਦੀ ਇਸ ਸ਼ੈਤਾਨ ਮਕਾਰ ਚਾਲ ਨੂੰ ਅੱਜ ਤੱਕ ਅੱਖੋਂ-ਪਰੋਖੇ ਕਿਉਂ ਕੀਤਾ ਗਿਆ ਅਤੇ ਭਗਵਾਨ ਵਾਲਮੀਕਿ ਜਿਹੜੇ ਉਸ ਸਮੇਂ ਸੰਸਕ੍ਰਿਤ ਵਰਗੀ ਭਾਸ਼ਾ ਦੇ ਮਹਾਨ ਗਿਆਤਾ ਦੇ ਪਿਛੋਕੜ ਬਾਰੇ ਕੂੜ ਪ੍ਰਚਾਰ ਵੱਡੀ ਪੱਧਰ ਤੇ ਹੋਇਆ ਤੇ ਅੱਜ ਤੱਕ ਜਾਰੀ ਹੈ। ਆਖ਼ਰ ਇਹ ਸੁਆਲ ਹੁਣ ਤੱਕ ਕਿਉਂ ਨਹੀਂ ਉਠਾਇਆ ਗਿਆ ਕਿ ਰਿਸ਼ੀਆਂ-ਮੁਨੀਆਂ ਦੀ ਇਸ ਧਰਤੀ ਤੇ ਭਗਵਾਨ ਵਾਲਮੀਕਿ ਦੇ ਪੈਰੋਕਾਰ ਆਪਣੇ ਮੁਰਸ਼ਦ ਦੀ ਮਹਾਨ ਅਧਿਆਤਮਕ ਬੌਧਿਕਤਾ ਦੇ ਜੇ ਵਾਰਿਸ ਬਣੇ ਰਹਿੰਦੇ ਤਾਂ ਅੱਜ ਬ੍ਰਾਹਮਣਵਾਦ ਤੇ ਪੁਜਾਰੀਵਾਦ ਦਾ ਬੋਲ-ਬਾਲਾ ਅਤੇ ਉਨ੍ਹਾਂ ਦੀ ਧਾਰਮਿਕ ਲੁੱਟ-ਖਸੁੱਟ ਕਿਵੇਂ ਜਾਰੀ ਰਹਿੰਦੀ? ਫਿਰ ਮੰਦਿਰਾਂ ਦੇ ਪੁਜਾਰੀ ਕੌਣ ਹੁੰਦੇ? ਜੇ ਭਾਈ ਜੈਤਾ ਜੀ ਵਰਗੇ ਮਹਾਨ ਯੋਧਿਆਂ ਨੇ, ਜਿਹੜੇ ਖ਼ੁਦ ਬਹੁਤ ਵੱਡੇ ਕਵੀ ਸਨ, ਆਪਣੀ ਮਹਾਨ ਕੁਰਬਾਨੀ, ਬਹਾਦਰੀ, ਦ੍ਰਿੜਤਾ, ਨਿੱਡਰਤਾ ਕਾਰਣ ''ਗੁਰੂ ਦੇ ਬੇਟੇ'' ਬਣਨ ਲਈ ਮੁਗਲਾਂ ਦੀ ਭਾਰੀ ਦਹਿਸ਼ਤ ਤੇ ਕਰੜੀ ਸੁਰੱਖਿਆ ਚੋਂ ਸੀਸ ਲਿਆ ਕੇ ਬਾਲਾ ਪ੍ਰੀਤਮ ਦੀ ਝੋਲੀ ਪਾਇਆ ਸੀ, ਤਾਂ ਇਸ ਪਿੱਛੇ ਉਨ੍ਹਾਂ ਦੀ ਗੁਰੂ ਪ੍ਰਤੀ ਸਮਰਪਿਤ ਭਾਵਨਾ ਸੀ ਅਤੇ ਇਹ ਸਮਰਪਿਤ ਭਾਵਨਾ, ਹਿੰਦੂਵਾਦੀ ਤਾਕਤਾਂ ਵੱਲੋਂ ਭਗਵਾਨ ਵਾਲਮੀਕਿ ਦੇ ਪੈਰੋਕਾਰ ਨੂੰ ਅਛੂਤ ਬਣਾ ਦੇਣ ਦੇ ਵਿਰੋਧ, ਰੋਸ ਤੇ ਰੋਹ ਕਾਰਣ ਅਤੇ ਗੁਰੂ ਸਾਹਿਬਾਨ ਵੱਲੋਂ 'ਸਭੈ ਸਾਂਝੀਵਾਲ ਸਦਾਇਨ, ਕੋਇ ਨਾ ਦਿੱਸੇ ਬਾਹਰਾ ਜੀਉ' ਦੇ ਦਿੱਤੇ ਨਾਅਰੇ ਕਾਰਣ ਹੀ ਪੈਦਾ ਹੋਈ ਸੀ।

ਇਕ ਪਾਸੇ ਕੰਨ੍ਹਾਂ 'ਚ ਸਿੱਕਾ ਢਾਲ ਕੇ ਪਾ ਦਿੱਤਾ ਜਾਂਦਾ ਹੈ, ਪ੍ਰਛਾਵੇ ਤੋਂ ਭਿੱਟ ਮੰਨੀ ਜਾਂਦੀ ਹੈ ਅਤੇ ਦੂਜੇ ਪਾਸੇ ਗੁਰੂ ਛਾਤੀ ਨਾਲ ਲਾ ਕੇ ਆਪਣਾ 'ਬੇਟਾ' ਹੋਣ ਦਾ ਮਾਣ ਦੇ ਰਿਹਾ ਹੈ। ਸਦੀਆਂ ਤੋਂ ਮੰਨੂਵਾਦੀਆਂ ਦੇ ਸ਼ੋਸਣ ਦਾ ਸ਼ਿਕਾਰ ਆਖ਼ਰ ਇਸ ਭਗਵਾਨ ਦਾ ਪੈਰੋਕਾਰ ਭਾਈਚਾਰਾ ਆਪਣੀ ਹੋਂਦ ਅਤੇ ਆਪਣੇ ਵਿਰਸੇ ਦੀ ਅਸਲੀਅਤ ਨੂੰ ਕਦੋਂ ਪਹਿਚਾਣੇਗਾ? ਭਗਵਾਨ ਵਾਲਮੀਕਿ ਦੇ ਮਹਾਨ ਅਧਿਆਤਮਕ ਰਿਸ਼ੀ-ਮੁਨੀ ਤੇ ਕਵੀ ਹੋਣ ਦੇ ਨਾਲ-ਨਾਲ, ਉਨ੍ਹਾਂ ਦੀ ਸਖ਼ਸੀਅਤ ਦਾ ਜਿਹੜਾ ਦੂਜਾ ਪੱਖ ਜਾਣਬੁੱਝ ਕੇ ਅਣਗੋਲਿਆ ਰੱਖਿਆ ਗਿਆ ਹੈ, ਉਹ ਹੈ, ਉਨ੍ਹਾਂ ਵੱਲੋਂ ਔਰਤ ਨੂੰ ਦਿੱਤਾ ਮਹਾਨ ਸਤਿਕਾਰ। ਔਰਤ ਦੇ ਸਵੈਮਾਣ ਦੀ ਰਾਖ਼ੀ ਇਸ ਧਰਤੀ ਤੇ ਸਭ ਤੋਂ ਪਹਿਲਾ ਜੇ ਕਿਸੇ ਨੇ ਕੀਤੀ ਤਾਂ ਉਹ ਭਗਵਾਨ ਵਾਲਮੀਕਿ ਜੀ ਸਨ। ਸੀਤਾ ਮਾਤਾ ਨੂੰ ਉਨ੍ਹਾਂ ਦੇ ਪਤੀ ਨੇ ਇਕ ਆਮ ਸਾਧਾਰਣ ਵਿਅਕਤੀ ਦੇ ਤਾਹਣਾ ਮਾਰਨ ਤੇ ਜਦੋਂ ਘਰੋਂ ਕੱਢ ਦਿੱਤਾ ਤਾਂ ਉਸਨੂੰ ਸਹਾਰਾ ਸੁਰੱਖਿਆ, ਮਾਣ-ਸਤਿਕਾਰ ਤੇ ਪਾਲਣ ਪੋਸ਼ਣ ਦੇਣ ਵਾਲੇ ਭਗਵਾਨ ਵਾਲਮੀਕਿ ਸਨ। ਜੇ ਉਸ ਸਮੇਂ ਭਗਵਾਨ ਵਾਲਮੀਕਿ ਸੀਤਾ ਮਾਤਾ ਨੂੰ ਸਹਾਰਾ ਨਾ ਦਿੰਦੇ ਤਾਂ ਮਰਦਾਂ ਵੱਲੋਂ ਆਪਣੇ ਪਤਨੀਆਂ ਨੂੰ ਧੱਕੇ ਮਾਰ ਕੇ ਘਰੋਂ ਕੱਢਣ ਦੀ ਪਿਰਤ ਪ੍ਰਚਲਿਤ ਹੋ ਜਾਣੀ ਸੀ।

ਗੁਰੂ ਵਜੋਂ ਆਪਣੇ ਚੇਲਿਆਂ ਨੂੰ ਹਰ ਪੱਖੋਂ ਪ੍ਰਪੱਕ ਬਣਾਉਣ ਦੀ ਗੁਰੂ-ਚੇਲੇ ਦੀ ਮਹਾਨ ਰਵਾਇਤ ਦੀ ਆਰੰਭਤਾ ਦਾ ਸਿਹਰਾ ਵੀ ਉਨ੍ਹਾਂ ਸਿਰ ਬੱਝਦਾ ਹੈ। ਅੱਜ ਜਦੋਂ ਦੇਸ਼ ਨੂੰ ਅਜ਼ਾਦ ਹੋਇਆ ਸੱਤ ਦਹਾਕੇ ਹੋ ਗਏੇ ਹਨ, ਉਸ ਸਮੇਂ ਵੀ ਜੇ ਝਾੜੂ ਤੇ ਸਫ਼ਾਈ ਦੀ ਜੁੰਮੇਵਾਰੀ ਤੱਕ ਹੀ ਉਸ ਮਹਾਨ ਵਿਰਸੇ ਦੇ ਵਾਰਿਸ ਨੂੰ ਸੀਮਤ ਰੱਖਿਆ ਗਿਆ ਹੈ ਤਾਂ ਉਸ ਪਿੱਛੇ ਵੀ ਉਹੀ ਮੰਨੂਵਾਦੀ ਸੋਚ, ਭਾਰੂ ਹੈ, ਜਿਹੜੀ ਪੁਰਾਤਨ ਸਮੇਂ ਤੋਂ ਜਾਤ-ਪਾਤ ਦੀਆਂ ਵੰਡੀਆਂ ਅਤੇ ਬ੍ਰਾਹਮਣੀ ਸਰਦਾਰੀ ਨੂੰ ਲੈ ਕੇ ਆਪਣੇ ਸ਼ਾਤਰ ਦਿਮਾਗ ਅਤੇ ਮਕਾਰਪੁਣੇ ਕਾਰਣ, ਸਮਾਜ ਦੀਆਂ ਵੰਡੀਆਂ ਪਾ ਕੇ ਖ਼ੁਦ ਮੌਜਾਂ ਮਾਣ ਰਹੀ ਹੈ।

Editorial
Jaspal Singh Heran

International