ਬਹਿਬਲ ਕਲਾਂ ਗੋਲੀ ਕਾਂਡ ਦੇ ਸ਼ਹੀਦਾਂ ਤੇ ਵੀ ਹੋਣ ਲੱਗੀ ਸਿਆਸਤ..?

ਸਰਬੱਤ ਖਾਲਸਾ ਦੇ ਪਾਟੋਧਾੜ ਹੋਏ ''ਜਥੇਦਾਰ'', ਵੱਖੋ ਵੱਖਰੇ ਰੱਖੇ ਸ਼ਹੀਦੀ ਸਮਾਗਮ

ਅਸੀਂ ਆਪਣੇ ਘਰੇ ਰੱਖਿਆ ਸਮਾਗਮ ਗੁਰਦੁਆਰਾ ਟਿੱਬੀ ਸਾਹਿਬ ਦੀ ਅਰਦਾਸ ਵਿੱਚ ਹੋਵਾਂਗੇ ਸ਼ਾਮਲ: ਪਿਤਾ ਸਾਧੂ ਸਿੰਘ

ਬਠਿੰਡਾ 12 ਅਕਤੂਬਰ (ਅਨਿਲ ਵਰਮਾ): ਬੇਅਦਬੀ ਘਟਨਾਵਾਂ ਦਾ ਇਨਸਾਫ ਮੰਗਦੀਆਂ ਸੰਗਤਾਂ ਤੇ ਬਾਦਲ ਰਾਜ ਦੀ ਪੁਲਿਸ ਵੱਲੋਂ 2015 ਵਿੱਚ ਚਲਾਈਆਂ ਗੋਲੀਆਂ ਵਿੱਚ 2 ਸਿੰਘ ਭਾਈ ਕ੍ਰਿਸ਼ਨ ਭਗਵਾਨ ਸਿੰਘ ਅਤੇ ਗੁਰਜੀਤ ਸਿੰਘ ਸ਼ਹੀਦ ਹੋ ਗਏ ਸਨ ਉਨ੍ਹਾਂ ਦੇ ਕਾਤਲਾਂ ਅਤੇ ਬੇਅਦਬੀ ਘਟਨਾਵਾਂ ਦੇ ਦੋਸ਼ੀਆਂ ਨੂੰ ਹਾਲੇ ਤੱਕ ਸਜ਼ਾ ਨਹੀਂ ਮਿਲ ਸਕੀ? ਪ੍ਰੰਤੂ ਇਨ੍ਹਾਂ ਸ਼ਹੀਦਾਂ ਦੀ ਸ਼ਹਾਦਤ ਤੇ ਕੌਮ ਦੀ ਅਗਵਾਈ ਕਰਨ ਵਾਲੇ ਜਥੇਦਾਰਾਂ ਵੱਲੋਂ ਸਿਆਸਤ ਜ਼ਰੂਰ ਤੇਜ਼ ਕੀਤੀ ਜਾ ਰਹੀ ਹੈ? ਇਨ੍ਹਾਂ ਦੋਨਾਂ ਸ਼ਹੀਦਾਂ ਦੀ ਯਾਦ ਵਿੱਚ ਉਨ੍ਹਾਂ ਦੇ ਪਰਿਵਾਰਾਂ ਵੱਲੋਂ ਵੱਖੋ ਵੱਖਰੇ ਬਰਸੀ ਸਮਾਗਮ ਕਰਵਾਏ ਜਾ ਰਹੇ। ਉਥੇ ਹੀ ਸਰਬੱਤ ਖਾਲਸਾ ਦੇ ਜਥੇਦਾਰ ਭਾਈ ਧਿਆਨ ਸਿੰਘ ਮੰਡ ਅਤੇ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਦੀ ਆਪਸੀ ਪਾਟੋ ਧਾੜ ਕਰਕੇ ਸ਼ਹੀਦੀ ਸਮਾਗਮ ਵੀ 2 ਥਾਂ ਵੱਖੋ ਵੱਖਰੇ ਕਰਵਾਏ ਜਾ ਰਹੇ ਹਨ ਅਤੇ ਦੋਨਾਂ ਸ਼ਹੀਦ ਸਿੰਘਾਂ ਦੇ ਪਰਿਵਾਰਾਂ ਵਿੱਚ ਵੀ ਦੂਰੀਆਂ ਸਾਹਮਣੇ ਆ ਰਹੀਆਂ ਹਨ?

ਜਾਣਕਾਰੀ ਅਨੁਸਾਰ ਸ਼ਹੀਦ ਗੁਰਜੀਤ ਸਿੰਘ ਦੇ ਪਿਤਾ ਸਾਧੂ ਸਿੰਘ ਨੇ ਵਿਸ਼ੇਸ਼ ਗੱਲਬਾਤ ਦੌਰਾਨ ਦੱਸਿਆ ਕਿ ਉਨ੍ਹਾਂ ਵੱਲੋਂ ਸ਼ਹੀਦ ਗੁਰਜੀਤ ਸਿੰਘ ਦੀ ਬਰਸੀ ਲਈ ਆਪਣੇ ਘਰ ਪਾਠ ਪ੍ਰਕਾਸ਼ ਕਰਵਾਏ ਗਏ ਹਨ ਅਤੇ ਅਰਦਾਸ 14 ਅਕਤੂਬਰ ਨੂੰ ਆਪਣੇ ਘਰੇ ਹੀ ਕੀਤੀ ਜਾਣੀ ਹੈ, ਇਸ ਉਪਰੰਤ ਉਹ ਜਥੇਦਾਰ ਧਿਆਨ ਸਿੰਘ ਮੰਡ ਵੱਲੋਂ ਗੁਰਦੁਆਰਾ ਟਿੱਬੀ ਸਾਹਿਬ ਵਿੱਚ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਸਹਿਯੋਗ ਨਾਲ ਰੱਖੇ ਗਏ ਅਰਦਾਸ ਸਮਾਗਮ ਵਿੱਚ ਵੀ ਸ਼ਾਮਲ ਹੋਣ ਲਈ ਜਾਣਗੇ, ਜਿੱਥੇ ਗੋਲੀ ਚੱਲੀ ਸੀ ਉਸ ਜਗ੍ਹਾ ਤੇ ਵੀ ਅਰਦਾਸ ਹੋਣੀ ਹੈ ਉਥੇ ਵੀ ਪਰਿਵਾਰ ਸ਼ਾਮਲ ਹੋਵੇਗਾ, ਪ੍ਰੰਤੂ ਦੂਸਰੇ ਸਿੰਘ ਸ਼ਹੀਦ ਭਾਈ ਕ੍ਰਿਸ਼ਨ ਭਗਵਾਨ ਸਿੰਘ ਦੇ ਪੁੱਤਰ ਸੁਖਰਾਜ ਸਿੰਘ ਵੱਲੋਂ ਬਰਗਾੜੀ ਦੇ ਸਟੇਡੀਅਮ ਵਿੱਚ ਰੱਖੇ ਗਏ ਸਮਾਗਮ ਵਿੱਚ ਸ਼ਮੂਲੀਅਤ ਨਹੀਂ ਕਰਨਗੇ। ਦੂਜੇ ਪਾਸੇ ਭਾਈ ਕ੍ਰਿਸ਼ਨ ਭਗਵਾਨ ਸਿੰਘ ਦੇ ਸਪੁੱਤਰ ਸੁਖਰਾਜ ਸਿੰਘ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਹਰ ਸਾਲ ਆਪਣੇ ਪੱਧਰ ਤੇ ਸ਼ਹੀਦੀ ਸਮਾਗਮ ਕਰਵਾਇਆ ਜਾਂਦਾ ਹੈ ਅਤੇ ਇਸ ਵਾਰ ਵੀ ਆਪਣੇ ਪੱਧਰ ਤੇ ਹੀ ਬਰਗਾੜੀ ਦੇ ਸਟੇਡੀਅਮ ਵਿੱਚ ਸਮਾਗਮ ਕਰਵਾਇਆ ਜਾ ਰਿਹਾ ਹੈ ਜਿਸ ਵਿੱਚ ਸ਼ਹੀਦ ਗੁਰਜੀਤ ਸਿੰਘ ਦਾ ਪਰਿਵਾਰ ਵੀ ਸ਼ਾਮਲ ਹੁੰਦਾ ਹੈ ਤੇ ਇਸ ਵਾਰ ਵੀ ਹੋਵੇਗਾ।

ਇਸ ਸਮਾਗਮ ਨੂੰ ਆਪ ਦੇ ਸਾਬਕਾ ਵਿਰੋਧੀ ਧਿਰ ਆਗੂ ਸੁਖਪਾਲ ਸਿੰਘ ਖਹਿਰਾ ਦਾ ਵੀ ਸਮਰਥਨ ਹੈ ਤੇ ਉਨ੍ਹਾਂ ਵੱਲੋਂ ਇਸ ਸਮਾਗਮ ਵਿੱਚ ਸ਼ਾਮਲ ਹੋਣ ਲਈ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਛੱਡ ਕੇ ਹਰ ਪੰਥਕ ਸੋਚ ਵਾਲੀਆਂ ਸਿੱਖ, ਧਾਰਮਿਕ, ਰਾਜਨੀਤਕ ਜਥੇਬੰਦੀਆਂ ਸਮੇਤ ਸ਼ਖ਼ਸੀਅਤਾਂ ਨੂੰ ਸੱਦਾ ਦਿੱਤਾ ਗਿਆ ਹੈ । ਉਨ੍ਹਾਂ ਦੱਸਿਆ ਕਿ ਇਸ ਸਮਾਗਮ ਵਿੱਚ ਸਰਬੱਤ ਖਾਲਸਾ ਜਥੇਦਾਰ ਭਾਈ ਬਲਜੀਤ ਸਿੰਘ ਦਾਦੂਵਾਲ ਸਮੇਤ ਸਾਰੀਆਂ ਧਿਰਾਂ ਹੀ ਸ਼ਮੂਲੀਅਤ ਕਰਨ ਲਈ ਪਹੁੰਚ ਰਹੀਆਂ ਹਨ ਅਤੇ ਇਸ ਮੌਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਦੇ ਹੋਏ ਇਨਸਾਫ ਦੀ ਆਵਾਜ਼ ਮਜ਼ਬੂਤ ਕੀਤੀ ਜਾਵੇਗੀ ਕਿਉਂਕਿ ਬੜੇ ਦੁੱਖ ਦੀ ਗੱਲ ਹੈ ਕਿ ਹਾਲੇ ਤੱਕ ਵੀ ਸ਼ਹੀਦਾਂ ਦੇ ਕਾਤਲ ਪੁਲਿਸ ਮੁਲਾਜ਼ਮਾਂ, ਅਫ਼ਸਰਾਂ ਅਤੇ ਗੁਰੂ ਦੀ ਬੇਅਦਬੀ ਦੀਆਂ ਘਟਨਾਵਾਂ ਦੇ ਦੋਸ਼ੀਆਂ ਨੂੰ ਸਜ਼ਾ ਨਹੀਂ ਮਿਲ ਸਕੀ। ਸਰਬੱਤ ਖਾਲਸਾ ਦੇ ਦੋਨੇ ਜਥੇਦਾਰਾਂ ਦੀ ਆਪਸੀ ਪਾਟੋ ਧਾੜ ਕਰਕੇ ਕੌਮ ਵੀ ਦੁਵਿਧਾ ਵਿੱਚ ਦਿਖਾਈ ਦੇ ਰਹੀ ਹੈ? ਕਿਉਂਕਿ ਇੱਕ ਦਿਨ ਵਿੱਚ ਇੱਕੋ ਪਿੰਡ ਵਿੱਚ ਦੋ ਵੱਖੋ ਵੱਖਰੇ ਸਮਾਗਮ ਕੀਤੇ ਜਾ ਰਹੇ ਹਨ ਜਿਸ ਕਰਕੇ ਤੋਂ ਵਿੱਚ ਵੀ ਨਵੇਂ ਸਵਾਲ ਖੜ੍ਹੇ ਹੋ ਰਹੇ ਹਨ।

ਦੂਜੇ ਪਾਸੇ ਬਰਗਾੜੀ ਸਮਾਗਮ ਦਾ ਲਾਹਾ ਪੰਜਾਬ ਏਕਤਾ ਪਾਰਟੀ ਦੇ ਪ੍ਰਧਾਨ ਸਾਬਕਾ ਵਿਰੋਧੀ ਧਿਰ ਆਗੂ ਸੁਖਪਾਲ ਸਿੰਘ ਖਹਿਰਾ ਵੀ ਲੈ ਰਹੇ ਹਨ ਅਤੇ ਇਹ ਕਿਹਾ ਜਾ ਰਿਹਾ ਸੀ ਕਿ ਇਹ ਸਮਾਗਮ ਉਨ੍ਹਾਂ ਵੱਲੋਂ ਰੱਖਿਆ ਗਿਆ ਹੈ। ਪਰੰਤੂ ਅੱਜ ਪੱਤਰਕਾਰ ਵਾਰਤਾ ਦੌਰਾਨ ਭਾਈ ਕ੍ਰਿਸ਼ਨ ਭਗਵਾਨ ਸਿੰਘ ਦੇ ਸਪੁੱਤਰ ਸੁਖਰਾਜ ਸਿੰਘ ਨੇ ਸਾਫ਼ ਕੀਤਾ ਕਿ ਸਮਾਗਮ ਉਨ੍ਹਾਂ ਦੇ ਪਰਿਵਾਰ ਵੱਲੋਂ ਰੱਖਿਆ ਗਿਆ ਹੈ ਅਤੇ ਸ. ਖਹਿਰਾ ਵੱਲੋਂ ਸਮਰਥਨ ਜ਼ਰੂਰ ਦਿੱਤਾ ਗਿਆ ਹੈ। ਦੋਨੇ ਸ਼ਹੀਦ ਪਰਿਵਾਰਾਂ ਅਤੇ ਦੋਨੇ ਜਥੇਦਾਰਾਂ ਵੱਲੋਂ ਵੱਖੋ ਵੱਖਰੇ ਕੀਤੇ ਜਾ ਰਹੇ ਸਮਾਗਮਾਂ ਸਬੰਧੀ ਜਦੋਂ ਭਾਈ ਧਿਆਨ ਸਿੰਘ ਮੰਡ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਗੁਰਦੁਆਰਾ ਟਿੱਬੀ ਸਾਹਿਬ ਵਿੱਚ ਰੱਖੇ ਗਏ ਸਮਾਗਮ ਵਿੱਚ ਸ਼ਮੂਲੀਅਤ ਕਰਨ ਲਈ ਪਹੁੰਚ ਰਹੇ ਹਨ ਅਤੇ ਉਹ ਸਮੂਹ ਸੰਗਤਾਂ ਨੂੰ ਅਪੀਲ ਕਰਦੇ ਹਨ ਕਿ ਉਹ ਇਸ ਅਰਦਾਸ ਸਮਾਗਮ ਵਿੱਚ ਵਹੀਰਾਂ ਘੱਤ ਕੇ ਸ਼ਮੂਲੀਅਤ ਕਰਨ ਤਾਂ ਜੋ ਪੰਥ ਦੀ ਏਕਤਾ ਨੂੰ ਹੋਰ ਮਜ਼ਬੂਤ ਕੀਤਾ ਜਾ ਸਕੇ ।

ਜਥੇਦਾਰ ਬਲਜੀਤ ਸਿੰਘ ਦਾਦੂਵਾਲ ਨੇ ਕਿਹਾ ਕਿ ਉਨ੍ਹਾਂ ਨੂੰ ਗੁਰਦੁਆਰਾ ਟਿੱਬੀ ਸਾਹਿਬ ਵਿਖੇ ਰੱਖੇ ਗਏ ਸਮਾਗਮ ਸਬੰਧੀ ਕੋਈ ਜਾਣਕਾਰੀ ਨਹੀਂ ਪ੍ਰੰਤੂ ਸ਼ਹੀਦ ਭਾਈ ਕ੍ਰਿਸ਼ਨ ਭਗਵਾਨ ਸਿੰਘ ਦੇ ਸਪੁੱਤਰ ਭਾਈ ਸੁਖਰਾਜ ਸਿੰਘ ਵੱਲੋਂ ਉਨ੍ਹਾਂ ਨਾਲ ਚੌਥੇ ਬਰਸੀ ਸਮਾਗਮ ਸਬੰਧੀ ਆਉਣ ਲਈ ਸੰਪਰਕ ਕੀਤਾ ਗਿਆ ਸੀ ਜਿਸ ਦਾ ਉਹਨਾਂ ਵੱਲੋਂ ਸਮਰਥਨ ਵੀ ਕੀਤਾ ਗਿਆ ਹੈ ਅਤੇ ਉਹ ਸਟੇਡੀਅਮ ਵਿਖੇ ਹੋ ਰਹੇ ਸਮਾਗਮ ਵਿੱਚ ਹੀ ਸ਼ਮੂਲੀਅਤ ਕਰਨ ਲਈ ਜਾਣਗੇ।

Unusual
Sikhs
Behbal Kalan firing
Sarbat Khalsa

International