ਸ਼ਹੀਦ ਸਰਾਭੇ ਨੂੰ ਯਾਦ ਕਰਦਿਆਂ...?

ਜਸਪਾਲ ਸਿੰਘ ਹੇਰਾਂ
ਗਦਰ ਲਹਿਰ, ਜਿਸ ਨੂੰ ਇਸ ਦੇਸ਼ ਦੀ ਅਜ਼ਾਦੀ ਦੀ ਮੁੱਢਲੀ ਲਹਿਰ ਆਖਿਆ ਜਾ ਸਕਦਾ ਹੈ ਅਤੇ ਜਿਸ ਲਹਿਰ ਨੇ ਅੰਗਰੇਜ਼ਾਂ ਨੂੰ  ਇਹ ਅਹਿਸਾਸ ਕਰਵਾ ਦਿੱਤਾ ਸੀ ਕਿ ਇਸ ਦੇਸ਼ ਨੂੰ ਲੰਬਾ ਸਮਾਂ ਗੁਲਾਮ ਰੱਖਣਾ ਸੰਭਵ ਨਹੀਂ ਹੋਵੇਗਾ, ਉਸ ਲਹਿਰ ਦੇ 'ਬਾਲਾ ਸ਼ਹੀਦ'  ਕਰਤਾਰ ਸਿੰਘ ਸਰਾਭਾ, ਜਿਸਨੇ ਦਸਮੇਸ਼ ਪਿਤਾ ਦੇ ਸ਼ਾਹਿਬਜ਼ਾਦਿਆਂ ਦੀ ਕੁਰਬਾਨੀ, ਬਹਾਦਰੀ, ਦਲੇਰੀ, ਦ੍ਰਿੜ੍ਹਤਾ,  ਆਡੋਲਤਾ ਦੇ ਮਾਰਗ ਚੱਲਦਿਆ ਗਦਰ ਲਹਿਰ ਨੂੰ ਕੁਰਬਾਨੀ, ਬਹਾਦਰੀ ਤੇ ਆਡੋਲਤਾ ਦੀ ਲਹਿਰ 'ਚ ਬਦਲਣ 'ਚ ਆਪਣਾ ਸਭ ਤੋਂ ਵੱਡਾ ਯੋਗਦਾਨ ਪਾਇਆ। ਅੱਜ ਉਸ 'ਬਾਲਾ ਸ਼ਹੀਦ' ਦਾ ਸ਼ਹੀਦੀ ਦਿਵਸ ਹੈ। ਕਰਤਾਰ ਸਿੰਘ ਸਰਾਭੇ ਦੀ ਸ਼ਹੀਦੀ ''ਜਦੋਂ ਡੁੱਲਦਾ ਖੂਨ ਸ਼ਹੀਦਾਂ ਦਾ ਤਕਦੀਰ ਬਦਲਦੀ ਕੌਮਾਂ ਦੀ' ਦੀ ਸੱਚਾਈ ਨੂੰ ਹਕੀਕੀ ਰੂਪ 'ਚ ਸਿਰਜਣ ਵਾਲੀ ਸੀ। ਪ੍ਰੰਤੂ ਇਹ ਮਹਾਨ ਸ਼ਹੀਦ ਜਿਸਨੇ ਕੁਰਬਾਨੀ ਦੀ ਲਹਿਰ 'ਚ ਪੈਰ ਧਰਨ ਤੋਂ ਬਾਅਦ, ਪਿੱਛੇ ਮੁੜਨ ਜਾਂ ਭੱਜ ਜਾਣ ਦੇ ਮਿਹਣੇ ਨੂੰ ਅਜਿਹੀਆਂ ਲੀਹਰਾਂ 'ਚੋਂ ਮਨਫ਼ੀ ਕਰਨ ਲਈ ਆਪਣੀ ਜਾਨ ਦੀ ਬਾਜ਼ੀ ਲਾਈ, ਉਸ ਮੁੱਛ-ਫੁੱਟ ਉਮਰੇ ਸ਼ਹੀਦ ਨੂੰ ਅਸੀਂ ਆਪਣੀ ਨੌਜਵਾਨ ਪੀੜ੍ਹੀ ਲਈ ਰੋਲ ਮਾਡਲ ਬਣਾਉਣ ਲਈ, ਉਹ ਕੁਝ ਨਹੀਂ ਕਰ ਸਕੇ, ਜੋ ਕੀਤਾ ਜਾਣਾ ਚਾਹੀਦਾ ਸੀ। ਗਦਰ ਲਹਿਰ ਨੂੰ ਸਿੱਖੀ ਦੇ ਮਹਾਨ ਵਿਰਸੇ ਨਾਲੋਂ ਤੋੜ੍ਹਨ ਦੀ ਸਾਜ਼ਿਸ ਦਾ ਸ਼ਿਕਾਰ ਸ਼ਹੀਦ ਕਰਤਾਰ ਸਿੰਘ ਸਰਾਭੇ ਦੀ ਸ਼ਹਾਦਤ ਵੀ ਹੋਈ ਹੈ। ਦੇਸ਼ ਦੀ ਆਜ਼ਾਦੀ ਲਈ ਜਿਹੜੀਆਂ ਵੀ ਹਥਿਆਰਬੰਦ ਲਹਿਰਾਂ ਚੱਲੀਆਂ, ਉਹ ਸਾਰੀਆਂ ਗਦਰ ਲਹਿਰ ਤੋਂ ਪ੍ਰਭਾਵਿਤ ਸਨ ਅਤੇ ਗਦਰੀ ਬਾਬਿਆਂ ਵੱਲੋਂ ਜਿਸ ਜਜ਼ਬੇ ਨਾਲ ਕੁਰਬਾਨੀਆਂ ਦਾ ਇਤਿਹਾਸ ਸਿਰਜਿਆ ਗਿਆ ਸੀ, ਉਸਨੇ ਅਜ਼ਾਦੀ ਦੀ ਤੜਫ਼ ਨੂੰ ਇਕ ਮੱਘਦੀ ਚਿੰਗਾਰੀ 'ਚ ਬਦਲਣ 'ਚ ਸਭ ਤੋਂ ਵੱਡਾ ਯੋਗਦਾਨ ਪਾਇਆ ਸੀ।

ਕਨੇਡਾ ਦੀ ਧਰਤੀ ਤੋਂ ਅਜ਼ਾਦੀ ਦੀ ਜੰਗ ਲੜਨ ਤੇ ਪ੍ਰਾਪਤੀ ਦਾ ਜਿਹੜਾ ਸੁਫ਼ਨਾ ਲੈ ਕੇ, ਸ਼ਹੀਦ ਸਰਾਭਾ ਤੇ ਉਸਦੇ ਸਾਥੀ ਤੁਰੇ ਸਨ, ਉਹ ਸੁਫ਼ਨਾ ਹਕੀਕੀ ਰੂਪ 'ਚ ਪੂਰਾ ਨਾ ਹੋ ਸਕਿਆ ਤਾਂ ਦੇਸ਼ ਛੱਡਣ ਦੇ ਫੈਸਲੇ ਨੂੰ ਜਿਸ ਤਰ੍ਹਾਂ ਸ਼ਹੀਦ ਸਰਾਭੇ ਨੇ 'ਸ਼ੇਰਾਂ ਦੇ ਸਿਰ ਪਈਆਂ ਤੋਂ ਭੱਜਣਾ, ਸ਼ੇਰ ਨੂੰ ਮਿਹਣਾ ਹੁੰਦਾ' ਆਖ਼ ਕੇ, ਜੰਗ-ਏ-ਅਜ਼ਾਦੀ ਲਈ ਜੂਝ ਕੇ ਸ਼ਹੀਦੀਆਂ ਪਾਉਣ ਨੂੰ ਪਹਿਲ ਦਿੱਤੀ ਸੀ, ਉਹ ਦੇਸ਼ ਦੀ ਅਜ਼ਾਦੀ ਦਾ ਇਕ ਇਤਿਹਾਸਕ ਮੋੜ ਸੀ, ਜੇ ਸਰਾਭੇ  ਹੁਰੀਂ ਉਸ ਸਮੇਂ ਸ਼ਾਨਾਮੱਤੀ ਸ਼ਹੀਦੀ ਨਾ ਦਿੰਦੇ ਤਾਂ ਭਾਰਤ ਦੀ ਗੁਲਾਮੀ ਪਤਾ ਨਹੀਂ ਹੋਰ ਕਿੰਨੀ ਲੰਬੀ ਹੋ ਜਾਂਦੀ। ਸਰਾਭਾ ਦੇਸ਼ ਦੀ ਅਜ਼ਾਦੀ ਦੇ ਸ਼ਹੀਦਾਂ ਦੀ ਲਾਈਨ ਦਾ ਧਰੂ ਤਾਰਾ ਹੈ, ਜਿਸ ਦੀ ਰੋਸ਼ਨੀ ਤੋਂ ਸੇਧ ਲੈ ਕੇ, ਸ਼ਹੀਦ ਭਗਤ ਸਿੰਘ ਹੁਰੀਂ ਮੌਤ ਦੇ ਗਾਨੇ ਬੰਨ੍ਹ ਕੇ ਅਜ਼ਾਦੀ ਦੀ ਲਾੜੀ ਨੂੰ ਵਿਆਹੁਣ ਤੁਰੇ ਸਨ। ਅੱਜ ਜਦੋਂ ਦੇਸ਼ ਦੀ ਜੁਆਨੀ ਜਿਸ ਦਾ ਦੇਸ਼ ਦੀ ਅਬਾਦੀ 'ਚ ਸਭ ਤੋਂ ਵੱਡਾ 40 ਫ਼ੀਸਦੀ ਹਿੱਸਾ ਹੈ ਅਤੇ ਉਸਦੇ ਕੁਰਾਹੇ ਤੁਰ ਪੈਣ ਦੀ ਚਿੰਤਾ ਸਭ ਤੋਂ ਵਧੇਰੇ ਹੈ, ਉਸ ਸਮੇਂ ਸ਼ਹੀਦ ਕਰਤਾਰ ਸਿੰਘ ਸਰਾਭੇ ਵਰਗਿਆਂ ਦੀ ਸੋਚ ਨੂੰ ਵੱਧ ਤੋਂ ਵੱਧ ਪ੍ਰਚਾਰਨ  ਦੀ ਲੋੜ ਹੈ। ਅੱਜ ਜਦੋਂ ਮੁੱਛ-ਫੁੱਟ ਗੱਭਰੂ, ਸਿਰਫ਼ ਕੁੜੀਆਂ ਪਿੱਛੇ ਗੇੜੇ ਲਾਉਣ, ਫੋਕੀ ਟੌਹਰ ਬਣਾਉਣ ਨੂੰ ਹੀ ਜੁਆਨੀ ਸਮਝਦੇ ਹਨ, ਉਨ੍ਹਾਂ ਨੂੰ ਸ਼ਹੀਦ ਸਰਾਭੇ ਵੱਲੋਂ ਇਸੇ ਉਮਰ ਜੁਆਨੀ ਦੇ ਸਹੀ ਅਰਥ ਲੱਭਣ ਦੀ ਜੁਗਤ ਬਾਰੇ ਦੱਸਣਾ ਸਭ ਤੋਂ ਜ਼ਰੂਰੀ ਹੈ। ਇਕ ਖਾਂਦੇ ਪੀਂਦੇ ਘਰ ਦਾ ਮੁੰਡਾ, ਜਿਸ ਨੂੰ ਉਸਦੇ ਮਾਪਿਆਂ ਨੇ ਅੱਜ ਤੋਂ ਸਦੀ ਪਹਿਲਾ ਪੜ੍ਹਨ ਲਈ ਵਿਦੇਸ਼ ਭੇਜਿਆ ਸੀ, ਉਹ ਮੁੰਡਾ ਆਪਣਾ ਜੀਵਨ ਮਨੋਰਥ ਵੱਡਾ ਆਦਮੀ ਬਣਨ ਦੀ ਥਾਂ ਦੇਸ਼ ਦੇ ਗੁਲਾਮ ਲੋਕਾਂ ਦੇ ਗਲੋਂ ਗੁਲਾਮੀ ਦਾ ਜੂਲਾ ਲਾਹੁੰਣ ਨੂੰ ਆਪਣਾ ਜੀਵਨ ਮਨੋਰਥ ਬਣਾ ਲੈਂਦਾ ਹੈ ਅਤੇ ਗਦਰ ਦੀ ਗੂੰਜ ਦੁਨੀਆ ਦੇ ਸਭ ਤੋਂ ਸ਼ਕਤੀਸ਼ਾਲੀ ਅੰਗਰੇਜ਼ ਹਾਕਮਾਂ ਦੇ ਕੰਨ੍ਹਾਂ ਤੱਕ ਪਹੁੰਚਾ ਦਿੰਦਾ ਹੈ।

ਸ਼ਹੀਦ ਸਰਾਭਾ ਨੇ ਗਦਰ ਲਹਿਰ ਦੀ ਸਫ਼ਲਤਾ ਲਈ ਨਿੱਕੀ ਉਮਰੇ ਕੀ-ਕੀ ਕਾਰਨਾਮੇ ਕੀਤੇ, ਉਨ੍ਹਾਂ ਦਾ ਵਿਸਥਾਰ ਸ਼ਾਇਦ ਅੱਜ ਦੇ ਕਿਸੇ ਮੁੱਛ-ਫੁੱਟ ਗੱਭਰੂ ਨੂੰ ਯਾਦ ਨਹੀਂ ਹੋਵੇਗਾ। ਸ਼ਹੀਦ, ਕੌਮਾਂ ਦਾ ਸਰਮਾਇਆ ਹੁੰਦੇ ਹਨ, ਇਸ ਲਈ ਸਿੱਖ ਕੌਮ ਦੀ ਵੱਡੀ ਜੁੰਮੇਵਾਰੀ ਬਣਦੀ ਹੈ ਕਿ ਉਹ ਗਦਰ ਲਹਿਰ ਨਾਲ ਜਿਹੜਾ ਇਨਸਾਫ਼ ਹੁਣ ਤੱਕ ਇਤਿਹਾਸਕਾਰਾਂ ਨੇ ਨਹੀਂ ਕੀਤਾ, ਉਸ ਬੇਇਨਸਾਫ਼ੀ ਦੇ ਖ਼ਾਤਮੇ ਲਈ ਇਸ ਸਮੁੱਚੀ ਲਹਿਰ ਦਾ ਸੱਚ ਅੱਖਰ-ਅੱਖਰ ਦੁਨੀਆ ਸਾਹਮਣੇ ਲਿਆਂਦਾ ਜਾਵੇ। ਸ਼ਹੀਦ ਸਰਾਭਾ, ਜਿਸਨੇ ਗਦਰ ਅਖ਼ਬਾਰ ਦੀ ਸਥਾਪਨਾ 'ਚ ਮੁੱਢਲਾ ਰੋਲ ਨਿਭਾਇਆ ਸੀ, ਉਹ ਪੰਜਾਬੀ ਪੱਤਰਕਾਰੀ ਦਾ ਪਿਤਾਮਾ ਵੀ ਹੈ, ਇਸ ਲਈ ਪੰਜਾਬੀ ਪੱਤਰਕਾਰਾਂ ਸਿਰ ਸਭ ਤੋਂ ਵੱਧ ਜੁੰਮੇਵਾਰੀ ਬਣਦੀ ਹੈ ਕਿ ਉਹ ਇਸ ਮਹਾਨ ਬਾਲਾ ਸ਼ਹੀਦ ਦੀ ਮਹਾਨ ਸ਼ਹਾਦਤ ਅਤੇ ਉਸ ਵੱਲੋਂ ਕੀਤੇ ਕਾਰਮਾਨਿਆਂ ਨੂੰ ਗਦਰ ਲਹਿਰ ਦੀ ਅਹਿਮੀਅਤ ਦੇ ਮੱਦੇਨਜ਼ਰ  ਵੱਧ ਤੋਂ ਵੱਧ ਪ੍ਰਚਾਰਨ ਅਤੇ ਗਦਰ ਲਹਿਰ ਦੇ ਅਜ਼ਾਦੀ ਲਿਆਉਣ ਲਈ ਬੰਨ੍ਹੇ ਮੁੱਢ ਦਾ ਗਿਆਨ ਕਰਵਾਇਆ ਜਾਵੇ। ਇਹ ਵੀ ਕੁਦਰਤੀ ਮੌਕਾ ਮੇਲ ਹੈ ਕਿ ਜਿਸ ਦਿਨ  ਭਾਵ 16 ਨਵੰਬਰ ਨੂੰ ਇਸ ਮਹਾਨ ਸ਼ਹੀਦ ਦਾ ਸ਼ਹੀਦੀ ਦਿਵਸ ਹੁੰਦਾ ਹੈ, ਉਸੇ ਦਿਨ 'ਪ੍ਰੈਸ ਦਿਵਸ' ਵੀ ਹੁੰਦਾ ਹੈ।

ਇਸ ਲਈ ਜਿੱਥੇ ਕਿਤੇ ਵੀ ਪੱਤਰਕਾਰਾਂ ਭਾਈਚਾਰਾ 'ਪ੍ਰੈਸ ਦਿਵਸ' ਮਨਾਉਂਦਾ ਹੈ, ਉਸ ਨੂੰ ਪੰਜਾਬੀ ਪੱਤਰਕਾਰੀ ਦੇ ਪਿਤਾਮਾ, ਸ਼ਹੀਦ ਕਰਤਾਰ ਸਿੰਘ ਸਰਾਭੇ ਅਤੇ ਗਦਰ ਅਖਬਾਰ ਵੱਲੋਂ ਅਜ਼ਾਦੀ ਦੀ ਲਹਿਰ ਲਈ ਨਿਭਾਏ ਰੋਲ ਦਾ ਜ਼ਿਕਰ ਜ਼ਰੂਰ ਕਰਨਾ ਚਾਹੀਦਾ ਹੈ। ਲੋੜ ਹੈ ਪੰਜਾਬ ਸਰਕਾਰ ਇਸ ਪਾਸੇ ਪਹਿਲ ਕਦਮੀ ਕਰੇ ਅਤੇ ਸ਼ਹੀਦ ਸਰਾਭੇ ਦੇ ਮਹਾਨ ਯੋਗਦਾਨ ਵੇਖਦਿਆਂ, ਉਸਨੂੰ ਜੁਆਨੀ ਦਾ ਰੋਲ ਮਾਡਲ ਪ੍ਰਚਾਰਨ ਲਈ ਉਸਦੀ ਯਾਦ 'ਚ ਵਿਸ਼ਵ ਪੱਧਰੀ ਯੂਨੀਵਰਸਿਟੀ, ਖੇਡ ਵਿੰਗ ਅਤੇ ਪੱਤਰਕਾਰੀ ਵਿਭਾਗ ਜ਼ਰੂਰ ਸਥਾਪਿਤ ਕੀਤਾ ਜਾਵੇ, ਸਿਰਫ਼ ਸ਼ਬਦੀ ਸਰਧਾਂਜਲੀ ਮਹਿਜ਼ ਰਸਮੀ ਕਾਰਵਾਈ ਹੈ, ਜਿਸ ਨਾਲ ਅਸੀਂ ਸ਼ਹੀਦ ਸਰਾਭੇ ਦੀ ਰੂਹ ਨੂੰ ਕਦੇ ਵੀ ਚੈਨ ਨਹੀਂ ਦੇ ਸਕਾਂਗੇ।

Editorial
Jaspal Singh Heran

International