ਸ਼ਤਾਬਦੀ ਸਮਾਗਮਾਂ ਦੀ ਪ੍ਰਾਪਤੀ ਕਿੰਨ੍ਹੀ ਕੁ...?

ਜਸਪਾਲ ਸਿੰਘ ਹੇਰਾਂ
ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਪੁਰਬ ਦੀ ਸਾਢੇ ਪੰਜਵੀਂ ਸ਼ਤਾਬਦੀ ਸਮੁੱਚੇ ਵਿਸ਼ਵ 'ਚ ਭਾਰੀ ਉਤਸ਼ਾਹ ਨਾਲ ਮਨਾਈ ਗਈ ਹੈ। ਵਿਦੇਸ਼ਾਂ ਦੀਆਂ ਕਈ ਸਰਕਾਰਾਂ ਨੇ ਵੀ ਸਰਕਾਰੀ ਪੱਧਰ ਤੇ ਇਸ ਪਵਿੱਤਰ ਪਾਵਨ ਇਤਿਹਾਸਕ ਦਿਹਾੜੇ ਨੂੰ ਮਨਾਇਆ। ਗੁਰੂ ਨਾਨਕ ਸਾਹਿਬ ਦਾ ਇਸ ਧਰਤੀ ਤੇ ਆਗਮਨ, ਇਸ ਧਰਤੀ ਤੇ ਵਾਪਰ ਰਹੀਆਂ ਕੁਰੀਤੀਆਂ, ਹੋ ਰਹੇ ਅੱਤਿਆਰ ਤੇ ਸ਼ੋਸਣ, ਝੂਠ-ਪਾਖੰਡ ਤੇ ਆਡੰਬਰ ਵਿਰੁੱਧ ਮੀਲ ਪੱਥਰ ਸਾਬਤ ਹੋਇਆ। ਉਨ੍ਹਾਂ ਗਿਆਨ ਤੇ ਸੰਵਾਦ ਨੂੰ ਝੂਠੀ ਦੁਨੀਆਂ ਨੂੰ ਜਿੱਤਣ ਦਾ ਅਸਲ ਮੰਤਰ ਸਾਬਤ ਕੀਤਾ। ਗੁਰੂ ਨਾਨਕ ਪਾਤਸ਼ਾਹ ਦੇ ਆਗਮਨ ਨਾਲ ਚਾਨਣ ਦਾ, ਸੱਚ ਦਾ, ਬਰਾਬਰੀ ਦਾ, ਇਨਸਾਫ਼ ਦਾ ਇੱਕ ਨਵਾ ਯੁੱਗ ਸ਼ੁਰੂ ਹੋਇਆ। ਗੁਰੂ ਪਾਤਸ਼ਾਹ ਨੇ ਇਸ ਚਾਨਣ ਦੇ ਦੀਵੇ ਨੂੰ ਸਦੀਵੀਂ ਜਗਦਾ ਰੱਖਣ ਲਈ ਨਿਰਮਲੇ ਪੰਥ, ਸਿੱਖ ਕੌਮ ਦੀ ਨੀਂਹ ਰੱਖੀ। ਸੱਚ ਦੇ ਪਹਿਰੇਦਾਰ ਅਤੇ ਹਮੇਸ਼ਾ ਸਿੱਖਣ ਦੀ ਚਾਹਤ  ਰੱਖਣ ਵਾਲੇ ਲੋਕਾਂ ਨੂੰ ਇਸ ਨਿਰਮਲੇ ਪੰਥ ਦੇ ਕਲਾਵੇ 'ਚ ਲਿਆ। ਵਿਚਾਰਧਾਰਕ ਗਿਆਨ ਦੇ ਇਸ ਚਾਨਣ ਮਨਾਰੇ ਦੇ ਮੁਕਾਬਲੇ ਦੁਨੀਆਂ 'ਚ ਹੋਰ ਕੋਈ ਅਜਿਹਾ ਚਾਨਣ ਮੁਨਾਰਾ ਨਹੀਂ ਜਿਹੜਾ ਗਿਆਨ ਦੀ ਰੋਸ਼ਨੀ ਸਦੀਵੀ ਵੰਡ ਸਕੇ। ਅਜਿਹਾ ਕੋਈ ਹੋਰ ਸੂਰਜ ਨਹੀਂ ਜਿਹੜਾ ਝੂਠ ਤੇ ਕੂੜ ਦੀ ਧੁੰਦ ਨੂੰ ਹਟਾ ਸਕੇ। ਇਸ ਵਿਰਸੇ ਦੀ ਵਾਰਿਸ ਹੈ ਸਿੱਖ ਕੌਮ।

ਇਸ ਸਿੱਖ ਕੌਮ ਨੇ ਆਪਣੇ ਮਹਾਨ ਇਨਕਲਾਬੀ ਰਹਿਬਰ ਦੇ ਪ੍ਰਕਾਸ਼ ਦਾ 550 ਵਾਂ ਵਰ੍ਹਾਂ ਮਨਾਇਆ। ਜਿੱਥੇ ਜਿੱਥੇ ਦੁਨੀਆਂ ਦੇ ਸਿਆਣੇ ਲੋਕਾਂ ਤੱਕ ਇਸ ਚਾਨਣ ਦਾ ਪ੍ਰਕਾਸ਼ ਪਹੁੰਚਿਆ। ਉਨ੍ਹਾਂ ਦੀਆਂ ਅੱਖਾਂ ਚੁੰਧਿਆ ਗਈਆਂ। ਉਨ੍ਹਾਂ ਨੂੰ ਲੱਗਾ ਕਿ ਦੁਨੀਆਂ ਨੂੰ ਹਰ ਖੇਤਰ 'ਚ ਸੱਚੀ ਤੇ ਹਕੀਕੀ ਅਗਵਾਈ ਦੇਣ ਵਾਲਾ ਰਹਿਬਰ, ਰੂਹਾਨੀ ਸ਼ਕਤੀ ਜੇ ਕੋਈ ਹੋਈ ਹੈ ਤਾਂ ਉਹ ਗੁਰੂ ਨਾਨਕ ਸਾਹਿਬ ਹਨ। ਉਨ੍ਹਾਂ ਦੀ ਬਾਣੀ ਹੈ, ਉਨ੍ਹਾਂ ਦੇ ਜੀਵਨ 'ਚ ਪਾਏ ਪੂਰਨੇ ਹਨ। ਕੁਦਰਤ ਨੂੰ ਪਿਆਰ ਕਰੋ, ਮਾਨਵਤਾ ਨੂੰ ਆਪੇ ਪਿਆਰ ਕਰੋਗੇ, ਗਿਆਨ ਪ੍ਰਾਪਤ ਕਰੋ ਅਤੇ ਵੰਡੋ, ਸੱਚੀ-ਸੁੱਚੀ ਕਿਰਤ ਕਰੋ, ਤੁਹਾਡਾ ਮਨ ਹਮੇਸ਼ਾ ਨਿਰਮਲ ਰਹੇਗਾ, ਵੰਡ ਛੱਕੋ ਤੁਸੀਂ ਮਾਨਵਤਾ ਦੇ ਹਮੇਸ਼ਾ ਸੱਚੇ ਹਮਦਰਦ ਰਹੋਗੇ। ਅਜਿਹਾ ਸੱਚਾ-ਸੁੱਚਾ, ਸਾਧ-ਮੁਰਾਦਾ ਅਸਾਨ ਮਾਰਗ, ਦੁਨੀਆਂ ਦੇ ਕਿਸੇ ਹੋਰ ਰਹਿਬਰ ਨੇ ਨਹੀਂ ਦਿੱਤਾ। ਫ਼ਿਰ ਇਸ ਮਾਰਗ ਨੂੰ ਹੁਣ ਤੱਕ ਦੁਨੀਆਂ ਨੂੰ ਕਿਉਂ ਨਹੀਂ ਵਿਖਾਇਆ ਗਿਆ? ਕੀ ਗੁਰੂ ਪਾਤਸ਼ਾਹ ਦੀ ਵਿਰਾਸਤ, ਵਿਰਸੇ ਦੇ ਵਾਰਿਸ, ਇਸ ਯੋਗ ਨਹੀਂ ਬਣ ਸਕੇ? ਸਿੱਖ ਕੌਮ ਨੇ ਸਾਢੇ ਪੰਜਵੀਂ ਸ਼ਤਾਬਦੀ ਜਿਹੜੀ ਗੁਰੂ ਨਾਨਕ ਸਾਹਿਬ ਦੇ ਆਗਮਨ ਦੀ ਸ਼ਤਾਬਦੀ ਵੀ ਹੈ ਅਤੇ ਕੌਮ ਦੇ ਜਨਮ ਦੀ ਵੀ, ਸਾਢੇ ਪੰਜਵੀਂ ਸ਼ਤਾਬਦੀ ਹੈ, ਉਸਨੂੰ ਕੌਮ ਨੇ ਮਨਾਇਆ। ਬਿਨ੍ਹਾਂ ਸ਼ੱਕ ਕੌਮ 'ਚ ਉਤਸ਼ਾਹ ਤੇ ਸ਼ਰਧਾ ਉਮੜ ਪਈ। ਹਰ ਹਿਰਦੇ 'ਚੋ ''ਧਨੁ ਨਾਨਕ ਤੇਰੀ ਵਡੀ ਕਮਾਈ'' ਦਾ ਨਾਅਰਾ ਗੂੰਜਿਆ। ਪ੍ਰੰਤੂ ਅਸੀਂ ਇਸ ਨਾਅਰੇ ਨੂੰ ਚਕਾਚੌਧ ਵਾਲੇ ਸਮਾਗਮਾਂ, ਨਗਰ ਕੀਰਤਨਾਂ, ਪਕਵਾਨਾਂ ਤੇ ਹਾਕਮਾਂ ਦੀ ਚਾਪਲੂਸੀ 'ਚ ਗੁਆ ਲਿਆ।

ਨਾਨਕ ਦੀ ਤਾਂ ਵੱਡੀ ਕਮਾਈ ਹੈ, ਰਹਿੰਦੀ ਦੁਨੀਆਂ ਤੱਕ, ਉਸ ਕਮਾਈ ਦੀ ਕਮਾਈ, ਲੋਕਾਈ ਖਾਂਦੀ ਰਹੇਗੀ। ਪ੍ਰੰਤੂ ਇਸ ਇਤਿਹਾਸਕ ਸਮੇਂ ਜਿਹੜੇ ਸੁਆਲ ਕੌਮ ਦੇ ਸਾਹਮਣੇ, ਫ਼ਨ ਚੁੱਕ ਕੇ ਖੜ੍ਹੇ ਸਨ, ਉਨ੍ਹਾਂ ਦੇ ਜਵਾਬ, ਕੌਮ ਨੂੰ, ਨਾਨਕ ਨਾਮ ਲੇਵਾ ਨੂੰ ਕਿਉਂ ਨਹੀਂ ਮਿਲੇ? ਗੁਰੂ ਨਾਨਕ ਪਾਤਸ਼ਾਹ ਨੇ ਤਾਂ ਉਸ ਸਮੇਂ 3 ਕਰੋੜ ਸਿੱਖਾਂ ਨੂੰ ਆਪਣੇ ਕਲਾਵੇ 'ਚ ਲੈ ਕੇ ਆਪਣੇ ਸੱਚ ਦੇ ਮਾਰਗ ਦੇ ਪਾਂਧੀ ਬਣਾ ਲਿਆ ਸੀ। ਪ੍ਰੰਤੂ ਅੱਜ ਸਿੱਖਾਂ ਦੀ ਗਿਣਤੀ ਘੱਟਦੀ ਜਾ ਰਹੀ ਹੈ, ਕਿਉਂ? ਸਿੱਖ ਸੱਭ ਤੋਂ ਵੱਡੇ ਸਤਿਗੁਰੂ ਨਾਨਕ ਨੂੰ ਜਿਸਨੇ ਉਸਦੀ ਰਾਖ਼ੀ ਕਰਨੀ ਹੈ, ਪਿੱਠ ਦਿਖਾਕੇ ਡੇਰਿਆ, ਮਜਾਰਾਂ ਤੇ ਦੇਵੀ-ਦੇਵਤਿਆਂ ਨੂੰ ਲੱਭਦਾ ਫਿਰਦਾ ਹੈ। ਸ਼ਤਾਬਦੀ  ਸਮਾਗਮਾਂ ਸਮੇਂ 550 ਪਕਵਾਨਾਂ ਵਾਲੇ ਲੰਗਰ ਤਾ ਸਾਧਾਂ-ਸੰਤਾਂ ਨੇ ਲਾਏ , ਪ੍ਰੰਤੂ ਕੀ 550 ਭੁੱਲੇ ਵਿਸਰੇ ਸਿੱਖ ਮੁੰਡਿਆਂ ਪਾਸੋਂ ਨਸ਼ਿਆਂ 'ਚੋਂ, ਲੱਚਰਤਾਂ ਤੋਂ ਅਤੇ ਪਤਿਤ ਹੋਣ ਤੋਂ ਬਚੇ ਰਹਿਣ ਦਾ ਪ੍ਰਣ ਲਿਆ। ਸ਼੍ਰੋਮਣੀ ਕਮੇਟੀ ਨੇ 10 ਕਰੋੜ ਦਾ ਪੰਡਾਲ ਤਾਂ ਲਾ ਲਿਆ, ਕੁੱਲ ਖਰਚਾ ਅਰਬ 'ਚ ਵੀ ਪਹੁੰਚ ਸਕਦਾ ਹੈ, ਪ੍ਰੰਤੂ ਦੱਸਿਆ ਜਾ ਸਕਦਾ ਹੈ ਕਿੰਨੇ ਕੁ ਗਰੀਬ ਸਿੱਖਾਂ ਨੂੰ ਮਦਦ ਦੇ ਕੇ ਉਨ੍ਹਾਂ ਨੂੰ ਜੀਵਨ ਭਰ ਸਿੱਖੀ 'ਚ ਪ੍ਰਪੱਕ ਰਹਿਣ ਦਾ ਪ੍ਰਣ ਲਿਆ। ਸਿਕਲੀਗਰ, ਵਣਜਾਰੇ, ਸਤਨਾਮੀਏ ਸਿੱਖਾਂ ਦੀ ਸਾਰ ਲੈਣ ਦੀ ਕਿੰਨੀ ਲੋੜ ਸਮਝੀ ਗਈ ਹੈ? ਨਗਰ ਕੀਰਤਨਾਂ ਦੀ ਗਿਣਤੀ ਹੀ ਨਹੀਂ, ਪ੍ਰੰਤੂ ਦਲਿਤ ਗਰੀਬ ਅਬਾਦੀਆਂ 'ਚ ਜਾ ਕੇ ਉਨ੍ਹਾਂ ਨੂੰ ਗੱਲਵਕੜੀ ਪਾ ਕੇ ਬਾਬੇ ਨਾਨਕ ਦੇ ਭਾਈ ਲਾਲੋ ਨੂੰ ਯਾਦ ਕੀਤਾ ਗਿਆ?

ਜਦੋਂ ਅਸੀਂ ਇੱਕ ਸਾਲ ਬਾਅਦ ਗੁਰੂ ਨਾਨਕ ਪਾਤਸ਼ਾਹ ਦਾ ਪ੍ਰਕਾਸ਼ ਪੁਰਬ ਮਨਾਵਾਂਗੇ ਤਾਂ ਕੀ ਦੱਸਾਂਗੇ ਕਿ ਸ਼ਤਾਬਦੀ ਵਰ੍ਹੇ ਦੀ ਪ੍ਰਾਪਤੀ ਵਜੋਂ ਕਿੰਨੇ ਸਿੱਖ ਮੁੰਡਿਆਂ ਨੇ ਨਸ਼ਿਆਂ, ਪਤਿਤਪੁਣੇ ਤੇ ਲੱਚਰਤਾ ਦਾ ਤਿਆਗ ਕੀਤਾ ਹੈ। ਹੱਕ ਪਰਾਇਆ, ਕਿੰਨ੍ਹੇ ਸਿੱਖਾਂ ਨੇ ਖਾਣਾ ਛੱਡਿਆ ਹੈ। ਊਚ-ਨੀਚ, ਜਾਤ-ਪਾਤ, ਛੂਆ-ਛਾਤ ਦਾ ਤਿਆਗ ਕਿੰਨੇ ਕੁ ਸਿੱਖਾਂ ਨੇ ਕੀਤਾ ਹੈ। ਪਾਖੰਡ, ਫੋਕਟ ਕਰਮਕਾਂਡ, ਆਡੰਬਰ, ਜੋਤਸ਼ੀਆਂ, ਤਾਂਤਰਿਕ, ਮਜ਼ਾਰਾ, ਕਬਰਾਂ ਤੇ ਜਗਰਾਤਿਆਂ ਤੋਂ ਕਿੰਨੇ ਕੁ ਸਿੱਖ ਮੁੜੇ ਹਨ? ਸਿੱਖਾਂ 'ਚ ਡੇਰਿਆਂ ਤੇ ਬਾਬਿਆਂ ਤੋਂ ਮੁੰਡੇ ਤੇ ਵਿਦੇਸ਼ੀ ਉਡਾਰੀ ਦੀ ਮੰਗ ਕਰਨ ਵਾਲ੍ਹਿਆਂ 'ਚ ਕਿੰਨ੍ਹੀ ਕੁ ਕਮੀ ਆਈ ਹੈ। ਗੁਰੂ ਸਾਹਿਬ ਦੀ ਮੰਨਣ ਦਾ ਪ੍ਰਣ ਕਿੰਨ੍ਹੇ ਕੁ ਸਿੱਖਾਂ ਨੇ ਕੀਤਾ ਹੈ? ਬਾਬੇ ਨਾਨਕ ਵਾਲੀ ਸਾਦਗੀ ਵਾਲੇ ਮਾਰਗ ਦੇ ਪਾਂਧੀ ਬਣਕੇ, ਝੂਠੇ ਵਿਖਾਵੇ ਤੋਂ ਕਿੰਨਿਆਂ ਕੁ ਨੇ ਤੋਬਾ ਕੀਤੀ ਹੈ। ਸਾਨੂੰ ਇਸ ਸ਼ਤਾਬਦੀ ਨੇ ਕਰਤਾਰਪੁਰ ਸਾਹਿਬ ਲਾਂਘਾ ਦਿੱਤਾ ਹੈ ਤੇ ਬਾਬੇ ਨਾਨਕ ਦੀ ਮਹਾਨਤਾ ਦਾ ਡੰਕਾ ਵੱਜਿਆ ਹੈ। ਉਸ ਤੋਂ ਕੋਈ ਇਨਕਾਰ ਨਹੀਂ ਕਰ ਸਕਦਾ। ਪ੍ਰੰਤੂ ਗੁਰੂ ਨਾਨਕ ਪਾਤਸ਼ਾਹ ਨੇ ਜਿਹੜੇ ਪਾਤਸ਼ਾਹਾਂ ਦੇ ਪਾਤਸ਼ਾਹ ਹਨ, ਉਨ੍ਹਾਂ ਨੇ ਸਿੱਖ ਕੌਮ ਨੂੰ ਦੁਨੀਆਂ ਦੇ ਗਿਆਨ ਦੇ ਖੇਤਰ 'ਚ ਅਗਵਾਈ ਦੇਣ ਲਈ ਤਿਆਰ ਕੀਤਾ ਸੀ, ਕੀ ਅਸੀਂ 550 ਵਰ੍ਹਿਆਂ 'ਚ ਇਸ ਯੋਗ ਹੋਏ ਹਾਂ ਜਾਂ ਨਹੀਂ, ਇਹ ਹਰ ਸਿੱਖ ਨੂੰ ਜ਼ਰੂਰ ਸੋਚਣਾ ਪਵੇਗਾ।

Editorial
Jaspal Singh Heran

International